ਲੋਕ ਸਭਾ ਚੋਣਾਂ ਵਿਚ ਦੱਖਣ ਵਿਚ ਆਪਣੇ ਪੈਰ ਜਮਾਉਣ ਦੇ ਮਨਸ਼ੇ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਾਮਿਲ ਨਾਡੂ ਵਿਚ ਪੱਤਾਲੀ ਮੱਕਲ ਕਾਚੀ (ਪੀਐੱਮਕੇ) ਨਾਲ ਸੀਟਾਂ ਦੀ ਵੰਡ ਕਰ ਲਈ ਹੈ। ਪਿਛਲੇ ਸਾਲ ਅੰਨਾਡੀਐੱਮਕੇ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਹੁਣ ਇਸ ਨੇ ਇਹ ਚੋਣ ਸਮਝੌਤਾ ਕਰ ਕੇ ਉਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੀਐੱਮਕੇ ਵਾਨਿਆਰ ਸਮੂਹ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਸ ਤੋਂ ਪਹਿਲਾਂ 2021 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਇਹ ਅੰਨਾਡੀਐੱਮਕੇ ਦੀ ਅਗਵਾਈ ਵਾਲੇ ਗੱਠਜੋੜ ਦਾ ਹਿੱਸਾ ਸੀ। ਵਿਧਾਨ ਸਭਾ ਚੋਣਾਂ ਵਿਚ ਪੀਐੱਮਕੇ ਨੇ ਪੰਜ ਸੀਟਾਂ ਜਿੱਤੀਆਂ ਸਨ ਅਤੇ ਚਾਰ ਫ਼ੀਸਦ ਵੋਟਾਂ ਹਾਸਿਲ ਕੀਤੀਆਂ ਸਨ। 2019 ਦੀਆਂ ਚੋਣਾਂ ਵਿਚ ਤਾਮਿਲ ਨਾਡੂ ਵਿਚ ਦ੍ਰਾਵਿੜ ਮੁਨੇਤਰ ਕੜਗਮ (ਡੀਐੱਮਕੇ) ਦੀ ਅਗਵਾਈ ਵਾਲੇ ਧਰਮਨਿਰਪੱਖ ਅਗਾਂਹਵਧੂ ਗੱਠਜੋੜ (ਐੱਸਪੀਏ) ਨੇ 39 ਵਿੱਚੋਂ 38 ਸੀਟਾਂ ਜਿੱਤੀਆਂ ਸਨ। ਕਾਂਗਰਸ ਅਤੇ ਖੱਬੀਆਂ ਪਾਰਟੀਆਂ ਵੀ ਇਸ ਗੱਠਜੋੜ ਦਾ ਹਿੱਸਾ ਹਨ ਜੋ ਹੁਣ ‘ਇੰਡੀਆ’ ਗੱਠਜੋੜ ਦੇ ਬੈਨਰ ਹੇਠ ਚੋਣਾਂ ਲੜ ਰਹੀਆਂ ਹਨ। ਭਾਜਪਾ-ਪੀਐੱਮਕੇ ਗੱਠਜੋੜ ਲਈ ਇਹ ਚੁਣੌਤੀ ਹੋਵੇਗੀ ਕਿ ਡੀਐੱਮਕੇ ਦੀ ਅਗਵਾਈ ਵਾਲੇ ਗੱਠਜੋੜ ਦੇ ਦਬਦਬੇ ਨੂੰ ਕਿਸ ਹੱਦ ਤਕ ਸੱਟ ਮਾਰਨ ’ਚ ਕਾਮਯਾਬ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਤਾਮਿਲ ਨਾਡੂ ਅਤੇ ਕੇਰਲਾ ਦੇ ਕਈ ਦੌਰੇ ਕੀਤੇ ਹਨ ਜਿਸ ਤੋਂ ਇਸ ਵਿਚ ਕੋਈ ਸ਼ੱਕ ਸ਼ੁਬਹਾ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਦੱਖਣ ਦੇ ਸੂਬਿਆਂ ਵਿਚ ਲੋਕ ਸਭਾ ਦੀਆਂ ਚੋਣਾਂ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਉੱਥੇ ਜਿ਼ਆਦਾ ਸੀਟਾਂ ਜਿੱਤ ਕੇ ਆਪਣੀ ਹੈਸੀਅਤ ਵਧਾਉਣਾ ਚਾਹੁੰਦੀ ਹੈ।
ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪਲੱਕੜ (ਕੇਰਲਾ) ਵਿਚ ਰੋਡ ਸ਼ੋਅ ਕੀਤਾ ਅਤੇ ਸੇਲਮ (ਤਾਮਿਲ ਨਾਡੂ) ਵਿਚ ਰੈਲੀ ਕੀਤੀ। ਭਾਜਪਾ ਇਸ ਕੌੜੇ ਤੱਥ ਤੋਂ ਭਲੀਭਾਂਤ ਵਾਕਿਫ਼ ਹੈ ਕਿ ਅੱਜ ਦੀ ਤਰੀਕ ਵਿਚ ਇਹ ਦੱਖਣ ਦੇ ਕਿਸੇ ਵੀ ਸੂਬੇ ਦੀ ਸੱਤਾ ਵਿਚ ਨਹੀਂ ਹੈ। ਭਾਸ਼ਾ ਵੱਲ ਪਹੁੰਚ ਅਤੇ ਕਈ ਹੋਰ ਮਸਲਿਆਂ ਕਰ ਕੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਨ੍ਹਾਂ ਸੂਬਿਆਂ ਅੰਦਰ ਸੀਮਤ ਹੀ ਰਹੀ ਹੈ। ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰਨ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਇਸ ਖਿੱਤੇ ਵਿਚ ਆਪਣੇ ਪੈਰ ਜਮਾਉਣ ਵਿੱਚ ਅਸਫਲ ਹੀ ਰਹੀ ਹੈ। ਪਾਰਟੀ ਦੀ ਧਰੁਵੀਕਰਨ ਦੀ ਸਿਆਸਤ ਵੀ ਇਹਦੇ ਲਈ ਲਾਹੇਵੰਦ ਸਾਬਤ ਨਹੀਂ ਹੋ ਸਕੀ ਹੈ। ਦੇਸ਼ ਦੇ ਦੂਜੇ ਖੇਤਰਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤ ਪਕੜ ਹੈ, ਇਸ ਲਈ ਹੁਣ ਇਹ ਦੱਖਣ ਵਿਚ ਕਾਂਗਰਸ ਅਤੇ ਖੇਤਰੀ ਪਾਰਟੀਆਂ ਦੇ ਪੈਰ ਉਖਾੜਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਹੋਰਨੀਂ ਥਾਈਂ ਵੀ ਚੁਣਾਵੀ ਗੱਠਜੋੜ ਜਾਂ ਸੀਟਾਂ ਦਾ ਲੈਣ ਦੇਣ ਕਰਨ ਦੇ ਵਿਚਾਰ ਤੋਂ ਇਨਕਾਰੀ ਨਹੀਂ ਹੈ। ਸੋਮਵਾਰ ਨੂੰ ਇਸ ਨੇ ਬਿਹਾਰ ਵਿਚ ਜਨਤਾ ਦਲ (ਯੂ) ਅਤੇ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨਾਲ ਸੀਟਾਂ ਦੀ ਵੰਡ ਦਾ ਸਮਝੌਤਾ ਕਰ ਲਿਆ ਸੀ। ਇਹ ਕਿਆਸ ਵੀ ਲਾਏ ਜਾ ਰਹੇ ਹਨ ਕਿ ਮਹਾਰਾਸ਼ਟਰ ਵਿਚ ਰਾਜ ਠਾਕਰੇ ਦੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਵੀ ਐੱਨਡੀਏ ਵਿਚ ਸ਼ਾਮਿਲ ਹੋ ਸਕਦੀ ਹੈ। ਜਾਪਦਾ ਹੈ ਕਿ ਭਾਰਤੀ ਜਨਤਾ ਪਾਰਟੀ 400 ਸੀਟਾਂ ਜਿੱਤਣ ਦੇ ਆਪਣੇ ਟੀਚੇ ਨੂੰ ਹਾਸਿਲ ਕਰਨ ਲਈ ਕਿਸੇ ਵੀ ਪਾਰਟੀ ਨਾਲ ਹੱਥ ਮਿਲਾਉਣ ਲਈ ਤਿਆਰ ਹੈ।