ਦੇਸ਼ ’ਚ ਇਮੀਗ੍ਰੇਸ਼ਨ ਏਜੰਟਾਂ ਦੀ ਲੁੱਟ ਦਾ ਸਿਲਸਿਲਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਹੁਣ ਅਜਿਹੇ ਏਜੰਟਾਂ ਦੇ ਇਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ ਜੋ ਭੋਲ਼ੇ-ਭਾਲ਼ੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਲੈਂਦੇ ਰਹੇ ਹਨ। ਚੋਖਾ ਧਨ ਹੜੱਪ ਕੇ ਉਹ ਉਨ੍ਹਾਂ ਨੂੰ ਇੰਗਲੈਂਡ, ਯੂਰਪੀ ਦੇਸ਼ਾਂ ਜਾਂ ਕੈਨੇਡਾ, ਅਮਰੀਕਾ ਨਹੀਂ ਸਗੋਂ ਯੂਕਰੇਨ ਨਾਲ ਜੰਗ ’ਚ ਉਲਝੇ ਰੂਸ ਭੇਜ ਦਿੰਦੇ ਸਨ। ਆਪਣੇ ਸ਼ਿਕਾਰ ਉਹ ਸੋਸ਼ਲ ਮੀਡੀਆ ’ਤੇ ਹੀ ਲੱਭਦੇ ਸਨ। ਬਹੁਤ ਸਾਰੇ ਸੂਬਿਆਂ ਦੇ ਨੌਜਵਾਨ ਇਨ੍ਹਾਂ ਦੇ ਢਹੇ ਚੜ੍ਹਦੇ ਰਹੇ। ਇਹ ਮਾਮਲਾ ਸ਼ਾਇਦ ਕਦੇ ਵੀ ਸਾਹਮਣੇ ਨਹੀਂ ਸੀ ਆਉਣਾ ਜੇ ਯੂਕਰੇਨ ਨਾਲ ਜੰਗ ਦੌਰਾਨ ਰੂਸੀ ਫ਼ੌਜ ’ਚ ਸ਼ਾਮਲ ਦੋ ਭਾਰਤੀ ਨੌਜਵਾਨਾਂ ਦੀ ਮੌਤ ਨਾ ਹੁੰਦੀ। ਇਨ੍ਹਾਂ ਨੌਜਵਾਨਾਂ ਨੂੰ ਰੂਸੀ ਫ਼ੌਜ ’ਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ। ਫਿਰ ਉਨ੍ਹਾਂ ਨੂੰ ਜਬਰੀ ਹੀ ਥੋੜ੍ਹੀ-ਬਹੁਤ ਜੰਗੀ ਸਿਖਲਾਈ ਦੇ ਕੇ ਮੈਦਾਨ-ਏ-ਜੰਗ ’ਚ ਭੇਜ ਦਿੱਤਾ ਗਿਆ। ਹਾਲੇ ਇਸ ਧੋਖਾਧੜੀ ਪਿੱਛੇ ਦਿੱਲੀ ਤੇ ਮੁੰਬਈ ਦੇ ਹੀ ਕੁਝ ਏਜੰਟਾਂ ਦੀ ਗਿ੍ਰਫ਼ਤਾਰੀ ਹੋ ਸਕੀ ਹੈ। ਇਸ ਲਈ ਦਿੱਲੀ, ਤਿਰੂਵਨੰਥਾਪੁਰਮ, ਮੁੰਬਈ, ਅੰਬਾਲਾ, ਚੰਡੀਗੜ੍ਹ, ਮਦੁਰਾਈ ਤੇ ਚੇਨਈ ਸਮੇਤ ਦੇਸ਼ ਦੇ 13 ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ। ਫੜੇ ਗਏ ਵਿਅਕਤੀਆਂ ਨੇ 35 ਜਣਿਆਂ ਨੂੰ ਰੂਸ ਭੇਜਣ ਦੀ ਗੱਲ ਆਖੀ ਹੈ। ਉਨ੍ਹਾਂ ਕੋਲੋਂ 50 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਕੁਝ ਭਾਰਤੀ ਨਾਗਰਿਕਾਂ ਨੂੰ ਰੂਸੀ ਫ਼ੌਜ ’ਚ ਸਹਾਇਕਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਇਹ ਮਾਮਲਾ ਬੇਹੱਦ ਸਖ਼ਤੀ ਨਾਲ ਰੂਸੀ ਸਰਕਾਰ ਸਾਹਵੇਂ ਉਠਾਉਂਦਿਆਂ ਭਾਰਤੀ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਆਪਣੇ ਵਤਨ ਵਾਪਸ ਭੇਜਣ ਲਈ ਆਖਿਆ ਹੈ। ਕੇਂਦਰ ਸਰਕਾਰ ਨੇ ਆਮ ਜਨਤਾ ਨੂੰ ਵੀ ਠੱਗ ਕਿਸਮ ਦੇ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੰਜਾਬ ਤੋਂ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਹੋਰਨਾਂ ਸੂਬਿਆਂ ਦੇ ਮੁਕਾਬਲੇ ਵੱਧ ਹੁੰਦੀ ਹੈ। ਉਨ੍ਹਾਂ ਨੂੰ ਇਸ ਮਾਮਲੇ ’ਚ ਜਾਗਰੂਕ ਕਰਨਾ ਚਾਹੀਦਾ ਹੈ। ਵਿਕਸਤ ਦੇਸ਼ਾਂ ਦਾ ਵੀਜ਼ਾ, ਅਮਰੀਕੀ ਗ੍ਰੀਨ ਕਾਰਡ ਤੇ ਨੌਕਰੀਆਂ ਦਿਵਾਉਣ ਦੇ ਨਾਂ ’ਤੇ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਜਾ ਰਹੇ ਹਨ। ਲੋਕਾਂ ਨੂੰ ਆਪਣੀਆਂ ਅਰਜ਼ੀਆਂ ਸਿਰਫ਼ ਅਧਿਕਾਰਤ ਏਜੰਟਾਂ ਦੁਆਰਾ ਹੀ ਭੇਜਣੀਆਂ ਚਾਹੀਦੀਆਂ ਹਨ। ਇਨ੍ਹਾਂ ਏਜੰਟਾਂ ਤੋਂ ਅੱਗੇ ਹੋਰ ਬਹੁਤ ਸਾਰੀਆਂ ਏਜੰਸੀਆਂ ਲੋਕਾਂ ਦੇ ਫੋਨ ਨੰਬਰ, ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਬਹੁਤ ਸਾਰਾ ਡਾਟਾ ਲੈ ਲੈਂਦੀਆਂ ਹਨ ਜਿਨ੍ਹਾਂ ਦੀ ਬਾਅਦ ’ਚ ਵੱਡੇ ਪੱਧਰ ’ਤੇ ਦੁਰਵਰਤੋਂ ਕੀਤੀ ਜਾਂਦੀ ਹੈ। ਇਹ ਏਜੰਟ ਹੀ ਲੋਕਾਂ ਨੂੰ ਨਕਲੀ ਵਿਆਹ ਕਰਵਾ ਕੇ ਵਿਦੇਸ਼ੀ ਵੀਜ਼ਾ ਹਾਸਲ ਕਰਨ ਦਾ ਰਾਹ ਦੱਸਦੇ ਰਹੇ ਹਨ। ਬਹੁਤ ਸਾਰੇ ਪੰਜਾਬੀ ਮੁੰਡੇ-ਕੁੜੀਆਂ ਅਜਿਹੇ ਜਾਲ਼ ’ਚ ਫਸਦੇ ਰਹੇ ਹਨ। ਸਕੇ ਭੈਣ-ਭਰਾ ਵੀ ਕਾਗਜ਼ੀ ਭਾਵ ਨਕਲੀ ਵਿਆਹ ਕਰਵਾਉਂਦੇ ਰਹੇ ਹਨ। ਤੀਹ ਤੋਂ ਚਾਲ਼ੀ ਲੱਖ ਰੁਪਏ ਲੈ ਕੇ ਵੀ ਇਹ ਏਜੰਟ ਨੌਜਵਾਨਾਂ ਨੂੰ ਹੋਰਨਾਂ ਦੇਸ਼ਾਂ ’ਚ ਘੁਸਪੈਠ ਰਾਹੀਂ ਦਾਖ਼ਲ ਕਰਵਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਖ਼ਤਰਨਾਕ ਰਸਤਿਆਂ, ਮਾਰੂਥਲਾਂ, ਜੰਗਲਾਂ ਆਦਿ ’ਚੋਂ ਦੀ ਲੰਘਾਇਆ ਜਾਂਦਾ ਹੈ। ਅੱਗੇ ਸਰਹੱਦਾਂ ’ਤੇ ਕਦੋਂ ਕਿਸੇ ਪਾਸਿਓਂ ਸੁਰੱਖਿਆ ਬਲਾਂ ਦੀ ਗੋਲ਼ੀ ਆ ਜਾਵੇ, ਇਹ ਵੀ ਕਿਸੇ ਨੂੰ ਪਤਾ ਨਹੀਂ ਹੁੰਦਾ। ਇੰਨੇ ਜ਼ਿਆਦਾ ਖ਼ਤਰਿਆਂ ਦੇ ਬਾਵਜੂਦ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆ ਰਹੀ। ਅਜਿਹੇ ਮਾਮਲਿਆਂ ’ਚ ਸਿਰਫ਼ ਜਾਗਰੂਕਤਾ ਹੀ ਲੋਕਾਂ ਨੂੰ ਬਚਾ ਸਕਦੀ ਹੈ। ਇਸ ਲਈ ਸਰਕਾਰਾਂ ਨੂੰ ਸਾਰਥਕ ਭੂਮਿਕਾ ਨਿਭਾਉਣੀ ਚਾਹੀਦੀ ਹੈ।