ਲੱਦਾਖ ਨੂੰ ਸੰਵਿਧਾਨ ਦੇ ਛੇਵੇਂ ਸ਼ਡਿਊਲ ਤਹਿਤ ਵਿਸ਼ੇਸ਼ ਰੁਤਬਾ ਤੇ ਰਾਜ ਦਾ ਦਰਜਾ ਦਿਵਾਉਣ ਲਈ ਲੇਹ ਵਿਚ ਕਈ ਦਿਨਾਂ ਤੋਂ ਮਰਨ ਵਰਤ ’ਤੇ ਚੱਲ ਰਹੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਭਾਰਤ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਸਿਰਫ ਬੰਦੂਕ ਦੀ ਭਾਸ਼ਾ ਸਮਝਦੀ ਹੈ? ਵਾਂਗਚੁਕ ਨੇ ਇਹ ਸਵਾਲ ਕਰਨ ਤੋਂ ਕੁਝ ਦਿਨ ਪਹਿਲਾਂ ਇਹ ਵੀ ਕਿਹਾ ਸੀ ਕਿ ਲੱਦਾਖ ਨਾਲ ਲੱਗਦੀਆਂ ਚੀਨ ਤੇ ਪਾਕਿਸਤਾਨ ਦੀਆਂ ਸਰਹੱਦਾਂ ’ਤੇ ਤਾਇਨਾਤ ਫੌਜੀਆਂ ਦਾ ਮਨੋਬਲ ਡਿੱਗਿਆ ਹੋਇਆ ਹੈ। ਸਿੱਖ ਫੌਜੀ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਜਾ ਰਹੇ ਸਲੂਕ ਤੋਂ ਪ੍ਰੇਸ਼ਾਨ ਹਨ, ਲੱਦਾਖੀ ਫੌਜੀ ਜੰਮੂ-ਕਸ਼ਮੀਰ ਨੂੰ ਤੋੜ ਕੇ ਲੱਦਾਖ ਨੂੰ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਵੇਲੇ ਕੀਤੇ ਵਾਅਦੇ ਪੂਰੇ ਨਾ ਕਰਨ ਤੋਂ ਪ੍ਰੇਸ਼ਾਨ ਹਨ ਅਤੇ ਅਗਨੀਵੀਰ ਸਕੀਮ ਕਰਕੇ ਗੋਰਖੇ ਭਾਰਤੀ ਫੌਜ ਵਿਚ ਸ਼ਾਮਲ ਹੋਣ ਦੀ ਥਾਂ ਚੀਨੀ ਫੌਜ ਵਿਚ ਸ਼ਾਮਲ ਹੋ ਰਹੇ ਹਨ। ਵਾਂਗਚੁਕ ਨੇ ਤਾਜ਼ਾ ਵੀਡੀਓ ਵਿਚ ਪੁੱਛਿਆ ਹੈ ਕਿ ਕੀ ਭਾਰਤ ਵਿਚ ਹੁਣ ਅਮਨਪੂਰਵਕ ਅੰਦੋਲਨ ਨਾਲ ਕੁਝ ਨਹੀਂ ਮੰਨਵਾਇਆ ਜਾ ਸਕਦਾ? ਉਨ੍ਹਾ ਕਿਹਾਮੈਂ ਉੱਤਰ-ਪੂਰਬ ਵਿਚ ਇਹ ਜਾਨਣ ਲਈ ਗਿਆ ਸੀ ਕਿ ਉੱਥੋਂ ਦੇ ਲੋਕਾਂ ਨੂੰ ਆਪਣੇ ਸੱਭਿਆਚਾਰ ਤੇ ਰਹਿਣ-ਸਹਿਣ ਨੂੰ ਬਚਾਉਣ ਲਈ ਕਿਸ ਤਰ੍ਹਾਂ ਦੀ ਸੁਰੱਖਿਆ ਮਿਲੀ ਹੋਈ ਹੈ।
ਗੱਲਬਾਤ ਦੌਰਾਨ ਇਕ ਐਡਵੋਕੇਟ ਨੇ ਮੈਨੂੰ ਪੁੱਛਿਆ ਕਿ ਭਾਰਤ ਵਿਚ ਕਿੰਨੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ। ਮੈਂ ਕਿਹਾ 22। ਇਸ ’ਤੇ ਉਸ ਨੇ ਕਿਹਾ ਕਿ 22 ਨਹੀਂ 23 ਤੇ ਤੇਈਵੀਂ ਹੈ ਬੰਦੂਕ ਦੀ ਭਾਸ਼ਾ, ਭਾਰਤ ਸਰਕਾਰ ਇਹੀ ਭਾਸ਼ਾ ਸਮਝਦੀ ਹੈ। ਉੱਤਰ-ਪੂਰਬ ਵਿਚ ਜਿੰਨੇ ਵੀ ਅਮਨ ਸਮਝੌਤੇ ਹੋਏ ਹਨ, ਉਹ ਹਥਿਆਰਬੰਦ ਸੰਘਰਸ਼ਾਂ ਤੋਂ ਬਾਅਦ ਹੀ ਹੋਏ। ਚਾਹੇ ਇਹ ਮਿਜ਼ੋ ਨਾਗਿਆਂ ਨਾਲ ਸੀ ਤੇ ਚਾਹੇ ਤਿ੍ਰਪੁਰਾ ਤੇ ਬੋਡੋ ਸਮਝੌਤਾ। ਮੈਨੂੰ ਇਹ ਜਾਣ ਕੇ ਬੜਾ ਦੁੱਖ ਲੱਗਾ। ਲੱਦਾਖ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਭਾਰਤ ਵਿਚ 23 ਨਹੀਂ 24 ਭਾਸ਼ਾਵਾਂ ਹਨ। ਚੌਵੀਵੀਂ ਹੈ ਅਮਨ ਦੀ ਭਾਸ਼ਾ, ਜਿਸ ਵਿਚ ਅਸੀਂ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਖੁਦ ਨੂੰ ਨੁਕਸਾਨ ਪਹੁੰਚਾਉਦੇ ਹਾਂ। ਸਰਕਾਰ ਨੂੰ ਅਮਨ ਦੀ ਇਸ ਭਾਸ਼ਾ ਨੂੰ ਸਮਝਣਾ ਚਾਹੀਦਾ ਹੈ। ਲੱਦਾਖ ਦੇ ਅੰਦੋਲਨਕਾਰੀਆਂ ਦੀ ਕੇਂਦਰ ਸਰਕਾਰ ਨਾਲ ਕਈ ਵਾਰ ਗੱਲਬਾਤ ਹੋਈ ਹੈ, ਪਰ ਉਸ ਨੇ ਕੋਈ ਪੱਲਾ ਨਹੀਂ ਫੜਾਇਆ। ਲੱਦਾਖ ਦੇ ਕਈ ਪਿੰਡਾਂ ਦੇ ਕਰੀਬ 125 ਲੋਕ ਪਿਛਲੇ ਦਿਨੀਂ ਵਾਂਗਚੁਕ ਨਾਲ ਮਨਫੀ 15 ਡਿਗਰੀ ਤਾਪਮਾਨ ਵਿਚ ਭੁੱਖ ਹੜਤਾਲ ’ਤੇ ਬੈਠੇ। ਇਸ ਤੋਂ ਪਹਿਲਾਂ ਕਿ ਲੱਦਾਖ ਦੇ ਲੋਕਾਂ ਦਾ ਪੁਰਅਮਨ ਸੰਘਰਸ਼ ਤੋਂ ਭਰੋਸਾ ਉਠ ਜਾਵੇ, ਕੇਂਦਰ ਸਰਕਾਰ ਨੂੰ ਛੇਤੀ ਤੋਂ ਛੇਤੀ ਇਸ ਸਰਹੱਦੀ ਖਿੱਤੇ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਖਿੱਤੇ ਵਿਚ ਲੋਕ ਆਜ਼ਾਦੀ ਮਹਿਸੂਸ ਕਰ ਰਹੇ ਹਨ, ਪਰ ਵਾਂਗਚੁਕ ਦਾ ਅੰਦੋਲਨ ਦੱਸਦਾ ਹੈ ਕਿ ਲੱਦਾਖ ਦੇ ਲੋਕ ਕਿੰਨੇ ਪ੍ਰੇਸ਼ਾਨ ਹਨ।