ਨਾਵਲਕਾਰ, ਪੱਤਰਕਾਰ, ਇਤਿਹਾਸਕਾਰ ਤੇ ਵਿਦਵਾਨ ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ਨੂੰ ਸਾਂਝੇ ਪੰਜਾਬ ਵਿਚ ਹਡਾਲੀ (ਹੁਣ ਖੁਸ਼ਬ ਜ਼ਿਲ੍ਹਾ ਲਹਿੰਦਾ ਪੰਜਾਬ) ਵਿਖੇ ਇਕ ਸਿੱਖ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸ਼ੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਅਤੇ ਚਾਚਾ ਉੱਜਲ ਸਿੰਘ ਪੰਜਾਬ ਅਤੇ ਤਾਮਿਲਨਾਡੂ ਦੇ ਸਾਬਕਾ ਗਵਰਨਰ ਸਨ। ਉਨ੍ਹਾਂ ਨੇ ਸਕੂਲ ਤੱਕ ਦੀ ਪੜ੍ਹਾਈ ਪਿੰਡ ਤੋਂ ਹੀ ਹਾਸਲ ਕੀਤੀ। ਉਸ ਤੋਂ ਬਾਅਦ ਉਹ ਸਰਕਾਰੀ ਕਾਲਜ ਲਾਹੌਰ ਚਲੇ ਗਏ। ਇਸ ਤੋਂ ਬਾਅਦ ਬਰਤਾਨੀਆ ਵਿਚ ਕੈਂਬਰਿਜ ਯੂਨੀਵਰਸਿਟੀ ਅਤੇ ਇਨਰ ਟੈਂਪਲ ਵਿਚ ਪੜ੍ਹਨ ਦੇ ਬਾਅਦ ਉਨ੍ਹਾਂ ਨੇ ਵਾਪਸ ਲਾਹੌਰ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ। ਫਿਰ ਭਾਰਤ ਦੀ ਵੰਡ ਤੋਂ ਬਾਅਦ ਉਹ ਆਪਣੇ ਖਾਨਦਾਨ ਸਮੇਤ ਦਿੱਲੀ ਆ ਵਸੇ। ਉਹ ਕੁਝ ਅਰਸਾ ਵਿਦੇਸ਼ੀ ਮਾਮਲਿਆਂ ਬਾਰੇ ਮਹਿਕਮੇ ਵਿਚ ਸਫ਼ਾਰਤੀ ਅਹੁਦਿਆਂ ਉੱਤੇ ਵੀ ਤਾਇਨਾਤ ਰਹੇ ਪਰ ਛੇਤੀ ਹੀ ਉਨ੍ਹਾਂ ਨੇ ਸਰਕਾਰੀ ਨੌਕਰੀ ਛੱਡ ਦਿੱਤੀ। ਉਨ੍ਹਾਂ ਨੇ ਦੇਸ਼ ਦੀ ਗੰਦੀ ਰਾਜਨੀਤੀ, ਰੂੜੀਵਾਦੀ ਸੋਚ, ਅੰਧਵਿਸ਼ਵਾਸ ਅਤੇ ਦੇਸ਼ ਦੀਆਂ ਸਮਾਜਿਕ ਕੁਰੀਤੀਆਂ ਬਾਰੇ ਖੁੱਲ੍ਹ ਕੇ ਲਿਖਿਆ ਅਤੇ ਜ਼ਿੰਦਗੀ ਦੇ ਰੋਮਾਂਟਿਕ ਹਿੱਸੇ ਨੂੰ ਵੀ ਬਾਖ਼ੂਬੀ ਲਿਖਿਆ। ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਦੀ ਉਦਾਹਰਨ ਖੁਸ਼ਵੰਤ ਸਿੰਘ ਦੇ ਜੀਵਨ ਤੋਂ ਮਿਲਦੀ ਹੈ ਜਿਨ੍ਹਾਂ ਨੂੰ ਅਮੀਰੀ ਵਿਰਸੇ ਵਿੱਚੋਂ ਮਿਲੀ ਅਤੇ ਵੱਡੇ-ਵੱਡੇ ਅਹੁਦਿਆਂ ਨੂੰ ਛੱਡ ਕੇ ਲੇਖਣੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਅਤੇ ਸ਼ੌਕ ਬਣਾ ਲਿਆ। ਖ਼ੁਸ਼ਵੰਤ ਸਿੰਘ ਨੇ ਜ਼ਿੰਦਗੀ ਨੂੰ ਰੱਜ ਕੇ ਜੀਵਿਆ।
ਜਿਸ ਉਮਰ ਵਿਚ ਲੋਕ ਸੰਨਿਆਸ ਲੈ ਲੈਂਦੇ ਹਨ, ਉਸ ਵੇਲੇ ਉਨ੍ਹਾਂ ਨੇ ਖ਼ੂਬ ਮੌਜ-ਮਸਤੀ ਅਤੇ ਇਸ ਤੋਂ ਵੀ ਵੱਧ ਬੇਹੱਦ ਮਿਹਨਤ ਕੀਤੀ। ਉਹ ਖਾਣ-ਪੀਣ ਵੇਲੇ ਸਿਹਤ ਦਾ ਪੂਰਾ ਧਿਆਨ ਰੱਖਦੇ ਸਨ। ਉਨ੍ਹਾਂ ਦੀ ਜੀਵਨ-ਸ਼ੈਲੀ ਵਿਚ ਦੀਰਘ-ਉਮਰ ਦਾ ਰਾਜ਼ ਛੁਪਿਆ ਹੋਇਆ ਸੀ। ਮੌਤ ਨੂੰ ਟਿੱਚਰਾਂ ਕਰਨ ਵਾਲਾ ਖੁਸ਼ਵੰਤ ਸਿੰਘ ਜੀਵਨ ਦੇ ਹਰ ਖ਼ੂਬਸੂਰਤ ਛਿਣ ਨੂੰ ਆਖ਼ਰੀ ਸਾਹਾਂ ਤੱਕ ਮਾਣਦਾ ਰਿਹਾ। ਉਹ ਮਿਰਜ਼ਾ ਗਾਲਿਬ ਅਤੇ ਹੋਰ ਉਰਦੂ ਸ਼ਾਇਰਾਂ ਦੇ ਦੀਵਾਨੇ ਸਨ। ਉਨ੍ਹਾਂ ਨੇ ਆਪਣੇ ਕਾਲਮਾਂ ਵਿਚ ਉਰਦੂ ਸ਼ਾਇਰੀ ਨੂੰ ਖ਼ਾਸੀ ਜਗ੍ਹਾ ਦਿੱਤੀ। ਖੁਸ਼ਵੰਤ ਸਿੰਘ ਦੀ ਸਵੈ-ਜੀਵਨੀ ਦਾ ਨਾਂ ‘ਮੌਜ-ਮੇਲਾ’ ਸੀ। ਲੇਖਕ ਬਣਨ ਦੀ ਪ੍ਰਕਿਰਿਆ ਸਹਿਜਤਾ ’ਚੋਂ ਨਿਕਲਦੀ ਹੈ। ਉਹ ਔਖੇ ਸ਼ਬਦ ਵਰਤ ਕੇ ਲੇਖਣੀ ਨੂੰ ਬੋਝਲ ਕਰਨ ਦੇ ਸਖ਼ਤ ਖ਼ਿਲਾਫ਼ ਸਨ। ਉਹ ਨਹੀਂ ਸਨ ਚਾਹੁੰਦੇ ਕਿ ਕੋਈ ਵੀ ਲੇਖਕ ਔਖਾ ਹੋ ਕੇ ਲਿਖੇ ਜਿਸ ਨੂੰ ਪੜ੍ਹਨ ਲੱਗਿਆਂ ਪਾਠਕ ਨੂੰ ਕੋਈ ਔਖ ਹੋਵੇ। ਆਬਾਦੀ ਵਿਸਫੋਟ ਬਾਰੇ ਉਹ ਬੇਹੱਦ ਗੰਭੀਰ ਸਨ। ਖੁਸ਼ਵੰਤ ਸਿੰਘ ਦੇ ਆਪਣੀ ਨਿੱਜੀ ਜ਼ਿੰਦਗੀ ਦੇ ਵੀ ਕੁਝ ਪੱਕੇ ਅਸੂਲ ਸਨ। ਉਨ੍ਹਾਂ ਦਾ ਆਪਣੀ ਜ਼ਿੰਦਗੀ ਨੂੰ ਇਕ ਮੌਜ ਮੇਲੇ ਦੀ ਤਰ੍ਹਾਂ ਜਿਊਣਾ ਵੀ ਸ਼ਾਇਦ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਸੀ। ਉਨ੍ਹਾਂ ਦੀ ਕਲਮ ਉਨ੍ਹਾਂ ਦੇ ਆਖ਼ਰੀ ਸਾਹ ਤੱਕ ਚੱਲਦੀ ਰਹੀ। ਉਹ 20 ਮਾਰਚ 2014 ਨੂੰ 99 ਸਾਲ ਦੀ ਉਮਰ ’ਚ ਪਰਲੋਕ ਸਿਧਾਰ ਗਏ।-ਕੁਲਦੀਪ ਸਿੰਘ ਸਾਹਿਲ।