ਆਪਣੇ ਘਰ-ਪਰਿਵਾਰ ਵਿਚ ਮੈਂ ਇਕੱਲਾ ਹੀ ਸਕੂਲ ਪੜ੍ਹਨ ਜਾਂਦਾ ਸਾਂ। ਮੇਰੇ ਦੋਨੇ ਭਰਾ ਪੜ੍ਹਨ ਨਾ ਜਾਣ ਦੇ ਬਾਵਜੂਦ ਘਰ ਦੇ ਕੰਮਾਂ ਵਿਚ ਮਾਪਿਆਂ ਦਾ ਹੱਥ ਘੱਟ ਹੀ ਵਟਾਉਂਦੇ ਸਨ। ਜਦਕਿ ਛੋਟੇ ਹੁੰਦੇ ਤੋਂ ਹੀ ਮੈਂ ਆਪਣੇ ਬਾਪ ਨਾਲ ਪਸ਼ੂਆਂ ਦੀ ਸਾਂਭ-ਸੰਭਾਲ ਵਿਚ ਹੱਥ ਵਟਾਉਣ ਲੱਗ ਪਿਆ ਸਾਂ। ਮਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਮੈਂ ਉਸ ਨਾਲ ਚੁੱਲ੍ਹੇ-ਚੌਂਕੇ ਵਿਚ ਥੋੜ੍ਹਾ-ਬਹੁਤਾ ਕੰਮ ਕਰਵਾ ਦਿਆ ਕਰਦਾ ਸਾਂ। ਹੋ ਸਕਦਾ ਹੈ ਕਿ ਕੁਝ ਅਜਿਹੇ ਕਾਰਨਾਂ ਕਰਕੇ ਦੂਸਰੇ ਭਰਾਵਾਂ ਦੀ ਨਿਸਬਤ ਆਪਣੇ ਮਾਂ-ਬਾਪ ਦਾ ਮੈਂ ਵੱਧ ਚਹੇਤਾ ਬਣਦਾ ਗਿਆ ਹੋਵਾਂ। ਥੋੜ੍ਹਾ ਜਿਹਾ ਪੜ੍ਹ ਕੇ ਅਧਿਆਪਕ ਦੀ ਨੌਕਰੀ ਮਿਲ ਗਈ ਅਤੇ ਦੂਰ ਦੀ ਨੌਕਰੀ ਹੋਣ ਕਰ ਕੇ ਮੇਰਾ ਘਰ ਵਿਚ ਗੇੜਾ ਘੱਟ ਹੀ ਵੱਜਦਾ ਸੀ। ਥੋੜ੍ਹੇ ਜਿਹੇ ਸਮੇਂ ਬਾਅਦ ਮੈਂ ਵਿਆਹ ਕਰਵਾ ਲਿਆ ਅਤੇ ਘਰੇ ਗੇੜਾ ਵੱਜਣ ਵਾਲੇ ਸਮੇਂ ਵਿਚ ਹੋਰ ਵਾਧਾ ਹੋ ਗਿਆ। ਪ੍ਰੰਤੂ ਮਾਂ-ਬਾਪ ਪ੍ਰਤੀ ਮੇਰੇ ਮਨ ਵਿਚ ਸਿੱਕ ਉਵੇਂ ਹੀ ਬਣੀ ਰਹੀ। ਬਹੁਤ ਸੋਚ-ਵਿਚਾਰ ਤੋਂ ਬਾਅਦ ਆਪਣੀਆਂ ਘਰੇਲੂ ਲੋੜਾਂ ਬਾਰੇ ਇਕ ਮਨ ਹੋ ਕੇ ਮੈਂ ਆਪਣੀ ਅਤੇ ਪਤਨੀ ਦੀ ਬਦਲੀ ਫ਼ਰੀਦਕੋਟ ਸ਼ਹਿਰ ਦੇ ਨੇੜਲੇ ਪਿੰਡਾਂ ਦੀ ਕਰਵਾ ਲਈ। ਆਪਣੀ ਰਿਹਾਇਸ਼ ਮੈਂ ਫ਼ਰੀਦਕੋਟ ਸ਼ਹਿਰ ਵਿਚ ਕਰ ਲਈ। ਫ਼ਰੀਦਕੋਟ ਆਣ ਕੇ ਮੈਂ ਭਰਾਵਾਂ ਵਾਲੇ ਘਰ ਵਿਚ ਰਹਿਣ ਦੀ ਥਾਂ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਿਆ। ‘ਫ਼ਰੀਦਾ ਬਾਰਿ ਪਰਾਏ ਬੈਸਣਾ ਸਾੲੀਂ ਮੁਝੇ ਨਾ ਦੇਹ’ ਵਾਲਾ ਸ਼ਲੋਕ ਗੁਣ-ਗੁਣਾਉਂਦੇ ਆਪਣੇ ਬਾਪ ਨੂੰ ਮੈਂ ਬੜੇ ਵਾਰੀ ਸੁਣਿਆ ਸੀ। ਮੇਰਾ ਆਪਣਾ ਮਕਾਨ ਬਣਿਆ ਵੇਖਣ ਦੀ ਉਸ ਦੀ ਬਹੁਤ ਇੱਛਾ ਸੀ। ਜਦੋਂ ਵੀ ਮੈਂ ਮਿਲਣਾ, ਉਸ ਨੇ ‘ਆਪਣਾ ਘਰ ਕਦੋਂ ਕੁ ਬਣਾਵੇਂਗਾ?’ ਇਕ ਵਾਰੀ ਜ਼ਰੂਰ ਪੁੱਛਣਾ।
ਪਤਾ ਨਹੀਂ ਇਸ ਕਰਕੇ ਜਾਂ ਫਿਰ ਆਪਣੀਆਂ ਲੋੜਾਂ ਕਰਕੇ ਮੈਂ ਬੜੀ ਜਲਦੀ ਆਪਣਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਵਾਸਤੇ ਮੈਨੂੰ ਕਰਜ਼ੇ ਦੇ ਜੂਲ਼ੇ ਹੇਠਾਂ ਧੌਣ ਦੇਣੀ ਪਈ ਸੀ। ‘ਮੇਰਾ ਮਕਾਨ’ ਬਣਨਾ ਸ਼ੁਰੂ ਹੋ ਗਿਆ ਪ੍ਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੇਰੇ ਮਕਾਨ ਦੀਆਂ ਅਜੇ ਨੀਹਾਂ ਹੀ ਭਰੀਆਂ ਜਾ ਰਹੀਆਂ ਸਨ ਕਿ ਬਾਪੂ ਸੰਖੇਪ ਜਿਹੀ ਬਿਮਾਰੀ ਸਦਕਾ ਇਸ ਦੁਨੀਆ ਤੋਂ ਚਲਾ ਗਿਆ। ਮਾਂ ਛੋਟੇ ਭਰਾਵਾਂ ਕੋਲ ਰਹਿੰਦੀ ਸੀ। ਉਸ ਨੂੰ ਮੈਂ ਆਪਣੇ ਕੋਲ ਲੈ ਕੇ ਆਉਣਾ ਤਾਂ ਮੇਰੇ ਘਰ ਦੇ ਮਾਹੌਲ ਸਦਕਾ ਜਲਦੀ ਹੀ ਉਸ ਨੇ ਉਕਤਾ ਜਿਹੇ ਜਾਣਾ। ਅਸੀਂ ਦੋਨੇ ਪਤੀ-ਪਤਨੀ ਨੌਕਰੀ ’ਤੇ ਅਤੇ ਦੋਨੇ ਬੱਚੇ ਸਕੂਲ ਚਲੇ ਜਾਂਦੇ। ਘਰ ਵਿਚ ਮਗਰੋਂ ਉਹ ਇਕੱਲੀ ਹੀ ਅਣਜਾਣ ਜਗ੍ਹਾ ਵਿਚ ਰਹਿ ਜਾਂਦੀ। ਸਵੇਰੇ ਉੱਠਣ ਉਪਰੰਤ ਸਕੂਲ ਜਾਣ ਦੀ ਕਾਹਲ ਵਿਚ ਮਾਂ ਨਾਲ ਐਵੇਂ ਨਾਮਾਤਰ ਹੀ ਗੱਲ ਹੁੰਦੀ ਅਤੇ ਸਕੂਲੋਂ ਆ ਕੇ ਫਿਰ ਕੰਮ-ਧੰਦੇ ਲੱਗਣ ਕਰਕੇ ਮਾਂ ਇਕੱਲਿਆਂ ਵਰਗੀ ਹੀ ਹੁੰਦੀ। ਇਸ ਲਈ ਜਲਦੀ ਹੀ ਮਾਂ ਉਦਰੇਵਾਂ ਮੰਨਣ ਵਾਲਿਆਂ ਵਾਂਗ ਹੋ ਜਾਂਦੀ। ਅੰਤ ਨੂੰ ਮੈਂ ਉਸ ਨੂੰ ਦੂਸਰੇ ਭਰਾਵਾਂ ਕੋਲ ਛੱਡ ਆਉਣਾ। ਮੈਂ ਸਮਝ ਗਿਆ ਕਿ ਮਾਂ ਨੂੰ ਆਪਣੇ ਕੋਲ ਲਿਆਉਣ ਦਾ ਅਰਥ ਉਸ ਨੂੰ ਸਜ਼ਾ ਦੇਣਾ ਹੈ। ਇਸ ਲਈ ਉਸ ਨੂੰ ਆਪਣੇ ਕੋਲ ਲਿਆਉਣ ਦੀ ਥਾਂ ਥੋੜ੍ਹੇ-ਬਹੁਤੇ ਦਿਨਾਂ ਦੇ ਵਕਫ਼ੇ ਬਾਅਦ ਮੈਂ ਆਪ ਉਸ ਨੂੰ ਮਿਲ-ਗਿਲ ਆਉਣਾ।
ਮਾਂ ਕੋਲ ਕੋਈ ਚੀਜ਼ ਅਤੇ ਵਿਸ਼ੇਸ਼ ਕਰਕੇ ਖਾਣ ਵਾਲੀ ਚੀਜ਼ ਆਉਣੀ ਤਾਂ ਉਸ ਨੇ ਲੁਕੋ ਕੇ ਰੱਖ ਲੈਣੀ। ਜਦੋਂ ਮੈਂ ਉਸ ਨੂੰ ਮਿਲਣ ਜਾਣਾ ਤਾਂ ਉਸ ਨੇ ਮੇਰੇ ਆਉਣ ਵੇਲੇ ਉਹ ਚੀਜ਼ ਕੱਢਣੀ ਤੇ ‘ਆਹ ਮੇਰੇ ਪੋਤੇ-ਪੋਤੀ ਵਾਸਤੇ ਲੈ ਜਾਵੀਂ’ ਆਖਦਿਆਂ ਚੀਜ਼ ਫੜਾ ਦੇਣੀ। ‘‘ਮਾਂ ਉਹ ਨਹੀਂ ਖਾਂਦੇ। ਤੂੰ ਨਾ ਰੱਖਿਆ ਕਰ’’ ਆਖਦਿਆਂ ਮੈਂ ਜਵਾਬ ਦੇਣਾ ਤਾਂ ਉਸ ਨੇ ਆਪਣੇ ਹੱਥ ਵਿਚਲੀ ਸੋਟੀ ਉਲਾਰਦਿਆਂ ਮੈਨੂੰ ਡਰਾਵਾ ਦੇਣ ਵਾਲਿਆਂ ਵਾਂਗ ਕਰਨਾ। ਇਕ ਵਾਰੀ ਜਦੋਂ ਮੇਰੇ ਘਰ ਸਬੰਧੀ ਕੋਈ ਗੱਲ ਹੋ ਰਹੀ ਸੀ ਤਾਂ ‘ਤੈਨੂੰ ਕੀ ਪਤੈ!’ ਆਖਦਿਆਂ ਮਾਂ ਨੇ ਮੈਨੂੰ ਝਿੜਕ ਦਿੱਤਾ। ‘‘ਲੈ ਮਾਂ ਤੂੰ ਮੈਨੂੰ ਐਵੇਂ ਹੀ ਸਮਝੀ ਜਾਨੀ ਐਂ, ਮੈਂ ਮਾਸਟਰਾਂ ਨੂੰ ਪੜ੍ਹਾਉਨੈ।’’ ਮੈਂ ਆਖਿਆ। ਉਸ ਸਮੇਂ ਮੈਂ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੇ ਸੇਵਾ ਕਾਲੀਨ ਕੋਰਸਾਂ ਵਾਲੀ ਸੰਸਥਾ ਵਿਚ ਤਾਇਨਾਤ ਸਾਂ। ‘‘ਇਹੋ ਜਿਹਾ ਤੂੰ ਉੱਥੇ ਪੜ੍ਹਾਉਂਦਾ ਹੋਵੇਂਗਾ। ਤੈਨੂੰ ਤਾਂ ਅਜੇ ਇਹ ਵੀ ਪਤਾ ਨਹੀਂ…’’ ਕਹਿੰਦਿਆਂ ਮਾਂ ਨੇ ਮੇਰੀ ਬਿਆਲ਼ੀ ਸਾਲਾਂ ਦੀ ਉਮਰ ਨੂੰ 10-12 ਸਾਲਾਂ ਦੀ ਉਮਰ ਦਾ ਬਾਲੜਾ ਬਣਾ ਦਿੱਤਾ। ਮਾਂ ਦਾ ਇਸ ਤਰ੍ਹਾਂ ਝਿੜਕਣਾ ਜਾਂ ਫਿਰ ਆਪਣੀ ਖੂੰਡੀ ਨਾਲ ਡਰਾਉਣਾ ਮੈਨੂੰ ਆਪਣੀ ਮਾਂ ਦੇ ਮੋਹ ਦੀ ਇੰਤਹਾ ਦੀ ਯਾਦ ਕਰਵਾ ਦਿੰਦਾ। ਆਪਣੇ ਵੱਲੋਂ ਮੈਂ ਆਪਣੀ ਮਾਂ ਦੀ ਹਰੇਕ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦਾ। ਉਸ ਦੀ ਦਵਾਈ-ਬੂਟੀ ਲਈ ਪੈਸੇ ਦਿੰਦਾ, ਕੱਪੜੇ ਬਣਾ ਕੇ ਦਿੰਦਾ ਅਤੇ ਹੋਰ ਜੋ ਵੀ ਉਹ ਕਹਿੰਦੀ, ਮੈਂ ਕਰਨ ਦੀ ਕੋਸ਼ਿਸ਼ ਕਰਦਾ। ਮੇਰਾ ਉਸ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਭੁਲੇਖਾ ਉਸ ਸਮੇਂ ਟੁੱਟਿਆ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਆਰਥਿਕ ਲੋੜਾਂ ਦੀ ਪੂਰਤੀ ਨਾਲੋਂ ਮਾਂ-ਪਿਉ ਨੂੰ ਬੱਚਿਆਂ ਦੇ ਮੋਹ ਦੀ ਵਧੇਰੇ ਲੋੜ ਹੁੰਦੀ ਹੈ। ‘‘ਬੁਢਾਪੇ ਵਿਚ ਮਾਪੇ ਆਪਣੇ ਬੱਚਿਆਂ ਨਾਲ ਚਾਰ ਬੋਲ ਸਾਂਝੇ ਕਰਕੇ ਹੀ ਵੱਧ ਸੰਤੁਸ਼ਟ ਹੁੰਦੇ ਹਨ।’’ ਮੈਂ ਇਸ ਸਿੱਟੇ ’ਤੇ ਅੱਪੜ ਗਿਆ ਸਾਂ। ਆਪਣੀ ਮਾਂ ਨਾਲ ਮੇਰੀ ਲੜਾਈ ਛੋਟੇ ਹੁੰਦਿਆਂ ਤੋਂ ਹੁੰਦੀ ਹੋਈ ਉਸ ਦੇ ਇਸ ਦੁਨੀਆ ਤੋਂ ਰੁਖ਼ਸਤ ਹੋਣ ਤੱਕ ਜਾਰੀ ਰਹੀ ਸੀ।
ਜਦੋਂ ਉਹ ਹਸਪਤਾਲ ਵਿਚ ਸੀ ਅਤੇ ਮੈਂ ਘਰੇ ਆਉਣ ਲੱਗਿਆ ਤਾਂ ਉਸ ਨੇ ਮੇਰੇ ਕੋਲੋਂ ਉਸੇ ਨਮਕੀਨ ਪਨੀਰ ਦੀ ਮੰਗ ਕੀਤੀ ਜੋ ਮੈਂ ਉਸ ਵਾਸਤੇ ਅਕਸਰ ਬਾਜ਼ਾਰੋਂ ਖ਼ਰੀਦ ਕੇ ਲੈ ਜਾਇਆ ਕਰਦਾ ਸਾਂ। ਲੜਦੇ ਹੋਏ ਨੇ ਮੈਂ ਹਸਪਤਾਲ ਵਿਚ ਬੈੱਡ ’ਤੇ ਪਈ ਮਾਂ ਨੂੰ ਆਖਿਆ,‘‘ਪਹਿਲਾਂ ਉੱਠ ਕੇ ਬੈਠ, ਫਿਰ ਲਿਆਊਂਗਾ।’’ ਤੇ ਮੈਂ ਘਰੇ ਆ ਗਿਆ। ਮੈਨੂੰ ਕੁਝ ਸਤਾਉਣ ਲੱਗ ਪਿਆ ਸੀ। ਘੰਟੇ ਕੁ ਬਾਅਦ ਜਦੋਂ ਮੈਂ ਹਸਪਤਾਲ ਵਾਪਸ ਪਹੁੰਚਿਆ ਤਾਂ ਮਾਂ ਮੈਨੂੰ ਝਕਾਨੀ ਦੇ ਕੇ ਜਾ ਚੁੱਕੀ ਸੀ, ਉੱਥੇ ਜਿੱਥੇ ਹੁਣ ਮੈਂ ਉਸ ਨਾਲ ਲੜਾਈ ਨਹੀਂ ਕਰ ਸਕਦਾ ਸਾਂ। ਦੂਸਰੇ ਭਰਾਵਾਂ ਦੁਆਰਾ ਪੈਦਾ ਕੀਤੇ ਹਾਲਾਤ ਕਾਰਨ ਮਾਂ ਦੀਆਂ ਅੰਤਿਮ ਰਸਮਾਂ ਵਿਚ ਮੈਂ ਕੇਵਲ ਹੰਝੂ ਹੀ ਵਹਾ ਸਕਿਆ ਸਾਂ। ਮੇਰੀ ਮਾਂ ਮਰੀ ਸੀ ਅਤੇ ਉਹ ਖ਼ੁਸ਼ੀ ਵਾਲੇ ਮਾਹੌਲ ਵਿਚ ਵਿਚਰ ਰਹੇ ਸਨ। ਮਾਂ ਸਦਕਾ ਮੈਂ ਆਪਣੇ-ਆਪ ਨਾਲ ਜੁੜਿਆ ਹੋਇਆ ਸਾਂ। ਮਾਂ ਮਰ ਗਈ ਤੇ ਮੈਂ ਸਭ ਕਾਸੇ ਦੇ ਨਾਲ ਹੀ ਉਸ ਨਾਲ ਕੀਤੀ ਜਾਣ ਵਾਲੀ ਲੜਾਈ ਅਤੇ ਮੈਨੂੰ ਮਿਲਣ ਵਾਲੀਆਂ ਝਿੜਕਾਂ ਤੋਂ ਵਿਹੂਣਾ ਹੋ ਗਿਆ ਸਾਂ। ਹੁਣ ਮੈਂ ਆਪਣੇ ਭਰਾਵਾਂ ਦੇ ਘਰੇ ਜਾਵਾਂ ਤਾਂ ਘਰਾਂ ਦੇ ਸੁੰਨੇ ਵਿਹੜੇ ਵੇਖ ਕੇ ਮਨ ਅੰਤਾਂ ਦਾ ਪਸੀਜ ਜਾਂਦਾ ਹੈ। ਹੁਣ ਮਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ‘ਚੀਜ਼ਾਂ’ ਤੋਂ ਸੱਖਣਾ ਜਦੋਂ ਘਰ ਆਉਂਦਾ ਹਾਂ ਤਾਂ ਪਤਨੀ ਅਕਸਰ ਆਖਦੀ ਹੈ ‘‘ਹੁਣ ਲੱਗਦੈ ਮਾਂ ਮਰ ਗਈ ਹੈ।