ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦਾ ਐਲਾਨ ਕਰਦੇ ਹੀ ਹੁਕਮਰਾਨ-ਵਿਰੋਧੀ ਧਿਰ ਦੀ ਸਮਰੱਥਾ ਅਤੇ ਉਨ੍ਹਾਂ ਦੀ ਜਿੱਤ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਸ਼ੁਰੂ ਹੋ ਗਿਆ ਹੈ। ਵੈਸੇ ਤਾਂ ਹਰ ਚੋਣ ਜਗਿਆਸਾ ਜਗਾਉਂਦੀ ਹੈ ਪਰ ਇਹ ਲੋਕ ਸਭਾ ਚੋਣਾਂ ਇਸ ਲਈ ਕੁਝ ਅਲੱਗ ਹਨ ਕਿਉਂਕਿ ਜਿੱਥੇ ਮੋਦੀ ਸਰਕਾਰ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੀਆਂ ਬਹੁਤ ਸਾਰੀਆਂ ਉਪਲਬਧੀਆਂ ਦੱਸਦੀ ਹੋਈ ਮਜ਼ਬੂਤੀ ਨਾਲ ਚੋਣ ਮੈਦਾਨ ਵਿਚ ਹੈ, ਓਥੇ ਹੀ ਵਿਰੋਧੀ ਧਿਰ ਨਾ ਤਾਂ ਆਪਣੇ ਪੱਖ ਵਿਚ ਕੋਈ ਹਾਂ-ਪੱਖੀ ਮਾਹੌਲ ਬਣਾਉਣ ਵਿਚ ਕਾਮਯਾਬ ਹੋ ਪਾ ਰਹੀ ਹੈ ਅਤੇ ਨਾ ਹੀ ਕੋਈ ਬਦਲਵਾਂ ਏਜੰਡਾ ਪੇਸ਼ ਕਰਨ ਵਿਚ ਕਾਮਯਾਬ ਹੋ ਰਹੀ ਹੈ। ਵਿਰੋਧੀ ਪਾਰਟੀਆਂ ਅਤੇ ਖ਼ਾਸ ਤੌਰ ’ਤੇ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਆਈਐੱਨਡੀਆਈਏ ਜਿਹੜੇ ਮੁੱਦਿਆਂ ਸਹਾਰੇ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਖੱਬੇ-ਪੱਖੀ ਅਤੇ ਸਮਾਜਵਾਦੀ ਸੋਚ ਤੋਂ ਪ੍ਰੇਰਿਤ ਨਜ਼ਰ ਆਉਂਦੇ ਹਨ। ਉਹ ਮੁੱਦੇ ਪੁਰਾਣੇ ਤੇ ਵੇਲਾ ਵਿਹਾਅ ਚੁੱਕੇ ਹਨ। ਇਹੀ ਵਜ੍ਹਾ ਹੈ ਕਿ ਉਹ ਜਨਤਾ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਅਸਮਰੱਥ ਦਿਖਾਈ ਦੇ ਰਹੇ ਹਨ। ਲੋਕ ਉਨ੍ਹਾਂ ਮੁੱਦਿਆਂ ਵੱਲ ਖਿੱਚੇ ਜਾਂਦੇ ਹਨ ਜੋ ਤਰਕਸੰਗਤ ਅਤੇ ਜ਼ਮੀਨੀ ਹਕੀਕਤ ਨਾਲ ਜੁੜੇ ਹੁੰਦੇ ਹਨ। ਵਿਰੋਧੀ ਧਿਰ ਦੇ ਮੁੱਦੇ ਲੋਕਾਂ ਦਾ ਧਿਆਨ ਕਿਉਂ ਨਹੀਂ ਖਿੱਚ ਰਹੇ? ਇਸ ਪ੍ਰਤੀ ਉਸ ਨੂੰ ਜ਼ਰੂਰ ਬੜੀ ਸੰਜੀਦਗੀ ਨਾਲ ਪੜਚੋਲ ਕਰਨੀ ਚਾਹੀਦੀ ਹੈ। ਜਿੱਥੇ ਭਾਜਪਾ ਆਪਣੇ ਗੱਠਜੋੜ ਐੱਨਡੀਏ ਨੂੰ ਵਿਸਥਾਰ ਦੇਣ ਵਿਚ ਲੱਗੀ ਹੋਈ ਹੈ, ਓਥੇ ਹੀ ਆਈਐੱਨਡੀਆਈਏ ਆਪਣੇ ਸਹਿਯੋਗੀਆਂ ਵਿਚਾਲੇ ਇਕਜੁੱਟਤਾ ਦਿਖਾਉਣ ਵਿਚ ਕਾਮਯਾਬ ਸਿੱਧ ਨਹੀਂ ਹੋ ਪਾ ਰਿਹਾ ਹੈ। ਉਸ ਦੀਆਂ ਕਈ ਸਹਿਯੋਗੀ ਪਾਰਟੀਆਂ ਉਸ ਤੋਂ ਕਿਨਾਰਾਕਸ਼ੀ ਕਰ ਚੁੱਕੀਆਂ ਹਨ ਜਾਂ ਕਾਂਗਰਸ ਨਾਲ ਮਿਲ ਕੇ ਚੋਣ ਲੜਨ ਤੋਂ ਇਨਕਾਰ ਕਰ ਚੁੱਕੀਆਂ ਹਨ।
ਵਿਰੋਧੀ ਧਿਰ ਇਹ ਤਾਂ ਜਾਣ ਗਈ ਹੈ ਕਿ ਭਾਜਪਾ ਦੇ ਤਰਕਸ਼ ਵਿਚ ਕਈ ਤੀਰ ਹਨ ਪਰ ਉਹ ਉਨ੍ਹਾਂ ਦੀ ਕਾਟ ਪੇਸ਼ ਕਰਨ ਵਿਚ ਅਸਫਲ ਸਿੱਧ ਹੋ ਰਹੀ ਹੈ। ਇਸ ਵਿਚ ਸ਼ੱਕ ਹੈ ਕਿ ਉਹ ਅਗਲੇ 40-50 ਦਿਨਾਂ ਵਿਚ ਅਜਿਹਾ ਕੋਈ ਮਾਹੌਲ ਸਿਰਜ ਸਕੇਗੀ ਜਿਸ ਨਾਲ ਵੋਟਰ ਉਸ ਵੱਲ ਖਿੱਚੇ ਜਾਣ। ਕਾਂਗਰਸ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਲਗਪਗ 20 ਪ੍ਰਤੀਸ਼ਤ ਵੋਟਾਂ ਹਾਸਲ ਕੀਤੀਆਂ ਸਨ। ਉਹ ਅੱਜ ਵੀ ਦੇਸ਼ ਭਰ ਵਿਚ ਅਸਰ ਰੱਖਣ ਵਾਲੀ ਮੁੱਖ ਵਿਰੋਧੀ ਪਾਰਟੀ ਹੈ। ਇਹ ਭਾਜਪਾ ਵੀ ਸਮਝ ਰਹੀ ਹੈ ਅਤੇ ਇਸੇ ਲਈ ਉਹ ਉਸ ਦੀ ਚੁਣੌਤੀ ਨੂੰ ਹਲਕੇ ਵਿਚ ਨਹੀਂ ਲੈ ਰਹੀ ਹੈ। ਮੋਦੀ ਲਹਿਰ ਦੌਰਾਨ ਵੀ ਕਾਂਗਰਸ ਨੇ ਕਈ ਮੌਕਿਆਂ ’ਤੇ ਭਾਜਪਾ ਨੂੰ ਹਰਾਇਆ ਹੈ। ਇਸ ਲਈ ਉਸ ਨੂੰ ਹਲਕੇ ਵਿਚ ਲੈਣਾ ਖ਼ਤਰਨਾਕ ਸਿੱਧ ਹੋ ਸਕਦਾ ਹੈ। ਭਾਜਪਾ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦਾ ਮੁੱਦਾ ਅੱਗੇ ਕਰ ਕੇ ਕਾਂਗਰਸ ’ਤੇ ਨਿਸ਼ਾਨਾ ਸੇਧ ਰਹੀ ਹੈ। ਇਸ ਦੇ ਜਵਾਬ ਵਿਚ ਰਾਹੁਲ ਗਾਂਧੀ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ।
ਰਾਹੁਲ ਗਾਂਧੀ ਪ੍ਰਧਾਨ ਮੰਤਰੀ ’ਤੇ ਨਿੱਤ ਇਲਜ਼ਾਮ ਲਗਾਉਂਦੇ ਹਨ ਪਰ ਅਜਿਹਾ ਕਰਦੇ ਹੋਏ ਉਹ ਅਜਿਹਾ ਦਿਖਾਉਂਦੇ ਹਨ ਜਿਵੇਂ 2014 ਵਿਚ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਕੇ ਦੇਸ਼ ਨੇ ਬਹੁਤ ਵੱਡੀ ਗ਼ਲਤੀ ਕੀਤੀ ਅਤੇ ਉਹ ਕੇਂਦਰ ਦੀ ਸੱਤਾ ਦੇ ਸੁਭਾਵਿਕ ਦਾਅਵੇਦਾਰ ਹਨ। ਗਾਂਧੀ ਪਰਿਵਾਰ ਉਸ ਰਾਜ ਘਰਾਣੇ ਵਰਗਾ ਵਿਵਹਾਰ ਕਰ ਰਿਹਾ ਹੈ ਜਿਸ ਤੋਂ ਉਸ ਦਾ ਰਾਜਭਾਗ ਗ਼ਲਤ ਤਰੀਕੇ ਨਾਲ ਖੋਹ ਲਿਆ ਗਿਆ ਹੋਵੇ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ’ਤੇ ਜਿੰਨੇ ਜ਼ਿਆਦਾ ਇਲਜ਼ਾਮ ਲਗਾਉਂਦੇ ਹਨ, ਉਨ੍ਹਾਂ ਦੀ ਤਾਕਤ ਓਨੀ ਹੀ ਜ਼ਿਆਦਾ ਵਧਦੀ ਜਾਂਦੀ ਹੈ। ਰਾਹੁਲ ਦੀ ਸਮੱਸਿਆ ਇਹ ਹੈ ਕਿ ਉਹ ਬਿਨਾਂ ਸੋਚੇ-ਸਮਝੇ ਕੁਝ ਵੀ ਕਹਿ ਜਾਂਦੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਇਹ ਕਹਿ ਦਿੱਤਾ ਕਿ ਹਿੰਦੂ ਧਰਮ ਵਿਚ ਇਕ ਸ਼ਬਦ ਹੈ ਸ਼ਕਤੀ ਅਤੇ ਉਹ ਉਸ ਨਾਲ ਹੀ ਲੜ ਰਹੇ ਹਨ। ਪ੍ਰਧਾਨ ਮੰਤਰੀ ’ਤੇ ਰਾਜਨੀਤਕ ਹਮਲਾ ਕਰਨ ਲਈ ਹਿੰਦੂ ਧਰਮ ਦਾ ਜ਼ਿਕਰ ਕਰਨ ਦੀ ਤੁਕ ਸਮਝ ਨਹੀਂ ਆਈ। ਇਸ ’ਤੇ ਹੈਰਾਨੀ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਇਕ ਮੁੱਦਾ ਬਣਾ ਲਿਆ ਹੈ ਅਤੇ ਕਾਂਗਰਸ ਨੂੰ ਜਵਾਬ ਦੇਣਾ ਮੁਸ਼ਕਲ ਹੋ ਗਿਆ ਹੈ। ਕਾਂਗਰਸ ਦੀ ਕਮਜ਼ੋਰ ਸਥਿਤੀ ਤੋਂ ਬਾਅਦ ਵੀ ਭਾਜਪਾ ਆਗਾਮੀ ਲੋਕ ਸਭਾ ਚੋਣਾਂ ਜਿੱਤਣ ਲਈ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ। ਭਾਜਪਾ ਨੇ ਆਪਣੀ ਚੁਣਾਵੀ ਤਿਆਰੀ ਲਗਪਗ ਉਸੇ ਸਮੇਂ ਸ਼ੁਰੂ ਕਰ ਦਿੱਤੀ ਸੀ ਜਦ ਇਹ ਸੰਕੇਤ ਮਿਲਣ ਲੱਗੇ ਸਨ ਕਿ ਕਾਂਗਰਸ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਲੋਕ ਸਭਾ ਚੋਣਾਂ ’ਚ ਉਤਰਨ ਦੀ ਤਿਆਰੀ ਕਰ ਰਹੀ ਹੈ। ਉਸ ਦੀਆਂ ਤਿਆਰੀਆਂ ਤਾਂ ਪਿੱਛੇ ਰਹਿ ਗਈਆਂ ਪਰ ਭਾਜਪਾ ਅੱਗੇ ਨਿਕਲ ਗਈ।
ਐੱਨਡੀਏ ਦਾ ਵਿਸਥਾਰ ਕਰਨ ਅਤੇ ਸਹਿਯੋਗੀ ਪਾਰਟੀਆਂ ਨਾਲ ਸੀਟਾਂ ਦਾ ਬਟਵਾਰਾ ਕਰਨ ਵਿਚ ਉਹ ਆਈਐੱਨਡੀਆਈਏ ਨਾਲੋਂ ਅੱਗੇ ਦਿਸ ਰਹੀ ਹੈ। ਵਿਰੋਧੀ ਪਾਰਟੀਆਂ ਭਾਜਪਾ ਨੂੰ ਇਕ ਹਿੰਦੂਵਾਦੀ ਪਾਰਟੀ ਦੇ ਰੂਪ ਵਿਚ ਪਰਿਭਾਸ਼ਤ ਕਰਦੀਆਂ ਹਨ ਜਦਕਿ ਭਾਜਪਾ ਭਾਰਤੀਅਤਾ ਅਤੇ ਹਿੰਦੂਤਵ ਨੂੰ ਇਕ-ਦੂਜੇ ਦਾ ਪ੍ਰਤੀਕ ਦੱਸਦੀ ਹੈ। ਉਸ ਦੇ ਸਮਰਥਕ ਵੀ ਅਜਿਹਾ ਹੀ ਮੰਨਦੇ ਹਨ। ਭਾਜਪਾ ਭਾਰਤੀਅਤਾ ਦੀ ਗੱਲ ਕਰ ਕੇ ਆਪਣੇ ਵਿਚਾਰ ਜਨਤਾ ਵਿਚ ਲੈ ਕੇ ਜਾਂਦੀ ਹੈ। ਭਾਜਪਾ ਰਾਸ਼ਟਰ ਪ੍ਰੇਮ ਜ਼ਰੀਏ ਰਾਸ਼ਟਰ ਦੀ ਪ੍ਰਗਤੀ ਨੂੰ ਤਰਜੀਹ ਦਿੰਦੀ ਹੈ। ਇਸ ਦੇ ਨਾਲ ਹੀ ਭਾਰਤੀ ਸੰਸਕ੍ਰਿਤੀ ਨੂੰ ਖ਼ਾਸ ਅਹਿਮੀਅਤ ਦਿੰਦੀ ਹੈ। ਜਿੱਥੇ ਭਾਜਪਾ ਭਾਰਤੀ ਸੰਸਕ੍ਰਿਤੀ ਨੂੰ ਮਹੱਤਵ ਦਿੰਦੀ ਹੈ, ਓਥੇ ਹੀ ਉਸ ਦੀਆਂ ਵਿਰੋਧੀ ਪਾਰਟੀਆਂ ਉਸ ਦੀ ਅਣਦੇਖੀ ਕਰਦੀਆਂ ਹਨ। ਕੁਝ ਤਾਂ ਸੈਕੂਲਰਿਜ਼ਮ ਦੇ ਨਾਂ ’ਤੇ ਸਨਾਤਨ ’ਤੇ ਹਮਲਾ ਕਰਨੋਂ ਵੀ ਨਹੀਂ ਝਿਜਕ ਰਹੀਆਂ। ਜਦ ਉਹ ਅਜਿਹਾ ਕਰਦੀਆਂ ਹਨ ਤਾਂ ਖ਼ੁਦ ਦਾ ਨੁਕਸਾਨ ਹੀ ਕਰਦੀਆਂ ਹਨ। ਜਦ ਕੋਈ ਸਿਆਸੀ ਪਾਰਟੀ ਭਾਰਤੀ ਸੰਸਕ੍ਰਿਤੀ ਨੂੰ ਮਹੱਤਵ ਦੇਣ ਤੋਂ ਇਨਕਾਰ ਕਰਦੀ ਹੈ ਤਾਂ ਉਹ ਭਾਰਤੀਅਤਾ ਦੀ ਅਣਦੇਖੀ ਕਰਨ ਦਾ ਹੀ ਕੰਮ ਕਰਦੀ ਹੈ। ਵਿਰੋਧੀ ਪਾਰਟੀਆਂ ਇਹ ਦੇਖਣ ਨੂੰ ਤਿਆਰ ਨਹੀਂ ਕਿ ਭਾਜਪਾ ਜਿਨ੍ਹਾਂ ਕਾਰਨਾਂ ਕਾਰਨ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣੀ, ਉਨ੍ਹਾਂ ’ਚੋਂ ਇਕ ਵੱਡਾ ਕਾਰਨ ਭਾਰਤੀਅਤਾ ਨੂੰ ਅਹਿਮੀਅਤ ਦੇਣਾ ਹੈ। ਜਨਸੰਘ ਦੇ ਨਵੇਂ ਅਵਤਾਰ ਦੇ ਰੂਪ ਵਿਚ 1980 ਵਿਚ ਗਠਿਤ ਭਾਜਪਾ ਨੂੰ 1984 ਦੀਆਂ ਲੋਕ ਸਭਾ ਚੋਣਾਂ ਵਿਚ ਮਹਿਜ਼ ਦੋ ਸੀਟਾਂ ਮਿਲੀਆਂ ਸਨ। ਸੰਨ 2014 ਵਿਚ ਉਸ ਨੇ ਆਪਣੇ ਬਲਬੂਤੇ 282 ਸੀਟਾਂ ਹਾਸਲ ਕੀਤੀਆਂ ਅਤੇ 2019 ਵਿਚ 303 ਸੀਟਾਂ। ਇਹ ਧਾਰਨਾ ਇਕ ਹੱਦ ਤੱਕ ਸਹੀ ਹੈ ਕਿ ਭਾਜਪਾ ਦੀ ਉੱਤਰ ਦੇ ਮੁਕਾਬਲੇ ਦੱਖਣ ਵਿਚ ਓਨੀ ਪੈਂਠ ਨਹੀਂ ਹੈ ਪਰ ਇਸ ਤੱਥ ਦੀ ਅਣਦੇਖੀ ਹਰਗਿਜ਼ ਨਹੀਂ ਕੀਤੀ ਜਾ ਸਕਦੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਉਹ ਦੱਖਣ ਵਿਚ ਆਪਣੇ ਪੈਰ ਜਮਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਕਾਂਗਰਸ ਤੇ ਉਸ ਦੀਆਂ ਜ਼ਿਆਦਾਤਰ ਸਹਿਯੋਗੀ ਪਾਰਟੀਆਂ ਪਰਿਵਾਰਵਾਦ ਦੀ ਰਾਜਨੀਤੀ ਦੀਆਂ ਪ੍ਰਤੀਕ ਹਨ। ਇਸ ’ਤੇ ਹੈਰਾਨੀ ਨਹੀਂ ਕਿ ਭਾਜਪਾ ਭ੍ਰਿਸ਼ਟਾਚਾਰ ਦੇ ਨਾਲ-ਨਾਲ ਪਰਿਵਾਰਵਾਦ ਦੀ ਰਾਜਨੀਤੀ ਦਾ ਵਿਰੋਧ ਜ਼ੋਰ-ਸ਼ੋਰ ਨਾਲ ਕਰ ਰਹੀ ਹੈ। ਇਸ ਕਾਰਨ ਜਨਤਾ ਦਾ ਇਕ ਵਰਗ ਇਹ ਸਮਝਣ ਲੱਗਾ ਹੈ ਕਿ ਕਾਂਗਰਸ ਅਤੇ ਜ਼ਿਆਦਾਤਰ ਖੇਤਰੀ ਪਾਰਟੀਆਂ ਪਰਿਵਾਰ ਵਿਸ਼ੇਸ਼ ਦੀ ਨਿੱਜੀ ਜਾਗੀਰ ਬਣ ਕੇ ਰਹਿ ਗਈਆਂ ਹਨ ਅਤੇ ਉਨ੍ਹਾਂ ਦੀ ਤਰਜੀਹ ਪਰਿਵਾਰ ਦੇ ਹਿੱਤ ਜ਼ਿਆਦਾ ਹੁੰਦੀ ਹੈ ਅਤੇ ਲੋਕ-ਹਿੱਤ ਅਤੇ ਰਾਸ਼ਟਰ-ਹਿੱਤ ਘੱਟ। ਇਹ ਬਹੁਤ ਹੱਦ ਤੱਕ ਸੱਚ ਵੀ ਹੈ। ਵੋਟਰਾਂ ਦੀ ਜਾਗਰੂਕਤਾ ਨਾਲ ਹੀ ਵੰਸ਼ਵਾਦੀ ਰਾਜਨੀਤੀ ਨੂੰ ਨਿਰ-ਉਤਸ਼ਾਹਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਅਜਿਹਾ ਕਰਨ ਦੇ ਨਾਲ ਹੀ ਆਪਣੀ ਵੋਟ ਦਾ ਇਸਤੇਮਾਲ ਜਾਤ-ਪਾਤ, ਖੇਤਰ, ਭਾਸ਼ਾ, ਧਰਮ ਦੇ ਆਧਾਰ ’ਤੇ ਕਰਨ ਤੋਂ ਬਚਣਾ ਚਾਹੀਦਾ ਹੈ। ਲੋਕਤੰਤਰ ਲਈ ਇਹ ਸ਼ੁਭ ਨਹੀਂ ਕਿ ਮਤਦਾਨ ਉਮੀਦਵਾਰ ਦੀ ਯੋਗਤਾ ਦੀ ਥਾਂ ਜਾਤ-ਪਾਤ, ਖੇਤਰ, ਭਾਸ਼ਾ ਤੇ ਧਰਮ ਦੇ ਆਧਾਰ ’ਤੇ ਹੋਵੇ। ਇਸੇ ਤਰ੍ਹਾਂ ਇਹ ਵੀ ਠੀਕ ਨਹੀਂ ਹੈ ਕਿ ਵੋਟਰਾਂ ਦਾ ਇਕ ਵਰਗ ਕਿਸੇ ਲੋਭ-ਲਾਲਚ ਵਿਚ ਆ ਕੇ ਮਤਦਾਨ ਕਰੇ ਜਾਂ ਫਿਰ ਮਤਦਾਨ ਪ੍ਰਤੀ ਉਦਾਸੀਨ ਬਣਿਆ ਰਹੇ। ਇਹ ਉਦਾਸੀਨਤਾ ਦੂਰ ਹੋਣੀ ਚਾਹੀਦੀ ਹੈ ਕਿਉਂਕਿ ਲੋਕਤੰਤਰ ਦੀ ਮਜ਼ਬੂਤੀ ਲਈ ਇਹ ਜ਼ਰੂਰੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਅਤੇ ਅਜਿਹਾ ਕਰਦੇ ਸਮੇਂ ਆਪਣੇ ਹਿੱਤਾਂ ਦੇ ਨਾਲ-ਨਾਲ ਰਾਸ਼ਟਰ ਦੇ ਹਿੱਤਾਂ ਦਾ ਵੀ ਧਿਆਨ ਰੱਖਣ। ਰਾਜਨੀਤਕ ਪਾਰਟੀਆਂ ਲਈ ਵੀ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀਆਂ ਸਰਗਰਮੀਆਂ ਲੋਕਾਂ ਵਿਚ ਮਤਦਾਨ ਨੂੰ ਲੈ ਕੇ ਉਤਸ਼ਾਹ ਵਧਾਉਣ।