ਬੇਥਵੀਆਂ ਦਲੀਲਾਂ

1972 ਵਿਚ ਕਾਂਗਰਸ ‘ਚ ਆਏ ਮੱਧ ਪ੍ਰਦੇਸ਼ ਦੇ 72 ਸਾਲਾ ਆਗੂ ਸੁਰੇਸ਼ ਪਚੌਰੀ ਪਿਛਲੇ ਦਿਨੀਂ ਇਹ ਕਹਿੰਦਿਆਂ ਭਾਜਪਾ ‘ਚ ਸ਼ਾਮਲ ਹੋ ਗਏ ਕਿ ਕਾਂਗਰਸ ਨੂੰ ਅਯੁੱਧਿਆ ਦੇ ਰਾਮ ਮੰਦਰ ‘ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ‘ਚ ਸ਼ਾਮਲ ਹੋਣ ਦੇ ਸੱਦੇ ਨੂੰ ਠੁਕਰਾਉਣਾ ਨਹੀਂ ਚਾਹੀਦਾ ਸੀ | ਪਚੌਰੀ, ਜਿਹੜੇ ਬਿਨਾਂ ਕੋਈ ਚੋਣ ਲੜੇ 24 ਸਾਲ ਰਾਜ ਸਭਾ ‘ਚ ਕਾਂਗਰਸ ਦੇ ਮੈਂਬਰ ਰਹਿਣ ਤੋਂ ਇਲਾਵਾ ਕੇਂਦਰੀ ਮੰਤਰੀ ਵੀ ਰਹੇ, ਨੇ ਇਹ ਨਹੀਂ ਸਪੱਸ਼ਟ ਕੀਤਾ ਕਿ ਕੀ ਆਰ ਐੱਸ ਐੱਸ-ਭਾਜਪਾ ਦੇ ਫਲਸਫੇ ਦਾ ਤਿੱਖਾ ਵਿਰੋਧ ਕਰਨ ਵਾਲੀ ਕਾਂਗਰਸ ਵਿਚ ਸਾਰੀ ਜ਼ਿੰਦਗੀ ਬਿਤਾਉਣ ਦਾ ਉਨ੍ਹਾ ਨੂੰ ਪਛਤਾਵਾ ਰਹੇਗਾ! ਪਚੌਰੀ ਵਾਂਗ ਗੁਜਰਾਤ ਦੇ ਪੁਰਾਣੇ ਕਾਂਗਰਸੀ ਆਗੂ ਅਰਜੁਨ ਮੋਧਵਾਡੀਆ ਵੀ ਪਿਛਲੇ ਦਿਨੀਂ ਭਾਜਪਾ ‘ਚ ਸ਼ਾਮਲ ਹੋ ਗਏ | ਇਹ ਉਹੀ ਮੋਧਵਾਡੀਆ ਹਨ, ਜਿਹੜੇ ਗੁਜਰਾਤ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਹਮਲੇ ਕਰਦੇ ਹੁੰਦੇ ਸਨ | ਇਕ ਵਾਰ ਤਾਂ ਉਨ੍ਹਾ ਮੋਦੀ ਨੂੰ ਬਾਂਦਰ ਤੇ ਸਿਆਸੀ ਦਹਿਸ਼ਤਗਰਦ ਵੀ ਕਿਹਾ ਸੀ | ਮੋਧਵਾਡੀਆ ਨੇ ਵੀ ਭਾਜਪਾ ਵਿਚ ਸ਼ਾਮਲ ਹੋਣ ਦਾ ਪਚੌਰੀ ਵਾਲਾ ਬਹਾਨਾ ਹੀ ਲਾਇਆ ਕਿ ਕਾਂਗਰਸ ਨੇ ਰਾਮ ਲੱਲਾ ਦੇ ਸਮਾਗਮ ‘ਚ ਨਾ ਜਾ ਕੇ ਚੰਗਾ ਨਹੀਂ ਕੀਤਾ | ਪਚੌਰੀ ਤੇ ਮੋਧਵਾਡੀਆ ਵਰਗੇ ਹੰਢੇ ਹੋਏ ਸਿਆਸਤਦਾਨ ਜਿਓਤਿਰਾਦਿੱਤਿਆ ਸਿੰਧੀਆ, ਜਤਿਨ ਪ੍ਰਸਾਦ ਤੇ ਮਿਲਿੰਦ ਦਿਓੜਾ ਵਰਗੇ ਨੌਜਵਾਨ ਸਿਆਸਤਦਾਨਾਂ ਨਾਲੋਂ ਵੱਖਰੇ ਹਨ, ਕਿਉਂਕਿ ਨੌਜਵਾਨ ਸਿਆਸਤਦਾਨ ਸੱਤਾ ਦੇ ਆਨੰਦ ਬਿਨਾਂ ਨਹੀਂ ਰਹਿ ਸਕਦੇ ਸਨ | ਇਨ੍ਹਾਂ ਨੌਜਵਾਨ ਸਿਆਸਤਦਾਨਾਂ ਨੇ ਕਾਂਗਰਸ ਛੱਡਣ ਦਾ ਕਾਰਨ ਰਾਹੁਲ ਦੀ ਕੰਮ ਕਰਨ ਦੀ ਸ਼ੈਲੀ ਨੂੰ ਦੱਸਿਆ ਸੀ, ਪਰ ਹੰਢੇ ਹੋਏ ਸਿਆਸਤਦਾਨਾਂ ਨੇ ਵੀ ਲੋਕਾਂ ਨੂੰ ਇਹ ਦੱਸਣ ਦੀ ਹਿੰਮਤ ਨਹੀਂ ਕੀਤੀ ਕਿ ਉਨ੍ਹਾਂ ਦੇ ਕਾਂਗਰਸੀ ਵਿਚਾਰਧਾਰਾ ਤੋਂ ਉਲਟ ਵਿਚਾਰਧਾਰਾ ਵਾਲੀ ਪਾਰਟੀ ਵੱਲ ਪਲਟੀ ਮਾਰਨ ਦੇ ਕਿਹੜੇ ਵਿਚਾਰਧਾਰਕ ਕਾਰਨ ਸਨ | ਉਂਜ ਤਾਂ ਕਾਂਗਰਸ ਦੋਫਾੜ ਹੁੰਦੀ ਆਈ ਹੈ ਤੇ ਵੱਡੇ-ਵੱਡੇ ਆਗੂ ਇਸ ਵਿੱਚੋਂ ਨਿਕਲਦੇ ਰਹੇ ਹਨ | 1969 ਵਿਚ ਵੱਡੀ ਦੋਫਾੜ ਇਸ ਕਰਕੇ ਹੋਈ ਸੀ ਕਿ ਕੁਝ ਸੀਨੀਅਰ ਆਗੂ ਇੰਦਰਾ ਗਾਂਧੀ ਨੂੰ ਨਿੱਜੀ ਤੌਰ ‘ਤੇ ਨਾਪਸੰਦ ਕਰਦੇ ਸਨ | ਫਿਰ ਸ਼ਰਦ ਪਵਾਰ ਨੇ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦੇ ਹੋਣ ਦਾ ਸਵਾਲ ਚੁੱਕਦਿਆਂ ਬਗਾਵਤ ਦੀ ਅਗਵਾਈ ਕੀਤੀ, ਪਰ ਇਨ੍ਹਾਂ ਵਿੱਚੋਂ ਕਿਸੇ ਨੇ ਆਨੰਦਦਾਇਕ ਸਿਆਸੀ ਕੈਰੀਅਰ ਲਈ ਆਰ ਐੱਸ ਐੱਸ ਦੇ ਫਲਸਫੇ ਨੂੰ ਨਹੀਂ ਅਪਣਾਇਆ | ਪਾਰਟੀਆਂ ਬਦਲਣ ਲਈ ਜੱਚਵਾਂ ਸਿਆਸੀ ਤੇ ਵਿਚਾਰਧਾਰਕ ਕਾਰਨ ਨਾ ਦੱਸਣ ਨੇ ਵੋਟਰਾਂ ਪ੍ਰਤੀ ਜਵਾਬਦੇਹੀ ਦਾ ਸਵਾਲ ਲਗਭਗ ਦਫਨਾ ਦਿੱਤਾ ਹੈ | ਕਾਂਗਰਸ ਛੱਡਣ ਵਾਲਿਆਂ ਦੇ ਉਲਟ ਐਤਵਾਰ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਹਿਸਾਰ ਦੇ ਭਾਜਪਾ ਸਾਂਸਦ ਬਿ੍ਜੇਂਦਰ ਸਿੰਘ ਨੇ ਸਾਫ ਕਿਹਾ ਕਿ ਉਹ ਅਗਨੀਵੀਰ ਸਕੀਮ ਤੇ ਭਲਵਾਨਾਂ ਦੇ ਪ੍ਰੋਟੈੱਸਟ ਨਾਲ ਨਜਿੱਠਣ ਦੇ ਮੋਦੀ ਸਰਕਾਰ ਦੇ ਢੰਗ-ਤਰੀਕਿਆਂ ਤੋਂ ਖਫਾ ਸਨ | ਬਿ੍ਜੇਂਦਰ ਸਿੰਘ ਦੀ ਦਲੀਲ ਵਿਚ ਦਮ ਲੱਗਦਾ ਹੈ, ਕਿਉਂਕਿ ਅਗਨੀਵੀਰ ਸਕੀਮ ਤੇ ਭਲਵਾਨਾਂ ਦੇ ਮੁੱਦੇ ਨੇ ਕੁਝ ਰਾਜਾਂ ਦੇ ਜਾਟਾਂ ਵਿਚ ਸਖਤ ਗੁੱਸਾ ਪੈਦਾ ਕੀਤਾ ਹੈ | ਇੱਥੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੇ ਬਿਆਨ ਦਾ ਜ਼ਿਕਰ ਕਰਨਾ ਵੀ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ ਕਿ ਉਹ ਪ੍ਰਧਾਨ ਮੰਤਰੀ ਦੀ ‘ਸਬਕਾ ਸਾਥ, ਸਬਕਾ ਵਿਕਾਸ’ ਵਾਲੀ ਸਿਆਸਤ ਤੋਂ ਪ੍ਰਭਾਵਤ ਹੋਏ ਹਨ | ਚਵਾਨ ਨੇ ਵੀ ਇਹ ਨਹੀਂ ਦੱਸਿਆ ਕਿ ਜਿਸ ਪਾਰਟੀ ਨੇ ਉਨ੍ਹਾ ਦੇ ਪਿਤਾ ਐੱਸ ਬੀ ਚਵਾਨ ਨੂੰ ਕੇਂਦਰ ਵਿਚ ਗ੍ਰਹਿ ਮੰਤਰੀ ਤੇ ਉਨ੍ਹਾ ਨੂੰ ਮੁੱਖ ਮੰਤਰੀ ਬਣਾਇਆ, ਸਤਿਕਾਰ ਦੇਣ ਦੇ ਮਾਮਲੇ ‘ਚ ਉਹ ਚੰਗੀ ਸੀ ਜਾਂ ਭਾਜਪਾ |

ਸਾਂਝਾ ਕਰੋ