ਪਿਛਲੇ ਕੁੱਝ ਸਮੇਂ ਵਿੱਚ ਹਲਦੀ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹਲਦੀ ਦੀ ਮੰਗ ਵਧਣ ਪਿੱਛੇ ਅਹਿਮ ਕਾਰਨ ਬਿਮਾਰੀਆਂ ਦੇ ਇਲਾਜ ਲਈ ਇਸ ਦੀ ਵਰਤੋਂ ਹੈ। ਕਰੋਨਾ ਸਮੇਂ ਹਲਦੀ ਦੀ ਵਰਤੋਂ ਨਵੇਂ ਨਵੇਂ ਢੰਗਾਂ ਨਾਲ ਕੀਤੀ ਗਈ। ਹਲਦੀ ਦੁੱਧ ਖ਼ਪਤਕਾਰਾਂ ਵੱਲੋਂ ਨਵੇਂ ਢੰਗ ਦੀ ਮੰਗ ਸੀ। ਹੁਣ ਸਟਾਰ ਬੱਕ ਵਰਗੇ ਵੱਡੇ ਅਮਰੀਕੀ ਕੌਫੀ ਵਿਕਰੇਤਾ ਵੀ ਹਲਦੀ ਦੁੱਧ (ਗੋਲਡਨ ਟਰਮੈਰਿਕ ਲਾਤੇ) ਦੀ ਵਿਕਰੀ ਕਰਦੇ ਹਨ। ਹਲਦੀ ਦੇ ਲੱਡੂ, ਕੱਚੀ ਹਲਦੀ ਦਾ ਆਚਾਰ, ਹਲਦੀ ਦੀ ਦੰਦ ਸਾਫ਼ ਕਰਨ ਵਾਲੀ ਪੇਸਟ ਆਦਿ ਢੰਗਾਂ ਨਾਲ ਇਸ ਦੀ ਖ਼ਪਤ ਲਗਾਤਾਰ ਵਧ ਰਹੀ ਹੈ। ਹਲਦੀ ਜੋ ‘ਪੀਲਾ ਸੋਨਾ’ ਜਾਂ ਫਿਰ ਸੁਨਹਿਰੀ ਮਸਾਲੇ ਵਜੋਂ ਜਾਣੀ ਜਾਂਦੀ ਹੈ। ਭਾਰਤੀ ਖਿੱਤੇ ਵਿੱਚ ਪੈਦਾ ਹੋਣ ਵਾਲਾ ਅਹਿਮ ਖਾਦ ਪਦਾਰਥ ਹੈ। ਦੱਖਣੀ ਏਸ਼ੀਆ ਖ਼ਾਸ ਕਰ ਕੇ ਭਾਰਤ ਹਲਦੀ ਦੇ ਉਤਪਤੀ ਦੇ ਕੇਂਦਰ ਵਜੋਂ ਮੰਨਿਆ ਗਿਆ ਹੈ। ਭਾਰਤ ਦੁਨੀਆਂ ਦੇ ਹਲਦੀ ਉਤਪਾਦਨ ਦਾ 80 ਫ਼ੀਸਦੀ ਪੈਦਾ ਕਰਦਾ ਹੈ। ਭਾਰਤ ਵਿੱਚ ਪੈਦਾ ਹੋਣ ਵਾਲੀ ਹਲਦੀ ਦਾ 80 ਫ਼ੀਸਦੀ ਇੱਥੇ ਹੀ ਖ਼ਪਤ ਹੋ ਜਾਂਦਾ ਹੈ ਜਦੋਂਕਿ ਬਾਕੀ ਦਾ 20 ਫ਼ੀਸਦੀ ਨਿਰਯਾਤ ਕੀਤਾ ਜਾਂਦਾ ਹੈ ਜੋ ਕਿ ਦੁਨੀਆਂ ਦੇ ਕੁੱਲ ਨਿਰਯਾਤ ਦਾ 67 ਫ਼ੀਸਦੀ ਬਣਦਾ ਹੈ। ਭਾਰਤ ਤੋਂ ਹਲਦੀ ਦਾ ਆਯਾਤ ਇਰਾਨ, ਯੂਏਈ ਅਤੇ ਅਮਰੀਕਾ ਆਦਿ ਕਰਦੇ ਹਨ। ਭਾਰਤ ਵਿੱਚ ਸਭ ਤੋਂ ਵੱਧ ਹਲਦੀ ਦੱਖਣ ਭਾਰਤ ਵਿੱਚ ਪੈਦਾ ਹੁੰਦੀ ਹੈ। ਦੱਖਣ ਭਾਰਤ ਦੇ ਸੂਬੇ ਜਿਵੇਂ ਤੇਲੰਗਾਨਾ (1.26 ਲੱਖ ਕਿਲੇ), ਕਰਨਾਟਕ (61 ਹਜ਼ਾਰ ਕਿਲੇ), ਤਾਮਿਲਨਾਡੂ (54 ਹਜ਼ਾਰ ਕਿਲੇ), ਆਂਧਰਾ ਪ੍ਰਦੇਸ਼ (48 ਹਜ਼ਾਰ ਕਿਲੇ) ਅਤੇ ਪੂਰਬੀ ਪ੍ਰਾਂਤ ਪੱਛਮੀ ਬੰਗਾਲ (44 ਹਜ਼ਾਰ ਕਿਲੇ) ਅਤੇ ਸਿੱਕਮ ਵਿੱਚ ਵਧੀਆ ਕਿਸਮ ਦੀ ਹਲਦੀ ਪੈਦਾ ਹੁੰਦੀ ਹੈ। ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਹਲਦੀ ਦੀ ਚੰਗੀ ਪੈਦਾਵਾਰ ਹੋ ਰਹੀ ਹੈ ਪਰ ਦੱਖਣ ਭਾਰਤ ਦੇ ਮੁਕਾਬਲੇ ਪੰਜਾਬ ਵਿੱਚ ਹਲਦੀ ਦੀ ਪੈਦਾਵਾਰ ਨਾਮਾਤਰ ਹੈ। ਦੱਖਣ ਭਾਰਤ ਦੀਆਂ ਮੰਡੀਆਂ ਜਿਵੇਂ ਕਿ ਅਰੋਡ (ਤਾਮਿਲਨਾਡੂ) ਅਤੇ ਨਿਜ਼ਾਮਾਬਾਦ (ਤੇਲੰਗਾਨਾ) ਤੋਂ ਹਲਦੀ ਪੰਜਾਬ ਵਿੱਚ ਭੇਜੀ ਜਾਂਦੀ ਹੈ। ਪੰਜਾਬ ਵਿੱਚ ਹਲਦੀ ਦੀ ਗੁਣਵੱਤਾ ਤਹਿ ਕਰਨ ਵਾਲਾ ਕੁਰਕੁਮਿਨ ਘੱਟ ਪਾਇਆ ਜਾਂਦਾ ਹੈ। ਇੱਥੇ ਔਸਤਨ 2.5 ਤੋਂ 3.5 ਫ਼ੀਸਦੀ ਤੱਕ ਕੁਰਕੁਮਿਨ ਪਾਇਆ ਜਾਂਦਾ ਹੈ ਜੋ ਕਿ ਭਾਰਤੀ ਖਾਦ ਕਾਨੂੰਨ ਦੇ ਮੁਤਾਬਕ ਠੀਕ ਮੰਨਿਆ ਗਿਆ ਹੈ। ਮੁਨਾਫ਼ਾਖੋਰ ਆਪਣੀ ਆਮਦਨ ਨੂੰ ਵਧਾਉਣ ਲਈ ਖੁੱਲ੍ਹੇ ਵਿੱਚ ਮਿਲਣ ਵਾਲੀ ਹਲਦੀ ਵਿੱਚ ਕਈ ਵਾਰ ਮਿਲਾਵਟ ਕਰਦੇ ਹਨ। ਹਲਦੀ ਵਿੱਚ ਪੀਲਾ ਰੰਗ, ਚੌਲਾਂ ਦੇ ਟੋਟੇ ਅਤੇ ਬੇਹੀਆਂ ਰੋਟੀਆਂ ਦੀ ਮਿਲਾਵਟ ਆਮ ਹੈ। ਚੌਲਾਂ ਦੇ ਟੋਟੇ ਦੀ ਮਿਲਾਵਟ (ਕਈ ਵਾਰ 30 ਫ਼ੀਸਦੀ ਤੱਕ) ਤੋਂ ਬਾਅਦ ਹਲਦੀ ਪਾਊਡਰ ਵਿੱਚ ਹਾਨੀਕਾਰਕ ਪੀਲੇ ਰੰਗ ਨੂੰ ਮਿਲਾ ਕੇ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। ਵੇਖਣ ਵਿੱਚ ਜੋ ਹਲਦੀ ਜ਼ਿਆਦਾ ਪੀਲੀ ਹੈ, ਉਸ ਵਿੱਚ ਕੁਰਕਿਮਨ ਘੱਟ ਹੁੰਦਾ ਹੈ ਅਤੇ ਜੋ ਹਲਦੀ ਪਾਊਡਰ ਦੇਖਣ ਵਿੱਚ ਸੰਤਰੀ ਰੰਗ ਦਾ ਹੁੰਦਾ ਹੈ, ਉਸ ਵਿੱਚ ਕੁਰਕਿਮਨ ਠੀਕ ਮਾਤਰਾ ਵਿੱਚ ਹੁੰਦਾ ਹੈ। ਹਲਦੀ 10 ਮਹੀਨੇ ਵਿੱਚ ਤਿਆਰ ਹੋਣ ਵਾਲੀ ਫ਼ਸਲ ਹੈ। ਪੰਜਾਬ ਵਿੱਚ ਇਸ ਦੀ ਬਿਜਾਈ ਮਾਰਚ ਅਖ਼ੀਰ ਤੋਂ ਲੈ ਕੇ ਅਪਰੈਲ ਅਖ਼ੀਰ ਤੱਕ ਕੀਤੀ ਜਾਂਦੀ ਹੈ। ਪੰਜਾਬ ਹਲਦੀ-1 ਅਤੇ ਪੰਜਾਬ ਹਲਦੀ-2 (ਕਰਕੁਮਿਨ >3%) ਕਿਸਮਾਂ ਪ੍ਰਚੱਲਿਤ ਹਨ। ਇਹ ਕਿਸਮਾਂ ਹਲਦੀ ਦੇ ਕਿਸਾਨਾਂ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲ ਜਾਂਦੀਆਂ ਹਨ। ਛੇ ਤੋਂ ਸੱਤ ਕੁਇੰਟਲ ਗੰਢੀਆਂ ਇੱਕ ਏਕੜ ਦੀ ਬਿਜਾਈ ਲਈ ਕਾਫ਼ੀ ਹਨ। ਚਾਲੀ ਤੋਂ ਪੰਜਾਹ ਰੁਪਏ ਕਿਲੋ ਦੇ ਹਿਸਾਬ ਨਾਲ ਗੰਢੀਆਂ ਦਾ ਬੀਜ ਮਿਲ ਜਾਂਦਾ ਹੈ। ਹਲਦੀ ਦੀ ਬਿਜਾਈ ਵੱਟਾਂ ’ਤੇ ਕੀਤੀ ਜਾਂਦੀ ਹੈ। ਹਲਦੀ ਦੀ ਪੈਦਾਵਾਰ ਵਿੱਚ 40 ਤੋਂ 45 ਹਜ਼ਾਰ ਇੱਕ ਏਕੜ ਦਾ ਖ਼ਰਚਾ ਆ ਜਾਂਦਾ ਹੈ। ਸਭ ਤੋਂ ਵੱਧ ਖ਼ਰਚਾ ਬੀਜ ਵਿੱਚ ਜਾਂਦਾ ਹੈ ਅਤੇ ਇਸ ਤੋਂ ਬਾਅਦ ਕਾਮਿਆਂ ਦੀ ਦਿਹਾੜੀ ਆਦਿ ’ਤੇ ਆਉਣ ਵਾਲੇ ਖ਼ਰਚੇ ਸਭ ਤੋਂ ਵੱਧ ਹਨ। ਇੱਕ ਏਕੜ ਵਿੱਚ 110 ਤੋਂ 120 ਕੁਇੰਟਲ ਕੱਚੀ ਹਲਦੀ ਦੀ ਪੈਦਾਵਾਰ ਹੋ ਜਾਂਦੀ ਹੈ। ਕੱਚੀ ਹਲਦੀ ਪ੍ਰਾਸੈਸਿੰਗ ਤੋਂ ਬਾਅਦ 12 ਤੋਂ 18 ਫ਼ੀਸਦੀ ਸੁੱਕੇ ਹਲਦੀ ਪਾਊਡਰ ਵਿੱਚ ਤਬਦੀਲ ਹੋ ਜਾਂਦੀ ਹੈ। ਜੇ ਮੁਨਾਫ਼ੇ ਦੀ ਗੱਲ ਕਰੀਏ ਤਾਂ ਖੁੱਲ੍ਹੀ ਮੰਡੀ ਵਿੱਚ ਵੇਚਣ ਉਪਰੰਤ ਇੱਕ ਏਕੜ ਹਲਦੀ ਇੱਕ ਲੱਖ ਤੋਂ ਸਵਾ ਲੱਖ ਰੁਪਏ ਤੱਕ ਆਮਦਨ ਦੇ ਦਿੰਦੀ ਹੈ ਪਰ ਜੇ ਕਿਸਾਨ ਖ਼ੁਦ ਹਲਦੀ ਪਾਊਡਰ ਬਣਾ ਕੇ ਵੇਚਣ ਤਾਂ ਢਾਈ ਤੋਂ ਤਿੰਨ ਲੱਖ ਰੁਪਏ ਤੱਕ ਆਮਦਨ ਪ੍ਰਤੀ ਏਕੜ ਕਮਾ ਲੈਂਦੇ ਹਨ। ਕਿਸਾਨ ਵੱਲੋਂ ਤਿਆਰ ਕੀਤਾ ਹਲਦੀ ਪਾਊਡਰ ਪੰਜਾਬ ਵਿੱਚ 200 ਤੋਂ 250 ਰੁਪਏ ਪ੍ਰਤੀ ਕਿਲੋ ਨਾਲ ਵਿਕਦਾ ਹੈ ਅਤੇ ਜੇ ਹਲਦੀ ਦੀ ਪੈਦਾਵਾਰ ਕੁਦਰਤੀ ਤਰੀਕੇ ਨਾਲ ਕੀਤੀ ਗਈ ਹੋਵੇ ਤਾਂ 300 ਤੋਂ 350 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹਲਦੀ ਪਾਊਡਰ ਵਿਕ ਜਾਂਦਾ ਹੈ। ਹਲਦੀ ਦੀ ਪੈਦਾਵਾਰ ਬਹੁਤ ਹੈ ਪਰ ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ ਤਾਂ ਕਿਸਾਨਾਂ ਨੂੰ ਕਾਫ਼ੀ ਵਾਰ ਨਿਰਾਸ਼ਾ ਮਿਲਦੀ ਹੈ। ਮੰਡੀ ਵਿੱਚ ਹਲਦੀ ਦੇ ਭਾਅ ਬਹੁਤ ਘੱਟ ਮਿਲਦੇ ਹਨ। ਇਸ ਲਈ ਕਿਸਾਨਾਂ ਨੂੰ ਨਵੇਂ ਢੰਗ ਨਾਲ ਮੰਡੀਕਰਨ ਕਰਨੀ ਪਵੇਗੀ। ਪੰਜਾਬ ਜਿੱਥੇ ਕਿ ਕੋਈ ਨਿਰਧਾਰਤ ਮੰਡੀ ਹਲਦੀ ਦੀ ਵਿਕਰੀ ਲਈ ਨਹੀਂ ਹੈ, ਇੱਥੇ ਕਿਸਾਨ ਆਪਣੇ ਢੰਗ ਨਾਲ ਸੁਚਾਰੂ ਮੰਡੀਕਰਨ ਕਰ ਸਕਦਾ ਹੈ। ਹਲਦੀ ਦੀ ਪੁਟਾਈ ਫਰਵਰੀ ਅਖ਼ੀਰ ਤੋਂ ਸ਼ੁਰੂ ਹੋ ਜਾਂਦੀ ਹੈ। ਜਦੋਂ ਹਲਦੀ ਦੇ ਪੱਤੇ ਪੀਲੇ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪੁਟਾਈ ਲਈ ਹਲਦੀ ਤਿਆਰ ਹੈ। ਪੁਟਾਈ ਕਰ ਕੇ ਗੰਢੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਜਾਂਦਾ ਹੈ। ਇੱਕ ਗੋਲਾ (ਬੱਲਬ) ਅਤੇ ਦੂਜਾ ਫਿੰਗਰਸ। ਗੁਣਵੱਤਾ ਦੇ ਪੈਮਾਨੇ ’ਤੇ ਫਿੰਗਰਸ ਵਿੱਚ ਕਰਕੁਮਿਨ ਜ਼ਿਆਦਾ ਪਾਇਆ ਜਾਂਦਾ ਹੈ। ਗੰਢੀਆਂ ਨੂੰ ਸਭ ਤੋਂ ਪਹਿਲਾਂ ਪਾਣੀ ਵਿੱਚ ਪਾ ਕੇ ਉਬਾਲਿਆ ਜਾਂਦਾ ਹੈ। ਉਬਾਲਣ ਤੋਂ ਬਾਅਦ ਗੰਢੀਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ। ਗੰਢੀਆਂ ਦੀ ਖੁਰਦਦਾਰ ਪਰਤ ਉਤਾਰਨ ਲਈ ਇਸ ਨੂੰ ਪਾਲਸ਼ ਮਸ਼ੀਨ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਪਾਊਡਰ ਬਣਾ ਲਿਆ ਜਾਂਦਾ ਹੈ। ਕਿਸਾਨ ਹਲਦੀ ਨੂੰ ਸਿੱਧਾ ਮੰਡੀ ਵਿੱਚ ਵੇਚਣ ਨਾਲੋਂ ਖੁ਼ੁਦ ਹਲਦੀ ਦਾ ਪਾਊਡਰ ਤਿਆਰ ਕਰ ਕੇ ਮੰਡੀ ਵਿੱਚ ਵੇਚਣ। ਇਸ ਲਈ ਪੈਕਿੰਗ ਅਤੇ ਤਰ੍ਹਾਂ-ਤਰ੍ਹਾਂ ਦੇ ਪਦਾਰਥ ਬਣਾ ਕੇ ਵੇਚਣਾ ਲਾਭਕਾਰੀ ਹੈ। ਜਿਵੇਂ ਕਿ ਹਲਦੀ ਦੇ ਲੱਡੂ, ਕੱਚੀ ਹਲਦੀ ਦਾ ਆਚਾਰ, ਹਲਦੀ ਦੁੱਧ ਵਾਲਾ ਪਾਊਡਰ, ਜਿਸ ਨੂੰ ਬਣਾਉਣ ਦਾ ਤਰੀਕਾ www.cftri.com ਤੋਂ ਮਿਲ ਜਾਂਦਾ ਹੈ। ਕੁਦਰਤੀ ਤਰੀਕੇ ਨਾਲ ਤਿਆਰ ਕੀਤੀ ਹਲਦੀ ਦੀ ਖ਼ਪਤਕਾਰ ਮੰਡੀ ਵਿੱਚ ਕਾਫ਼ੀ ਮੰਗ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਹਲਦੀ ਵਿੱਚ ਆਤਮ ਨਿਰਭਰ ਬਣਾਉਣ ਲਈ ਕਿਸਾਨ ਘਰ ਦੀ ਖ਼ਪਤ ਜਿੰਨੀ ਹਲਦੀ ਘਰ ਵਿੱਚ ਹੀ ਉਗਾਉਣ। ਪੰਜ ਜੀਆਂ ਦੇ ਪਰਿਵਾਰ ਲਈ ਅੱਧੇ ਮਰਲੇ ਵਿੱਚ ਤਿਆਰ ਕੀਤੀ ਗਈ ਹਲਦੀ ਕਾਫ਼ੀ ਹੈ। ਇੱਥੇ ਇਹ ਗੱਲ ਸਪੱਸ਼ਟ ਹੈ ਕਿ ਜੇ ਹਲਦੀ ਦਾ ਸਹੀ ਮੰਡੀਕਰਨ ਕੀਤਾ ਜਾਵੇ ਤਾਂ ਕਿਸਾਨ ਚੰਗੀ ਆਮਦਨੀ ਕਰ ਸਕਦੇ ਹਨ ਅਤੇ ਖੇਤੀ ਵਿਭਿੰਨਤਾ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ।