ਵਿੱਦਿਆ ਦੇ ਤੇਜ਼ੀ ਨਾਲ ਬਦਲ ਰਹੇ ਮਾਅਨੇ

ਜਿਵੇਂ ਜ਼ਿੰਦਗੀ ਨੂੰ ਜਿਊਣ ਲਈ ਭੋਜਨ ਦੀ ਲੋੜ ਪੈਂਦੀ ਹੈ, ਉਵੇਂ ਹੀ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿੱਖਿਆ ਦੀ ਲੋੜ ਪੈਂਦੀ ਹੈ। ਜੇ ਇਹ ਕਹਿ ਦੇਈਏ ਕਿ ਸਿੱਖਿਆ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਸਿੱਖਿਆ ਅਸੀਂ ਬਚਪਨ ਵਿਚ ਮਾਤਾ-ਪਿਤਾ, ਭੈਣਾਂ-ਭਰਾਵਾਂ ਜਾਂ ਹੋਰ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਕਰਦੇ ਹਾਂ। ਇਸ ਤੋਂ ਬਾਅਦ ਸਕੂਲ, ਕਾਲਜ ਤੇ ਯੂਨੀਵਰਸਿਟੀ ਤੋਂ ਆਪਣੇ ਅਧਿਆਪਕ ਸਹਿਬਾਨ ਤੋਂ ਪ੍ਰਾਪਤ ਕਰਦੇ ਹਾਂ। ਗੁਜ਼ਰੇ ਜ਼ਮਾਨੇ ਵਿਚ ਸਿਆਣੇ ਕਹਿੰਦੇ ਹੁੰਦੇ ਸਨ ਕਿ ਪੜ੍ਹ ਲਵੋ, ਨਹੀਂ ਤਾਂ ਕਿਸੇ ਨੇ ਇਹ ਨਹੀਂ ਦੱਸਣਾ ਕਿ ਬੱਸ ਕਿੱਧਰ ਨੂੰ ਜਾ ਰਹੀ ਹੈ। ਉਹ 16 ਆਨੇ ਸੱਚ ਆਖਦੇ ਸਨ। ਇਸ ਲਈ ਹਰੇਕ ਨਾਗਰਿਕ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਤ੍ਰਾਸਦੀ ਇਹ ਵੀ ਹੈ ਕਿ ਅੱਜ ਦੇ ਸਮੇਂ ਵਿਚ ਪੜ੍ਹਾਈ ਸਿਰਫ਼ ਨੌਕਰੀ ਲੈਣ ਲਈ ਕੀਤੀ ਜਾਂਦੀ ਹੈ। ਪਹਿਲਾਂ ਬਾਰ੍ਹਵੀਂ ਕਰਨ ਤੋਂ ਬਾਅਦ ਬੜਾ ਚਾਅ ਹੁੰਦਾ ਸੀ ਕਿ ਕਾਲਜ ਵਿਚ ਪੜ੍ਹਨ ਲੱਗਾਂਗੇ। ਫਿਰ ਹੋਰ ਉਚੇਰੀ ਪੜ੍ਹਾਈ ਵੀ ਚਾਅ ਨਾਲ ਕੀਤੀ ਜਾਂਦੀ ਸੀ। ਇੰਨਾ ਸਭ ਪੜ੍ਹ ਕੇ ਜ਼ਿੰਦਗੀ ਜਿਊਣ ਦਾ ਤਰੀਕਾ ਆ ਜਾਂਦਾ ਸੀ, ਚਾਹੇ ਨੌਕਰੀ ਨਾ ਵੀ ਮਿਲਦੀ ਪਰ ਲੋਕ ਆਪਣਾ ਕੋਈ ਬਿਜ਼ਨਸ ਸ਼ੁਰੂ ਕਰ ਲੈਂਦੇ ਜਾਂ ਆਪਣੀ ਖੇਤੀ ਨੂੰ ਹੀ ਚੰਗੀ ਤਰ੍ਹਾਂ ਸੰਭਾਲ ਲੈਂਦੇ ਸਨ। ਪਰ ਅੱਜ-ਕੱਲ੍ਹ ਨੌਕਰੀਆਂ ਲਈ ਅੰਨ੍ਹੀ ਦੌੜ ਲੱਗੀ ਹੋਈ ਹੈ। ਜ਼ਿਆਦਾਤਰ ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਨੌਕਰੀ ਕਰਨ ਦਾ ਟੀਚਾ ਰੱਖਦੇ ਨੇ। ਇਸੇ ਆਸ ਵਿਚ ਉਹ ਵੱਧ ਤੋਂ ਵੱਧ ਡਿਗਰੀ ਕਰ ਲੈਂਦੇ ਹਨ। ਫਿਰ ਟੈਸਟਾਂ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਥਾਂ-ਥਾਂ ਕੋਚਿੰਗ ਸੈਂਟਰ ਖੁੱਲੇ੍ਹ ਹੋਏ ਹਨ। ਰੱਟੇ ਲਗਵਾਉਣ ਨੂੰ ਕੀ ਤੁਸੀਂ ਸਿੱਖਿਆ ਮੰਨਦੇ ਹੋ? ਪਹਿਲਾਂ ਜਿਸ ਅਸਾਮੀ ਲਈ ਜਿੰਨੀ ਤਨਖ਼ਾਹ ਮਿਲਦੀ ਸੀ, ਓਨੀ ਵਿਚ ਤਾਂ ਹੁਣ ਚਾਰ ਬੰਦੇ ਰੱਖੇ ਜਾਂਦੇ ਹਨ। ਹੁਣ ਨੌਕਰੀਆਂ ’ਤੇ ਰੱਖਣ ਦਾ ਤਰੀਕਾ ਵੀ ਬਦਲ ਗਿਆ ਹੈ। ਸਭ ਤੋਂ ਪਹਿਲਾਂ ‘ਡੀ’ ਗਰੁੱਪ ਦੀਆਂ ਪੋਸਟਾਂ ਆਉਂਦੀਆਂ ਹਨ। ਵੱਧ ਤੋਂ ਵੱਧ ਪੜੇ੍ਹ-ਲਿਖੇ ਇਨ੍ਹਾਂ ਪੋਸਟਾਂ ਲਈ ਅਰਜ਼ੀਆਂ ਦਿੰਦੇ ਹਨ। ਉਨ੍ਹਾਂ ’ਚੋਂ ਕਾਫ਼ੀ ਉਮੀਦਵਾਰਾਂ ਨੂੰ ਨੌਕਰੀ ਮਿਲ ਜਾਂਦੀ ਹੈ। ਫਿਰ ਪੋਸਟਾਂ ਆਉਂਦੀਆਂ ‘ਸੀ’ ਗਰੁੱਪ ਦੀਆਂ। ਜੋ ‘ਡੀ’ ਗਰੁੱਪ ਵਿਚ ਲੱਗੇ ਹੁੰਦੇ ਹਨ, ਉਹ ਇਨ੍ਹਾਂ ਅਸਾਮੀਆਂ ਲਈ ਫਾਰਮ ਭਰਦੇ ਹਨ ਤੇ ਟੈਸਟ ਪਾਸ ਕਰਦੇ ਹਨ। ਉਹ ਫਿਰ ‘ਡੀ’ ਗਰੁੱਪ ਵਾਲੀ ਪੋਸਟ ਛੱਡ ਕੇ ‘ਸੀ’ ਗਰੁੱਪ ਵਿਚ ਆ ਲੱਗਦੇ ਹਨ। ਇਹੀ ਕ੍ਰਮ ਅੱਗੇ ਤੋਂ ਅੱਗੇ ਵਧਦਾ ਰਹਿੰਦਾ ਹੈ। ਤ੍ਰਾਸਦੀ ਇਹ ਹੈ ਕਿ ਜਦੋਂ ਅਸੀਂ ਨੌਕਰੀ ਲਈ ਹੀ ਪੜ੍ਹਦੇ ਹਾਂ ਤਾਂ ਸਾਨੂੰ ਸਿਰਫ਼ ਨੌਕਰੀ ਹੀ ਦਿਸਦੀ ਹੈ, ਉਸ ’ਚ ਹੁੰਦਾ ਸ਼ੋਸ਼ਣ ਨਹੀਂ। ਜਿਵੇਂ ਅਧਿਆਪਕ ਪੜ੍ਹਾਉਣ ਲਈ ਰੱਖੇ ਜਾਂਦੇ ਹਨ ਪਰ ਉਨ੍ਹਾਂ ਤੋਂ ਕੰਮ ਮਰਦਮਸ਼ੁਮਾਰੀ, ਵੋਟਾਂ ਬਣਾਉਣ, ਵੋਟਾਂ ਪੁਆਉਣ ਦਾ ਲਿਆ ਜਾਂਦਾ ਹੈ ਤੇ ਹੋਰ ਪਤਾ ਨਹੀਂ ਏਦਾਂ ਦੇ ਕਿੰਨੇ ਹੀ ਕੰਮ ਕਰਾਏ ਜਾਂਦੇ ਹਨ। ਜਦੋਂ ਤੱਕ ਅਸੀਂ ਕੁਝ ਸਿੱਖਣ ਲਈ ਨਹੀਂ ਪੜ੍ਹਦੇ ਉਦੋਂ ਤੱਕ ਸਾਡਾ ਇੰਜ ਹੀ ਸ਼ੋਸ਼ਣ ਹੁੰਦਾ ਰਹੇਗਾ।

ਸਾਂਝਾ ਕਰੋ

ਪੜ੍ਹੋ

ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ

ਨਵੀਂ ਦਿੱਲੀ, 28 ਨਵੰਬਰ ਕੇਰਲ ਦੇ ਵਾਇਨਾਡ ਤੋਂ ਜ਼ਿਮਨੀ ਚੋਣ...