ਪੰਜਾਬ ਦੇ ਉਮੀਦਵਾਰ ਉਤਾਰਨ ਦੀ ਤਿਆਰੀ ‘ਚ ਭਾਜਪਾ, 13 ਸੀਟਾਂ ਲਈ 40 ਨਾਂ ਸ਼ਾਰਟਲਿਸਟ

BJP Candidates List: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 40 ਨਾਵਾਂ ਨੂੰ ਸ਼ਾਰਟਲਿਸਟ ਕੀਤਾ ਹੈ। ਪਾਰਟੀ ਹੁਣ ਇਹ ਨਾਂ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਸੌਂਪੇਗੀ ਜਿਸ ਤੋਂ ਬਾਅਦ ਕੇਂਦਰੀ ਕਮੇਟੀ ਇਸ ‘ਤੇ ਵਿਚਾਰ ਕਰੇਗੀ। ਖਾਸ ਗੱਲ ਇਹ ਹੈ ਕਿ ਭਾਜਪਾ ਨੇ ਵੀਰਵਾਰ ਸਵੇਰੇ ਚੋਣ ਕਮੇਟੀ ਦਾ ਗਠਨ ਕੀਤਾ ਸੀ। ਕੁਝ ਘੰਟਿਆਂ ਬਾਅਦ ਦਿੱਲੀ ਟਚ ਚੋਣ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਟਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਮੈਂਬਰ ਹਾਜ਼ਰ ਸਨ।ਜਾਣਕਾਰੀ ਅਨੁਸਾਰ ਭਾਜਪਾ (Lok Sabha Election 2024) ‘ਚ 231 ਨਾਂ ਆਏ ਸਨ ਜਿਸ ਨੂੰ ਪਾਰਟੀ ਦੇ ਲੋਕ ਸਭਾ ਇੰਚਾਰਜ ਨੇ ਭੇਜਿਆ ਸੀ। ਚੋਣ ਕਮੇਟੀ ਨੇ ਇਨ੍ਹਾਂ ਨਾਵਾਂ ਨੂੰ ਸ਼ਾਰਟਲਿਸਟ ਕਰ ਕੇ 40 ਨਾਵਾਂ ‘ਤੇ ਫੈਸਲਾ ਕੀਤਾ ਹੈ। ਕਈ ਸੀਟਾਂ ‘ਤੇ ਚਾਰ ਨਾਵਾਂ ਦਾ ਪੈਨਲ ਵੀ ਤਿਆਰ ਕੀਤਾ ਗਿਆ ਹੈ ਜਦਕਿ ਕਈ ਸੀਟਾਂ ‘ਤੇ ਦੋ ਨਾਵਾਂ ਦਾ ਪੈਨਲ ਵੀ ਤਿਆਰ ਕੀਤਾ ਗਿਆ ਹੈ। ਅਹਿਮ ਪਹਿਲੂ ਇਹ ਹੈ ਕਿ ਪਾਰਟੀ ਨੇ 13 ਲੋਕ ਸਭਾ ਸੀਟਾਂ ਲਈ ਨਾਂ ਫਾਈਨਲ ਕਰ ਲਏ ਹਨ। ਜਦੋਂਕਿ ਸੰਭਾਵਨਾ ਹੈ ਕਿ ਭਾਜਪਾ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪਾਰਟੀ ਸਾਰੀਆਂ 13 ਸੀਟਾਂ ‘ਤੇ ਚੋਣ ਤਿਆਰੀਆਂ ਕਰੇਗੀ। ਅਕਾਲੀ ਦਲ ਨਾਲ ਸਮਝੌਤਾ ਕਰਨਾ ਹੈ ਜਾਂ ਨਹੀਂ ਇਹ ਫੈਸਲਾ ਪਾਰਟੀ ਹਾਈਕਮਾਂਡ ‘ਤੇ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ 13 ਲੋਕ ਸਭਾ ਹਲਕਿਆਂ ਤੋਂ ਸੰਭਾਵੀ ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ ਕੀਤੇ ਗਏ ਹਨ। ਜੇਕਰ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਹੈ ਤਾਂ ਭਾਜਪਾ ਆਪਣੇ ਹਿੱਸੇ ਦੀਆਂ ਸੀਟਾਂ ‘ਤੇ ਕੰਮ ਕਰੇਗੀ ਅਤੇ ਬਾਕੀ ਸੀਟਾਂ ਛੱਡ ਦੇਵੇਗੀ। ਕਿਉਂਕਿ ਅਜੇ ਤਕ ਕੋਈ ਸਮਝੌਤਾ ਨਾ ਹੋਣ ਕਾਰਨ ਪਾਰਟੀ ਸਾਰੀਆਂ ਸੀਟਾਂ ‘ਤੇ ਹੀ ਕੰਮ ਕਰ ਰਹੀ ਹੈ। ਭਾਜਪਾ ਦੀ ਮੀਟਿੰਗ ‘ਚ ਕੈਪਟਨ ਅਮਰਿੰਦਰ ਸਿੰਘ ਮੌਜੂਦ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਸਿਹਤ ਕਾਰਨਾਂ ਕਰਕੇ ਮੀਟਿੰਗ ‘ਚ ਸ਼ਾਮਲ ਨਹੀਂ ਹੋਏ। ਕੈਪਟਨ ਆਪਣੀ ਪਤਨੀ ਪਰਨੀਤ ਕੌਰ ਦੇ ਭਾਜਪਾ ‘ਚ ਸ਼ਾਮਲ ਹੋਣ ਮੌਕੇ ਵੀ ਹਾਜ਼ਰ ਨਹੀਂ ਸਨ। ਹਾਲਾਂਕਿ ਇਸ ਮੀਟਿੰਗ ਵਿੱਚ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਜ਼ਰੂਰ ਮੌਜੂਦ ਸਨ।

ਸਾਂਝਾ ਕਰੋ

ਪੜ੍ਹੋ