ਦੁਨੀਆ ਦੀਆਂ ਫਿਲਮਾਂ, ਸੰਗੀਤ, ਡਾਇਰੈਕਸ਼ਨ ਤੇ ਅਦਾਕਾਰੀ ਦਾ ਮਹਾਕੁੰਭ ਅਮਰੀਕਾ ਦੇ ਲਾਸ ਏਂਜਲਸ ਦੇ ਵਿਸ਼ਵ ਪ੍ਰਸਿੱਧ ਡੋਲਬੀ ਥੀਏਟਰ ਵਿਚ ਲੱਗਾ। ਉੱਥੇ ਆਸਕਰ ਦੇ 96ਵੇਂ ਸੰਸਕਰਨ ਵਿਚ ਸੋਮਵਾਰ ਨੂੰ ਫਿਲਮਾਂ, ਅਦਾਕਾਰੀ ਤੇ ਡਾਇਰੈਕਸ਼ਨ ਆਦਿ ਵਿਚ ਜੇਤੂਆਂ ਦਾ ਐਲਾਨ ਕੀਤਾ ਗਿਆ। ਰੋਸ਼ਨੀਆਂ ਵਿਚ ਨਹਾਏ, ਰੰਗ-ਬਰੰਗੀਆਂ ਲੇਜ਼ਰ ਲਾਈਟਾਂ ’ਚ ਥਿਰਕਦੇ ਹੋਏ ਦੁਨੀਆ ਦੇ ਸਿਤਾਰੇ, ਡਾਇਰੈਕਟਰ ਤੇ ਫਿਲਮਾਂ ਨਾਲ ਜੁੜੀ ਹਰ ਵਿਧਾ ਦੇ ਸ਼੍ਰੋਮਣੀ ਨਾਵਾਂ ਦੀ ਮੌਜੂਦਗੀ ਵਿਚ ਇਨ੍ਹਾਂ ਇਨਾਮਾਂ ਵਾਸਤੇ ਪੂਰੀ ਦੁਨੀਆ ਇੰਤਜ਼ਾਰ ਕਰਦੀ ਰਹਿੰਦੀ ਹੈ ਅਤੇ ਧੜਕਦੇ ਦਿਲਾਂ ਨਾਲ ਬੇਸਬਰੀ ਨਾਲ ਪੂਰੀ ਦੁਨੀਆ ’ਚੋਂ ਆਈਆਂ ਐਂਟਰੀਆਂ ’ਚੋਂ ਚੁਣੀਆਂ ਹੋਈਆਂ ਫਿਲਮਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ। ਇਸ ਵਾਰ ਇਹ ਫਿਲਮੀ ਆਸਕਰ ਪੁਰਸਕਾਰ ਇਸ ਲਈ ਵੀ ਵਿਸ਼ੇਸ਼ ਸਨ ਕਿਉਂਕਿ ਇਸ ਵਾਰ ਪਹਿਲੀ ਵਾਰ ‘ਓਪੇਨਹਾਈਮਰ’ ਵਰਗੀ ਫਿਲਮ ਨੇ ਪਹਿਲੇ ਝਟਕੇ ਵਿਚ ਸੱਤ ਅਲੱਗ-ਅਲੱਗ ਕੈਟਾਗਰੀਜ਼ ਵਿਚ ਸਾਰੇ ਪੁਰਸਕਾਰ ਆਪਣੇ ਨਾਂ ਕਰ ਲਏ। ਜਦਕਿ ਵਧੀਆ ਅਦਾਕਾਰ ਦਾ ਪੁਰਸਕਾਰ ਕਿਲੀਅਨ ਮਰਫੀ ਤੇ ਵਧੀਆ ਡਾਇਰੈਕਟਰ ਦਾ ਪੁਰਸਕਾਰ ਕ੍ਰਿਸਟੋਫਰ ਨੋਲਨ ਨੂੰ ਦਿੱਤਾ ਗਿਆ। ਦੂਜੀ ਵੱਡੀ ਵਧੀਆ ਫਿਲਮ ਰਹੀ ‘ਪੂਅਰ ਥਿੰਗਜ਼’ ਦੀ ਅਦਾਕਾਰਾ ਐਮਾ ਸਟੋਨ ਨੂੰ ਵਧੀਆ ਅਭਿਨੇਤਰੀ ਤੇ ਬਾਰਬੀ ਨੂੰ ਵੀ ਆਸਕਰ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਵਿਸ਼ੇਸ਼ ਡਾਇਰੈਕਟਰ ਨੋਲਨ ਨੂੰ ਵਧੀਆ ਨਿਰਦੇਸ਼ਕ ਮੰਨਿਆ ਗਿਆ ਹੈ। ਕਿਲੀਅਨ ਮਰਫੀ ਪਹਿਲੇ ਆਇਰਿਸ਼ ਐਕਟਰ ਰਹੇ ਜਿਨ੍ਹਾਂ ਨੇ ਆਸਕਰ ਜਿੱਤਿਆ ਹੈ। ਫਿਲਮ ‘ਓਪਨਹਾਈਮਰ’ 13 ਕੈਟਾਗਰੀਜ਼ ਲਈ ਨਾਮਜ਼ਦ ਹੋਈ ਸੀ ਜਦਕਿ ਉਸ ਨੂੰ ਸੱਤ ਵਿਚ ਪੁਰਸਕਾਰ ਮਿਲਿਆ ਹੈ। ‘ਪੂਅਰ ਥਿੰਗਜ਼’ ਨੂੰ ਚਾਰ ਪੁਰਸਕਾਰ ਮਿਲੇ। ‘ਬਾਰਬੀ’ ਵਰਗੀ ਪੂਰੀ ਦੁਨੀਆ ਦੀ ਪ੍ਰਸਿੱਧ ਫਿਲਮ ਨੂੰ ਉਸ ਦੇ ਗੀਤ ‘ਵਟਸ ਆਈ ਮੇਡ ਫਾਰ?’ ਦੇ ਗੀਤ ਲਈ ਬਿਲੀ ਅਲੀਸ਼ ਅਤੇ ਫਿਨਿਸ਼ ਓਕੋਨੇਲ ਨੇ ਪੁਰਸਕਾਰ ਜਿੱਤਿਆ ਹੈ। ‘ਵਾਰ ਇਜ਼ ਓਵਰ’ ਵਰਗੀ ਡਾਕੂਮੈਂਟਰੀ ਵੀ ਵਧੀਆ ਸਕਰੀਨਿੰਗ ਵਿਚ ਜੇਤੂ ਰਹੀ ਤੇ ਬੈਸਟ ਐਨੀਮੇਟਿਡ ਸਕਰੀਨ ਪਲੇਅ ਦਾ ਇਨਾਮ ਜਿੱਤਿਆ ਹੈ। ਭਾਰਤ ਲਈ ਭਾਵੇਂ ਕਿਸੇ ਵੀ ਐਂਟਰੀ ਨੂੰ ਐਵਾਰਡ ਨਹੀਂ ਮਿਲ ਸਕਿਆ ਹੈ ਪਰ ਉਸ ਦੀ ਪਿਛਲੇ ਸਾਲ ਦੀ ਫਿਲਮ ‘ਆਰ ਆਰ ਆਰ’ ਦੇ ਗੀਤ ‘ਨਾਟੂ-ਨਾਟੂ’ ਨੂੰ ਤਿੰਨ ਵਾਰੀ ਵਜਾ ਕੇ ਬੇਹਤਰੀਨ ਸਟੰਟ ਕੰਟੈਂਟ ਵਜੋਂ ਸਤਿਕਾਰ ਦਿੱਤਾ ਗਿਆ। ਇਸ ਆਸਕਰ ਸਮਾਰੋਹ ਵਿਚ ਉਹ ਛਿਣ ਸੱਚਮੁੱਚ ਯਾਦਗਾਰੀ ਹੋ ਗਏ ਜਦੋਂ ਭਾਰਤੀ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੂੰ ਇਸ ਵਿਚ ਸ਼ਰਧਾਂਜਲੀ ਦਿੱਤੀ ਗਈ। ‘ਹਮ ਦਿਲ ਦੇ ਚੁਕੇ ਸਨਮ’ ਵਰਗੀਆਂ ਫਿਲਮਾਂ ਦੇ ਸੈੱਟ ਦਾ ਡਿਜ਼ਾਈਨ ਉਨ੍ਹਾਂ ਨੇ ਹੀ ਕੀਤਾ ਸੀ।ਇੱਥੇ ਇਹ ਦੱਸਣਯੋਗ ਹੈ ਕਿ ਇਸ ਸਮਾਰੋਹ ਦੇ ਸ਼ੁਰੂ ਵਿਚ ਹੀ ਡੋਲਬੀ ਥੀਏਟਰ ਦੇ ਬਾਹਰ ਫ਼ਲਸਤੀਨ ਦੇ ਹੱਕ ਵਿਚ ਇਕ ਵੱਡੀ ਰੈਲੀ ਵੇਖੀ ਗਈ। ਇਸ ਵਾਰੀ ਇਸ ਵੱਡੇ ਮੁਕਾਬਲੇ ਵਿਚ ਬੈਸਟ ਪਿਕਚਰ ਕੈਟਾਗਰੀ ਵਿਚ ਫਿਲਮ ‘ਅਮਰੀਕਨ ਫਿਕਸ਼ਨ ਅਟੋਨਮੀ ਆਫ ਫਾਲਜ਼’, ‘ਬਾਰਬੀ’, ‘ਦਿ ਹੋਲਡਵਰਜ਼’, ‘ਕਿੱਲਰਜ਼ ਆਫ ਫਲਾਵਰਮੂਨ’ ‘ਓਪੇਨਹਾਈਮਰ’, ‘ਪਾਸਟ ਲਾਈਵਜ਼ ਪਿਓਰ ਥਿੰਗਜ਼’ ਵਰਗੀਆਂ ਫਿਲਮਾਂ ਸਨ। ਦੁਨੀਆ ਦੇ ਬਿਹਤਰੀਨ ਡਾਇਰੈਕਟਰਾਂ ਦੀ ਗਿਣਤੀ ਵਿਚ ਨੋਲਨ ਤੋਂ ਇਲਾਵਾ ਮਾਰਟਿਨ ਸਕੋਰਸੈਸ, ਜਸਟਿਨ ਟ੍ਰਾਇਟ ਤੇ ਲੇਡੀ ਡਾਇਰੈਕਟਰ ਜੋਨਾਥਨ ਗਲੈਜ਼ਰ ਵੀ ਸ਼ਾਮਲ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਦੁਨੀਆ ਦੀਆਂ ਸੁੰਦਰ ਅਦਾਕਾਰਾਵਾਂ ਦੇ ਕੰਮ ਦੀ ਪਰਖ ਦੀ ਕੜੀ ’ਚ ਐਮਾ ਸਟੋਰ ਨੂੰ ਐਵਾਰਡ ਤਾਂ ਮਿਲਿਆ ਪਰ ਉਸ ਦੀ ਟੱਕਰ ਐਨੇਟ ਬੇਨਿੰਗ, ਲਿਲੀ ਗਲੈਡਸਟੋਰਨ, ਕੈਰੀ ਮੁਲਗਿਨ ਵਰਗੀਆਂ ਅਦਾਕਾਰਾਵਾਂ ਨਾਲ ਰਹੀ। ਕਾਸਟਿਊਮ ਡਿਜ਼ਾਈਨਰ ਵਿਚ ਹੋਲੀ ਵੇਡਿੰਗਟਨ ਤੇ ਸਿਨ ਮੈਟੋਗਫੀ ਵਿਚ ਸਿੱਧੇ ਮੁਕਾਬਲੇ ਹੋਏ। ਇੱਥੇ ਦੁਨੀਆ ਭਰ ਦੀਆਂ ਫਿਲਮਾਂ ਦੇ ਹੌਟ ਸਟਾਰ ਤੇ ਮਹਿੰਗੇ ਨਿਰਦੇਸ਼ਕਾਂ ਦੀ ਲਾਬੀ ਦੀ ਗੱਲ ਚੱਲਦੀ ਹੈ ਪਰ ਭਾਰਤ ਵਰਗਾ ਦੁਨੀਆ ਦਾ ਸਭ ਤੋਂ ਵੱਡਾ ਤੇ ਜ਼ਿਆਦਾ ਫਿਲਮਾਂ ਪ੍ਰੋਡਿਊਸ ਕਰਨ ਵਾਲਾ ਦੇਸ਼ ਕਿਤੇ ਦੂਰ-ਦੂਰ ਤੀਕ ਨਹੀਂ ਦਿਸਦਾ ਹੈ। ਪਰ ਸੱਤਿਆਜੀਤ ਰੇਅ ਵਰਗੇ ਭਾਰਤੀ ਨਿਰਮਾਤਾ-ਨਿਰਦੇਸ਼ਕਾਂ ਨੂੰ ਵੀ ਉਨ੍ਹਾਂ ਆਪਣੇ ‘ਲਾਈਫਟਾਈਮ ਆਸਕਰ’ ਨਾਲ ਨਿਵਾਜਿਆ ਹੈ। ਭਾਰਤੀ ਐਂਟਰੀ ਡਾਕੂਮੈਂਟਰੀ ਕੈਟਾਗਰੀਜ਼ ਵਿਚ ਨਿਰਮਾਤਾ ਨਿਸ਼ਾ ਪਾਹੂਜਾ ਦੀ ਫਿਲਮ ਡਾਕੂਮੈਂਟਰੀ ‘ਟੂ ਕਿੱਲ ਏ ਟਾਈਗਰ’ ਇੱਥੇ ਪੇਸ਼ ਕੀਤੀਆਂ ਗਈਆਂ ਫਿਲਮਾਂ ਵਿਚ ਬਹੁਤ ਪਿੱਛੇ ਰਹਿ ਗਈ ਹੈ। ਜਦਕਿ ਐਵਾਰਡ ਲਈ ਚੁਣੀ ਗਈ ਫਿਲਮ ਡਾਕੂਮੈਂਟਰੀ ਕੈਟਾਗਰੀ ਵਿਚ ‘ਦਿ ਲਾਸਟ ਰਿਪੇਅਰ ਸ਼ਾਪ’ ਵਰਗੀ ਵਧੀਆ ਫਿਲਮ ਰਹੀ। ਆਸਕਰ ਯਾਨੀ ਦੁਨੀਆ ਦਾ ਸਭ ਤੋਂ ਵੱਡਾ ਫਿਲਮੀ ਐਵਾਰਡ ਤੇ ਜ਼ਹੀਨੀਅਤ, ਅਦਾਕਾਰੀ ਤੇ ਨਿਰਦੇਸ਼ਨਾ ਯਾਨੀ ‘ਫੁੱਲ ਫਿਲਮ ਟਾਕੀ ਐਵਾਰਡ’ ਦਰਅਸਲ ‘ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟ ਐਂਡ ਸਾਇੰਸਿਜ਼ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਇਹ ਪੁਰਸਕਾਰ ਵੱਖ-ਵੱਖ 23 ਸ਼੍ਰੇਣੀਆਂ ਵਿਚ ਦਿੱਤੇ ਜਾਂਦੇ ਹਨ। ਇਸ ਸਮਾਰੋਹ ਨੂੰ ਪੂਰੀ ਦੁਨੀਆ ਵਿਚ ਦੇਖਿਆ ਜਾਂਦਾ ਹੈ। ਇਸ ਵਿਚ ਗੀਤ-ਸੰਗੀਤ ਤੇ ਕਾਮੇਡੀ ਦਾ ਤੜਕਾ ਲਾਇਆ ਜਾਂਦਾ ਹੈ। ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ‘ਓਪਨਹਾਈਮਰ’ ਵਰਗੀ ਫਿਲਮ ਨੇ 327 ਮਿਲੀਅਨ ਡਾਲਰ ਦਾ ਕਾਰੋਬਾਰ ਕੀਤਾ ਹੈ। ਇਸ ਚਮਕਦੇ-ਦਮਕਦੇ ਤੇ ਜੀਵੰਤ ਰੋਸ਼ਨੀਆਂ ਦੇ ਸਿਤਾਰਿਆਂ ਨਾਲ ਭਰੇ ਸਮਾਰੋਹ ਦਾ ਆਰੰਭ 16 ਮਈ 1929 ਨੂੰ ਇਕ ਪ੍ਰਾਈਵੇਟ ਡਿਨਰ ਫੰਕਸ਼ਨ ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਉਦੋਂ ਉਸ ਵਿਚ ਸਿਰਫ਼ 270 ਲੋਕ ਹਾਜ਼ਰ ਸਨ। ਹੁਣ ਇਸ ਨੂੰ ਪੂਰੀ ਦੁਨੀਆ ਵਿਚ 200 ਕਰੋੜ ਤੋਂ ਵੱਧ ਲੋਕ ਆਪਣੇ ਟੀਵੀ ਅਤੇ ਡਿਜੀਟਲ ਪਲੇਟਫਾਰਮ ’ਤੇ ਵੇਖਦੇ ਹਨ। ਸ਼ਬਦ ਆਸਕਰ ਇਕ ਰਜਿਸਟਰਡ ਟਰੇਡਮਾਰਕ ਹੈ ਜੋ ਇਤਾਲਵੀ ਭਾਸ਼ਾ ਦਾ ਹੈ ਜੋ ਕਿਸੇ ਵੀ ਚੀਜ਼ ਐਵਾਰਡ, ਪੁਰਸਕਾਰ ਦੇ ਹਵਾਲੇ ਵਜੋਂ ਲਿਆ ਜਾਂਦਾ ਹੈ। ਪਰ ਹੁਣ ਇਹ ਦੁਨੀਆ ਦੀਆਂ ਫਿਲਮਾਂ ਦੀ ਇਕ ਵੱਖਰੀ ਪਛਾਣ ਹੈ ਜਿਸ ’ਤੇ ਵਪਾਰ, ਨਾਂ ਤੇ ਬ੍ਰਾਂਡ ’ਤੇ ਕਈ ਅਰਬ ਡਾਲਰਾਂ ਦਾ ਸੌਦਾ ਤੇ ਮੁਕਾਬਲਾ ਹੁੰਦਾ ਹੈ। ਅਸਲ ਵਿਚ ਇਹ ਜ਼ਿੰਦਗੀ ਵਿਚ ਹਾਸੇ ਤੇ ਸੰਗੀਤ ਲਈ ਸੀ ਪਰ ਬਾਅਦ ਵਿਚ ਇਸ ਨੂੰ ਇਕ ਮੁਕੰਮਲ ਫਿਲਮੀ ਆਊਟਲੈਟ ਮੁਕਾਬਲੇ ਲਈ ਦੁਨੀਆ ਤੋਂ ਵੱਖਰਾ ਕੀਤਾ ਗਿਆ। ਇੱਥੇ ਇਹ ਵੀ ਯਾਦ ਦਿਵਾਇਆ ਜਾਂਦਾ ਹੈ ਕਿ ਪਿਛਲੇ ਛੇ ਮਹੀਨਿਆਂ ਦੀ ਸਕਰੀਨਿੰਗ ਤੇ ਵਿਸ਼ੇ ਦੇ ਮਾਹਿਰ ਲੋਕਾਂ ਵੱਲੋਂ ਰਾਇ ਆਉਣ ਤੋਂ ਬਾਅਦ ਜਦੋਂ ਦਿੱਗਜ ਨਿਰਮਾਤਾ-ਨਿਰਦੇਸ਼ਕ, ਅਦਾਕਾਰੀ ਦੀਆਂ ਪੁਤਲੀਆਂ ਹੁਸੀਨ ਅਦਾਕਾਰਾਵਾਂ ਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਅਦਾਕਾਰ ਤੇ ਪਰਦੇ ਦੇ ਪਿੱਛੇ ਰਹਿੰਦੇ ਲੋਕਾਂ ਦੇ ਨਾਂ ਸਾਹਮਣੇ ਆਉਂਦੇ ਹਨ ਤਾਂ ਪੂਰਾ ਵਿਸ਼ਵ ਤਾੜੀਆਂ ਦੀ ਗੜਗੜਾਹਟ ਵਿਚ ਗੂੰਜਦਾ ਹੈ। ਇਹ ਸੱਚਮੁੱਚ ਫਿਲਮਾਂ ਦਾ ਮਹਾਕੁੰਭ ਹੈ।