ਔਖੇ ਰਾਹਾਂ ਦੀ ਪਹਿਚਾਣ ਹੈ ਕਮਲ ਬੰਗਾ ਦੀ ਕਿਤਾਬ- ਸ਼ਬਦਾਂ ਦੀ ਫ਼ਕੀਰੀ / ਗੁਰਮੀਤ ਸਿੰਘ ਪਲਾਹੀ

 

ਪੁਸਤਕ ਸਮੀਖਿਆ

ਪੁਸਤਕ ਦਾ ਨਾਮ:               ਸ਼ਬਦਾਂ ਦੀ ਫ਼ਕੀਰੀ

ਲੇਖਕ ਦਾ ਨਾਮ:                 ਕਮਲ ਬੰਗਾ ਸੈਕਰਾਮੈਂਟੋ

ਪ੍ਰਕਾਸ਼ਕ:                        ਪੰਜਾਬੀ ਵਿਰਸਾ ਟਰੱਸਟ(ਰਜਿ:)

ਕੀਮਤ:                          10 ਡਾਲਰ/ 300ਰੁਪਏ

ਪੰਨੇ:                             280

ਸ਼ਬਦਾਂ ਦੀ ਫ਼ਕੀਰੀ ‘ਕਮਲ ਬੰਗਾ’ ਦੀ ਪੰਦਰ੍ਹਵੀਂ ਕਿਤਾਬ ਹੈ। ਇਹ ਕਿਤਾਬ ਉਸਦੇ ਆਪਣੇ ਕਥਨ “ਲਿਖਣਾਂ ਵੀ ਤਾਂ ਇੱਕ ਵੱਡੀ ਕਿਰਤ ਕਲਾ ਹੈ” ਦੀ ਤਰਜ਼ਮਾਨੀ ਕਰਦੀ ਹੈ। ਲੇਖਕ ਨੇ ਇਸ ਕਿਤਾਬ ਵਿੱਚ ਨਵੀਆਂ ਸੋਚਾਂ, ਲੋਕਾਂ ਦਾ ਦੁੱਖ-ਦਰਦ, ਖੁਸ਼ੀ-ਗ਼ਮੀ ਅਤੇ ਸਿਆਸੀ ਮਾਹੌਲ ਦਾ ਸਮਾਜਿਕ ਤਾਣਾ-ਬਾਣਾ ਸਮਝਦਿਆਂ ਕਵਿਤਾਵਾਂ ਵਿਸ਼ੇਸ਼ ਕਰਕੇ ਗ਼ਜ਼ਲਾਂ ਨੂੰ ਸ਼ਾਮਲ ਕੀਤਾ ਹੈ। ਕਿਉਂਕਿ ਕਮਲ ਬੰਗਾ ਲੋਕਾਂ ਦਾ ਕਵੀ ਹੈ, ਉਸਨੂੰ ਜ਼ਮਾਨੇ ਦੇ ਭਲੇ-ਬੁਰੇ ਦੀ ਪਛਾਣ ਹੈ। ਇਸ ਕਰਕੇ ਕਮਲ ਬੰਗਾ ਸਮਾਜਕ ਚੇਤਨਾ ਪ੍ਰਤੀ ਸੁਚੇਤ ਹੋ ਕੇ ਹੀ ਰਚਨਾ ਕਰਦਾ ਹੈ। ਉਸਦੇ ਅਨੁਭਵ ਅਤੇ ਚੇਤਨਾ ਦਾ ਕਰਮ ਖੇਤਰ ਸਿਰਫ਼ ਉਸਦਾ ਆਪਾ ਨਹੀਂ, ਸਗੋਂ ਨਪੀੜਿਆ ਜਾ ਰਿਹਾ ਸਮੁੱਚਾ ਸਮਾਜ ਹੈ। ਚਿੱਬ ਖੜਿੱਬੇ ਰਾਹਾਂ ਦੀ ਪਹਿਚਾਣ ਹੈ ਉਸਦੀ ਕਵਿਤਾ। ਕਿਰਤੀ ਲੋਕਾਂ ਦੀ ਬਾਤ ਪਾਉਣ ਵਾਲੀ ਹੈ ਉਸਦੀ ਕਵਿਤਾ। ਜ਼ਿੰਦਗੀ ਦੇ ਅਰਥਾਂ ਦੀ ਭਾਲ ਕਰਦੀ ਹੈ ਉਸਦੀ ਕਵਿਤਾ। ਮਘਦੇ ਸੂਰਜ ਨੂੰ ਕੁੱਲੀਆਂ ਵੱਲ ਤੋਰਦੀ ਹੈ ਉਸਦੀ ਕਵਿਤਾ। ਪ੍ਰਾਪਤ ਯਥਾਰਥ ਦੀ ਕਰੂਰ ਆਲੋਚਨਾ ਕਰਦੀ ਹੈ ਉਸਦੀ ਕਵਿਤਾ। ਇੱਕ ਸਮਾਜ ਸ਼ਾਸ਼ਤਰੀ ਵਜੋਂ ਕਮਲ ਬੰਗਾ ਲੋਕ ਸਰੋਕਾਰਾਂ ਦੀ ਪਹਿਚਾਣ ਕਰਦਾ ਲੋਕ-ਹਿਤੈਸ਼ੀ ਲੇਖਕ ਵਜੋਂ ਸਮਾਜ ‘ਚ ਵਿਚਰਦਾ ਹੈ।

ਉਸਦੀ ਕਵਿਤਾ ਅੱਥਰੀ ਹਵਾ ਵਰਗੀ ਹੈ। ਚੁੱਪ ਦੇ ਸੁਲਘਦੇ ਬੋਲਾਂ ਵਰਗੀ ਹੈ। ਉਹਦੀ ਕਵਿਤਾ ਭ੍ਰਿਸ਼ਟਾਚਾਰ, ਦੁਰ-ਅਚਾਰ, ਰਾਜਨੀਤਕ ਮਕਾਰੀ, ਆਰਥਿਕ ਨਾ-ਬਰਾਬਰੀ, ਜਾਤੀ-ਪਾਤੀ ਪ੍ਰਥਾ, ਮਿਹਨਤ ਦੀ ਲੁੱਟ, ਅਨੈਤਿਕ ਜਿਨਸੀ ਰਿਸ਼ਤਿਆਂ, ਸਭਿਆਚਾਰਕ ਗਿਰਾਵਟ, ਅਣਮਨੁੱਖੀ ਵਿਵਹਾਰ ਨੂੰ ਨਿਸ਼ਾਨਾ ਬਣਾਉਂਦੀ ਹੈ। ਉਹ ਤ੍ਰਿਪ-ਪਿਆਸੇ, ਸਿੱਧੇ-ਵਿੰਗੇ, ਸਮਤਲ-ਚਿੱਬ ਖੜਿੱਬੇ, ਸੌਖੇ-ਔਖੇ ਰਾਹਾਂ ਦੀ ਪਹਿਚਾਣ ਕਰਦੀ ਹੈ। ਮੇਰੇ ਲਈ ਇਹ ਤਸੱਲੀ ਵਾਲੀ ਗੱਲ ਹੈ ਕਿ ਕਮਲ ਬੰਗਾ ਦੀ ਲੇਖਣੀ ਸਮਾਜ ਦਾ ਮਾਰਗ ਦਰਸ਼ਨ ਕਰਦੀ ਹੈ।

ਬੇਬੱਸ, ਗਰੀਬ, ਮਿਹਨਤੀ ਲੋਕਾਂ ਦੀ ਜ਼ੁਬਾਨ ਬਣਨਾ ਹੀ ਕਮਲ ਬੰਗਾ ਦਾ ਲਕਸ਼ ਹੈ। ਪਿਆਰ ਦੀ ਭੁੱਖ, ਪੇਟ ਦੀ ਭੁੱਖ, ਮੋਹ ਦੀ ਭੁੱਖ, ਦੁਲਾਰ ਦੀ ਭੁੱਖ, ਦਿਲ ਦੀ ਭੁੱਖ ਮਿਟਾਉਣ ਲਈ ਉਸ ਦੀ ਕਲਮ, ਕਲਪਦੀ, ਜੂਝਦੀ ਹੋਕਾ ਦਿੰਦੀ ਹੈ। ਉਹ ਜ਼ੁਲਮ, ਤਸ਼ੱਦਦ, ਚੀਕ-ਪੁਕਾਰ, ਭੁੱਖ, ਲੁੱਟ, ਭੋਗ, ਰੋਗ, ਜਹਾਲਤ, ਅਨਿਆਂ, ਧੌਂਸ, ਦਲਾਲੀ, ਰਿਸ਼ਵਤਖੋਰੀ, ਬਲਾਤਕਾਰ, ਲੁੱਚਾਪਨ ਆਦਿ ਪਸ਼ੂ ਜੀਵਨ ਮੁੱਲਾਂ ਦੀ ਸੜਾਂਦ ਦੀ ਸਥਿਤੀ ਨੂੰ ਆਪਣੀ ਕਲਮ ਨਾਲ ਚੀਰਾ ਦਿੰਦਾ ਹੈ। ਲੋਕਾਂ ਦੀ ਸੁੱਤੀ ਜ਼ਮੀਰ ਨੂੰ  ਜਗਾਉਣ ਲਈ  ਕਵੀ ਲੋਕ ਮਾਨਸਿਕਤਾ ਨੂੰ ਹਲੂਣਾ ਦਿੰਦਾ ਹੈ। ਕਵੀ ਅਨੁਸਾਰ ਲੋਕ ਮਾਨਸਿਕਤਾ ਵਿੱਚ ਬਦਲਾਅ ਕੇਵਲ ਭਾਵੁਕ-ਰੁਦਨ, ਹੌਕੇ  ਹਾਵੇ ਭਰਨ, ਕਰੁਣ ਭਰਪੂਰ ਪਾਠ ਤੱਕ ਸੀਮਤ ਹੋ ਕੇ ਨਹੀਂ ਰਹਿ ਸਕਦਾ। ਸਗੋਂ ਉਹ ਸਥਿਤੀ ਦੇ ਕਾਰਨਾਂ ਦੀ ਵਿਗਿਆਨਕ ਦਿਮਾਗ਼ੀ ਸਮਝ ਉੱਤੇ ਜ਼ੋਰ ਦਿੰਦਾ ਹੈ। ਕਵੀ ਸਮਝਦਾ ਹੈ ਕਿ ਇਹ ਬਦਲ ਕੇਵਲ ਕਾਲਪਨਿਕ ਚਿਹਨਕੀ ਉਸਾਰਾਂ ਨਾਲ ਨਹੀਂ ਹੋਵੇਗਾ ਸਗੋਂ ਇਹ ਬਦਲ-ਜੁਗਤ ਸਾਡੇ ਵਿਰਾਸਤੀ ਇਤਿਹਾਸ ਵਿਕਾਸ ਕਰਨ ਦੀ ਨਿਰੰਤਰ ਪਹਿਚਾਣ ਵਿਚੋਂ ਹੀ ਲੱਭਿਆ ਜਾ ਸਕਦਾ ਹੈ।

ਕਮਲ ਬੰਗਾ ਦੇ ਕੁਝ ਸ਼ੇਅਰ ਧਿਆਨ ਮੰਗਦੇ ਹਨ-

  1.  ਬੇਸ਼ਕ ਚਰਚ-ਮੰਦਰ-ਮਸਜਿਦ-ਗੁਰਦੁਆਰੇ ਨੇ,

ਅਕਸਰ ਗੱਲ ਕਰਦਾ ਹਾਂ, ਮਨ ਦੇ ਮੰਦਰ ਦੀ।

  1. ਜਿਵੇਂ ਇਨਸਾਨਾਂ ‘ਤੇ ਹੋ ਗਈ ਬੇਇਤਬਾਰੀ ਹੈ।

ਉਵੇਂ ਹੀ ਮੌਸਮਾਂ ‘ਤੇ ਹੋ ਗਈ ਬੇਇਤਬਾਰੀ ਹੈ।

  1. ਅੱਜਕੱਲ੍ਹ ਫੁੱਲ ਵੀ ਤਾਂ, ਲਗਦੇ ਕਾਗ਼ਜ਼ਾਂ ਦੇ,

ਕਿਉਂਕਿ ਭੰਵਰੇ, ਇਧਰ-ਉਧਰ ਹੀ ਭਟਕੀ ਜਾਂਦੇ ਨੇ।

     4. ਅੱਜ ਦਾ ਲੋਕ ਰਾਜ ਵੀ ਤਾਨ੍ਹੇਸ਼ਾਹ ਜਿਹਾ,

ਸੜਕਾਂ ਤੇ ਨਾਹਰੇ ਲਾ ਲਾ ਕੇ, ਲੀਡਰਾਂ ਨੂੰ ਰੋਕਦੇ ਨੇ।

-ਗੁਰਮੀਤ ਸਿੰਘ ਪਲਾਹੀ

-9815802070

 

ਸਾਂਝਾ ਕਰੋ

ਪੜ੍ਹੋ

ਆਰ ਬੀ ਐੱਸ ਕੇ ਟੀਮ ਬਚਿਆ ਦੇ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ...