ਜਾਨ ਤੋਂ ਪਿਆਰਾ

ਪੰਜਾਬੀ ਦੇ ਇੱਕ ਮਸ਼ਹੂਰ ਗਾਇਕ ਦੇ ਗਾਏ ਇੱਕ ਸੁਪਰਹਿੱਟ ਗੀਤ ਦੇ ਬੋਲ ਕੁਝ ਇਉਂ ਹਨ: ਜਾਨ ਤੋਂ ਪਿਆਰਿਆ ਵੇ ਮੁੱਖ ਮੋੜ ਕੇ, ਦੇਖੀਂ ਚਲਾ ਜਾਵੀਂ ਨਾ ਵੇ ਦਿਲ ਤੋੜ ਕੇ’। ਇਸ ਗੀਤ ਵਿਚਲਾ ‘ਜਾਨ ਤੋਂ ਪਿਆਰਾ’ ਕਿਸੇ ਆਸ਼ਿਕ ਦਾ ਦਿਲਫ਼ਰੇਬ ਮਹਬਿੂਬ ਸੀ ਜਿਸ ਦੇ ਜਾਣ ਨਾਲ ਵਿਚਾਰੇ ਆਸ਼ਿਕ ਦਾ ਦਿਲ ਟੁੱਟ ਜਾਣਾ ਸੀ। ਅੱਜ ਜਦੋਂ ਮੈਂ ਆਪਣੇ ਆਸੇ-ਪਾਸੇ ਝਾਤੀ ਮਾਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਹਰੇਕ ਛੋਟੇ-ਵੱਡੇ, ਅਮੀਰ-ਗ਼ਰੀਬ, ਬੱਚੇ-ਬੁੱਢੇ, ਈਮਾਨਦਾਰ-ਬੇਈਮਾਨ, ਕਿਸਾਨ, ਜਵਾਨ, ਭਲਵਾਨ ਅਤੇ ਆਮ ਇਨਸਾਨ ਲਈ ਜੇਕਰ ਕੋਈ ‘ਜਾਨ ਤੋਂ ਪਿਆਰਾ’ ਹੈ ਤਾਂ ਉਹ ਹੈ ਉਸ ਦਾ ‘ਮੋਬਾਈਲ ਫ਼ੋਨ’। ਅੱਜ ਮੋਬਾਈਲ ਫ਼ੋਨ ਅਤੇ ਇਨਸਾਨ ਦੇ ਦਰਮਿਆਨ ਦਾ ਰਿਸ਼ਤਾ ਨਹੁੰ-ਮਾਸ ਜਾਂ ਸਰੀਰ ਤੇ ਪ੍ਰਾਣ ਦੇ ਰਿਸ਼ਤੇ ਵਰਗਾ ਬਣ ਚੁੱਕਾ ਹੈ। ਇੱਕ ਦੂਜੇ ਤੋਂ ਬਿਨਾਂ ਇਨ੍ਹਾਂ ਦੋਵਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਵੇਰੇ ਉੱਠਣ ਤੋਂ ਲੈ ਕੇ ਦੇਰ ਰਾਤ ਸੌਣ ਤੱਕ ਜਾਂ ਸੁਬ੍ਹਾ ਟਾਇਲਟ ਜਾਣ ਤੋਂ ਲੈ ਕੇ ਰਾਤੀਂ ਨਾਈਟ ਸੂਟ ਪਾਉਣ ਤੱਕ ਅਜੋਕੇ ਮਨੁੱਖ ਦਾ ਜੇ ਕੋਈ ਸੱਚਾ ‘ਹਮਸਫ਼ਰ’ ਜਾਂ ‘ਦੁੱਖ-ਸੁੱਖ ਦਾ ਸਾਥੀ’ ਹੈ ਤਾਂ ਉਹ ਹੈ ਮੋਬਾਈਲ ਫ਼ੋਨ।

ਕੋਈ ਵੇਲਾ ਸੀ ਜਦੋਂ ਲੋਕ ਸੁਬ੍ਹਾ-ਸਵੇਰੇ ਉੱਠਦਿਆਂ ਸਾਰ ਹੀ ਪ੍ਰਭੂ ਦਾ ਨਾਮ ਧਿਆਉਂਦੇ ਸਨ ਤੇ ਆਪਣੇ ਦਿਨ ਦੀ ਚੰਗੀ ਸ਼ੁਰੂਆਤ ਕਰਦੇ ਸਨ। ਜਲਦੀ ਉੱਠਣ ਲਈ ਲੋਕ ਆਪਣੀਆਂ ਘੜੀਆਂ ਜਾਂ ਟਾਈਮ ਪੀਸਾਂ ’ਤੇ ਅਲਾਰਮ ਲਗਾ ਕੇ ਸੌਂਦੇ ਸਨ, ਪਰ ਇਹ ਚੰਦਰਾ ਮੋਬਾਈਲ ਕੀ ਆਇਆ ਕਿ ਇਸ ਨੇ ਆਉਂਦਿਆਂ ਹੀ ਗੁੱਟ-ਘੜੀਆਂ ਅਤੇ ਟਾਈਮ ਪੀਸ ਇੰਜ ਗ਼ਾਇਬ ਕਰ ਦਿੱਤੇ ਜਿੱਦਾਂ ਗਧੇ ਦੇ ਸਿਰ ਤੋਂ ਸਿੰਗ ਗ਼ਾਇਬ ਹੋ ਗਏ ਸਨ। ਅਜੋਕੇ ਜ਼ਮਾਨੇ ਦੇ ਲੋਕ ਹੁਣ ਸੁਬ੍ਹਾ-ਸਵੇਰੇ ਉੱਠ ਕੇ ਰੱਬ ਦਾ ਨਾਂ ਲਏ ਬਿਨਾ ਅਤੇ ਕੋਈ ਦਾਤਣ-ਕੁਰਲਾ ਕੀਤੇ ਬਿਨਾਂ ਹੀ ਆਪਣੀਆਂ ਅੱਧ-ਖੁੱਲ੍ਹੀਆਂ ਅੱਖਾਂ ਨਾਲ ਆਪਣੇ ਸਿਰਹਾਣੇ ਰੱਖੇ ਮੋਬਾਈਲ ਫ਼ੋਨ ਨੂੰ ਜਾ ਹੱਥ ਪਾਉਂਦੇ ਹਨ ਤੇ ਗੁੱਡ ਮੌਰਨਿੰਗ ਦੇ ਸੌ ਕੁ ਮੈਸੇਜ ਰਿਸੀਵ ਕਰਕੇ ਸੌ ਕੁ ਗੁੱਡ ਮੌਰਨਿੰਗਾਂ ਅੱਗੇ ਫਾਰਵਰਡ ਕਰ ਦਿੰਦੇ ਹਨ। ਕੁਝ ਵਿਦਵਾਨ ਮਹਾਂਪੁਰਖ ਤਾਂ ਗੁੱਡ ਮੌਰਨਿੰਗ ਦੇ ਨਾਲ ਨਾਲ ਕੋਈ ਗਿਆਨ ਭਰਪੂਰ ਸੰਦੇਸ਼ ਵੀ ਇਧਰੋਂ-ਉਧਰੋਂ ਫੜ ਕੇ ਅੱਗੇ ਭੇਜ ਦਿੰਦੇ ਹਨ ਤੇ ਆਪਣੇ ਮਹਾਂਗਿਆਨੀ ਜਾਂ ਮਹਾਂਵਿਦਵਾਨ ਹੋਣ ਦਾ ਪ੍ਰਤੱਖ ਪ੍ਰਮਾਣ ਸਵੇਰੇ-ਸਵੇਰੇ ਹੀ ਪੇਸ਼ ਕਰ ਦਿੰਦੇ ਹਨ। ਉਧਰ ਅਜਿਹੇ ਮੈਸੈਜ ਪ੍ਰਾਪਤ ਕਰਨ ਵਾਲਾ ਮੋਬਾਈਲ ਫ਼ੋਨ ਧਾਰਕ ਵੀ ਇੰਨਾ ਮਹਾਨ ਹੁੰਦਾ ਹੈ ਕਿ ਆਪਣੇ ਸੁਬ੍ਹਾ ਦੇ ਰੁਝੇਵਿਆਂ ਕਰਕੇ ਉਹ ਆਏ ਸ਼ਾਨਦਾਰ ਤੇ ਗਿਆਨਦਾਰ ਮੈਸੇਜ ਨੂੰ ਪੜ੍ਹ ਵੀ ਨਹੀਂ ਪਾਉਂਦਾ, ਪਰ ਭੇਜਣ ਵਾਲੇ ਨੂੰ ਖ਼ੁਸ਼ ਕਰਨ ਲਈ ਅੱਗੋਂ ‘ਥੱਮਜ਼ ਅੱਪ’ ਦਾ ਚਿੰਨ੍ਹ ਭੇਜ ਕੇ ਆਪਣਾ ਕੰਮ ਮੁਕਾ ਲੈਂਦਾ ਹੈ। ਜਿੰਨੀ ਕੁ ਚੰਗਿਆਈ ਮੋਬਾਈਲ ਫ਼ੋਨ ਦੇ ਮੈਸੇਜਾਂ ’ਤੇ ਸੁਬ੍ਹਾ-ਸਵੇਰੇ ਵੰਡੀ ਜਾਂਦੀ ਹੈ, ਜੇਕਰ ਉਸ ਦਾ ਚੌਥਾ ਹਿੱਸਾ ਵੀ ਸਭ ਲੋਕ ਕਿਧਰੇ ਆਪਣੇ ਜੀਵਨ ਵਿੱਚ ਧਾਰਨ ਕਰ ਲੈਣ ਤਾਂ ਇਹ ਦੁਨੀਆਂ ਚੰਦ ਦਿਨਾਂ ’ਚ ਹੀ ‘ਸਵਰਗ’ ਬਣ ਜਾਵੇ ਤੇ ਦੁਨੀਆਂ ਵਾਸੀ ਹੋ ਜਾਣ ਸਵਰਗਵਾਸੀ।

ਜਨਾਬੇ-ਆਲ੍ਹਾ ਮੋਬਾਈਲ ਫ਼ੋਨ ਸਾਹਿਬ ਤਾਂ ਹੁਣ ਹਰ ਕਿਸੇ ਦੀ ਦਿਲ ਦੀ ਧੜਕਣ ਬਣ ਚੁੱਕੇ ਹਨ। ਉਹ ਵੀ ਵੇਲਾ ਹੁੰਦਾ ਸੀ ਜਦੋਂ ਕੋਈ ਬੰਦਾ ਤੁਰਦਿਆਂ-ਤੁਰਦਿਆਂ ਜਾਂ ਕਿਸੇ ਦੋ ਪਹੀਆ ਵਾਹਨ ’ਤੇ ਜਾਂਦਿਆਂ ਕਿਸੇ ਕਾਰਨ ਅਚਾਨਕ ਡਿੱਗ ਪੈਂਦਾ ਸੀ ਤਾਂ ਤੁਰੰਤ ਉੱਠ ਕੇ ਚੈੱਕ ਕਰਦਾ ਸੀ ਕਿ ਕਿਧਰੇ ਕੋਈ ਹੱਡੀ ਵਗ਼ੈਰਾ ਤਾਂ ਨਹੀਂ ਟੁੱਟੀ ਜਾਂ ਕਿਧਰੇ ਕੋਈ ਖ਼ੂਨ ਤਾਂ ਨਹੀਂ ਵਗਿਆ ਪਰ ਹੁਣ… ਹੁਣ ਤਾਂ ਜੀ ਬੰਦਾ ਸਭ ਤੋਂ ਪਹਿਲਾਂ ਇਹ ਵੇਖਦਾ ਹੈ ਕਿ ਉਸ ਦਾ ਮੋਬਾਈਲ ਫ਼ੋਨ ਸਹੀ-ਸਲਾਮਤ ਹੈ ਕਿ ਨਹੀਂ। ਹੁਣ ਤਾਂ ਜੀ ਕਿਧਰੇ ਚੱਲਦਿਆਂ-ਚੱਲਦਿਆਂ ਹੱਥੋਂ ਖਿਸਕ ਕੇ ਮੋਬਾਈਲ ਫ਼ੋਨ ਹੇਠਾਂ ਡਿੱਗ ਪਵੇ ਤਾਂ ਮੋਬਾਈਲ ਫ਼ੋਨ ਨੂੰ ਭਾਵੇਂ ਕੁਝ ਹੋਵੇ ਜਾਂ ਨਾ ਹੋਵੇ, ਪਰ ਮੋਬਾਈਲ ਫ਼ੋਨ ਮਾਲਕ ਦਾ ਦਿਲ, ਗੁਰਦਾ, ਫੇਫੜਾ ਆਦਿ ਸਭ ਮੂੰਹ ’ਚ ਆ ਜਾਂਦੇ ਹਨ। ਦੁਨੀਆਂ ਦਾ ਸਭ ਤੋਂ ਵੱਡਾ ਕਹਿਰ ਆਪਣੇ ਸਿਰ ’ਤੇ ਟੁੱਟਿਆ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਕਿਸੇ ਪ੍ਰੇਮੀ ਜਾਂ ਪ੍ਰੇਮਿਕਾ ਦਾ ਮੋਬਾਈਲ ਉਸ ਦੇ ਮਾਪਿਆਂ ਜਾਂ ਅਧਿਆਪਕਾਂ ਦੇ ਹੱਥ ਆ ਜਾਂਦਾ ਹੈ। ਉਸ ਕੁਲਹਿਣੀ ਘੜੀ ’ਚ ਤਾਂ ਪ੍ਰੇਮੀਜਨਾਂ ਨੂੰ ਧਰਤੀ ਡਿੱਕੇ-ਡੋਲੇ ਖਾਂਦੀ ਜਾਪਦੀ ਹੈ ਤੇ ਚਿੱਤ ਘਊਂ-ਮਊਂ ਕਰਦਾ ਮਹਿਸੂਸ ਹੁੰਦਾ ਹੈ। ਮੋਬਾਈਲ ਫ਼ੋਨ ਫੜ੍ਹੇ ਜਾਣ ਤੋਂ ਬਾਅਦ ਕਈ ਪ੍ਰੇਮੀਆਂ ਨੂੰ ਤਾਂ ਤਸੱਲੀਬਖ਼ਸ਼ ਤੌਣੀ ਲੱਗਦੀ ਹੈ, ਪਰ ਪੰਜਾਬੀ ’ਚ ਕਿਸੇ ‘ਪਹੁੰਚੇ ਹੋਏ ਗੀਤਕਾਰ’ ਦੇ ਬੋਲ ਨੇ ‘‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ’’। ਬਸ ਫਿਰ ਇਸ ਵਿਦਵਤਾਪੂਰਨ ਵਾਕ ਦਾ ਓਟ ਆਸਰਾ ਲੈ ਕੇ ਚੰਦ ਦਿਨਾਂ ਬਾਅਦ ਹੀ ਅੱਜ ਦੇ ਰਾਂਝੇ ਆਪਣੀ ਹੀਰ ਨੂੰ ਚੋਰੀ ਨਾਲ ਇੱਕ ਹੋਰ ਮੋਬਾਈਲ ਫ਼ੋਨ ਗਿਫ਼ਟ ਕਰ ਦਿੰਦੇ ਹਨ ਤੇ ਇਸ ਤਰ੍ਹਾਂ ਉਨ੍ਹਾਂ ਪਿਆਰ ਭਰੀਆਂ ਆਵਾਜ਼ੀ ਮੁਲਾਕਾਤਾਂ ਅਤੇ ਵੀਡੀਓ ਕਾਲਾਂ ਦਾ ਸਿਲਸਿਲਾ ਮੁੜ ਸ਼ੁਰੂ ਹੋ ਜਾਂਦਾ ਹੈ।

ਕਰੋੜਾਂ ਹੀ ਨਹੀਂ ਸਗੋਂ ਅਰਬਾਂ ਰੂਹਾਂ ਦਾ ਚਹੇਤਾ ਬਣ ਚੁੱਕਿਆ ਇਹ ਮੋਬਾਈਲ ਫ਼ੋਨ ਅੱਜ ਹਰ ਘਰ, ਦੁਕਾਨ ਅਤੇ ਇਨਸਾਨ ਦੀ ਸ਼ਾਨ ਹੈ। ਅਜੋਕੇ ਸਕੂਲੀ ਬੱਚੇ ਸਕੂਲੋਂ ਆਉਂਦਿਆਂ ਹੀ ਬਸਤਾ ਸੁੱਟ ਕੇ ਸਭ ਤੋਂ ਪਹਿਲਾਂ ਮੋਬਾਈਲ ਫ਼ੋਨ ਨੂੰ ਆ ਚੰਬੜਦੇ ਹਨ। ਵਿਆਹੀਆਂ ਧੀਆਂ ਦੀਆਂ ਮਾਵਾਂ ਆਪਣੀਆਂ ਲਾਡਲੀਆਂ ਨਾਲ ਹਰ ਰੋਜ਼ ਮੋਬਾਈਲ ’ਤੇ ਗੱਲਬਾਤ ਕਰ ਕੇ ਉਨ੍ਹਾਂ ਦੇ ਸਹੁਰੇ ਘਰ ਦੇ ‘ਤਾਜ਼ਾ ਅਪਡੇਟ’ ਲੈਂਦੀਆਂ ਹਨ ਤੇ ਲੋੜ ਪੈਣ ’ਤੇ ਇਹ ਸਲਾਹ ਵੀ ਦੇ ਦਿੰਦੀਆਂ ਨੇ – ‘‘ਤੂੰ ਡਰੀਂ ਨਾ ਧੀਏ ਕਿਸੇ ਤੋਂ… ਠੋਕ ਕੇ ਜਵਾਬ ਦਿਆ ਕਰ ਆਪਣੀ ਸੱਸ ਤੇ ਨਣਦ ਨੂੰ’’। ਬੜੀ ਹੈਰਾਨੀ ਹੁੰਦੀ ਹੈ ਜਦੋਂ ਅਜਿਹੀਆਂ ਮਾਵਾਂ ਨੂੰ ਆਪਣੀ ਨੂੰਹ ਵੱਲੋਂ ‘ਘੰਟਾ-ਘੰਟਾ ਭਰ’ ਆਪਣੀ ਮਾਂ ਨਾਲ ਕੀਤੀ ਜਾਂਦੀ ਗੱਲਬਾਤ ਬੜੀ ਹੀ ਚੁੱਭਦੀ ਹੈ। ਅੱਜ ਮੋਬਾਈਲ ਫ਼ੋਨ ਦੀ ਮਾਇਆ ਐਨੀ ਬੇਅੰਤ ਹੈ ਕਿ ਉਹ ਬੁੱਢੇ-ਠੇਰ੍ਹੇ ਜਿਨ੍ਹਾਂ ਨੂੰ ਮੋਬਾਈਲ ਫ਼ੋਨ ਦਾ ਓ…ਅ… ਵੀ ਨਹੀਂ ਪਤਾ ਉਹ ਵੀ ਲਾਲ ਸਵਿੱਚ ਤੋਂ ਕਾਲ ਬੰਦ ਕਰਨਾ ਤੇ ਹਰੇ ਸਵਿੱਚ ਤੋਂ ਕਾਲ ਅਟੈਂਡ ਕਰਨਾ ਸਿੱਖ ਕੇ ਸਮੇਂ ਦੇ ਹਾਣੀ ਬਣ ਚੁੱਕੇ ਨੇ। ਹੋਰ ਤਾਂ ਹੋਰ ਕੁੱਛੜ ਚੁੱਕ ਕੇ ਰੱਖਣ ਵਾਲੀ ਉਮਰ ਦੇ ਬੱਚੇ ਵੀ ਬੜੀ ਤੇਜ਼ੀ ਨਾਲ ਹੱਥ ਮਾਰ ਮਾਰ ਕੇ ਅਗਲੇ ਤੋਂ ਅਗਲਾ ਵੀਡੀਓ ਜਾਂ ਗਾਣਾ ਲਗਾ ਲੈਂਦੇ ਹਨ ਤੇ ਖ਼ੁਸ਼ੀ ’ਚ ਖੀਵੇ ਹੋਏ ਤਾੜੀਆਂ ਮਾਰਦੇ ਹਨ। ਕਈ ਬੱਚੇ ਤਾਂ ਮੋਬਾਈਲ ਫ਼ੋਨ ਦੇ ਇਸ ਕਦਰ ਫ਼ੈਨ ਬਣ ਜਾਂਦੇ ਹਨ ਕਿ ਜੇਕਰ ਸਾਹਮਣੇ ਫ਼ੋਨ ਨਾ ਹੋਵੇ ਤਾਂ ਪਤੰਦਰ ਦੁੱਧ ਵਾਲੀ ਬੋਤਲ ਨੂੰ ਮੂੰਹ ਤੱਕ ਨਹੀਂ ਲਾਉਂਦੇ। ਮੋਬਾਈਲ ਫ਼ੋਨਾਂ ਵਿੱਚ ਆ ਰਹੇ ਵੱਡੇ ਵੱਡੇ ਤੇ ਸ਼ਾਨਦਾਰ ਕੈਮਰਿਆਂ ਨੇ ਅੱਜ ਹਰ ਕਿਸੇ ਨੂੰ ਫ਼ੋਟੋਗ੍ਰਾਫਰ ਬਣਾ ਦਿੱਤਾ ਹੈ ਤੇ ਵਿਚਾਰੇ ਅਸਲ ਫ਼ੋਟੋਗ੍ਰਾਫਰਾਂ ਦੀ ਤਾਂ ਫੱਟੀ ਹੀ ਪੋਚ ਕੇ ਰੱਖ ਦਿੱਤੀ ਹੈ। ਐਕਸੀਡੈਂਟਾਂ ਜਾਂ ਸੜਕ ’ਤੇ ਹੁੰਦੇ ਝਗੜਿਆਂ ਦੀ ‘ਸੁੰਦਰ ਵੀਡੀਓ’ ਬਣਾਉਣ ਵਾਲੇ ਸਾਡੇ ਵੀਰ ਤਾਂ ਸਨਮਾਨਿਤ ਕੀਤੇ ਜਾਣ ਦੇ ਕਾਬਿਲ ਹਨ। ਐਕਸੀਡੈਂਟ ਜਾਂ ਲੜਾਈ-ਝਗੜੇ ’ਚ ਫੱਟੜ ਹੋਇਆ ਵਿਅਕਤੀ ਭਾਵੇਂ ਅੱਖਾਂ ਦੇ ਮੂਹਰੇ ਹੀ ਰੱਬ ਨੂੰ ਪਿਆਰਾ’ ਹੋ ਜਾਵੇ ਪਰ ਸਾਡੇ ਸੂਝਵਾਨ ਵੀਰ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਉਸ ਦੀ ਵੀਡੀਓ ਬਣਾਉਣ ਨੂੰ ਤਰਜੀਹ ਦਿੰਦੇ ਹਨ ਜੋ ਵਾਕਈ ‘ਕਾਬਿਲੇ-ਤਾਰੀਫ਼’ ਹੈ। ਮੇਰੀ ਤਾਂ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਅਜਿਹੇ ਵੀਡੀਓ ਬਣਾਉਣ ਵਾਲਿਆਂ ਦੀ ਰਾਜ ਪੱਧਰੀ ਪ੍ਰਤੀਯੋਗਤਾ ਕਰਵਾਈ ਜਾਵੇ ਤੇ ਸਤਿਕਾਰਯੋਗ ਵੀਡੀਓਗ੍ਰਾਫਰਾਂ ਨੂੰ ਭਾਰੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇ।

ਪਿਆਰੇ ਪਾਠਕੋ+ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ 135 ਕਰੋੜ ਦੀ ਆਬਾਦੀ ਵਾਲੇ ਸਾਡੇ ਦੇਸ਼ ਭਾਰਤ ਮਹਾਨ ਵਿੱਚ ਸੰਨ 2022 ਵਿੱਚ ਮੋਬਾਈਲ ਫ਼ੋਨ ਵਰਤਣ ਵਾਲਿਆਂ ਦੀ ਸੰਖਿਆ 120 ਕਰੋੜ ਸੀ ਤੇ ਸਾਡੇ ਕਈ ਭੈਣਾਂ ਤੇ ਵੀਰਾਂ ਕੋਲ ਕਿਉਂਕਿ ਦੋ ਜਾਂ ਦੋ ਤੋਂ ਵੱਧ ਮੋਬਾਈਲ ਫ਼ੋਨ ਵੀ ਮੌਜੂਦ ਰਹਿੰਦੇ ਹਨ, ਇਸ ਲਈ ਉਕਤ ਤੋਂ ਇਲਾਵਾ 60 ਕਰੋੜ ਸਮਾਰਟ ਫ਼ੋਨ ਵੀ ਸਾਡੇ ਮੁਲਕ ਦੀ ਹੱਦ ਅੰਦਰ ਚੱਲਦੇ ਸਨ। ਇਸ ਦਾ ਭਾਵ ਹੈ ਕਿ 135 ਕਰੋੜ ਵਾਲੀ ਆਬਾਦੀ ਵਾਲੇ ਦੇਸ਼ ਵਿੱਚ ਮੋਬਾਈਲ ਫ਼ੋਨਾਂ ਦੀ ਗਿਣਤੀ 180 ਕਰੋੜ ਸੀ। ਚੰਦਰੇ ਕਰੋਨਾ ਵਾਇਰਸ ਨੂੰ ਸਾਰੀ ਦੁਨੀਆਂ ਪਈ ਕੋਸਦੀ ਹੈ, ਪਰ ਕਰੋਨਾ ਦੀ ਕਰਨੀ ਵੇਖੋ ਕਿ ਕਰੋਨਾ ਕਾਲ ਦੌਰਾਨ ਸਾਡੇ ਦੇਸ਼ ਦੇ ਜਿਨ੍ਹਾਂ ਲੋਕਾਂ ਨੂੰ ਚਾਹ ਦਾ ਕੱਪ ਵੀ ਬਣਾਉਣਾ ਨਹੀਂ ਸੀ ਆਉਂਦਾ, ਸਤਿਕਾਰਯੋਗ ਮੋਬਾਈਲ ਫ਼ੋਨ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਉਨ੍ਹਾਂ ਨੇ ਯੂਟਿਊਬ ਵੇਖ-ਵੇਖ ਕੇ ਕਈ ਸ਼ਾਨਦਾਰ ਪਕਵਾਨ ਬਣਾਉਣੇ ਸਿੱਖ ਲਏ ਸਨ। ਅੱਜ ਯੂਟਿਊਬ, ਵੱਟਸਐਪ, ਟਵਿੱਟਰ ਤੇ ਇੰਸਟਾਗ੍ਰਾਮ ਜਿਹੇ ਅਨੇਕਾਂ ਐਪਸ ਮੋਬਾਇਲ ਫ਼ੋਨ ’ਤੇ ਉਪਲਬਧ ਹਨ ਤੇ ਇਨ੍ਹਾਂ ਕਰਕੇ ਅੱਜ ਸਾਡੇ ਬੱਚਿਆਂ ਨੂੰ ਭੈਣਾਂ, ਭਰਾਵਾਂ, ਦੋਸਤਾਂ ਜਾਂ ਰਿਸ਼ਤੇਦਾਰਾਂ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਜੇਕਰ ਕੋਈ ਭੁੱਲਿਆ-ਭਟਕਿਆ ਬੱਚਾ ਆਪਣੇ ਨਾਨਕੇ ਜਾਂ ਭੂਆ ਕੋਲ ਚਲਾ ਵੀ ਜਾਂਦਾ ਹੈ ਤਾਂ ਵਾਪਸੀ ਵੇਲੇ ਸਾਡੇ ਜ਼ਮਾਨੇ ਵਾਂਗ ਮਾਮੀ ਜਾਂ ਭੂਆ ਵੱਲੋਂ 11 ਜਾਂ 21 ਰੁਪਏ ਦੇ ਕੇ ਤੋਰਨ ਦੀ ਥਾਂ ਅੱਜ ਦੀਆਂ ਮਾਮੀਆਂ ਤੇ ਭੂਆ ਆਹ ‘ਡਿਜੀਟਲ ਪੇਮੈਂਟ’ ਕਰ ਕੇ ਭਣੇਂਵੇਂ-ਭਤੀਜੀਆਂ ਦੇ ਖਾਤੇ ’ਚ ਪੈਸੇ ਪਾ ਦਿੰਦੀਆਂ ਹਨ। ਪੈਸੇ ਤਾਂ ਖਾਤੇ ਪੈ ਜਾਂਦੇ ਹਨ, ਪਰ ਉਹ ਰਿਸ਼ਤਿਆਂ ਵਿਚਲੇ ਪਿਆਰ ਵਾਲਾ ਨਿੱਘ ਕਿਧਰੇ ਗੁਆਚ ਜਿਹਾ ਜਾਂਦਾ ਹੈ।

ਮੋਬਾਈਲ ਫ਼ੋਨ ਅੱਜ ਸਾਡੀ ਲੋੜ ਹੀ ਨਹੀਂ ਸਗੋਂ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਅੱਜ ਕਿਸੇ ਦੂਰ ਰਹਿੰਦੇ ਰਿਸ਼ਤੇਦਾਰ ਕੋਲ ਜਾਣ ਲੱਗਿਆਂ ਜਾਂ ਘੁੰਮਣ ਫਿਰਨ ਲਈ ਕਿਸੇ ਹਿੱਲ ਸਟੇਸ਼ਨ ’ਤੇ ਜਾਣ ਲੱਗਿਆਂ ਸਾਮਾਨ ਦੀ ਪੈਕਿੰਗ ਕਰਨ ਸਮੇਂ ਹਰ ਪਾਸਿਉਂ ਇੱਕ ਆਵਾਜ਼ ਜ਼ਰੂਰ ਸੁਣਾਈ ਦਿੰਦੀ ਹੈ, ‘‘ਆਹ ਚਾਰਜਰ ਜ਼ਰੂਰ ਚੇਤੇ ਨਾਲ ਪਾ ਲਇਉ।’’ ਚਾਰਜਰ ਜੇਕਰ ਕਿਧਰੇ ਘਰੇ ਰਹਿ ਜਾਵੇ ਤਾਂ ਵੀਹ ਕਿਲੋਮੀਟਰ ਦੂਰ ਗਿਆ ਪਰਿਵਾਰ ਵੀ ਚਾਰਜਰ ਲੈਣ ਲਈ ਮੁੜ ਕੇ ਘਰ ਨੂੰ ਚਾਲੇ ਪਾ ਦਿੰਦਾ ਹੈ। ਅਸਲੀ ਮਜ਼ਾ ਤਾਂ ਉਦੋਂ ਆਉਂਦਾ ਹੈ ਜਦੋਂ ਸਾਮਾਨ ਪੈਕ ਕਰਦੇ ਪਤੀ ਨੂੰ ਉਸ ਦੀ ਪਤਨੀ ਧਮਕੀ ਭਰੇ ਅੰਦਾਜ਼ ’ਚ ਕਹਿੰਦੀ ਹੈ, ‘‘ਆਹ ਸੁਣਿਓ ਜੀ, ਮੇਰਾ ਬਰੀਕ ਪਿੰਨ ਵਾਲਾ ਚਾਰਜਰ ਬੈਗ ’ਚ ਪਾ ਲੈਣਾ… ਕਿਧਰੇ ਭੁੱਲ ਨਾ ਜਾਣਾ… ਨਹੀਂ ਤਾਂ ਮੈਂ ਉੱਥੇ ਜਾ ਕੇ ਤੁਹਾਡਾ ਫ਼ੋਨ ਫੜ ਲੈਣੇ ਤੇ ਤੁਹਾਨੂੰ ਆਪਣੇ ਫ਼ੋਨ ਦਾ ਪਾਸਵਰਡ ਵੀ ਮੈਨੂੰ ਦੇਣਾ ਪੈਣੈ।’’ ਆਪਣੇ ਫ਼ੋਨ ਦਾ ਪਾਸਵਰਡ ਆਪਣੀ ਪਤਨੀ ਨੂੰ ਦੇਣ ਦੀ ਗੱਲ ਸੁਣ ਕੇ ਪਤੀ ਦੇ ਧੁਰ ਅੰਦਰ ਤੱਕ ਧੁੜਧੁੜੀ ਜਿਹੀ ਉੱਠਦੀ ਹੈ। ਪਰਮਾਤਮਾ ਦੀ ਲੀਲਾ ਵੇਖੋ ਕਿ ਵਿਆਹ ਦੇ ਸੱਤ ਫੇਰਿਆਂ ਸਮੇਂ ਜਨਮ-ਜਨਮ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਖਾਣ ਵਾਲੇ ਪਤੀ-ਪਤਨੀ ਆਪੋ-ਆਪਣੇ ਫ਼ੋਨ ਦਾ ਪਾਸਵਰਡ ਕਦੇ ਇੱਕ ਦੂਜੇ ਨੂੰ ਪਤਾ ਨਹੀਂ ਲੱਗਣ ਦਿੰਦੇ ਤੇ ‘ਸੁਰੱਖਿਆ ਕਾਰਨਾਂ ਕਰਕੇ’ ਸਮੇਂ-ਸਮੇਂ ’ਤੇ ਪਾਸਵਰਡ ਵੀ ਬਦਲਦੇ ਵੀ ਰਹਿੰਦੇ ਹਨ। ਜੇਕਰ ਕੋਈ ਭੋਲਾ-ਪਤੀ ਆਪਣੀ ਪਤਨੀ ਦੇ ਫ਼ੋਨ ਦਾ ਰੀਚਾਰਜ ਕਰਵਾਉਣਾ ਭੁੱਲ ਜਾਵੇ ਤਾਂ ਸ਼ਾਮ ਨੂੰ ਉਸ ਦੇ ਵਿਹੜੇ ’ਚ ਪੈਰ ਧਰਦਿਆਂ ਸਾਰ ਹੀ ਪਤਨੀ ਅੱਗੋਂ ਅੱਗ ਦੇ ਭਬੂਕੇ ਵਾਂਗੂੰ ਪੈਂਦਿਆਂ ਆਖ਼ਦੀ ਹੈ, ‘‘ਤੁਸੀਂ ਵੀ ਨਾ ਸੱਚੀਂ ਕਿਸੇ ਕੰਮ ਦੇ ਬੰਦੇ ਨਹੀਂ… ਇੱਕ ਕੰਮ ਵੀ ਤੁਹਾਡੇ ਤੋਂ ਚੱਜ ਨਾਲ ਨਹੀਂ ਹੁੰਦਾ…। ਆਹ ਪਾਣੀ ਦਾ ਘੁੱਟ ਬਾਅਦ ’ਚ ਪੀਓ ਤੇ ਪਹਿਲਾਂ ਮੇਰੇ ਫ਼ੋਨ ਦਾ ਰੀਚਾਰਜ ਕਰਾ ਕੇ ਆਓ… ਨਹੀਂ ਤਾਂ ਮੇਰੇ ਤੋਂ ਬੁਰਾ ਅੱਜ ਕੋਈ ਨਹੀਂ।’’ ਪਤਨੀ ਦੀ ਸ਼ੇਰ ਵਰਗੀ ਦਹਾੜ ’ਚ ਇਹ ਹੁਕਮ ਸੁਣ ਕੇ ਪਤੀ ਵਿਚਾਰਾ ਉਨ੍ਹੀਂ ਪੈਰੀਂ ਬਾਜ਼ਾਰ ਨੂੰ ਤੁਰ ਪੈਂਦਾ ਏ ਕਿਉਂਕਿ ਉਸ ਨੂੰ ਪਤਾ ਹੁੰਦਾ ਏ ਕਿ ‘ਉਸ ਦੀ ਪਤਨੀ ਤੋਂ ਬੁਰਾ’ ਹੋਰ ਹੈ ਵੀ ਕੋਈ ਨਹੀਂ।

ਸਾਂਝਾ ਕਰੋ