ਆਨੰਦ ਸ਼ਰਮਾ ਦੀ ਪ੍ਰੇਸ਼ਾਨੀ

ਕਾਂਗਰਸ ਤੇ ਕੇਂਦਰ ਸਰਕਾਰ ਵਿੱਚ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਰਹਿ ਚੁੱਕੇ ਆਨੰਦ ਸ਼ਰਮਾ ਨੇ ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਜਾਤੀ ਜਨਗਣਨਾ ਨੂੰ ਜਾਤੀਵਾਦ ਵਧਾਉਣ ਵਾਲਾ ਕਦਮ ਦੱਸਿਆ ਤੇ ਇਸ ਦੇ ਹੱਕ ਵਿਚ ਕਾਂਗਰਸ ਪਾਰਟੀ ਦੇ 1980 ਦੀਆਂ ਚੋਣਾਂ ਦੇ ਨਾਅਰੇ ‘ਜਾਤ ਪਰ ਨਾ ਪਾਤ ਪਰ, ਮੁਹਰ ਲਗੇਗੀ ਹਾਥ ਪਰ’ ਦੀ ਯਾਦ ਦਿਵਾਈ। 9 ਅਕਤੂਬਰ 2023 ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਕਿਹਾ ਸੀ ਕਿ ਪਾਰਟੀ ਵਾਅਦਾ ਕਰਦੀ ਹੈ ਕਿ ਉਸ ਦੀ ਅਗਵਾਈ ਵਿਚ ਸਰਕਾਰ ਬਣਨ ’ਤੇ ਹਰ 10 ਸਾਲ ਬਾਅਦ ਹੋਣ ਵਾਲੀ ਮਰਦਮਸ਼ੁਮਾਰੀ ਦੇ ਹਿੱਸੇ ਵਜੋਂ ਰਾਸ਼ਟਰ ਵਿਆਪੀ ਜਾਤੀ ਜਨਗਣਨਾ ਕਰਵਾਈ ਜਾਵੇਗੀ, ਜਿਹੜੀ ਕਿ 2021 ਵਿਚ ਹੋਣੀ ਸੀ। ਪਾਰਟੀ ਨੇ ਤੈਅ ਕੀਤਾ ਕਿ ਓ ਬੀ ਸੀ, ਅਨੁਸੂਚਿਤ ਜਾਤੀ ਤੇ ਜਨਜਾਤੀ ਨੂੰ ਆਬਾਦੀ ਦੇ ਹਿਸਾਬ ਨਾਲ ਹਿੱਸੇਦਾਰੀ ਦੇਣ ਲਈ ਰਿਜ਼ਰਵੇਸ਼ਨ ਦੀ 50 ਫੀਸਦੀ ਦੀ ਸੀਲਿੰਗ ਖਤਮ ਕੀਤੀ ਜਾਏਗੀ। ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਇਸ ਮੁੱਦੇ ਨੂੰ ਲਗਾਤਾਰ ਉਠਾਉਦੇ ਰਹੇ ਹਨ ਤੇ ਇਸ ਨੂੰ ਲੋਕਾਂ ਦਾ ਭਾਰੀ ਸਮਰਥਨ ਵੀ ਮਿਲਿਆ। ਸ਼ਾਸਨ-ਪ੍ਰਸ਼ਾਸਨ, ਉਦਯੋਗ ਤੋਂ ਲੈ ਕੇ ਮੀਡੀਆ ਤੱਕ ਵਿਚ ਦੇਸ਼ ਦੀ ਬਹੁਗਿਣਤੀ ਆਬਾਦੀ ਦੀ ਬਣਦੀ ਨੁਮਾਇੰਦਗੀ ਨਾ ਹੋਣਾ ਇਕ ਅਜਿਹੀ ਹਕੀਕਤ ਹੈ, ਜਿਸ ਨੂੰ ਰਾਹੁਲ ਸ਼ੀਸ਼ਾ ਬਣਾ ਕੇ ਦੇਸ਼ ਸਾਹਮਣੇ ਰੱਖ ਰਹੇ ਹਨ। ਲੱਗਦਾ ਹੈ ਕਿ ਬ੍ਰਾਹਮਣ ਹੋਣ ਕਰਕੇ ਆਨੰਦ ਸ਼ਰਮਾ ਮਨੂੰਵਾਦੀ ਢਾਂਚੇ ’ਤੇ ਵੱਜ ਰਹੀ ਸੱਟ ਤੋਂ ਪ੍ਰੇਸ਼ਾਨ ਹਨ। ਉਨ੍ਹਾ ਇਹ ਮੁੱਦਾ ਵਰਕਿੰਗ ਕਮੇਟੀ ਵਿਚ ਉਠਾਉਣ ਦੀ ਥਾਂ ਬਾਹਰ ਉਠਾਇਆ। ਖੜਗੇ ਨੂੰ ਲਿਖਿਆ ਪੱਤਰ ਵੀ ਮੀਡੀਆ ਨੂੰ ਲੀਕ ਕਰ ਦਿੱਤਾ। ਜਾਤੀ ਜਨਗਣਨਾ ਪਿੱਛੇ ਮੂਲ ਸਵਾਲ ਇਹ ਹੈ ਕਿ ਰਿਜ਼ਰਵੇਸ਼ਨ ਦੀ 75 ਸਾਲ ਦੀ ਵਿਵਸਥਾ ’ਤੇ ਨਜ਼ਰਸਾਨੀ ਕੀਤੀ ਜਾਵੇ। ਏਨੇ ਲੰਬੇ ਅਰਸੇ ਦੇ ਬਾਵਜੂਦ ਜੇ ਰਿਜ਼ਰਵ ਸੀਟਾਂ ਨਹੀਂ ਭਰੀਆਂ ਜਾਂਦੀਆਂ ਤਾਂ ਕੋਈ ਗੰਭੀਰ ਸਮੱਸਿਆ ਜ਼ਰੂਰ ਹੋਵੇਗੀ। ਕੋਈ ਤਾਂ ਤੰਤਰ ਹੈ, ਜੋ ਇਸ ਨੂੰ ਰੋਕਣਾ ਚਾਹੁੰਦਾ ਹੈ। ਰਾਹੁਲ ਗਾਂਧੀ ਜਾਤੀ ਜਨਗਣਨਾ ਨੂੰ ਸਮਾਜ ਦਾ ਐਕਸ-ਰੇ ਕੱਢਣਾ ਕਹਿ ਰਹੇ ਹਨ, ਪਰ ਆਨੰਦ ਸ਼ਰਮਾ ਵਰਗੇ ਆਗੂਆਂ ਨੂੰ ਲਗਦਾ ਹੈ ਕਿ ਇਸ ਨਾਲ ਜਾਤੀਵਾਦ ਵਧ ਜਾਵੇਗਾ। ਯਾਨੀ ਕਿ ਉਹ ਕਹਿਣਾ ਚਾਹੁੰਦੇ ਹਨ ਕਿ ਐਕਸ-ਰੇ ਨਾਲ ਬਿਮਾਰੀ ਵਧ ਜਾਵੇਗੀ, ਜਦਕਿ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਐਕਸ-ਰੇ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਬਿਮਾਰੀ ਨੂੰ ਬਣਾਏ ਰੱਖਣਾ ਚਾਹੁੰਦੀਆਂ ਹਨ। ਬਿਹਾਰ ਵਿਚ ਹੋਈ ਜਾਤੀ ਜਨਗਣਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜ਼ਮੀਨ ਤੋਂ ਲੈ ਕੇ ਨੌਕਰੀਆਂ ਤੱਕ ਵਿਚ ਕਬਜ਼ਾ ਉਨ੍ਹਾਂ ਦਾ ਹੈ, ਜਿਨ੍ਹਾਂ ਦੀ ਆਬਾਦੀ ਬੇਹੱਦ ਘੱਟ ਹੈ। ਨਿਸਚਿਤ ਹੀ ਉੱਚ ਜਾਤੀਆਂ ਦੇ ਇਸ ਦਬਦਬੇ ਦੇ ਇਤਿਹਾਸਕ ਕਾਰਨ ਹਨ, ਪਰ ਇਕ ਨਿਆਂਪੂਰਨ ਸਮਾਜ ਬਣਾਉਣ ਦਾ ਸੰਕਲਪ ਲੈਣ ਵਾਲੀ ਸਿਆਸਤ ਵਸੀਲਿਆਂ ਦੀ ਨਿਆਂਪੂਰਨ ਵੰਡ ਦੀ ਦਿਸ਼ਾ ਵਿਚ ਹੀ ਚੱਲੇਗੀ। ਹਾਲਾਂਕਿ ਭਾਜਪਾ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਮੈਂਬਰਾਂ ਨੂੰ ਰਾਸ਼ਟਰਪਤੀ ਬਣਾ ਕੇ ਪੱਛੜਿਆਂ ਦੀ ਵੱਡੀ ਹਮਦਰਦ ਹੋਣ ਦੇ ਦਾਅਵੇ ਕਰਦੀ ਹੈ ਪਰ ਜਾਤੀ ਜਨਗਣਨਾ ਦੇ ਉਹ ਦਿਲੋਂ ਵਿਰੁੱਧ ਹੈ। ਬਿਹਾਰ ਵਿਚ ਹੋਈ ਜਾਤੀ ਜਨਗਣਨਾ ਦਾ ਉਸ ਦੇ ਆਗੂਆਂ ਨੇ ਕਾਫੀ ਵਿਰੋਧ ਕੀਤਾ ਸੀ, ਪਰ ਜਾਤੀ ਪ੍ਰਥਾ ਜਾਰੀ ਰੱਖ ਕੇ ਸੱਤਾ ਦਾ ਆਨੰਦ ਮਾਣਨ ਵਾਲੇ ਆਨੰਦ ਸ਼ਰਮਿਆਂ ਨੂੰ ਹੁਣ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਲੋਕ ਜਾਗ ਚੁੱਕੇ ਹਨ ਤੇ ਉਹ ਆਪਣਾ ਹੱਕ ਲੈ ਕੇ ਹੀ ਰਹਿਣਗੇ। ਲੋਕ ਸਭਾ ਚੋਣਾਂ ਵਿਚ ਜਾਤੀ ਜਨਗਣਨਾ ਵੱਡਾ ਮੁੱਦਾ ਹੋਵੇਗੀ।

 

ਸਾਂਝਾ ਕਰੋ