ਵਿਸ਼ਵੀਕਰਨ, ਕੰਪਿਊਟਰ ਤਕਨੀਕਾਂ ਦਾ ਤੇਜ਼ ਪਸਾਰ ਅਤੇ ਨਤੀਜੇਵੱਸ ਆਸਾਨ ਹੋਇਆ ਵਿੱਤੀ ਲੈਣ-ਦੇਣ ਅਤੇ ਆਰਥਿਕਤਾ ਦੇ ਕਈ ਵਰਗਾਂ ਵਿੱਚ ਵਧ ਰਹੀ ਆਮਦਨ ਨੇ ਸਾਡੇ ਜੀਵਨ ਪੱਧਰ ਨੂੰ ਉਤਾਂਹ ਚੁੱਕ ਦਿੱਤਾ ਹੈ। ਇਸ ਦੇ ਨਾਲ ਹੀ ਸਾਡੇ ਖ਼ਰਚੇ ਵੀ ਵਧੇ ਹਨ। ਸਮਾਜਿਕ ਦਬਾਅ ਅਤੇ ਰੀਸ ਨੇ ਲੋਕਾਂ ’ਤੇ ਕਾਫ਼ੀ ਵਿੱਤੀ ਬੋਝ ਪਾ ਦਿੱਤਾ ਹੈ। ਇਹ ਤਾਂ ਸਭ ਨੂੰ ਪਤਾ ਹੈ ਕਿ ਅਜਿਹੀ ਚੁਣੌਤੀ ਦਾ ਹੱਲ ਸਿਰਫ਼ ਦੋ ਤਰੀਕਿਆਂ ਨਾਲ ਹੀ ਹੋ ਸਕਦਾ ਹੈ: ਪਹਿਲਾ ਬੇਲੋੜਾ ਖ਼ਰਚਾ ਘਟਾ ਕੇ ਅਤੇ ਦੂਜਾ ਆਮਦਨ ਵਧਾ ਕੇ। ਯੂਨੀਵਰਸਿਟੀ ਵੱਲੋਂ ਪਿੱਛਲੇ ਮੇਲਿਆਂ ਅਤੇ ਹੋਰ ਪਸਾਰ ਪ੍ਰੋਗਰਾਮਾਂ ਦੌਰਾਨ ਇਕ ਨਾਅਰਾ ‘ਸਾਦੇ ਵਿਆਹ ਸਾਦੇ ਭੋਗ’, ਨਾ ਕਰਜ਼ਾ ਨਾ ਚਿੰਤਾ ਰੋਗ’ ਇਸ ਯੋਜਨਾ ਦੇ ਪਹਿਲੇ ਪੱਖ ਤੇ ਕੇਂਦਰਤ ਸੀ। ਇਸ ਕਿਸਾਨ ਮੇਲੇ ਦਾ ਨਾਅਰਾ ‘ਖੇਤੀ ਨਾਲ ਸਹਾਇਕ ਧੰਦਾ, ਪਰਿਵਾਰ ਸੁਖੀ ਮੁਨਾਫ਼ਾ ਚੰਗਾ’ ਦੂਜੇ ਪੱਖ ਨੂੰ ਸੰਬੋਧਤ ਹੈ। ਪੰਜਾਬ ਦੇ ਲਗਪਗ 33 ਪ੍ਰਤੀਸ਼ਤ ਕਿਸਾਨ ਛੋਟੇ ਅਤੇ ਸੀਮਾਂਤ ਹਨ ਅਤੇ 62 ਫ਼ੀਸਦੀ ਕਿਸਾਨ ਦਰਮਿਆਨੇ ਹਨ। ਆਰਥਿਕ ਵਿਕਾਸ ਦੇ ਮਕਬੂਲ ਸਿਧਾਂਤਾਂ ਅਨੁਸਾਰ ਕੁਝ ਪੇਂਡੂ ਪਰਿਵਾਰ ਖੇਤੀ ਨੂੰ ਛੱਡ ਕੇ ਸਨਅਤ ਅਤੇ ਸੇਵਾਵਾਂ ਦੇ ਵਧੇਰੇ ਆਮਦਨ ਵਾਲੇ ਪਾਸੇ ਲੱਗ ਗਏ ਹਨ ਅਤੇ ਕਾਫ਼ੀ ਪਰਿਵਾਰ ਵਿਦੇਸ਼ਾਂ ਵਿਚ ਵੀ ਜਾ ਵੱਸੇ ਹਨ। ਨਤੀਜੇ ਵਜੋਂ ਬਹੁਤ ਸਾਰੀਆਂ ਜੋਤਾਂ ਠੇਕੇ ’ਤੇ ਦਿੱਤੀਆਂ ਜਾਣ ਲੱਗੀਆਂ ਹਨ। ਬਹੁਤ ਸਾਰੇ ਛੋਟੇ/ਸੀਮਾਂਤ ਕਿਸਾਨ ਜਾਂ ਬੇ-ਜ਼ਮੀਨੇ ਕਾਸ਼ਤਕਾਰ ਵੱਡੀਆਂ ਜੋਤਾਂ ਜਾਂ ਵਧੇਰੇ ਛੋਟੀਆਂ/ਦਰਮਿਆਨੀਆਂ ਜੋਤਾਂ ਠੇਕੇ ’ਤੇ ਲੈ ਕੇ ਫ਼ਾਇਦਾ ਲੈਣ ਵੱਲ ਪ੍ਰੇਰਿਤ ਹਨ।
ਅਜਿਹਾ ਕਰਨ ਵੇਲੇ ਉਹ ਆਪਸੀ ਖਹਿਬਾਜ਼ੀ ਵਿੱਚ ਮਹਿੰਗੇ ਠੇਕੇ ’ਤੇ ਜ਼ਮੀਨ ਲੈਂਦੇ ਹਨ। ਇਸ ਮੁਕਾਬਲੇ ਵਿਚ ਕਿਸੇ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਅਤੇ ਝੋਨੇ ਆਧਾਰਤ ਫ਼ਸਲੀ ਚੱਕਰਾਂ ਕਾਰਨ ਅਤੇ ਠੇਕਾ ਲੰਬੇ ਸਮੇਂ ਤੱਕ ਯਕੀਨੀ ਨਾ ਹੋਣ ਕਾਰਨ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਹੁੰਦਾ ਹੈ। ਭਾਵੇਂ ਕਿ ਅਜਿਹੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ’ਤੇ ਹੋਣ ਵਾਲੇ ਯਕੀਨੀ ਮੰਡੀਕਰਨ ਦੇ ਆਧਾਰ ’ਤੇ ਇਹ ਜੋਖ਼ਮ ਲੈਂਦੇ ਹਨ ਪਰ ਮੌਸਮੀ ਬਦਲਾਅ ਜਿਵੇਂ ਕਿ ਹੜ੍ਹ, ਤਪਸ਼, ਗੜੇ ਆਦਿ ਦੇ ਸਾਹਮਣੇ ਕਈ ਵਾਰ ਲਾਚਾਰ ਹੋਣਾ ਪੈਂਦਾ ਹੈ। ਜਦੋਂ ਬੈਂਕਾਂ ਜਾਂ ਸੁਸਾਇਟੀਆਂ ਤੋਂ ਲਿਆ ਕਰਜ਼ਾ ਉਪਜਾਊ ਸਾਧਨ ਪ੍ਰਫੁਲੱਤ ਕਰਨ ਲਈ ਨਾ ਵਰਤ ਕੇ ਪਰਿਵਾਰਕ ਕੰਮਾਂ ਵਿਆਹ, ਵਿਦੇਸ਼ੀ ਪੜ੍ਹਾਈ ਅਤੇ ਕੋਠੀਆਂ ਉਸਾਰਨ ਲਈ ਵਰਤਿਆ ਜਾਂਦਾ ਹੈ ਤਾਂ ਇਕ ਸਾਧਾਰਨ ਕਿਸਾਨ ਸ਼ਾਹੂਕਾਰਾਂ ਦੇ ਧੱਕੇ ਚੜ੍ਹ ਜਾਂਦਾ ਹੈ। ਸਾਧਾਰਨ ਖੇਤੀ ਵਿਚ ਹੋਣ ਵਾਲੇ ਆਰਥਿਕ ਨੁਕਸਾਨਾਂ ਦੀ ਪੂਰਤੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਆਮਦਨ ਦੇ ਨਵੇਂ ਵਸੀਲਿਆਂ ਨੂੰ ਲੱਭਣ ਦੀ ਸਖ਼ਤ ਲੋੜ ਹੈ। ਆਮਦਨ ਦੇ ਵਧੇਰੇ ਸਰੋਤ ਕੇਵਲ ਇਕ ਉੱਦਮ ਵਿੱਚ ਪਏ ਘਾਟੇ ਨੂੰ ਆਪਣੇ ਮੁਨਾਫੇ਼ ਨਾਲ ਪੂਰਾ ਕਰਨ ਵਿਚ ਹੀ ਸਹਾਈ ਨਹੀਂ ਹੁੰਦੇ ਬਲਕਿ ਕਈ ਵਾਰ ਇਕ-ਦੂਜੇ ਦਾ ਪੂਰਕ ਹੋ ਕੇ ਮੁਨਾਫ਼ਾ ਵਧਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਮੌਸਮ ਅਤੇ ਮੰਡੀ ਨਾਲ ਜੁੜੀ ਅਸਥਿਰਤਾ ਕਾਰਨ ਅਜਿਹੇ ਵਸੀਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਵਿੱਤੀ ਸੁਰੱਖਿਅਤਾ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ।
ਡੇਅਰੀ ਫਾਰਮਿੰਗ, ਸ਼ਹਿਦ ਮੱਖੀ ਪਾਲਣ ਅਤੇ ਖੁੰਬਾਂ ਦੀ ਕਾਸ਼ਤ ਵਰਗੇ ਸਹਾਇਕ ਧੰਦੇ ਸਿੱਧੇ/ਅਸਿੱਧੇ ਤੌਰ ’ਤੇ ਰਵਾਇਤੀ ਫ਼ਸਲ ਆਧਾਰਤ ਖੇਤੀ ਵਿਚ ਸੰਗਠਿਤ ਕੀਤੇ ਜਾ ਸਕਦੇ ਹਨ। ਅਜਿਹਾ ਏਕੀਕਰਨ ਵਾਤਾਵਰਨ ਸੁਰੱਖਿਆ ਵਿਚ ਵੀ ਸਹਾਈ ਹੁੰਦਾ ਹੈ ਅਤੇ ਪਰਿਵਾਰ ਦੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਯੋਗਦਾਨ ਪਾਉਦਾ ਹੈ। ਸ਼ਹਿਦ ਦੀਆਂ ਮੱਖੀਆਂ ਪਰਾਗਣ ਨੂੰ ਵੀ ਹੁਲਾਰਾ ਦਿੰਦੀਆਂ ਹਨ। ਸਹਾਇਕ ਧੰਦੇ ਪਰਿਵਾਰ ਦੇ ਮੈਬਰਾਂ ਨੂੰ ਕੰਮ ਲਾਉਣ ਵਿਚ ਵੀ ਸਹਾਈ ਹੁੰਦੇ ਹਨ। ਖ਼ਾਸਕਰ ਇਸਤਰੀਆਂ ਰੋਜ਼ਾਨਾ ਘਰੇਲੂ ਕੰਮਾਂ-ਕਾਰਾਂ ਦੀ ਨੀਰਸਤਾ ਤੋਂ ਹਟ ਕੇ ਆਪਣੀ ਉੱਦਮੀ ਪ੍ਰਵਿਰਤੀ ਦਾ ਵਿਕਾਸ ਕਰ ਸਕਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸੱਠਵਿਆਂ ਦੇ ਦਹਾਕੇ ਵਿਚ ਯੂਰੋਪੀ ਸ਼ਹਿਦ ਮੱਖੀ ਨੂੰ ਦੇਸ਼ ਵਿਚ ਲਿਆਂਦਾ ਅਤੇ ਉਪਰੰਤ 1976 ਵਿਚ ਵੱਡੇ ਪੱਧਰ ’ਤੇ ਪੰਜਾਬ ਦੇ ਕਿਸਾਨਾਂ ਨੂੰ ਮੱਖੀਆਂ ਦੇ ਡੱਬੇ ਦੇ ਕੇ ਮਿੱਠੇ ਇਨਕਲਾਬ ਦੀ ਨੀਂਹ ਰੱਖੀ। ਅੰਦਾਜ਼ਨ 17,000 ਟਨ ਸ਼ਹਿਦ ਪੈਦਾ ਕਰ ਕੇ ਪੰਜਾਬ ਦੇਸ਼ ਦੇ ਤਿੰਨ ਸਰਵਉੱਚ ਸੂਬਿਆਂ ਵਿੱਚੋਂ ਇੱਕ ਹੈ। ਇਸ ਕਿੱਤੇ ਦਾ ਇਕੱਲਾ ਉਤਪਾਦ ਸ਼ਹਿਦ ਨਹੀਂ ਹੈ ਬਲਕਿ ਰਾਇਲ ਜੈਲੀ, ਮੋਮ ਆਦਿ ਹੋਰ ਪਦਾਰਥ ਵੀ ਵੇਚੇ ਜਾਂਦੇ ਹਨ। ਯੂਨੀਵਰਸਿਟੀ ਨੇ ਸ਼ਹਿਦ ਆਧਾਰਤ ਤਰ੍ਹਾਂ-ਤਰ੍ਹਾਂ ਦੀਆਂ ਭੋਜਨ ਤਕਨੀਕਾਂ ਵਿਕਸਿਤ ਕੀਤੀਆਂ ਹਨ। ਸ਼ਹਿਦ ਗਰਮ ਕਰਨ ਅਤੇ ਪੁਣਨ ਵਾਲੀ ਮਸ਼ੀਨ ਸਾਧਾਰਨ ਮਲਮਲ ਦੇ ਕੱਪੜੇ ਮੁਕਾਬਲੇ ਬਹੁਤ ਸਮਰੱਥ ਹੈ। ਸ਼ਹਿਦ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਹੁਣ ਸਹੀ ਸਮਾਂ ਚੱਲ ਰਿਹਾ ਹੈ ਕਿਉਂਕਿ ਲੋੜੀਂਦੀ ਫੁੱਲਾਂ ਅਤੇ ਰਸਭਰਪੂਰ ਵਨਸਪਤੀ ਮੌਜੂਦ ਹੈ ਅਤੇ ਮੌਸਮ ਵੀ ਅਨੁਕੂਲ ਹੈ।
ਖੁੰਬਾਂ ਦੀ ਕਾਸ਼ਤ ਵਿਚ ਵੀ ਪੰਜਾਬ 18,500 ਟਨ ਪੈਦਾਵਾਰ ਨਾਲ ਦੇਸ਼ ਦੇ ਪੰਜ ਮੋਹਰੀ ਰਾਜਾਂ ਵਿਚ ਸ਼ਾਮਲ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜ ਕਿਸਮਾਂ ਦੀਆਂ ਖੁੰਬਾਂ- ਵਾਈਟ ਬਟਨ, ਢੀਂਗਰੀ, ਸ਼ਿਟਾਕੀ, ਮਿਲਕੀ ਅਤੇ ਪਰਾਲੀ ਵਾਲੀਆਂ ਦੀ ਕਾਸ਼ਤ ਤਕਨਾਲੋਜੀ ਵਿਕਸਤ ਕਰ ਚੁੱਕੀ ਹੈ। ਇਹ ਧੰਦਾ ਵੀ ਪਰਾਲੀ ਨੂੰ ਸਹੀ ਤਰੀਕੇ ਨਾਲ ਸੰਭਾਲਣ ਵਿਚ, ਚਾਹੇ ਛੋਟੇ ਪੱਧਰ ’ਤੇ ਕਿਉਂ ਨਾ ਹੋਵੇ, ਮਦਦਗਾਰ ਹੁੰਦਾ ਹੈ। ਯੂਨੀਵਰਸਿਟੀ ਵੱਲੋਂ ਖੁੰਬਾਂ ਲਈ ਕੰਪੋਸਟ ਬਣਾਉਣ ਲਈ ਪਰਾਲੀ ਤੇ ਤੂੜੀ ਦੀ ਵਰਤੋਂ ਕੀਤੀ ਜਾਂਦੀ ਹੈ। ਖੁੰਬਾਂ ਦੀ ਪ੍ਰਾਸੈਸਿੰਗ ਵਾਸਤੇ ਯੂਨੀਵਰਸਿਟੀ ਨੇ ਖੁੰਬਾਂ ਨੂੰ ਡੱਬਾ-ਬੰਦ ਕਰਨ ਅਤੇ ਵਿਟਾਮਿਨ ਡੀ-2 ਯੁਕਤ ਕਰਨ ਦੀਆਂ ਤਕਨੀਕਾਂ ਵਿਕਸਿਤ ਕੀਤੀਆਂ ਹਨ। ਮੌਜੂਦਾ ਜਨਤਕ ਸੋਚ ਜੈਵਿਕ ਉਤਪਾਦ ਪੱਖੀ ਹੁੰਦੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਉਤਪਾਦਾਂ ਨੂੰ ਸੁਰੱਖਿਅਤ ਅਤੇ ਸਿਹਤ ਵਧਾਊ ਮੰਨਿਆ ਜਾਂਦਾ ਹੈ। ਇਸ ਸੋਚ ਨੇ ਜੈਵਿਕ ਉਤਪਾਦਾਂ ਲਈ ਇਕ ਉੱਚ ਮੁਨਾਫ਼ੇ ਵਾਲੀ ਮੰਡੀ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਜੈਵਿਕ ਖੇਤੀ ਦੇ ਧੰਦੇ ਨੂੰ ਕਾਮਯਾਬ ਬਣਾਈ ਰੱਖਣ ਲਈ ਬਹੁਤੇ ਸਾਰੇ ਗੁਣਵੱਤਾ ਮਾਪਦੰਡਾਂ ਦਾ ਪਾਲਣ ਕਰਨਾ ਪੈਂਦਾ ਹੈ। ਜੈਵਿਕ ਖੇਤੀ ਦੇ ਚਾਹਵਾਨ ਕਿਸਾਨਾਂ ਨੂੰ ਇਨ੍ਹਾਂ ਸਬੰਧੀ ਮੁਕੰਮਲ ਜਾਣਕਾਰੀ ਲਈ ਅਤੇ ਹੋਰ ਲੋੜੀਂਦੀ ਸਹਾਇਤਾ ਲਈ ਯੂਨੀਵਰਸਿਟੀ ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਨਾਲ ਰਾਬਤਾ ਕਾਇਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਖੇਤੀਬਾੜੀ ਦੇ ਕਿੱਤੇ ਨੂੰ ਇਕ ਵਪਾਰ ਦੀ ਤਰ੍ਹਾਂ ਚਲਾਉਣ ਲਈ ਕਿਸੇ ਵੀ ਕਿਸਾਨ ਨੂੰ ਫ਼ਸਲਾਂ ਦੇ ਮੁੱਢਲੇ ਝਾੜ ਤੋਂ ਲੈ ਕੇ ਅਖੀਰ ਗਾਹਕ ਤੱਕ ਦੀ ਲੜੀ ’ਤੇ ਵੱਧ ਤੋਂ ਵੱਧ ਕਬਜ਼ਾ ਕਰਨਾ ਪਵੇਗਾ ਭਾਵ ਕਿ ਕਟਾਈ ਉਪਰੰਤ ਪ੍ਰਾਸੈਸਿੰਗ ਦਾ ਕੰਮ ਵੀ ਸਿੱਖਣਾ ਪਵੇਗਾ। ਇਸ ਤਰ੍ਹਾਂ ਦੀ ਵਿਉਂਤ ਨਾਲ ਵਿਚੋਲੇ ਵਪਾਰੀਆਂ ਦਾ ਮੁਨਾਫ਼ਾ ਘੱਟ ਤੋਂ ਘੱਟ ਕੀਤਾ ਜਾ ਸਕਦਾ ਹੈ। ਵਿਚੋਲਗਿਰੀ ਕਰਦੇ ਵਪਾਰੀਆਂ ਦਾ ਮੁਨਾਫ਼ਾ ਗਾਹਕ ਵਲੋਂ ਦਿੱਤੀ ਜਾਣ ਵਾਲੀ ਕੀਮਤ ਘਟਾਉਣ ਦੇ ਨਾਲ-ਨਾਲ ਕਿਸਾਨ ਦਾ ਆਰਥਿਕ ਲਾਭ ਵੀ ਵਧਾਵੇਗਾ। ਪੰਜਾਬ ਦੇ ਅਨੇਕਾਂ ਅਗਾਂਹਵਧੂ ਕਿਸਾਨ ਜੋ ਇਸ ਸੋਚ ਦੇ ਧਾਰਨੀ ਹਨ, ਵਧੀਆ ਕਮਾਈ ਕਰ ਰਹੇ ਹਨ। ਇਸ ਸੰਦਰਭ ਵਿਚ ਐਗਰੋ ਪ੍ਰਾਸੈਸਿੰਗ ਕੰਪਲੈਕਸ ਵੀ ਇੱਕ ਵਧੀਆ ਮਿਸਾਲ ਹੈ। ਯੂਨੀਵਰਸਿਟੀ ਹੁਣ ਤਕ ਸੂਬੇ ਵਿਚ 320 ਤੋਂ ਵਧੇਰੇ ਕਿਸਾਨਾਂ ਦੀ ਅਜਿਹੇ ਕੰਪਲੈਕਸ ਬਣਾਉਣ ਵਿਚ ਤਕਨੀਕੀ ਸਹਾਇਤਾ ਕਰ ਚੁੱਕੀ ਹੈ। ਅਜਿਹੇ ਕਿੱਤੇ ਕੇਵਲ ਵਿੱਤੀ ਲਾਭ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇ ਕੇ ਕੁਦਰਤੀ ਸਾਧਨਾਂ ਦੀ ਸੁਯੋਗ ਵਰਤੋਂ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ। ਇਹ ਕੰਪਲੈਕਸ ਗਾਹਕਾਂ ਦੇ ਨਜ਼ਦੀਕ ਹੋਣ ਨਾਲ ਉਤਪਾਦਾਂ ਦੀ ਗੁਣਵੱਤਾ ਵਿਚ ਭਰੋਸਾ ਬਣਿਆ ਰਹਿੰਦਾ ਹੈ ਜੋ ਕਿ ਮੰਡੀਕਰਨ ਨੂੰ ਪਾਏਦਾਰ ਬਣਾਈ ਰੱਖਦਾ ਹੈ। ਪਿਛਲੇ ਕਈ ਸਾਲਾਂ ਤੋਂ ਸਾਡੇ ਬਹੁਤ ਸਾਰੇ ਕਿਸਾਨ ਉੱਦਮੀਆਂ ਨੇ ਸੂਬੇ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਾਸੈਸਿੰਗ ਦੇ ਖਿੱਤੇ ਸਥਾਪਤ ਕਰ ਦਿੱਤੇ ਹਨ। ਅੰਮ੍ਰਿਤਸਰ ਦਾ ਇਲਾਕਾ ਅਚਾਰ ਮੁਰੱਬਿਆਂ ਲਈ, ਬਠਿੰਡਾ ਇਲਾਕਾ ਸ਼ਹਿਦ ਲਈ, ਫ਼ਤਹਿਗੜ੍ਹ ਸਾਹਿਬ ਦਾ ਇਲਾਕਾ ਗੁੜ ਲਈ ਅਤੇ ਹੁਣ ਫ਼ਿਰੋਜ਼ਪੁਰ ਮਿਰਚ ਆਧਾਰਤ ਉਤਪਾਦਾਂ ਲਈ ਮਸ਼ਹੂਰ ਹੁੰਦਾ ਜਾ ਰਿਹਾ ਹੈ। ਸਟਾਰਟਅਪ ਦੀ ਲਹਿਰ ਸਮੁੱਚੇ ਸੰਸਾਰ ਵਿਚ ਫੈਲ ਰਹੀ ਹੈ। ਭਾਰਤ ਸਰਕਾਰ ਦੇ ਉਦਯੋਗ ਸੰਮਵਰਧਨ ਅਤੇ ਅੰਦਰੂਨੀ ਵਪਾਰ ਮੰਤਰਾਲੇ ਵਲੋਂ ਇਸ ਸਬੰਧੀ ਕੀਤੇ ਨਿਰੰਤਰ ਯਤਨਾਂ ਕਾਰਨ ਦੇਸ਼ ਵਿਚ ਸਟਾਰਟਅਪ ਦਾ ਦੌਰ ਗਰਮਾ ਗਿਆ ਹੈ। ਖੇਤੀ ਆਧਾਰਤ ਇਹ ਸਟਾਰਟਅਪ ਪੰਜਾਬ ਵੱਲ ਖਿੱਚੇ ਜਾ ਰਹੇ ਹਨ। ਸਾਡੀ ਪੜ੍ਹੀ-ਲਿਖੀ ਨੌਜਵਾਨ ਕਿਸਾਨ ਪੀੜ੍ਹੀ ਨੂੰ ਇਸ ਵਪਾਰਕ ਮਾਡਲ ਵਿਚ ਹੱਥ ਅਜ਼ਮਾਉਣਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹਿਲਾਂ ਹੀ ਇਸ ਕੰਮ ਵਿਚ ਲੋੜੀਂਦੀ ਸਹਾਇਤਾ ਪ੍ਰਦਾਨ ਕਰਦੀ ਆ ਰਹੀ ਹੈ। ਯੂਨੀਵਰਸਿਟੀ ਦੀ ਖੋਜ ਵੀ ਨਵੇਂ ਸਟਾਰਟਅਪ ਵਿਚਾਰ ਉਸਾਰਨ ਵਿਚ ਸਹਾਈ ਹੋ ਸਕਦੀ ਹੈ।
ਪਿਛਲੀ ਸਾਉਣੀ ਦੌਰਾਨ ਸਾਨੂੰ ਬਹੁਤ ਸਾਰੀਆਂ ਮੌਸਮੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਭਾਰੀ ਅਤੇ ਬੇਕਾਬੂ ਹੋਏ ਹੜ੍ਹਾਂ ਨੇ ਸਾਡੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਕੀਤਾ। ਸਾਡੇ ਖੇਤਾਂ ਵਿੱਚ ਝੋਨਾ ਮੁੱਢਲੇ ਦੌਰ ਵਿੱਚ ਸੀ। ਦੁਬਾਰਾ ਲੁਆਈ ਲਈ ਖੇਤਾਂ ਵਿੱਚੋਂ ਪਾਣੀ ਦਾ ਨਿਕਾਸ ਤੇਜ਼ੀ ਨਾਲ ਨਹੀਂ ਹੋ ਰਿਹਾ ਸੀ। ਪਿਛੇਤ ਦੀ ਚੁਣੌਤੀ ਨਾਲ ਨਜਿੱਠਣ ਲਈ ਰਾਜ ਦੀ ਸੰਕਟਕਾਲੀਨ ਨੀਤੀ ਨੂੰ ਸਾਹ ਪ੍ਰਦਾਨ ਕਰਨ ਵਿਚ ਪੀ.ਆਰ-126 ਨੇ ਮੁੱਖ ਭੂਮਿਕਾ ਨਿਭਾਈ। ਯੂਨੀਵਰਸਿਟੀ ਨੇ ਕਿਸਾਨਾਂ ਲਈ ਪਨੀਰੀ ਵੀ ਪੈਦਾ ਕਰ ਕੇ ਦਿੱਤੀ। ਕਈ ਦਿਆਲੂ ਕਿਸਾਨ ਵੀ ਇਸ ਪੁੰਨ ਦੇ ਕੰਮ ਵਿਚ ਭਾਗੀਦਾਰ ਬਣੇ। ਇਸ ਤੋਂ ਪਹਿਲਾਂ ਬਹੁਤ ਸਾਰੇ ਕਿਸਾਨਾਂ ਨੇ ਹੜ੍ਹਾਂ ਦਾ ਮੂੰਹ ਮੋੜਨ ਲਈ ਰਾਜ ਸਰਕਾਰ ਦੀ ਕਈ ਢੰਗਾਂ ਨਾਲ ਸਹਾਇਤਾ ਕੀਤੀ। ਇਸ ਸਾਰੇ ਸਹਿਚਾਰ ਦੇ ਨਤੀਜੇ ਵਜੋਂ ਰਾਜ ਵਿਚ 185.4 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਜਦੋਂਕਿ ਉਸ ਤੋਂ ਪਿਛਲੇ ਸਾਲ 182.1 ਲੱਖ ਟਨ ਝੋਨਾ ਖ਼ਰੀਦਿਆ ਗਿਆ ਸੀ। ਪੀ.ਆਰ-126 ਨੇ ਕੇਵਲ ਡੰਗ ਟਪਾਉਣ ਲਈ ਹੀ ਸਾਥ ਨਹੀਂ ਦਿੱਤਾ ਬਲਕਿ ਇਸ ਨੇ ਲੰਬੇ ਸਮੇਂ ਵਿਚ ਪੱਕਣ ਕਾਰਨ ਵੱਧ ਪਾਣੀ ਲੈਣ ਵਾਲੀਆਂ ਕਿਸਮਾਂ ਨੂੰ ਝਾੜ ਪੱਖੋਂ ਮਜ਼ਬੂਤ ਟੱਕਰ ਦਿੱਤੀ ਤੇ ਬਹੁਤ ਸਾਰੇ ਕਿਸਾਨਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ। ਇਹ ਸਾਰੇ ਰੁਝਾਨ ਪੀਏਯੂ ਵੱਲੋਂ ਵਿਕਸਿਤ ਤਕਨੀਕਾਂ ਦੇ ਅਸਰਦਾਰ ਹੋਣ ਦੀ ਪ੍ਰੋੜ੍ਹਤਾ ਕਰਦੇ ਹਨ। ਸਾਡੀ ਕਿਸਾਨ ਨੂੰ ਇਹ ਬੇਨਤੀ ਹੈ ਕਿ ਕੁਦਰਤੀ ਸੋਮਿਆਂ ਦੀ ਸੰਭਾਲ ਦੀ ਰੌਸ਼ਨੀ ਵਿਚ ਅਜਿਹੇ ਉਸਾਰੂ ਰੁਝਾਨਾਂ ਨੂੰ ਜਾਰੀ ਰੱਖਿਆ ਜਾਵੇ। ਝੋਨੇ ਤੋਂ ਇਲਾਵਾ, ਸਾਨੂੰ ਗਰਮੀ/ਬਹਾਰ ਰੁੱਤੇ ਸਾਈਲੇਜ ਦੇ ਮੰਤਵ ਨਾਲ ਉਗਾਈ ਜਾਣ ਵਾਲੀ ਮੱਕੀ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਸੂਖਮ ਸਿੰਜਾਈ ਤਰੀਕਿਆਂ ਨਾਲ ਪਾਲਣਾ ਚਾਹੀਦਾ ਹੈ। ਸਰਕਾਰ ਵਲੋਂ ਵਿੱਤੀ ਉਤਸ਼ਾਹ ਦੇ ਬਾਵਜੂਦ ਝੋਨੇ ਦੀ ਸਿੱਧੀ ਬਿਜਾਈ ਜ਼ਿਆਦਾ ਜ਼ੋਰ ਨਹੀਂ ਫੜ ਸਕੀ। ਪਰ ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਖੇਤਰਾਂ ਵਿਚ ਇਸ ਨੂੰ ਵੱਡੇ ਪੱਧਰ ’ਤੇ ਅਪਣਾਇਆ ਗਿਆ। ਆਸ ਹੈ ਕਿ ਇਹ ਇਲਾਕੇ ਹੋਰਾਂ ਲਈ ਮਾਰਗ ਦਰਸ਼ਕ ਬਣਨਗੇ। ਬਾਸਮਤੀ ਕਾਸ਼ਤਕਾਰਾਂ ਨੂੰ ਆਮ ਕਰ ਕੇ ਵਧੀਆ ਭਾਅ ਮਿਲੇ ਪਰ ਬਾਸਮਤੀ ਦੇ ਰਕਬੇ ਦੀ ਵਿਉਂਤਬੰਦੀ ਕਰਨ ਤੋਂ ਪਹਿਲਾਂ ਇਸ ਦੀ ਮੰਡੀ ਅਤੇ ਰਕਬੇ ਦਰਮਿਆਨ ਸੰਤੁਲਨ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਸਤੰਬਰ 2023 ਵਿਚ ਲਗਾਏ ਕਿਸਾਨ ਮੇਲਿਆਂ ਤੋਂ ਬਾਅਦ ਯੂਨੀਵਰਸਿਟੀ ਨੇ ਜੋ ਆਪਣੇ ਫ਼ਸਲ ਸੁਧਾਰ ਅਤੇ ਉਤਪਾਦਨ ਸੁਰੱਖਿਆ ਤਕਨੀਕਾਂ ਦੇ ਆਧਾਰ ਦਾ ਪਸਾਰਾ ਕੀਤਾ ਹੈ, ਉਸ ’ਤੇ ਰੋਸ਼ਨੀ ਪਾਉਣੀ ਵੀ ਜ਼ਰੂਰੀ ਹੈ। ਖਰ੍ਹਵੇਂ ਅਨਾਜਾਂ ਵਿਚ ਪੰਜਾਬ ਚੀਨਾ-1 , ਬਾਜਰੇ ਦੀ ਦਾਣਿਆਂ ਲਈ ਕਿਸਮ ਜੀ.ਬੀ.ਐਲ.5, ਤਰਬੂਜ਼ਾਂ ਦੀ ਪੰਜਾਬ ਮਿਠਾਸ ਅਤੇ ਖਰਬੂਜ਼ੇ ਦੀ ਅੰਮ੍ਰਿਤ ਪ੍ਰਮੁੱਖ ਕਿਸਮਾਂ ਵਿਚ ਸ਼ਾਮਲ ਹਨ। ਪ੍ਰਮੁੱਖ ਉਤਪਾਦਨ ਤਕਨੀਕਾਂ ਵਿਚ ਬਹੁਤੀਆਂ ਕਟਾਈਆਂ ਵਾਲੀ ਚਰੀ-ਬਰਸੀਮ ਅਤੇ ਮੱਕੀ (ਪਕਾਵੀਂ/ਚਾਰਾ)-ਆਲੂ-ਪਿਆਜ਼; ਬਾਸਮਤੀ-ਪਿਛੇਤੀ ਕਣਕ-ਰਵਾਂਹ; ਸੱਠੀ ਮੂੰਗੀ-ਸਿੱਧਾ ਬੀਜਿਆ ਝੋਨਾ-ਕਣਕ ਵਾਲੇ ਫ਼ਸਲੀ ਚੱਕਰ, ਜੁੜਵੀਆਂ ਕਤਾਰਾਂ ਵਿਚ ਟੋਆ ਵਿਧੀ ਨਾਲ ਬੀਜੇ ਕਮਾਦ ਵਿਚ ਖੀਰੇ ਦੀ ਅੰਤਰ ਫ਼ਸਲ, ਸੱਠੀ ਮੂੰਗੀ ਵਿਚ ਸਿਆੜਾਂ ਦੀ ਵਿੱਥ, ਅਦਰਕ ਦੀ ਖੇਤੀ ਲਈ ਤਕਨੀਕਾਂ, ਟਿੰਡੇ ਵਿਚ ਪਲਾਸਟਿਕ ਸ਼ੀਟ ਵਾਲੀ ਮਲਚ, ਚੀਕੂ ਵਿਚ ਪਿਉਂਦੀਕਰਨ ਅਤੇ ਛੱਪੜਾਂ ਦੇ ਪਾਣੀ ਦੀ ਸਿੰਜਾਈ ਲਈ ਯੋਗਤਾ ਪਰਖਣ ਸਬੰਧੀ ਤਕਨੀਕਾਂ ਸ਼ਾਮਲ ਹਨ। ਪ੍ਰਮੁੱਖ ਪੌਦ ਸੁਰੱਖਿਆ ਤਕਨੀਕਾਂ ਵਿਚ ਨਰਮੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਗੰਢ ਆਧਾਰਤ ਮੇਟਿੰਗ ਡਿਸਰਪਰਸ਼ਨ ਤਕਨਾਲੋਜੀ, ਮੱਕੀ ਵਿਚ ਫਾਲ ਆਰਮੀਵਾਰਮ ਦਾ ਬੀਟੀ ਆਧਾਰਤ ਜੈਵਿਕ ਕੀਟਨਾਸ਼ਕ ਨਾਲ ਪ੍ਰਬੰਧਨ, ਬਾਸਮਤੀ ਵਿਚ ਟੀਂਡਿਆਂ ਦਾ ਨਿੰਮ ਆਧਾਰਤ ਕੰਟਰੋਲ, ਅਮਰੂਦਾਂ ਦੀ ਫਲ ਛੇਦਕ ਸੁੰਡੀ ਦਾ ਵਾਤਾਵਰਨ ਪੱਖੀ ਤਰੀਕਿਆਂ ਨਾਲ ਕੰਟਰੋਲ ਅਤੇ ਪੀਏਯੂ ਵਲੋਂ ਭੰਡਾਰਨ ਅਨਾਜ ਨੂੰ ਬਚਾਉਣ ਲਈ ਵਿਕਸਿਤ ਕਿੱਟ ਸ਼ਾਮਲ ਹਨ। ਯੂਨੀਵਰਸਿਟੀ ਨੇ ਰਿਮੋਟ ਨਾਲ ਚੱਲਣ ਵਾਲਾ ਝੋਨੇ ਦੀ ਪਨੀਰੀ ਲਾਉਣ ਲਈ ਟਰਾਂਸਪਲਾਂਟਰ ਤਿਆਰ ਕੀਤਾ ਹੈ। ਕੁਝ ਮਹੱਤਵਪੂਰਨ ਪ੍ਰਾਸੈਸਿੰਗ ਤਕਨੀਕਾਂ ਇਸ ਪ੍ਰਕਾਰ ਹਨ: ਡੋਅ ਦੇ ਖਮੀਰੀਕਰਨ ਲਈ ਬੇਕਰ ਯੀਸਟ, ਪੀਣ ਵਾਲੇ ਅਤੇ ਹੋਰ ਪਦਾਰਥਾਂ ਲਈ ਉਚੇਰੀ ਪ੍ਰੋਟੀਨ ਮਾਤਰਾ ਵਾਲਾ ਸੋਇਆ ਪਾਊਡਰ ਅਤੇ ਅੰਜੀਰ ਅਤੇ ਜਾਮਣ ਆਧਾਰਤ ਵਿਭਿੰਨ ਉਤਪਾਦ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਲਗਾਏ ਜਾਂਦੇ ਕਿਸਾਨ ਮੇਲੇ ਵਿਗਿਆਨੀਆਂ ਅਤੇ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਰੂ-ਬ-ਰੂ ਕਰਨ ਕਾਰਨ ਸੰਸਾਰ ਭਰ ਵਿਚ ਪ੍ਰਸਿੱਧ ਹਨ। ਜੇ ਅਸੀਂ ਆਪ ਸਭ ਵੱਲੋਂ ਸਾਡੇ ਖੋਜ ਕਾਰਜਾਂ ਨੂੰ ਦਿੱਤੀ ਜਾਣ ਵਾਲੀ ਸੇਧ ਲਈ ਆਪ ਦਾ ਸ਼ਕੁਰੀਆ ਨਹੀਂ ਅਦਾ ਕਰਦੇ ਤਾਂ ਅਸੀਂ ਅਕ੍ਰਿਤਘਣ ਹੋਵਾਂਗੇ, ਤੁਹਾਡਾ ਸਾਥ ਸਾਡੇ ਲਈ ਬੇਹੱਦ ਜ਼ਰੂਰੀ ਹੈ। ਸਾਡੀ ਬੇਨਤੀ ਹੈ ਕਿ ਵਿਚਾਰਾਂ ਦੇ ਇਸ ਦੁਵੱਲੇ ਆਦਾਨ ਪ੍ਰਦਾਨ ਵਿਚ ਹਮੇਸ਼ਾਂ ਸ਼ਾਮਲ ਰਹਿ ਕੇ ਆਪਾਂ ਇਸ ਸਾਂਝ ਨੂੰ ਦਿਨ ਬ ਦਿਨ ਪਕੇਰੇ ਕਰਦੇ ਜਾਈਏ।