ਨਕਲ ਸਣੇ ਪ੍ਰੀਖਿਆਵਾਂ ’ਚ ਵਰਤੇ ਜਾਂਦੇ ਕਈ ਨਾਜਾਇਜ਼ ਤਰੀਕੇ ਅਫ਼ਸੋਸਜਨਕ ਢੰਗ ਨਾਲ ਭਾਰਤ ਭਰ ਦੀਆਂ ਸਕੂਲ ਬੋਰਡ ਪ੍ਰੀਖਿਆਵਾਂ ’ਚ ਹਰ ਵਾਰ ਦਾ ਮੁੱਦਾ ਬਣ ਚੁੱਕੇ ਹਨ ਜਿਸ ਨਾਲ ਵਿੱਦਿਅਕ ਢਾਂਚੇ ਦੀ ਭਰੋਸੇਯੋਗਤਾ ਦਾਅ ’ਤੇ ਲੱਗ ਗਈ ਹੈ। ਇਸ ਨਾਲ ਪ੍ਰੀਖਿਆਵਾਂ ਦੀ ਨਿਰਪੱਖਤਾ ਉੱਤੇ ਵੀ ਸਵਾਲ ਉੱਠਦੇ ਹਨ। ਹਾਲ ਹੀ ਵਿਚ ਹਰਿਆਣਾ ਦੇ ਨੂਹ ਜਿ਼ਲ੍ਹੇ ’ਚੋਂ ਇਸ ਚਿੰਤਾਜਨਕ ਰੁਝਾਨ ਦੀਆਂ ਕਈ ਤਾਜ਼ਾ ਰਿਪੋਰਟਾਂ ਸਾਹਮਣੇ ਆਈਆਂ ਹਨ। ਨਕਲ ਕਰਵਾਉਣ ਲਈ ਢਾਂਚੇ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁੱਕ ਰਹੇ ‘ਚਿਟ ਗੈਂਗ’ ਨਾ ਸਿਰਫ਼ ਪ੍ਰੀਖਿਆਵਾਂ ਦੀ ਪਵਿੱਤਰਤਾ ਨੂੰ ਭੰਗ ਕਰ ਰਹੇ ਹਨ ਬਲਕਿ ਬੇਈਮਾਨੀ ਨੂੰ ਵੀ ਸ਼ਹਿ ਦੇ ਰਹੇ ਹਨ। ਇਨ੍ਹਾਂ ਦੇ ਕੰਮ ਕਰਨ ਦੇ ਢੰਗ ’ਚੋਂ ਇਕ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ ਜਿਸ ਵਿਚ ਪਿੰਡ ਵਾਸੀ, ਅਜਿਹੇ ਗੁੱਟ, ਇੱਥੋਂ ਤੱਕ ਕਿ ਪ੍ਰੀਖਿਆ ਕੇਂਦਰ ਦਾ ਅਮਲਾ ਵੀ ਸ਼ਾਮਿਲ ਹੈ। ਇਨ੍ਹਾਂ ਦੀ ਮਿਲੀਭੁਗਤ ਨੇ ਕਾਨੂੰਨੀ ਏਜੰਸੀਆਂ ਲਈ ਕਾਰਵਾਈ ਕਰਨਾ ਹੋਰ ਵੀ ਔਖਾ ਕਰ ਦਿੱਤਾ ਹੈ। ਪਿੰਡ ਵਾਸੀ ਕਥਿਤ ਤੌਰ ’ਤੇ ਪੈਸੇ ਬਦਲੇ ਆਪਣੇ ਘਰ ਅਤੇ ਖੇਤ ਇਨ੍ਹਾਂ ਗ਼ੈਰ-ਕਾਨੂੰਨੀ ਗਤੀਵਿਧੀਆਂ ਲਈ ਦਿੰਦੇ ਹਨ। ਇਉਂ ਉਹ ਨਕਲ ਕਰਨ ਵਾਲੇ ਵਿਦਿਆਰਥੀਆਂ ਅਤੇ ‘ਚਿਟ ਗੈਗਾਂ’ ਦੇ ਸਿਰ ਉੱਤੇ ਕਮਾਈ ਕਰ ਰਹੇ ਹਨ। ਇਨ੍ਹਾਂ ਗਤੀਵਿਧੀਆਂ ਦੀ ਬੇਸ਼ਰਮੀ, ਨਕਲ ਕਰਾਉਣ ਵਾਲਿਆਂ ਵੱਲੋਂ ਅਖ਼ਤਿਆਰ ਕੀਤੇ ਜਾਂਦੇ ਤਰੀਕਿਆਂ ਤੋਂ ਸਪੱਸ਼ਟ ਹੋ ਜਾਂਦੀ ਹੈ; ਪ੍ਰਸ਼ਨ ਪੱਤਰ ਹਾਸਿਲ ਕਰਨ ਲਈ ਵੱਟਸਐਪ ਦੀ ਵਰਤੋਂ ਤੋਂ ਲੈ ਕੇ ਵਿਦਿਆਰਥੀਆਂ ਦੀ ਸਿੱਧੇ ਤੌਰ ’ਤੇ ਮਦਦ ਕਰਨ ਲਈ ਪ੍ਰੀਖਿਆ ਕੇਂਦਰਾਂ ਦੀਆਂ ਕੰਧਾਂ ਤੱਕ ਟੱਪੀਆਂ ਜਾ ਰਹੀਆਂ ਹਨ। ਅਤੀਤ ’ਚ ਵਾਪਰੀਆਂ ਕੁਝ ਘਟਨਾਵਾਂ ਪ੍ਰੀਖਿਆਵਾਂ ’ਚ ਵਰਤੇ ਜਾਂਦੇ ਅਜਿਹੇ ਗ਼ੈਰ-ਵਾਜਿਬ ਢੰਗਾਂ ਦੀਆਂ ਚੁਣੌਤੀਆਂ ਦਾ ਚੇਤਾ ਕਰਵਾਉਂਦੀਆਂ ਹਨ। ਬਿਹਾਰ ਵਿਚ 2015 ’ਚ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਹੋਈ ਸਮੂਹਿਕ ਨਕਲ ਨੇ ਦੇਸ਼ ਨੂੰ ਹਿਲਾ ਦਿੱਤਾ ਸੀ। ਕੈਮਰੇ ’ਤੇ ਰਿਕਾਰਡ ਹੋਏ ਦ੍ਰਿਸ਼ਾਂ ’ਚ ਪਰਿਵਾਰਕ ਮੈਂਬਰ ਤੇ ਦੋਸਤ ਸਕੂਲ ਦੀਆਂ ਕੰਧਾਂ ਟੱਪ ਕੇ ਪ੍ਰੀਖਿਆ ਹਾਲਾਂ ਅੰਦਰ ਬੈਠੇ ਵਿਦਿਆਰਥੀਆਂ ਨੂੰ ਸ਼ੀਟਾਂ ਫੜਾਉਂਦੇ ਨਜ਼ਰ ਆਏ ਸਨ। ਇਸੇ ਤਰ੍ਹਾਂ ਦਾ ਘੁਟਾਲਾ 2017 ਵਿਚ ਉੱਤਰ ਪ੍ਰਦੇਸ਼ ’ਚ 12ਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਸਾਹਮਣੇ ਆਇਆ ਜਿਸ ਨੇ ਸੰਗਠਿਤ ਗਰੁੱਪਾਂ ਵੱਲੋਂ ਵਿਆਪਕ ਪੱਧਰ ’ਤੇ ਕਰਵਾਏ ਜਾ ਰਹੇ ਅਜਿਹੇ ਨਾਜਾਇਜ਼ ਕੰਮਾਂ ਦਾ ਪਰਦਾਫਾਸ਼ ਕੀਤਾ। ਹੁਣ ਪ੍ਰੀਖਿਆਵਾਂ ਵਿਚ ਨਕਲ ’ਤੇ ਲਗਾਮ ਕਸਣ ਦੇ ਯਤਨ ਤੇਜ਼ ਹੋਏ ਹਨ। ਸਬੰਧਿਤ ਅਥਾਰਿਟੀ ਨਿਗਰਾਨੀ ਤੇ ਪਛਾਣ ਲਈ ਹੁਣ ਤਕਨੀਕ ਦੀ ਮਦਦ ਵੀ ਲੈ ਰਹੀ ਹੈ ਤੇ ਹੋਰ ਸਖ਼ਤੀ ਵੀ ਕੀਤੀ ਜਾ ਰਹੀ ਹੈ; ਹਾਲਾਂਕਿ ਇਨ੍ਹਾਂ ਮਾੜੇ ਕੰਮਾਂ ਦੀ ਜੜ੍ਹ ਫੜਨਾ ਵੱਡਾ ਕਾਰਜ ਹੈ। ਇਸ ਵਰਤਾਰੇ ਵਿਚ ਸਮਾਜਿਕ-ਆਰਥਿਕ ਫ਼ਰਕਾਂ ਦੇ ਨਾਲ-ਨਾਲ ਵਿਦਿਆਰਥੀਆਂ ਉੱਤੇ ਬਿਹਤਰ ਕਾਰਗੁਜ਼ਾਰੀ ਦੇ ਦਬਾਅ ਦੀ ਵੀ ਭੂਮਿਕਾ ਹੈ। ਨਕਲ ਰਹਿਤ ਵਾਤਾਵਰਨ ਤਿਆਰ ਕਰਨ ਲਈ ਵਿਦਿਅਕ ਸਰੋਤਾਂ ’ਚ ਨਿਵੇਸ਼ ਜ਼ਰੂਰੀ ਹੈ। ਇਸ ਤੋਂ ਇਲਾਵਾ ਕਮਜ਼ੋਰ ਵਰਗਾਂ ਨੂੰ ਸਹਾਰਾ ਦੇਣਾ ਪਏਗਾ ਅਤੇ ਅਕਾਦਮਿਕ ਇਮਾਨਦਾਰੀ ਦਾ ਮਾਹੌਲ ਸਿਰਜਣਾ ਪਵੇਗਾ। ਵਿਦਿਆਰਥੀਆਂ ਦਾ ਭਵਿੱਖ ਬਿਹਤਰ ਬਣਾਉਣ ’ਚ ਨੈਤਿਕ ਕਦਰਾਂ-ਕੀਮਤਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਇਸ ਲਈ ਇਸ ਵਰਤਾਰੇ ਦੀ ਰੋਕਥਾਮ ਲਈ ਪਹਿਲ ਦੇ ਆਧਾਰ ’ਤੇ ਵਿਉਂਤਬੰਦੀ ਹੋਣੀ ਚਾਹੀਦੀ ਹੈ।