ਹਰਿਆਣਾ ’ਚ ਫੇਰਬਦਲ

ਕਿਸੇ ਵੀ ਮੁੱਖ ਮੰਤਰੀ ਨੂੰ ਕੁਰਸੀ ਪੱਕੀ ਨਾ ਸਮਝਣ ਦੇਣ ਦੀ ਆਪਣੀ ਪਰਖੀ ਹੋਈ ਰਣਨੀਤੀ ਨੂੰ ਜਾਰੀ ਰੱਖਦਿਆਂ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿੱਚ ਵੀ ਫੇਰਬਦਲ ਕਰ ਦਿੱਤਾ ਹੈ ਜਿੱਥੇ ਇਸ ਸਾਲ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਹਰਿਆਣਾ ਵਿੱਚ ਪਿਛਲੇ 9 ਸਾਲ ਤੋਂ ਵੱਧ ਸਮੇਂ ਤੋਂ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਸਨ ਪਰ ਉਨ੍ਹਾਂ ਦੀ ਥਾਂ ਓਬੀਸੀ ਆਗੂ ਨਾਇਬ ਸਿੰਘ ਸੈਣੀ ਨੂੰ ਇਹ ਅਹੁਦਾ ਦੇ ਦਿੱਤਾ ਗਿਆ ਹੈ। ਇਹ ਗ਼ੈਰ-ਜਾਟ ਵੋਟਾਂ ਪੱਕੀਆਂ ਕਰਨ ਅਤੇ ਸੱਤਾ ਵਿਰੋਧੀ ਲਹਿਰ ਦੇ ਟਾਕਰੇ ਦਾ ਯਤਨ ਹੈ। ਹਾਲ ਹੀ ਦੇ ਮਹੀਨਿਆਂ ਦੌਰਾਨ ਪਾਰਟੀ ਵੱਲੋਂ ਓਬੀਸੀ ਭਾਈਚਾਰੇ ਤਕ ਪਹੁੰਚ ਬਣਾਉਣ ਦੇ ਯਤਨਾਂ ਤਹਿਤ ਹੀ ਮੱਧ ਪ੍ਰਦੇਸ਼ ਵਿਚ ਮੋਹਨ ਯਾਦਵ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਓਬੀਸੀ ਆਗੂ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਨਾਲ ਸਨਮਾਨੇ ਜਾਣਾ ਵੀ ਇਸੇ ਗੱਲ ਦਾ ਸਬੂਤ ਹੈ। ਭਾਰਤੀ ਜਨਤਾ ਪਾਰਟੀ ਇਹ ਉਮੀਦ ਕਰ ਰਹੀ ਹੈ ਕਿ ਇਸ ਵੱਲੋਂ ਉਤਰਾਖੰਡ ਵਾਲੇ ਤਰੀਕੇ ਨਾਲ ਕੀਤਾ ਗਿਆ ਫੇਰਬਦਲ ਹਰਿਆਣਾ ਵਿਚ ਵੀ ਲਾਹੇਵੰਦ ਰਹੇਗਾ। ਉੱਥੇ ਮਾਰਚ 2021 ਵਿੱਚ ਪਾਰਟੀ ਨੇ ਤ੍ਰਿਵੇਂਦਰ ਸਿੰਘ ਰਾਵਤ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਉਤਰਾਖੰਡ ਦਾ ਮੁੱਖ ਮੰਤਰੀ ਬਣਾ ਦਿੱਤਾ ਅਤੇ ਕੁਝ ਮਹੀਨੇ ਬਾਅਦ ਹੀ ਤੀਰਥ ਨੇ ਪੁਸ਼ਕਰ ਸਿੰਘ ਧਾਮੀ ਦੇ ਮੁੱਖ ਮੰਤਰੀ ਬਣਨ ਲਈ ਰਾਹ ਪੱਧਰਾ ਕਰ ਦਿੱਤਾ ਸੀ। ਇਹ ਤਜਰਬਾ ਕਾਮਯਾਬ ਰਿਹਾ ਅਤੇ ਭਾਜਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰ ਲਈ। ਗੁਜਰਾਤ ਵਿੱਚ ਵੀ ਇਹ ਤਰੀਕਾ ਭਾਰਤੀ ਜਨਤਾ ਪਾਰਟੀ ਨੂੰ ਸਫਲਤਾ ਦਿਵਾਉਣ ਦੇ ਕੰਮ ਆਇਆ। ਹਰਿਆਣਾ ਵਿੱਚ ਪਾਰਟੀ ਹੁਣ ਕਾਂਗਰਸ, ਜਨਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਟਾਕਰੇ ਵਾਸਤੇ ਨੌਜਵਾਨ ਲੀਡਰਸ਼ਿਪ ਵੱਲ ਝੁਕ ਰਹੀ ਜਾਪਦੀ ਹੈ। ਰਾਜ ਵਿੱਚ ਜਦੋਂ ਮੁੱਖ ਮੰਤਰੀ ਬਦਲਿਆ ਗਿਆ ਹੈ, ਉਸ ਵੇਲੇ ਹੀ ਭਾਰਤੀ ਜਨਤਾ ਪਾਰਟੀ ਅਤੇ ਜੇਜੇਪੀ ਦੀ ਸਾਂਝ ਵੀ ਟੁੱਟ ਗਈ ਹੈ ਕਿਉਂਕਿ ਲੋਕ ਸਭਾ ਚੋਣਾਂ ਵਾਸਤੇ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਬਾਰੇ ਸਰਬਸੰਮਤੀ ਬਣਾਉਣ ਵਿੱਚ ਨਾਕਾਮ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਦੇ ਕਾਂਗਰਸੀ ਖੇਮੇ ਵਿੱਚ ਚਲੇ ਜਾਣ ਨੇ ਵੀ ਭਗਵਾ ਪਾਰਟੀ ਨੂੰ ਸੂਬਾ ਇਕਾਈ ’ਚ ਬਦਲਾਓ ਦੇ ਰਾਹ ਪਾਇਆ ਹੈ। ਪਿਛਲੇ ਸਾਲ ਦੇ ਅੰਤ ਵਿੱਚ ਭਾਰਤੀ ਜਨਤਾ ਪਾਰਟੀ ਨੇ ਸੱਤਾ ਵਿਰੋਧੀ ਲਹਿਰ ਦੇ ਬਾਵਜੂਦ ਮੱਧ ਪ੍ਰਦੇਸ਼ ਵਿੱਚ ਆਪਣੀ ਸਰਕਾਰ ਕਾਇਮ ਰੱਖਣ ’ਚ ਸਫਲਤਾ ਹਾਸਿਲ ਕਰ ਲਈ ਸੀ। ਇਹ ਹੁਣ ਸਮਾਂ ਹੀ ਦੱਸੇਗਾ ਕਿ ਪਾਰਟੀ ਹਾਈ ਕਮਾਨ ਅਤੇ ਸੂਬਾਈ ਲੀਡਰਸ਼ਿਪ ਹਰਿਆਣਾ ਵਿੱਚ ਵੀ ਇਹੋ ਪ੍ਰਾਪਤੀ ਕਰ ਸਕਦੇ ਹਨ ਜਾਂ ਨਹੀਂ। ਉਂਝ, ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸੱਤਾ ਧਿਰ ਚੋਣਾਂ ਜਿੱਤਣ ਲਈ ਕਿਸ ਹੱਦ ਤੱਕ ਜਾ ਸਕਦੀ ਹੈ। ਅਸਲ ਵਿਚ, ਹੁਣ ਸਮੁੱਚੀ ਸਿਆਸਤ ਚੁਣਾਵੀ ਸਿਆਸੀ ’ਤੇ ਕੇਂਦਰਤ ਹੋ ਗਈ ਹੈ। ਇਸ ਦਾ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਆਮ ਲੋਕਾਂ ਦੇ ਮਸਲੇ ਪਿਛਾਂਹ ਛੁੱਟ ਜਾਂਦੇ ਹਨ ਅਤੇ ਸਿਆਸੀ ਜੋੜ-ਤੋੜ ਧੁਸ ਦੇ ਕੇ ਅੱਗੇ ਆਣ ਖਲੋਂਦੇ ਹਨ।

ਸਾਂਝਾ ਕਰੋ