ਆਲ ਇੰਡੀਆ ਰੇਡੀਓ ਨੂੰ ਹੁਣ ਪੂਰੀ ਤਰ੍ਹਾਂ ਦਫ਼ਤਰੀ ਤੌਰ ’ਤੇ ਆਕਾਸ਼ਵਾਣੀ ਕਿਹਾ ਜਾਣ ਲੱਗ ਪਿਆ ਹੈ। ਆਕਾਸ਼ਵਾਣੀ ਸਰਕਾਰੀ ਦਖ਼ਲ ਹੇਠ ਚੱਲਣ ਵਾਲੀ ਸੰਸਥਾ ਹੈ ਭਾਵੇਂ ਕਿ ਆਕਾਸ਼ਵਾਣੀ ਅਤੇ ਦੂਰਦਰਸ਼ਨ ਨੂੰ ਚਲਾਉਣ ਲਈ ਪ੍ਰਸਾਰ ਭਾਰਤੀ ਨਾਂ ਦੀ ਇਕ ਆਜ਼ਾਦ ਬਾਡੀ ਬਣਾਈ ਗਈ ਹੈ। ਇਹ ਵੀ ਜੱਗ ਜ਼ਾਹਰ ਹੈ ਕਿ ਭਾਰਤ ’ਚ ਆਕਾਸ਼ਵਾਣੀ ਤੇ ਦੂਰਦਰਸ਼ਨ ਕਦੇ ਵੀ ਸਰਕਾਰੀ ਦਖ਼ਲ ਤੋਂ ਆਜ਼ਾਦ ਨਹੀਂ ਰਹੇ ਅਤੇ ਨਾ ਸਨ। ਫਿਰ ਆਇਆ ਕੋਰੋਨਾ ਕਾਲ। ਫਿਰ ਤਾਂ ਸਰਕਾਰ ਨੂੰ ਮੌਕਾ ਮਿਲ ਗਿਆ ਆਕਾਸ਼ਵਾਣੀ ਦੇ ਮੀਡੀਅਮ ਵੇਵ, ਸ਼ਾਰਟਵੇਵ ਚੈਨਲ ਬੰਦ ਕਰਨ ਦਾ। ਕੋਰੋਨਾ ਕਾਲ ਕਾਰਨ ਜਿੱਥੇ ਸ਼ਾਰਟਵੇਵ ਤੋਂ ਵਿਵਿਧ ਭਾਰਤੀ, ਰਾਤਰੀ ਰਾਸ਼ਟਰੀਆ ਸੇਵਾ ਤੇ ਉਰਦੂ ਸਰਵਿਸ ਖ਼ਤਮ ਕਰ ਦਿੱਤੀ ਗਈ, ਉੱਥੇ ਹੀ ਸਦਾ ਲਈ ਰਾਤਰੀ ਰਾਸ਼ਟਰੀਆ ਸੇਵਾ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀ ਗਈ। ਪੰਜਾਬ ’ਚ ਆਕਾਸ਼ਵਾਣੀ ਜਲੰਧਰ ਬੀ ਦਾ ‘ਦੇਸ਼ ਪੰਜਾਬ ਦੇ’ ਪ੍ਰੋਗਰਾਮ 702 ਟ੍ਰਾਂਸਮੀਟਰ ਤੋਂ ਬੰਦ ਕਰ ਦਿੱਤੇ ਗਏ ਅਤੇ ਐਪ ’ਤੇ ਚਲਾ ਦਿੱਤੇ ਗਏ। ਲੱਗਦਾ ਹੈ ਕਿ ਭਾਰਤ ’ਚ ਆਕਾਸ਼ਵਾਣੀ ’ਤੇ ਭਿਆਨਕ ਕਾਲ ਮੰਡਰਾ ਰਿਹਾ ਹੈ। ਸਭ ਤੋਂ ਵੱਡੀ ਫ਼ਿਕਰ ਐ ਕਿ ਕਿਧਰੇ ਸਾਰੇ ਟ੍ਰਾਂਸਮੀਟਰ ਹੀ ਬੰਦ ਨਾ ਕਰ ਦੇਣ ਅਤੇ ਐਪ ਦਾ ਪ੍ਰਚਾਰ ਕਰਕੇ ਸੁਰਖਰੂ ਹੋ ਜਾਣ। ਫ਼ਿਕਰ ਤਾਂ ਕਰਨੀ ਬਣਦੀ ਹੈ। ਆਖ਼ਰ ਨੂੰ ਆਕਾਸ਼ਵਾਣੀ ਤੇ ਦੂਰਦਰਸ਼ਨ ਲੋਕ ਪ੍ਰਸਾਰਕ ਹੈ ਭਾਰਤ ਦਾ ਬੀਬੀਸੀ ਵਾਂਗ। ਗੱਲ ਚੱਲ ਰਹੀ ਹੈ ਆਕਾਸ਼ਵਾਣੀ ਦੇ ਉਰਦੂ ਚੈਨਲ ਦੀ। ਇਹ ਚੈਨਲ ਹੁਣ 1071 ਮੀਡੀਅਮਵੇਵ ’ਤੇ ਚੱਲਦਾ ਹੈ ਜਿਸ ਦਾ ਪ੍ਰਸਾਰਨ ਦਿੱਲੀ, ਹਰਿਆਣਾ, ਯੂਪੀ, ਪੰਜਾਬ, ਪਾਕਿਸਤਾਨੀ ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਰੇਡੀਓ ’ਤੇ ਨਹੀਂ ਆਉਂਦਾ। ਨਾ ਹੀ ਬਾਕੀ ਉੱਤਰੀ ਭਾਰਤ ’ਚ ਕੋਈ ਟ੍ਰਾਂਸਮੀਟਰ ਹੈ। ਗੁਜਰਾਤ ’ਚ ਟ੍ਰਾਂਸਮੀਟਰ ਲਗਾਉਣਾ ਸਮਝ ਨਹੀਂ ਆਉਂਦਾ। ਕਿਉਂਕਿ ਉਰਦੂ ਤੇ ਪੰਜਾਬੀ ਨੂੰ ਨਾ ਕੋਈ ਗੁਜਰਾਤ ’ਚ ਪਸੰਦ ਕਰਦਾ ਹੈ ਤੇ ਨਾ ਹੀ ਪਰਲੇ ਪਾਸੇ ਸਿੰਧ ’ਚ। ਜੇ ਆਕਾਸ਼ਵਾਣੀ ਦੇ ਅਧਿਕਾਰੀਆਂ ਨੂੰ ਇਸ ਬਾਬਤ ਕਿਹਾ ਜਾਵੇ ਤਾਂ ਉਹ ਅੱਗੋਂ ਹੱਸ ਕੇ ਕਹਿੰਦੇ ਹਨ ਕਿ ਅੱਜ-ਕੱਲ੍ਹ ਰੇਡੀਓ ਕੌਣ ਸੁਣਦਾ ਹੈ? ਐਪ ’ਤੇ ਨੈੱਟ ਨਾਲ ਸੁਣੋ। ਐਪ ’ਤੇ ਸੁਣਨ ਲਈ ਇਕ ਆਮ ਭਾਰਤੀ ਨੂੰ ਖਾਸੀ ਮੋਟੀ ਰਕਮ ਲਗਾਉਣੀ ਪੈਣੀ ਹੈ ਤੇ ਮਹੀਨੇ ਦਾ ਇੰਟਰਨੈੱਟ ਅਲੱਗ। ਹੁਣ ਗੱਲ ਕਰਦੇ ਹਾਂ ਐਪ ਜਾਂ ਡੀਟੀਐੱਚ ’ਤੇ ਆ ਰਹੀ ਉਰਦੂ ਸਰਵਿਸ ਦੀ। ਸਵੇਰ, ਦੁਪਹਿਰ, ਸ਼ਾਮ ਦੇ ਤਿੰਨ ਟੋਟਿਆਂ ’ਚ ਆਉਂਦੀ ਹੈ ਜਦਕਿ ਭਾਰਤੀ ਭਾਸ਼ਾ ਹੋਣ ਦੇ ਨਾਤੇ ਇਸ ਦੀ ਬ੍ਰਾਡਕਾਸਟਿੰਗ ਵਿਵਿਧ ਭਾਰਤੀ ਵਾਂਗ 24 ਘੰਟੇ ਦੀ ਹੋਣੀ ਚਾਹੀਦੀ ਹੈ।ਚਲੋਂ ਜੋ ਹੈ, ਉਹ ਵੀ ਕੁਝ ਖ਼ਾਸ ਨਹੀਂ। ਪਹਿਲਾਂ ਸਵੇਰੇ ‘ਸੂਰਜ ਕੇ ਸਾਥ-ਸਾਥ’ ਆਉਂਦਾ ਸੀ ਤੇ ਹੁਣ ਕੇਂਦਰ ਦੀਆਂ ਹਿੰਦੀ ਅੰਗਰੇਜ਼ੀ ਦੀਆਂ ਖ਼ਬਰਾਂ। ਨਾ ਹੀ ਕੋਈ ਨਵਾਂ ਪ੍ਰੋਗਰਾਮ ਸੁਣਾਇਆ ਜਾਂਦਾ ਹੈ। ਉਹੀ ਰਿਪੀਟ ਉਰਦੂ ਨਾਟਕ, ਦਿੱਲੀ ਕੇਂਦਰ ਦਾ ਮਨੀ ਮੰਤਰਾ ਜਾਂ ਫਿਰ ਹਿੰਦੀ ਸਪਾਂਸਰ ਪ੍ਰੋਗਰਾਮ। ਹੋਣਾ ਤਾਂ ਇਹ ਚਾਹੀਦਾ ਸੀ ਕਿ ਨਿੱਤ ਨਵੇਂ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਸੁਣਾਏ ਜਾਂਦੇ ਪਰ ਅਫ਼ਸੋਸ। ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਰਦੂ ਸਰਵਿਸ ਕੋਲ ਨਵੇਂ ਪ੍ਰੋਗਰਾਮ ਬਣਾਉਣ ਲਈ ਫੰਡ ਨਹੀਂ। ਫੰਡ ਕਿਸ ਨੇ ਦੇਣੇ ਹਨ? ਇਹ ਹਰ ਨੌਜਵਾਨ ਜਾਣਦਾ ਹੈ। ਪ੍ਰੋਗਰਾਮਾਂ ਦੀ ਕਮੀ ’ਚ ਗ਼ੈਰ ਉਰਦੂ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਾਂ ਗੀਤ। ਲੱਗਦਾ ਹੈ ਕਿ ਉਰਦੂ ਸਰਵਿਸ ਬੰਦ ਹੋਣ ਕਿਨਾਰੇ ਹੈ। ਅਜਿਹਾ ਹੋਣਾ ਉਰਦੂ ਭਾਸ਼ਾ ਅਤੇ ਸਰੋਤਿਆਂ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ। ਪਹਿਲਾਂ ਦੁਪਹਿਰ ਦੀ ਉਰਦੂ ਸੇਵਾ ’ਚ ਵੀ ਵੰਨ-ਸੁਵੰਨੇ ਪ੍ਰੋਗਰਾਮ ਹੁੰਦੇ ਸਨ। ਅੱਜ ਉਨ੍ਹਾਂ ਦੀ ਥਾਂ ਹਿੰਦੀ ਰਿਕਾਰਡ ਕੀਤੇ ਪ੍ਰੋਗਰਾਮ, ਗੀਤ-ਸੰਗੀਤ ਤੇ ਅੰਤ ’ਚ ਉਰਦੂ ਖ਼ਬਰਾਂ ਬਸ। ਉਹ ਪੁਰਾਣੇ ਦਿਨ ਵੀ ਬਹੁਤ ਯਾਦ ਆਉਂਦੇ ਹਨ ਜਦੋਂ ਟਿਕੀ ਗਰਮ ਦੁਪਹਿਰ ’ਚ ਡੇਕ ਹੇਠ ਬਹਿ ਕੇ ਉਰਦੂ ਸਰਵਿਸ ਸੁਣਦੇ ਸਾਂ। ਰੇਡੀਓ ਦਾ ਹਰ ਇਕ ਪ੍ਰੋਗਰਾਮ ਮੇਰੀ ਪਸੰਦ ਹੋਇਆ ਕਰਦਾ ਸੀ। ਜੇ ਸ਼ਾਮ ਦੀ ਗੱਲ ਕਰੀਏ। ਇਸ ਸਮੇਂ ਕੋਈ ਉਰਦੂ ਸਰਵਿਸ ਨਹੀਂ ਚੱਲਦੀ। ਸਰਕਾਰੀ ਬਾਬੂ ਸ਼ਾਮ 5 ਵਜੇ ਛੁੱਟੀ ਕਰ ਜਾਂਦੇ ਹਨ। ਫਿਰ ਆਉਂਦੇ ਹਨ ਰਾਤ 9 ਵਜੇ ਸ਼ੁਰੂ ’ਚ ਖ਼ਬਰਾਂ ਲੈ ਕੇ। ਫਿਰ ਘਸੇ-ਪਿਟੇ ਪ੍ਰੋਗਰਾਮ ਪੇਸ਼ ਹੁੰਦੇ ਹਨ ਹਿੰਦੀ ਵਾਲੇ। ਰਾਤ ਨੂੰ ਜੋ ਕਦੇ-ਕਦੇ ਰੇਡੀਓ ਫੀਚਰ ਜਾਂ ਨਾਟਕ ਸੁਣਾਉਂਦੇ ਹਨ, ਉਸ ਦੀ ਆਵਾਜ਼ ਦੀ ਗੁਣਵੱਤਾ ਸਹੀ ਨਹੀਂ ਹੁੰਦੀ। ਰਾਤ ਦਾ ਈਮੇਲ ’ਤੇ ਆਧਾਰਤ ‘ਤਾਮਿਲ-ਏ-ਅਰਸ਼ਾਦ’ਪ੍ਰੋਗਰਾਮ ਭਾਵੇਂ ਥੋੜ੍ਹਾ-ਬਹੁਤਾ ਸਹੀ ਹੈ ਪਰ ਇਕ ਪ੍ਰੋਗਰਾਮ ’ਤੇ ਇਕ ਰੇਡੀਓ ਚੈਨਲ ਕਦੋਂ ਤੱਕ ਜਿਊਂਦਾ ਰਹਿ ਪਾਵੇਗਾ। ਗੀਤਾਂ ਦੀ ਚੋਣ ਵੀ ਸਹੀ ਨਹੀਂ ਰਹੀ। ਕੋਰੋਨਾ ਕਾਲ ਤੋਂ ਪਹਿਲਾਂ ਡੀਟੀਐੱਚ ’ਤੇ ਲਗਾਤਾਰ 18+ ਘੰਟੇ ਦੀ ਉਰਦੂ ਸਰਵਿਸ ਕਰ ਦਿੱਤੀ ਗਈ ਸੀ। ਹੁਣ ਤਾਂ ਫੰਡਾਂ ਦੀ ਕਮੀ ਅਤੇ ਉੱਡਦੀਆਂ ਖ਼ਬਰਾਂ ਤੋਂ ਲੱਗਦਾ ਹੈ ਕਿ ਆਕਾਸ਼ਵਾਣੀ ਉਰਦੂ ਸਰਵਿਸ ਚੈਨਲ ਕਿਧਰੇ ਬੰਦ ਹੀ ਨਾ ਹੋ ਜਾਵੇ। ਆਕਾਸ਼ਵਾਣੀ ਦਿੱਲੀ ਬੀ ਰਾਜਧਾਨੀ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਰੇਡੀਓ ਨੂੰ ਐਨਾਲਾਗ ਟ੍ਰਾਂਸਮੀਟਰਾਂ ਤੋਂ ਖ਼ਤਮ ਕਰਨ ਲਈ ਕਾਹਲੀ ਹੈ। ਐੱਫਐਮ ਚੈਨਲ 70 ਕਿੱਲੋਮੀਟਰ ਤੱਕ ਹੀ ਜਾ ਪਾਉਂਦੇ ਹਨ। ਬਿਨਾਂ ਮੀਡੀਅਮਵੇਵ ਤੇ ਸ਼ਾਰਟਵੇਵ ਬੈਂਡ ਸਿਗਨਲ ਤੋਂ ਬਿਹਾਰ, ਝਾਰਖੰਡ, ਓਡੀਸ਼ਾ, ਮੱਧ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਲੋਕ ਰੇਡੀਓ ਦੇ ਮਨੋਰੰਜਨ ਤੋਂ ਸੱਖਣੇ ਹੋ ਜਾਣਗੇ। ਅਸਲ ’ਚ ਹੋ ਹੀ ਗਏ ਹਨ। ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਅਜਿਹੇ ਇਲਾਕਿਆਂ ’ਚ ਹਾਲੇ ਤਾਂ ਮੋਬਾਈਲ ਰੇਂਜ ਹੀ ਸਹੀ ਤਰੀਕੇ ਨਾਲ ਨਹੀਂ ਪਹੁੰਚ ਪਾਈ। ਉਨ੍ਹਾਂ ਨੇ ਮੋਬਾਈਲ ’ਤੇ ਐਪ ਕਿੱਥੋਂ ਚਲਾਉਣੀ ਹੈ। ਇਸੇ ਲਈ ਭਾਰਤ ’ਚ ਰੇਡੀਓ, ਟ੍ਰਾਂਸਮੀਟਰ ਪ੍ਰਸਾਰਨ ਅਤੇ ਉਰਦੂ ਸਰਵਿਸ ਵਰਗੇ ਚੈਨਲ ਬਚਾਉਣ ਦੀ ਸਖ਼ਤ ਜ਼ਰੂਰਤ ਹੈ। ਸਰਕਾਰ ਦੀਆਂ ਅੱਖਾਂ ਖੋਲ੍ਹਣ ਦੀ ਜ਼ਰੂਰਤ ਹੈ। ਇਸ ਲਈ ਲੋਕ ਕਹਿੰਦੇ ਹਨ ਕਿ ਮੀਡੀਅਮਵੇਵ ਬੈਂਡ ’ਤੇ ਰੇਡੀਓ ਦੀ ਮਿਆਰੀ ਉਰਦੂ ਸਰਵਿਸ ਬਹੁਤ ਯਾਦ ਆਉਂਦੀ ਹੈ। ਭਾਰਤ ਸਰਕਾਰ ਰੇਡੀਓ ’ਤੇ ਉਰਦੂ ਸਰਵਿਸ ਨੂੰ ਬਚਾਉਣ ਲਈ ਫੰਡ ਜਾਰੀ ਕਰੇ ਤੇ ਗੰਭੀਰ ਹੋ ਕੇ ਕੰਮ ਕਰੇ। ਬਹੁਤ ਯਾਦ ਆਉਂਦੀ ਹੈ ਪੁਰਾਣੀ ਉਰਦੂ ਸਰਵਿਸ ਦੀ। ਪੰਜਾਬ ’ਚ ਉਰਦੂ ਸਰਵਿਸ ਦੇ ਪ੍ਰੋਗਰਾਮ ਬਹੁਤ ਹਰਮਨਪਿਆਰੇ ਸਨ। ਐੱਸਐੱਮ ਸ਼ਫ਼ੀਕ, ਅਜ਼ਰਾ ਕੁਰੈਸ਼ੀ, ਤਾਹਿਰਾ ਨਿਆਜ਼ੀ ਜਿਹੇ ਅਨਾਊਂਸਰ ਜਦੋਂ ਆਪਣੀ ਮਿੱਠੀ ਜ਼ੁਬਾਨ ’ਚ ਕੁਝ ਆਖਦੇ ਸਨ ਤਾਂ ਉੱਤਰੀ ਭਾਰਤ ਤੋਂ ਲੈ ਕੇ ਪਾਕਿਸਤਾਨ ਦੇ ਜ਼ਿਆਦਾਤਰ ਸਰੋਤੇ ਅਸ਼-ਅਸ਼ ਕਰ ਉੱਠਦੇ ਸਨ। ਬਹੁਤੇ ਬਜ਼ੁਰਗਾਂ ਦੇ ਕੰਨ ਹੁਣ ਉਹ ਆਵਾਜ਼ਾਂ ਸੁਣਨ ਨੂੰ ਤਰਸਦੇ ਹਨ ਜਿਨ੍ਹਾਂ ਨੂੰ ਸੁਣ ਕੇ ਲੋਕ ਉਰਦੂ ਦੇ ਪ੍ਰਸਿੱਧ ਸ਼ਬਦਾਂ ਦਾ ਸਹੀ ਉਚਾਰਨ ਸਿੱਖਦੇ ਸਨ।