ਲੱਦਾਖ ਨੂੰ ਵਿਸ਼ੇਸ਼ ਰੁਤਬਾ ਦਿਵਾਉਣ ਦੀ ਮੁਹਿੰਮ ਚਲਾ ਰਹੇ ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ ਨੇ ਸ਼ਨੀਵਾਰ ਬਹੁਤ ਹੀ ਚਿੰਤਾਜਨਕ ਗੱਲ ਕਹੀ ਕਿ ਲੱਦਾਖ ਵਿਚ ਚੀਨ ਤੇ ਪਾਕਿਸਤਾਨ ਨਾਲ ਸਿੱਝਣ ਲਈ ਤਾਇਨਾਤ ਭਾਰਤੀ ਫੌਜੀਆਂ ਦਾ ਮਨੋਬਲ ਬਹੁਤ ਹੀ ਥੱਲੇ ਡਿਗ ਚੁੱਕਾ ਹੈ, ਕਿਉਕਿ ਖਿੱਤੇ ਵਿਚ ਸਭ ਤੋਂ ਤਾਕਤਵਰ ਯੋਧੇ ਮੰਨੇ ਜਾਂਦੇ ਲੱਦਾਖੀ, ਸਿੱਖ ਤੇ ਗੋਰਖਾ ਫੌਜੀਆਂ ਵਿਚ ਬੇਚੈਨੀ ਹੈ। ਵਾਂਗਚੁਕ ਲੱਦਾਖ ਨੂੰ ਸੰਵਿਧਾਨ ਦੇ ਛੇਵੇਂ ਸ਼ਡਿਊਲ ਤਹਿਤ ਵਿਸ਼ੇਸ਼ ਰੁਤਬਾ ਤੇ ਰਾਜ ਦਾ ਦਰਜਾ ਦਿਵਾਉਣ ਲਈ ਬੁੱਧਵਾਰ ਤੋਂ ਜਮਾ ਦੇਣ ਵਾਲੀ ਠੰਢ ਵਿਚ ਮਰਨਵਰਤ ’ਤੇ ਬੈਠੇ ਹੋਏ ਹਨ। ਸ਼ਨੀਵਾਰ ਉੱਥੇ ਤਾਪਮਾਨ ਮਨਫੀ 16 ਡਿਗਰੀ ਸੀ। ਵਾਂਗਚੁਕ ਦੇ ਦਾਅਵੇ ਨੇ ਫੌਜ ਵੱਲੋਂ ਵਾਰ-ਵਾਰ ਕੀਤੇ ਜਾਂਦੇ ਇਨ੍ਹਾਂ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਕਿ ਪੂਰਬੀ ਲੱਦਾਖ ਵਿਚ ਲਾਈਨ ਆਫ ਐਕਚੁਅਲ ਕੰਟਰੋਲ ਦੇ ਨਾਲ ਉਸ ਦੀ ਤਿਆਰੀ ਉੱਚ ਦਰਜੇ ਦੀ ਹੈ। ਚੀਫ ਆਫ ਦੀ ਆਰਮੀ ਸਟਾਫ ਜਨਰਲ ਮਨੋਜ ਪਾਂਡੇ ਨੇ ਜਨਵਰੀ ਵਿਚ ਕਿਹਾ ਸੀ ਕਿ ਉੱਤਰੀ ਸਰਹੱਦ ਤੋਂ ੳੱੁਠਣ ਵਾਲੇ ਖਤਰਿਆਂ ਦਾ ਜਵਾਬ ਦੇਣ ਲਈ ਫੌਜ ਦੀ ਪੂਰੀ ਤਿਆਰੀ ਹੈ। ਵਾਂਗਚੁਕ ਦਾ ਕਹਿਣਾ ਹੈ ਕਿ ਲੱਦਾਖੀ ਫੌਜੀਆਂ ਦਾ ਮਨੋਬਲ ਇਸ ਕਰਕੇ ਟੁੱਟਿਆ ਹੈ ਕਿ ਲੱਦਾਖ ਵਿਚ ਨਾ ਜਮਹੂਰੀਅਤ (ਅਸੰਬਲੀ) ਹੈ ਤੇ ਨਾ ਹੀ ਸਥਾਨਕ ਲੋਕਾਂ ਲਈ ਰਿਜ਼ਰਵੇਸ਼ਨ। ਸਿੱਖ ਫੌਜੀ ਕਿਸਾਨ ਅੰਦੋਲਨ ਕਰਕੇ ਪ੍ਰੇਸ਼ਾਨ ਹਨ, ਕਿਉਕਿ ਇਹ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਜੁੜਿਆ ਹੋਇਆ ਹੈ। ਗੋਰਖੇ ਥੋੜ੍ਹੀ ਮਿਆਦ ਦੀ ਭਰਤੀ ਵਾਲੀ ਅਗਨੀਵੀਰ ਸਕੀਮ ਕਾਰਨ ਫੌਜ ਜੁਆਇਨ ਕਰਨ ਤੋਂ ਨਾਂਹ ਕਰ ਰਹੇ ਹਨ। ਗੋਰਖਿਆਂ ਦੇ ਮਾਮਲੇ ਵਿਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹ ਚੀਨੀ ਫੌਜ ਵਿਚ ਭਰਤੀ ਹੋ ਰਹੇ ਹਨ। ਆਪੋਜ਼ੀਸ਼ਨ ਆਗੂਆਂ ਵਾਂਗ ਵਾਂਗਚੁਕ ਵੀ ਇਸ ਗੱਲੋਂ ਨਾਰਾਜ਼ ਹਨ ਕਿ ਕੌਮੀ ਮੀਡੀਆ ਲੱਦਾਖ ਦਾ ਸੱਚ ਨਹੀਂ ਦਿਖਾ ਰਿਹਾ। ਬਹੁਤ ਹੀ ਘੱਟ ਆਬਾਦੀ ਵਾਲੇ ਲੱਦਾਖ ਵਿਚ ਹਜ਼ਾਰਾਂ ਲੋਕ ਕਈ ਵਾਰ ਸੜਕਾਂ ’ਤੇ ਨਿਕਲੇ ਹਨ, ਪਰ ਮੀਡੀਆ ਨੇ ਬਣਦੀ ਕਵਰੇਜ ਨਹੀਂ ਦਿੱਤੀ। ਇਸ ਦੇ ਉਲਟ ਇਕ ਭਾਰਤੀ ਨਾਲ ਵਿਆਹ ਕਰਾਉਣ ਲਈ ਸਰਹੱਦ ਟੱਪ ਕੇ ਇਧਰ ਆਉਣ ਵਾਲੀ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਬਾਰੇ ਮੀਡੀਆ ਕਈ ਦਿਨ ਚਰਚਾ ਕਰਦਾ ਰਿਹਾ। ਚੀਨ ਤੇ ਪਾਕਿਸਤਾਨ ਨਾਲ ਲੱਗਦੇ ਲੱਦਾਖ ਦੀਆਂ ਮੁਸ਼ਕਲਾਂ ਬਾਰੇ ਮੀਡੀਆ ਨੇ ਮੂੰਹ ਫੇਰਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਸਤ 2019 ਵਿਚ ਧਾਰਾ 370 ਖਤਮ ਕਰਕੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ ਪਹਿਲੀ ਵਾਰ ਵੀਰਵਾਰ ਕਸ਼ਮੀਰ ਦਾ ਦੌਰਾ ਕਰਦਿਆਂ ਸ੍ਰੀਨਗਰ ਵਿਚ ਦਾਅਵਾ ਕੀਤਾ ਸੀ ਕਿ ਧਾਰਾ 370 ਖਤਮ ਹੋਣ ਤੋਂ ਬਾਅਦ ਖਿੱਤੇ ਦੇ ਲੋਕ ਆਜ਼ਾਦੀ ਨਾਲ ਸਾਹ ਲੈ ਰਹੇ ਹਨ। ਉਨ੍ਹਾ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਹਜ਼ਾਰਾਂ ਲੱਦਾਖੀਆਂ ਨੇ ਮੁਜ਼ਾਹਰਾ ਕਰਕੇ ਮੰਗ ਕੀਤੀ ਸੀ ਕਿ ਉਨ੍ਹਾਂ ਨਾਲ ਕੀਤਾ ਗਿਆ ਵਾਅਦਾ ਨਿਭਾਅ ਕੇ ਉਨ੍ਹਾਂ ਨੂੰ ਅਸੰਬਲੀ ਤੇ ਵਿਸ਼ੇਸ਼ ਰੁਤਬਾ ਦਿੱਤਾ ਜਾਵੇ। ਇਸ ਮੁਜ਼ਾਹਰੇ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਸਰਕਾਰ ਵੱਲੋਂ ਢੋਹ ਕੇ ਲਿਆਂਦੇ ਗਏ ਲੋਕਾਂ ਨਾਲੋਂ ਕਿਤੇ ਵੱਧ ਲੋਕ ਸ਼ਾਮਲ ਸਨ, ਜੋ ਦਰਸਾਉਦਾ ਹੈ ਕਿ ਲੋਕ ਆਜ਼ਾਦੀ ਨਾਲ ਸਾਹ ਲੈ ਰਹੇ ਹਨ ਕਿ ਘੁਟਣ ਵਿਚ ਹਨ।