ਜਿਸਮਾਨੀ ਤੇ ਰੂਹਾਨੀ ਇਬਾਦਤ ਦਾ ਸੁਮੇਲ ‘ਰੋਜ਼ਾ’

ਕੁਰਾਨ-ਮਜੀਦ ਵਿੱਚ ਜੋ ਦਿਸ਼ਾ-ਨਿਰਦੇਸ਼ ਦਰਜ ਹਨ ਜੇ ਉਨ੍ਹਾਂ ਅਸੂਲਾਂ ’ਤੇ ਚੱਲਿਆ ਜਾਵੇ ਤਾਂ ਮਨੁੱਖ ਦੀਆਂ ਬਹੁਤ ਸਾਰੀਆਂ ਔਕੜਾਂ ਆਪਣੇ ਆਪ ਹੀ ਆਸਾਨ ਅਤੇ ਹੱਲ ਹੋ ਸਕਦੀਆਂ ਹਨ। ਕੁਰਾਨ ਨੇ ਜਿਨ੍ਹਾਂ ਇਬਾਦਤਾਂ ਨੂੰ ਰੋਜ਼ਾਨਾ ਜੀਵਨ ’ਚ ਕਰਨ ਦੀ ਤਾਕੀਦ ਕੀਤੀ ਹੈ ਜੇ ਉਨ੍ਹਾਂ ’ਤੇ ਧਿਆਨ ਨਾਲ ਵਿਚਾਰ ਕੀਤਾ ਜਾਵੇ ਤਾਂ ਯਕੀਨਨ ਉਨ੍ਹਾਂ ’ਚ ਮਨੁੱਖਤਾ ਦੀ ਭਲਾਈ ਲਈ ਅਤੇ ਕੁਰਾਹੇ ਪਏ ਲੋਕਾਂ ਨੂੰ ਸੇਧ ਦੇਣ ਲਈ ਬਹੁਤ ਕੁੱਝ ਮੌਜੂਦ ਹੈ। ਕੁਰਾਨ-ਮਜੀਦ ’ਚ ਅੱਲ੍ਹਾ ਪਾਕ ਫਰਮਾਉਂਦੇ ਹਨ, ‘‘ਐ ਇਮਾਨ ਵਾਲਿਓ! ਤੁਹਾਡੇ ਉੱਤੇ ਰੋਜ਼ੇ ਫਰਜ਼ ਕੀਤੇ ਗਏ ਹਨ। ਜਿਵੇਂ ਕਿ ਤੁਹਾਡੇ ਤੋਂ ਪਹਿਲੇ ਲੋਕਾਂ ਉੱਪਰ ਫਰਜ਼ ਕੀਤੇ ਗਏ ਸਨ ਤਾਂ ਕਿ ਤੁਸੀਂ ਪਰਹੇਜ਼ਗਾਰ (ਬੁਰੇ ਕੰਮਾਂ ਤੋਂ ਬਚਣ ਵਾਲੇ) ਬਣ ਜਾਵੋ।’’ ਇਸਲਾਮ ਦੀ ਬੁਨਿਆਦ ਮੂਲ ਰੂਪ ’ਚ ਪੰਜ ਸਿਧਾਤਾਂ; ਕਲਮਾ, ਨਮਾਜ਼, ਰੋਜ਼ਾ, ਜ਼ਕਾਤ ਤੇ ਹੱਜ ’ਤੇ ਕਾਇਮ ਹੈ। ਭਾਵ ਇਸਲਾਮ ਦੇ ਅਨੁਯਾਈ ਦਾ ਇਮਾਨ ਉਦੋਂ ਤੱਕ ਮੁਕੰਮਲ ਨਹੀਂ ਸਮਝਿਆ ਜਾਂਦਾ ਜਦੋਂ ਤੱਕ ਉਹ ਇਨ੍ਹਾਂ ਸਿਧਾਤਾਂ ਨੂੰ ਜ਼ਿੰਦਗੀ ਵਿਚ ਅਮਲੀ ਰੂਪ ’ਚ ਨਹੀਂ ਅਪਣਾਉਂਦਾ। ‘ਕਲਮਾ’ ਭਾਵ ਰੱਬ ਇਕ ਹੈ, ਉਸ ਦਾ ਕੋਈ ਸ਼ਰੀਕ ਨਹੀਂ। ਰੱਬ ਤੋਂ ਇਲਾਵਾ ਕੋਈ ਵੀ ਇਬਾਦਤ ਜਾਂ ਬੰਦਗੀ ਦੇ ਲਾਇਕ ਨਹੀਂ ਤੇ ਹਜ਼ਰਤ ਮੁਹੰਮਦ ਸਾਹਿਬ ਉਸ ਦੇ ਸੱਚੇ ਪੈਗ਼ੰਬਰ ਅਤੇ ਰਸੂਲ ਹਨ। ਇਸੇ ਤਰ੍ਹਾਂ ਜਦੋਂ ਕੋਈ ਬੰਦਾ ਸੱਚੇ ਦਿਲੋਂ ‘ਕਲਮਾ’ ਪੜ੍ਹਦਾ ਹੈ, ਭਾਵ ਸਾਰੇ ਜਹਾਨ ਦਾ ਰੱਬ ਇਕ ਹੋਣ ਦਾ ਇਕਰਾਰ ਕਰਦਾ ਹੈ ਤਾਂ ਉਸ ਉੱਪਰ ਇਕ ਦਿਨ ’ਚ ਪੰਜ ਨਮਾਜ਼ਾਂ (ਫਜ਼ਰ, ਜ਼ੁਹਰ, ਅਸਰ, ਮਗ਼ਰਿਬ ਤੇ ਇਸ਼ਾ) ਨਿਸ਼ਚਿਤ ਸਮੇਂ ਦੌਰਾਨ ਪੜ੍ਹਨੀਆਂ ਫਰਜ਼ ਹੋ ਜਾਂਦੀਆਂ ਹਨ। ਰਮਜ਼ਾਨ ਮਹੀਨੇ ਦੌਰਾਨ ਰੱਖੇ ਜਾਂਦੇ ‘ਰੋਜ਼ੇ’ ਇਸਲਾਮ ਦੇ ਪੰਜ ਸਿਧਾਤਾਂ ’ਚੋਂ ਇਕ ਹਨ। ਰੋਜ਼ਾ ਜਿਸਮਾਨੀ ਦੇ ਨਾਲ-ਨਾਲ ਰੂਹਾਨੀ ਇਬਾਦਤ ਵੀ ਹੈ। ਕੁਰਾਨ-ਮਜੀਦ ’ਚ ਅੱਲ੍ਹਾ ਪਾਕ ਫਰਮਾਉਂਦੇ ਹਨ, ‘‘ਰੋਜ਼ਾ ਮੇਰੇ ਲਈ ਹੈ ਤੇ ਮੈਂ ਇਸ ਦੀ ਜਜ਼ਾ (ਇਨਾਮ) ਵੀ ਖ਼ੁਦ ਹੀ ਦੇਵਾਂਗਾ।’’ ਹਜ਼ਰਤ ਮੁਹੰਮਦ ਸਾਹਿਬ ਅਨੁਸਾਰ ਰੋਜ਼ਾ ਨਰਕ ਦੀ ਅੱਗ ਤੋਂ ਢਾਲ ਹੈ। ਇਸੇ ਤਰ੍ਹਾਂ ਰੱਜੇ-ਪੁਜੇ ਵਿਅਕਤੀ ਲਈ ਸਾਲ ਗੁਜ਼ਰਨ ਮਗਰੋਂ ਆਪਣੀ ਕਮਾਈ ’ਚੋਂ ਢਾਈ ਫ਼ੀਸਦੀ ਦੇ ਹਿਸਾਬ ਨਾਲ ਬਣਦੀ ‘ਜ਼ਕਾਤ’ ਗ਼ਰੀਬਾਂ ’ਚ ਵੰਡਣਾ ਜ਼ਰੂਰੀ ਹੈ। ‘ਹੱਜ’ ਦੇ ਸਫ਼ਰ ਦਾ ਖ਼ਰਚਾ ਚੁੱਕਣ ਵਾਲੇ ਉੱਪਰ ਪੂਰੀ ਉਮਰ ’ਚ ਇਕ ਵਾਰ ‘ਹੱਜ’ ਕਰਨਾ ਵੀ ਵਾਜਬ ਤੇ ਲਾਜ਼ਮੀ ਹੈ। ਰੋਜ਼ਾ ਸੂਰਜ ਨਿਕਲਣ ਤੋਂ ਸਵਾ-ਡੇਢ ਘੰਟਾ ਪਹਿਲਾਂ ਰੱਖਿਆ ਜਾਂਦਾ ਹੈ। ਪਹੁ-ਫੁੱਟਣ ਤੋਂ ਪਹਿਲਾਂ ਰੋਜ਼ੇਦਾਰ ਨੂੰ ਆਪਣੀ ਜ਼ਰੂਰਤ ਅਨੁਸਾਰ ਖਾ-ਪੀ ਲੈਣਾ ਚਾਹੀਦਾ ਹੈ। ਸਰਘੀ ਵੇਲੇ ਦੇ ਇਸ ਖਾਣੇ ਨੂੰ ‘ਸਿਹਰੀ’ ਆਖਦੇ ਹਨ। ਸਿਹਰੀ ਕਰਨਾ ਸੁੰਨਤ ਹੈ (ਸੁੰਨਤ ਉਸ ਕੰਮ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਹਜ਼ਰਤ ਮੁਹੰਮਦ ਸਲੱਲਾ ਹੋ ਅਲੈਹਵ ਸਲੱਮ ਨੇ ਆਪਣੇ ਜੀਵਨ ’ਚ ਕੀਤਾ ਹੋਵੇ)। ਸਿਹਰੀ ਕਰਨ ਮਗਰੋਂ ਇੱਕ ਰੋਜ਼ੇਦਾਰ ਪੂਰਾ ਦਿਨ ਨਾ ਹੀ ਕੁਝ ਖਾਂਦਾ ਹੈ ਅਤੇ ਨਾ ਹੀ ਪੀਂਦਾ। ਸੂਰਜ ਛਿਪਣ ’ਤੇ ਰੋਜ਼ਾ ਅਫ਼ਤਾਰ ਕੀਤਾ ਜਾਂਦਾ ਹੈ ਭਾਵ ਰੋਜ਼ਾ ਖੋਲ੍ਹਿਆ ਜਾਂਦਾ ਹੈ। ਰੋਜ਼ੇ ਨੂੰ ਖਜੂਰ ਨਾਲ ਖੋਲ੍ਹਣਾ ਸੁੰਨਤ ਤੇ ਅਫਜ਼ਲ ਸਮਝਿਆ ਜਾਂਦਾ ਹੈ। ਖਜੂਰ ਕਾਰਬੋਹਾਈਡਰੇਟਸ ਨਾਲ ਭਰਪੂਰ ਗ਼ਿਜ਼ਾ ਹੈ। ਇਹ ਖ਼ਾਲੀ ਪੇਟ ਨੂੰ ਦੂਜੇ ਖਾਣੇ ਹਜ਼ਮ ਕਰਨ ਅਤੇ ਮਿਹਦੇ ਨੂੰ ਤਾਕਤ ਬਖ਼ਸ਼ਣ ਦੇ ਨਾਲ-ਨਾਲ ਭੋਜਨ ਕਰਨ ਦੇ ਯੋਗ ਬਣਾਉਂਦੀ ਹੈ। ਰੋਜ਼ਿਆਂ ਦੌਰਾਨ ਪੰਜ ਫਰਜ਼ ਨਮਾਜ਼ਾਂ ਤੋਂ ਇਲਾਵਾ ਇਸ਼ਾ ਦੀ ਨਮਾਜ਼ ਤੋਂ ਬਾਅਦ ਵਿਸ਼ੇਸ਼ ਤੌਰ ’ਤੇ ਮਸਜਿਦ ਵਿਚ ਤਰਾਵੀਹ ਦੀ ਨਮਾਜ਼ ਅਦਾ ਕਰਨ ਦਾ ਅਹਿਤਮਾਮ ਕੀਤਾ ਜਾਂਦਾ ਹੈ (ਪਰ ਵਿਸ਼ੇਸ਼ ਕਿਸਮ ਦੇ ਹਾਲਾਤ ਜਿਵੇਂ ਕਿ ਕਰੋਨਾਵਾਇਰਸ ਜਿਹੀ ਮਹਾਮਾਰੀ ਦੇ ਚੱਲਦਿਆਂ ਇਸ ਇਬਾਰਤ ਦਾ ਅਹਿਤਮਾਮ ਰੋਜ਼ੇਦਾਰ ਆਪਣੇ ਘਰਾਂ ਵਿਚ ਵੀ ਕਰ ਸਕਦੇ ਹਨ)। ਰੋਜ਼ਾ ਪੂਰਾ ਦਿਨ ਭੁੱਖੇ-ਪਿਆਸੇ ਰਹਿਣ ਦਾ ਹੀ ਨਾਂ ਨਹੀਂ ਹੈ ਸਗੋਂ ਰੋਜ਼ੇ ਦੌਰਾਨ ਸਾਡੇ ਸਰੀਰ, ਦਿਲ-ਓ-ਦਿਮਾਗ਼ ਅਤੇ ਇਖਲਾਕ ’ਚੋਂ ਰੋਜ਼ੇ ਦੀ ਝਲਕ ਪ੍ਰਤੱਖ ਦਿਖਾਈ ਦੇਣੀ ਚਾਹੀਦੀ ਹੈ। ਰੋਜ਼ੇ ਦੌਰਾਨ ਜਿੱਥੇ ਖਾਣ-ਪੀਣ ਦੀ ਮਨਾਹੀ ਹੈ, ਉੱਥੇ ਆਪਣੀ ਦੇਹ ਨੂੰ ਵੀ ਪਵਿੱਤਰ ਰੱਖਣਾ ਹੁੰਦਾ ਹੈ। ਅੱਖਾਂ ਦਾ ਵੀ ਰੋਜ਼ਾ ਹੁੰਦਾ ਹੈ ਕਿ ਅਸੀਂ ਕੋਈ ਮੰਦੀ ਚੀਜ਼ ਨਾ ਵੇਖੀਏ। ਕੰਨਾਂ ਦਾ ਰੋਜ਼ਾ ਇਹ ਹੈ ਕਿਸੇ ਦੀ ਚੁਗਲੀ-ਨਿੰਦਿਆ ਨਹੀਂ ਸੁਣਨੀ। ਇਸੇ ਤਰ੍ਹਾਂ ਜ਼ੁਬਾਨ ਦਾ ਰੋਜ਼ਾ ਕਿਸੇ ਨੂੰ ਮੰਦਾ ਨਾ ਬੋਲਣਾ ਹੈ। ਜ਼ੁਬਾਨ ਤੋਂ ਉਸ ਅੱਲ੍ਹਾ ਪਾਕ ਦੀ ਸਿਫ਼ਤ ਹੀ ਨਿਕਲੇ ਜਿਸ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਬਹੁਤ ਸਲੀਕੇ ਨਾਲ ਸਾਜਿਆ ਹੈ। ਇਸੇ ਤਰ੍ਹਾਂ ਹੱਥਾਂ ਤੇ ਪੈਰਾਂ ਦਾ ਵੀ ਰੋਜ਼ਾ ਹੈ ਕਿ ਇਨ੍ਹਾਂ ਹੱਥਾਂ ਨਾਲ ਅਸੀਂ ਕੋਈ ਮਾੜਾ ਕਾਰਜ ਨਹੀਂ ਕਰਨਾ ਅਤੇ ਪੈਰਾਂ ਨਾਲ ਕਿਸੇ ਮਾੜੀ ਥਾਂ ਚੱਲ ਕੇ ਨਹੀਂ ਜਾਣਾ ਜਿੱਥੇ ਪਾਪ ਹੁੰਦੇ ਹੋਣ। ਕਿਸੇ ਨਾਲ ਬੇਈਮਾਨੀ ਜਾਂ ਠੱਗੀ ਨਹੀਂ ਮਾਰਨੀ। ਕਿਸੇ ਨਾਲ ਲੜਨਾ ਨਹੀਂ। ਰੋਜ਼ੇ ਰੱਖਣ ਦੇ ਜਿੱਥੇ ਬਹੁਤ ਸਾਰੇ ਰੂਹਾਨੀ ਫ਼ਾਇਦੇ ਹਨ ਉੱਥੇ ਹੀ ਇਨ੍ਹਾਂ ਤੋਂ ਮੁਸਲਮਾਨ ਨੂੰ ਸੱਚੇ-ਸੁੱਚੇ ਰਹਿਣ, ਨੇਕ ਕੰਮ ਕਰਨ ਤੇ ਬੁਰੇ ਕੰਮਾਂ ਤੋਂ ਬਚਣ ਦੀ ਪ੍ਰੇਰਨਾ ਮਿਲਦੀ ਹੈ। ਇਸ ਦੇ ਨਾਲ ਨਾਲ ਰੋਜ਼ਿਆਂ ਦੇ ਬਹੁਤ ਸਾਰੇ ਜਿਸਮਾਨੀ ਫ਼ਾਇਦੇ ਵੀ ਹਨ। ਅਸੀਂ ਜਾਣਦੇ ਹਾਂ ਕਿ ਸਾਡਾ ਸਰੀਰ ਇਕ ਮਸ਼ੀਨ ਵਾਂਗ ਹੈ। ਜਿਵੇਂ ਮਸ਼ੀਨਾਂ ਅਕਸਰ ਲਗਾਤਾਰ ਕੰਮ ਕਰਦਿਆਂ ਗਰਮ ਹੋ ਜਾਂਦੀਆਂ ਹਨ ਤਾਂ ਅਸੀਂ ਮਸ਼ੀਨ ਕੁਝ ਸਮੇਂ ਲਈ ਰੋਕ ਦਿੰਦੇ ਹਾਂ। ਮਸ਼ੀਨ ਵਾਂਗ ਸਾਡਾ ਸਰੀਰ ਵੀ 12 ਮਹੀਨੇ, 24 ਘੰਟੇ ਲਗਾਤਾਰ ਕੰਮ ਕਰਦਾ ਰਹਿੰਦਾ ਹੈ ਜਿਸ ਕਾਰਨ ਇਸ ਵਿਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋਣ ਜਾਂ ਸਿਹਤ ਦੇ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਦੋਂ ਅਸੀਂ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਦੇ ਹਾਂ ਤਾਂ ਸਾਡੇ ਮਿਹਦੇ ਸਮੇਤ ਜਿਸਮ ਦੇ ਸਮੁੱਚੇ ਅੰਗਾਂ ਨੂੰ ਆਰਾਮ ਮਿਲਦਾ ਹੈ ਜਿਸ ਸਦਕਾ ਸਾਡੇ ਸਰੀਰ ਦੇ ਵੱਖ-ਵੱਖ ਅੰਗ ਸਕੂਨ ਤੇ ਤਾਜ਼ਗੀ ਮਹਿਸੂਸ ਕਰਦੇ ਹਨ। ਰੋਜ਼ਾ ਰੱਖਣ ਨਾਲ ਹਾਈ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਕਾਫ਼ੀ ਹੱਦ ਤੱਕ ਰਾਹਤ ਮਿਲਦੀ ਹੈ। ਰੋਜ਼ੇ ਦੌਰਾਨ ਖ਼ੂਨ ਦਾ ਵਹਾਅ ਅਤੇ ਰਫ਼ਤਾਰ ਮੁਨਾਸਿਬ ਹੋ ਜਾਂਦੀ ਹੈ। ਰੋਜ਼ਾ ਰੱਖਣ ਨਾਲ ਹੱਡੀਆਂ ਦੇ ਗੁੱਦੇ ਵਿਚ ਸਰੀਰ ਦੀ ਲੋੜ ਅਨੁਸਾਰ ਖ਼ੂਨ ਦੇ ਨਵੇਂ ਖੁਲੀਏ ਬਣਦੇ ਹਨ। ਰੋਜ਼ੇ ਵਧਦੇ ਹੋਏ ਵਜ਼ਨ ਨੂੰ ਵੀ ਸਹੀ ਕਰਨ ਵਿੱਚ ਲਾਭਦਾਇਕ ਹਨ। ਰੋਜ਼ਾ ਬਲੱਡ ਪ੍ਰੈੱਸ਼ਰ ਦੇ ਨਾਲ ਨਾਲ ਵਧੇਰੇ ਕੋਲੈਸਟ੍ਰੋਲ ਤੋਂ ਪੀੜਤ ਮਰੀਜ਼ਾਂ ਨੂੰ ਵੀ ਰਾਹਤ ਦਿੰਦਾ ਹੈ। ਕੁੱਲ ਮਿਲਾ ਕੇ ਰੋਜ਼ਾ ਇਕ ਅਜਿਹਾ ਅਭਿਆਸ ਹੈ ਜੋ ਮਨੁੱਖ ਨੂੰ ਸਬਰ, ਸੰਤੋਖ, ਸੁਹਿਰਦਤਾ, ਦਿਆਲਤਾ, ਸਹਿਜਤਾ, ਸੰਜਮਤਾ ਅਤੇ ਨੇਕੀ ਆਦਿ ਵਡਮੁੱਲੇ ਗੁਣਾਂ ਦਾ ਧਾਰਨੀ ਬਣਾਉਂਦਾ ਹੈ। ਯਕੀਨਨ ਰੋਜ਼ਾ ਇਕ ਅਜਿਹੀ ਇਬਾਦਤ, ਅਰਾਧਨਾ ਜਾਂ ਭਗਤੀ ਹੈ, ਜੋ ਮਨੁੱਖ ਨੂੰ ਹਕੀਕੀ ਅਰਥਾਂ ਵਿਚ ਇਨਸਾਨੀਅਤ ਦਾ ਸੰਦੇਸ਼ ਦਿੰਦਿਆਂ ਉਸ ਨੂੰ ਰੱਬ ਦੇ ਬਹੁਤ ਹੀ ਨੇੜੇ ਲੈ ਜਾਂਦੀ ਹੈ।

ਸਾਂਝਾ ਕਰੋ