ਡਰ ਜੋ ਗੁਲਾਮ ਬਣਾਉਂਂਦਾ ਹੈ/ਯਸ਼ ਪਾਲ ਵਰਗ ਚੇਤਨਾ

ਆਖ਼ਿਰ ਕਿਉਂ ਬੰਦਾ
ਰੱਬ ਨੂੰ
ਲੱਭਣ ਜਾਂਦਾ ਹੈ
ਕਿਹੜਾ ਡਰ ਹੈ
ਜੋ ਉਸਨੂੰ
ਇੰਨਾ ਸਤਾਉਂਦਾ ਹੈ?

ਡਰ
ਦੋ ਡੰਗ ਦੀ
ਰੋਟੀ ਦਾ ਜੁਗਾੜ
ਨਾ ਕਰ ਸਕਣ ਦਾ

ਡਰ
ਪੜ੍ਹ-ਲਿਖ ਰਹੀ
ਦੁਨੀਆਂ ‘ਚ
ਆਪਣੇ ਬੱਚਿਆਂ ਦੇ
ਅਣਪੜ੍ਹ ਰਹਿ ਜਾਣ ਦਾ

ਡਰ
ਹਨੇਰੇ ‘ਚ ਡੁੱਬ ਰਹੇ
ਸੂਰਜ ਦੀ ਤਰ੍ਹਾਂ
ਜਿੰਦਗੀ ‘ਚ
ਉਮੀਦ ਦੀ ਕੋਈ ਕਿਰਣ
ਨਾ ਦਿਸਦੀ ਹੋਣ ਦਾ

ਡਰ
ਪਛੜ ਜਾਣ ਦਾ

ਡਰ
ਸਿਲ੍ਹ-ਭਰੇ ਕਮਰੇ ‘ਚ
ਚੁੱਪ-ਚੁਪੀਤੇ
ਮਰ ਜਾਣ ਦਾ

ਡਰ
ਇਨ੍ਹਾਂ ਮੁਸੀਬਤਾਂ ਦੇ ਹੁੰਦੇ
ਆਂਢ-ਗੁਆਂਢ ‘ਚ ਰਹਿੰਦੇ
ਦੋ-ਚਾਰ ਲੋਕਾਂ ਨਾਲ
ਵਿਗਾੜ ਪੈ ਜਾਣ ਦਾ

ਡਰ
ਥੋੜ੍ਹੀ-ਬਹੁਤੀ
ਬਚੀ-ਖੁਚੀ ਇੱਜ਼ਤ ਦੇ
ਖੋ ਜਾਣ ਦਾ

ਡਰ
ਸਕੂਲੇ ਪੜ੍ਹਦੇ ਬੱਚਿਆਂ ਦੇ
ਸਵਾਲਾਂ ਦੇ ਜਵਾਬ
ਨਾ ਦੇ ਪਾਉਣ ਦਾ

ਤੇ ਸਭ ਤੋਂ ਵੱਡਾ ਡਰ
ਆਪਣੇ ਸਵਾਲਾਂ ਲਈ
ਨਾ ਲੜ ਪਾਉਣ ਦਾ

ਇਹੋ ਡਰ
ਡਰੇ ਹੋਏ ਲੋਕਾਂ ਦੀ ਭੀੜ’ਚ
ਪਛਾਣ ਬਣਾਉਣ ਦੀ
ਲਲਕ ਵਧਾਉਂਦਾ ਹੈ

ਤੇ ਇੱਕ ਦਿਨ
ਅੰਨ੍ਹੀ ਦੌੜ ਲਾ ਰਹੇ
ਅਜਿਹੇ ਲੋਕਾਂ ਨੂੰ ਹੀ
ਕੋਈ ਧਰਮ
ਕਿਸੇ ਗੁੰਬਦ ਦੇ
ਉੱਪਰ ਚੜ੍ਹਾਉਂਦਾ ਹੈ

ਫਿਰ
ਕੋਈ ਪੂਜਾ-ਘਰ ਤੋੜ ਕੇ
ਪਛਾਣ ਬਣਾਉਂਦਾ ਹੈ
ਕੋਈ ਹਜ਼ੂਮੀ ਹਿੰਸਾ ਕਰਕੇ
ਨਾਂ ਚਮਕਾਉਂਦਾ ਹੈ
ਕੋਈ ਟ੍ਰੋਲ ਕਰਦੇ ਹੋਏ
ਭੂਮਿਕਾ ਨਿਭਾਉਂਦਾ ਹੈ

ਆਖ਼ਿਰ
ਕਿਸੇ ਦੇਸ਼ ਨੂੰ
ਕੌਣ
ਗੁਲਾਮ ਬਣਾਉਂਦਾ ਹੈ?

ਇੱਕ ਡਰ
ਜੋ ਸਹਿਜੇ-ਸਹਿਜੇ
ਬੰਦੇ ਨੂੰ ਖਾਂਦਾ ਹੈ
ਉਹੀ ਡਰ
ਉਸਨੂੰ ਧਰਮ ਦਾ
ਗੁਲਾਮ ਬਣਾਉਂਦਾ ਹੈ

ਉਹੀ ਡਰ ਉਸਨੂੰ
ਮੰਦਰ,ਮਸਜਿਦ ਤੇ
ਗਿਰਜਾਘਰ ਵੱਲ
ਲੈ ਜਾਂਦਾ ਹੈ

ਉਹੀ ਡਰ
ਬੰਦੇ ਨੂੰ ਬੰਦੇ ਨਾਲ
ਨਫ਼ਰਤ ਕਰਨਾ
ਸਿਖਾਉਂਦਾ ਹੈ

ਤੇ ਕਿੰਨਾ ਅਜ਼ੀਬ ਹੈ!
ਇਸੇ ਡਰ ਤੋਂ
ਮੁਕਤੀ ਦੇ ਨਾਂ ‘ਤੇ
ਸਦੀਆਂ ਤੱਕ
ਧਰਮ ਆਪਣੀ
ਹੋਂਦ ਬਚਾਉਂਦਾ ਹੈ

ਦੇਖ ਲੈਣਾ
ਦੁਨੀਆਂ ‘ਚ ਚਾਰੇ ਪਾਸੇ
ਜਿੱਥੇ ਵੀ
ਇਹ ਡਰ ਉੱਡ ਜਾਂਦਾ ਹੈ
ਉੱਥੇ ਹੀ
ਸਾਰੇ ਦੇ ਸਾਰੇ ਪੂਜਾ-ਘਰ
ਬਦਲ ਜਾਂਦੇ ਨੇ
ਦਰਸ਼ਨੀ-ਸਥਾਨਾਂ ‘ਚ

ਜਿੱਥੇ
ਨਹੀਂ ਆਉਂਦੇ ਲੋਕ
ਰੱਬ ਦੀ ਪੂਜਾ ਕਰਨ
ਸਗੋਂ
ਆਉਂਦੇ ਨੇ ਦੇਖਣ
ਮਜ਼ਦੂਰਾਂ ਦੀ ਕਾਰੀਗਰੀ
ਉਨ੍ਹਾਂ ਦੀ ਮਿਹਨਤ
ਉਨ੍ਹਾਂ ਦੀ ਕਲਪਨਾ
ਤੇ ਭਵਨ-ਉਸਾਰੀ ਕਲਾ

ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
ਜਸੰਤਾ ਕੇਰਕੇੱਟਾ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)
(12 ਮਾਰਚ,2024)

ਸਾਂਝਾ ਕਰੋ