ਅਸੂਲਾਂ ਦਾ ਪੱਕਾ ਸੀ ਕਾਮਰੇਡ ਤਾਇਆ ਕਰਮ ਚੰਦ

ਮੈਨੂੰ ਇਹ ਨਹੀਂ ਪਤਾ ਸੀ ਕਿ ਤਾਏ ਕਰਮ ਚੰਦ ਦਾ ਸਬੰਧ ਕਮਿਊਨਿਸਟ ਪਾਰਟੀ ਨਾਲ ਹੈ। ਮੈਂ ਬਚਪਨ ਤੋਂ ਹੀ ਉਸ ਦੀ ਕਿਰਾਏ ਦੀ ਛੋਟੀ ਜਿਹੀ ਸਬਜ਼ੀ ਦੀ ਦੁਕਾਨ ’ਤੇ ਇਕ ਲਾਲ ਝੰਡਾ ਝੁੱਲਦਾ ਹੋਇਆ ਵੇਖਦਾ ਹੁੰਦਾ ਸਾਂ। ਮੈਂ ਛੋਟੀ ਉਮਰ ਤੋਂ ਹੀ ਇਹ ਸੋਚਦਾ ਹੁੰਦਾ ਸਾਂ ਕਿ ਕਰਮੇ ਤਾਏ ਦੀ ਦੁਕਾਨ ’ਤੇ ਦਾਤੀ ਹਥੌੜੇ ਦੇ ਨਿਸ਼ਾਨ ਵਾਲਾ ਲਾਲ ਝੰਡਾ ਕਿਉਂ ਝੁੱਲਦਾ ਰਹਿੰਦਾ ਹੈ। ਤਾਏ ਨੂੰ ਉਸ ਦੇ ਨਾਂ ਨਾਲ ਬੁਲਾਉਣ ਦੀ ਬਜਾਏ ਹਰ ਕੋਈ ਉਸ ਨੂੰ ਕਾਮਰੇਡ ਕਹਿ ਕੇ ਹੀ ਬੁਲਾਉਂਦਾ ਹੁੰਦਾ ਸੀ। ਉਸ ਦੀ ਦੁਕਾਨ ਸਾਡੀ ਦੁਕਾਨ ਦੇ ਸਾਹਮਣੇ ਵਾਲੀ ਕਤਾਰ ਵਿਚ ਚਾਰ-ਪੰਜ ਦੁਕਾਨਾਂ ਛੱਡ ਕੇ ਹੁੰਦੀ ਸੀ। ਤਾਏ ਦਾ ਲੰਬਾ ਕੱਦ, ਭਰਵੀਆਂ ਮੁੱਛਾਂ, ਇਕਹਿਰਾ ਸਰੀਰ, ਰੋਅਬਦਾਰ ਆਵਾਜ਼ ਹਰੇਕ ਦੇ ਮਨ ਨੂੰ ਭਾਅ ਜਾਂਦੇ ਸਨ। ਬਚਪਨ ਤੋਂ ਹੀ ਮੈਂ ਉਸ ਨੂੰ ਕੁੜਤੇ, ਤੰਬੇ, ਪਤੂਹੀ ਅਤੇ ਨਰੀ ਦੀ ਜੁੱਤੀ ਵਿਚ ਵੇਖਿਆ ਸੀ। ਤਾਇਆ ਇਕੱਲਾ ਹੀ ਕਿਸੇ ਦੀ ਵੀ ਵਾਰੀ ਨਹੀਂ ਆਉਣ ਦਿੰਦਾ ਸੀ। ਛੋਟਾ ਹੋਣ ਕਰ ਕੇ ਮੈਨੂੰ ਤਾਏ ਕਰਮੇ ਦੀ ਲਾਲ ਸਲਾਮ ਤੇ ਉਸ ਦੇ ਕਾਮਰੇਡ ਹੋਣ ਬਾਰੇ ਭਾਵੇਂ ਕੋਈ ਖ਼ਾਸ ਸਮਝ ਨਹੀਂ ਸੀ ਪਰ ਉਹ ਮੇਰੇ ਮਨ ’ਚ ਪੁਸਤਕ ਦੇ ਉਸ ਪਾਠ ਵਾਂਗ ਵਸਿਆ ਹੋਇਆ ਸੀ ਜਿਸ ਨੂੰ ਮੈਂ ਵਾਰ-ਵਾਰ ਪੜ੍ਹਨਾ ਚਾਹੁੰਦਾ ਸਾਂ। ਪਿਤਾ ਜੀ ਭਾਵੇਂ ਕਾਂਗਰਸੀ ਵਿਚਾਰਧਾਰਾ ਦੇ ਸਨ ਪਰ ਉਹ ਤਾਏ ਕਰਮੇ ਦੀ ਸ਼ਖ਼ਸੀਅਤ ਦੇ ਕਾਇਲ ਸਨ। ਪਿਤਾ ਜੀ ਕਦੇ-ਕਦਾਈਂ ਮਾਂ ਨਾਲ ਕਰਮੇ ਤਾਏ ਦੀ ਇਮਾਨਦਾਰੀ ਅਤੇ ਵਿਚਾਰਧਾਰਾ ਦੀ ਚਰਚਾ ਕਰਦੇ ਰਹਿੰਦੇ ਸਨ। ਅਸੀਂ ਛੋਟੇ ਹੁੰਦੇ ਇਹ ਵੇਖ ਕੇ ਹੈਰਾਨ ਹੁੰਦੇ ਸਾਂ ਕਿ ਤਾਏ ਦੀ ਦੁਕਾਨ ਕਦੇ-ਕਦਾਈਂ ਸੁੰਨੀ ਹੁੰਦੀ ਸੀ। ਉਹ ਆਪਣੇ ਨਾਲ ਦੇ ਦੁਕਾਨਦਾਰਾਂ ਨੂੰ ਖ਼ਿਆਲ ਰੱਖਣ ਲਈ ਕਹਿ ਕੇ ਇੱਧਰ-ਉੱਧਰ ਚਲਾ ਜਾਂਦਾ ਸੀ। ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਤਾਇਆ ਦੁਕਾਨ ਛੱਡ ਕੇ ਕਿੱਥੇ ਜਾਂਦਾ ਸੀ। ਉਸ ਨੂੰ ਮੈਂ ਉਦੋਂ ਹੋਰ ਚੰਗੀ ਤਰ੍ਹਾਂ ਜਾਣਨ ਲੱਗਾ ਜਦੋਂ ਉਸ ਦੀ ਘਰ ਵਾਲੀ ਸੱਤਿਆ, ਜਿਸ ਨੂੰ ਅਸੀਂ ਤਾਈ ਕਹਿੰਦੇ ਸਾਂ, ਉਸ ਨੇ ਘਰਾਂ ਵਿਚ ਭਾਂਡੇ ਮਾਂਜਣ ਤੇ ਪਾਣੀ ਭਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਏ ਦਾ ਬੜਾ ਮੁੰਡਾ ਬਖਸ਼ੀਸ਼ ਅੱਠਵੀਂ ਜਮਾਤ ’ਚ ਮੇਰੀ ਜਮਾਤ ਵਿਚ ਦਾਖ਼ਲ ਹੋ ਗਿਆ ਸੀ। ਤਾਈ ਸਾਡੇ ਘਰ ਪਹਿਲਾਂ ਵੀ ਆਉਂਦੀ-ਜਾਂਦੀ ਹੁੰਦੀ ਸੀ ਤੇ ਬੀਜੀ ਨੂੰ ਭਾਬੀ ਕਹਿ ਕੇ ਬੁਲਾਉਂਦੀ ਸੀ। ਇਕ ਦਿਨ ਉਹ ਸਾਡੇ ਘਰ ਆ ਕੇ ਬੀਜੀ ਨੂੰ ਕਹਿਣ ਲੱਗੀ, ‘‘ਭਾਬੀ, ਮੈਂ ਕੰਮ ਲਈ ਤੁਹਾਡਾ ਘਰ ਫੜਨਾ ਚਾਹੁੰਦੀ ਹਾਂ।’’ ਮੈਂ ਬੀਜੀ ਕੋਲ ਹੀ ਬੈਠਾ ਸੀ। ਉਹ ਤਾਈ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਉਸ ਨੇ ਉਸ ਨੂੰ ਪੁੱਛਿਆ, ‘‘ਸੱਤਿਆ, ਤੈਨੂੰ ਘਰਾਂ ’ਚ ਕੰਮ ਕਰਨ ਦੀ ਕੀ ਲੋੜ ਪੈ ਗਈ?’’ ਤਾਈ ਨੇ ਅੱਗੋਂ ਜਵਾਬ ਦਿੱਤਾ, ‘‘ਭਾਬੀ, ਕਾਮਰੇਡ ਨੂੰ ਲੋਕਾਂ ਦੀ ਮਦਦ ਲਈ ਜਾਣਾ ਪੈਂਦਾ ਹੈ। ਹੁਣ ਬੱਚੇ ਵੱਡੇ ਹੋ ਗਏ ਹਨ। ਪਰਿਵਾਰ ਦਾ ਖ਼ਰਚਾ ਵਧ ਗਿਆ ਹੈ। ਮੈਂ ਸੋਚਿਆ ਕਿ ਚਲੋ ਮੈਂ ਚਾਰ ਘਰ ਫੜ ਲਵਾਂ, ਪਰਿਵਾਰ ਦਾ ਖ਼ਰਚਾ ਚੱਲਣਾ ਸੌਖਾ ਹੋ ਜਾਊ। ਬੀਜੀ ਨੇ ਤਾਈ ਨੂੰ ਕਿਹਾ, ‘‘ਸੱਤਿਆ, ਤੂੰ ਕਾਮਰੇਡ ਨੂੰ ਦੁਕਾਨ ਛੱਡ ਕੇ ਜਾਣ ਤੋਂ ਰੋਕਿਆ ਕਰ, ਤੁਹਾਡੀ ਦੁਕਾਨ ’ਤੇ ਚੰਗੀ ਕਮਾਈ ਹੋ ਸਕਦੀ ਹੈ।’’ ਤਾਈ ਵੱਲੋਂ ਬੀਜੀ ਨੂੰ ਦਿੱਤੇ ਗਏ ਜਵਾਬ ਨੇ ਤਾਏ ਕਰਮੇ ਪ੍ਰਤੀ ਮੇਰੀ ਦਿਲਚਸਪੀ ਹੋਰ ਵਧਾ ਦਿੱਤੀ। ਉਸ ਨੇ ਕਿਹਾ, ‘‘ਭਾਬੀ, ਕਾਮਰੇਡ ਨੂੰ ਪਾਰਟੀ ਦਾ ਹੁਕਮ ਮੰਨ ਕੇ ਲੋਕਾਂ ਦੀ ਮਦਦ ਕਰਨ ਜਾਣਾ ਪੈਂਦਾ ਹੈ। ਸਾਨੂੰ ਦੁਕਾਨ ਭਾਵੇਂ ਸੁੰਨੀ ਛੱਡਣੀ ਪਵੇ ਪਰ ਸਾਨੂੰ ਆਪਣੀ ਪਾਰਟੀ ਦਾ ਹੁਕਮ ਮੰਨਣਾ ਪੈਂਦਾ ਹੈ।’’ ਤਾਈ ਦੀਆਂ ਗੱਲਾਂ ਨੇ ਮੇਰੇ ਮਨ ’ਚ ਇਹ ਸਵਾਲ ਖੜ੍ਹੇ ਕਰ ਦਿੱਤੇ ਕਿ ਤਾਇਆ ਕਿਨ੍ਹਾਂ ਲੋਕਾਂ ਦੀ ਮਦਦ ਕਰਨ ਜਾਂਦਾ ਹੈ ਤੇ ਇਨ੍ਹਾਂ ਨੂੰ ਪਾਰਟੀ ਦਾ ਕੀ ਹੁਕਮ ਹੁੰਦਾ ਹੈ? ਮੈਨੂੰ ਤਾਏ ਕਰਮੇ ਦੀ ਮਾਰਕਸਵਾਦੀ ਵਿਚਾਰਧਾਰਾ ਦਾ ਵੀ ਪਤਾ ਲੱਗਣ ਲੱਗ ਪਿਆ ਕਿਉਂਕਿ ਉਹ ਦੋਵੇਂ ਅਧਿਆਪਕ ਕਦੇ-ਕਦੇ ਸਾਡੀ ਜਮਾਤ ਵਿਚ ਮਾਰਕਸਵਾਦ ਬਾਰੇ ਗੱਲਬਾਤ ਕਰਨ ਲੱਗ ਪੈਂਦੇ। ਬਖਸ਼ੀਸ਼ ਦੀਆਂ ਗੱਲਾਂ ’ਚੋਂ ਵੀ ਮਾਰਕਸਵਾਦ ਸੁਣਨ ਨੂੰ ਮਿਲਦਾ। ਤਾਏ ਬਾਰੇ ਮੈਂ ਹੋਰ ਵੀ ਜਾਣਕਾਰੀ ਹਾਸਲ ਕਰਨ ਲੱਗ ਪਿਆ। ਸਾਡੇ ਪਿੰਡ ਦੇ ਥਾਣੇ ’ਚ ਜਿਹੜਾ ਵੀ ਨਵਾਂ ਥਾਣੇਦਾਰ ਆਉਂਦਾ, ਉਹ ਬਾਕੀ ਪਾਰਟੀਆਂ ਦੇ ਸਿਆਸੀ ਬੰਦਿਆਂ ਦੇ ਨਾਲ-ਨਾਲ ਤਾਏ ਕਰਮੇ ਨੂੰ ਵੀ ਮਿਲਣ ਲਈ ਬੁਲਾਉਂਦਾ। ਪਿੰਡ ਦੀ ਪੰਚਾਇਤ, ਪੁਲਿਸ ਤੇ ਕਿਸੇ ਸਰਕਾਰੀ ਅਫ਼ਸਰ ਵੱਲੋਂ ਕਿਸੇ ਵਿਅਕਤੀ ਨਾਲ ਅਨਿਆਂ ਜਾਂ ਧੱਕਾ ਕਰਨ ’ਤੇ ਤਾਇਆ ਉਸ ਬੰਦੇ ਦੀ ਮਦਦ ਕਰਦਾ। ਥਾਣੇ, ਕਚਹਿਰੀ ਤੇ ਪਟਵਾਰਖਾਨੇ ਵਿਚ ਤਾਏ ਦਾ ਆਉਣਾ-ਜਾਣਾ ਲੱਗਿਆ ਹੀ ਰਹਿੰਦਾ। ਦਸਵੀਂ ਜਮਾਤ ’ਚ ਤਾਂ ਮੈਨੂੰ ਤਾਏ ਕਰਮੇ ਬਾਰੇ ਬਹੁਤ ਕੁਝ ਪਤਾ ਲੱਗ ਗਿਆ। ਇਕ ਘਟਨਾ ਨੇ ਤਾਂ ਮੈਨੂੰ ਤਾਏ ਦਾ ਮੁਰੀਦ ਹੀ ਬਣਾ ਦਿੱਤਾ। ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਸਨ। ਕਾਂਗਰਸ ਦੇ ਦੋ ਨੇਤਾ ਤਾਏ ਦੇ ਘਰ ਜਾ ਕੇ ਉਸ ਨੂੰ ਕਹਿਣ ਲੱਗੇ ਕਿ ਉਹ ਉਨ੍ਹਾਂ ਦੀ ਪਾਰਟੀ ਵਿਚ ਆ ਜਾਵੇ, ਉਹ ਉਸ ਨੂੰ ਸਰਪੰਚ ਬਣਾਉਣ ਨੂੰ ਤਿਆਰ ਹਨ। ਤਾਏ ਦਾ ਉਨ੍ਹਾਂ ਨੂੰ ਜਵਾਬ ਸੀ, ‘‘ਵੀਰੋ, ਮੇਰੇ ਘਰ ਆਉਣ ਲਈ ਤੁਹਾਡਾ ਬਹੁਤ ਸਵਾਗਤ ਪਰ ਤੁਸੀਂ ਇਹ ਗੱਲ ਕਿਵੇਂ ਸੋਚ ਲਈ ਕਿ ਮੈਂ ਸਰਪੰਚੀ ਲਈ ਆਪਣੀ ਪਾਰਟੀ ਛੱਡ ਦਿਆਂਗਾ। ਮੈਂ ਬਿਨਾਂ ਸਰਪੰਚੀ ਤੋਂ ਹੀ ਸਰਪੰਚ ਹਾਂ।’’ ਕੋਈ ਵੀ ਚੋਣਾਂ ਹੁੰਦੀਆਂ, ਪਾਰਟੀ ਤਾਏ ਨੂੰ ਹੀ ਉਨ੍ਹਾਂ ਦਾ ਪ੍ਰਬੰਧ ਸੌਂਪਦੀ। ਤਾਏ ਦੇ ਸਾਈਕਲ ’ਤੇ ਕਮਿਊਨਿਸਟ ਪਾਰਟੀ ਦਾ ਝੰਡਾ ਲੱਗਿਆ ਹੁੰਦਾ। ਚੋਣਾਂ ਦੇ ਦਿਨਾਂ ’ਚ ਅਸੀਂ ਉਸ ਤੋਂ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਬਿੱਲੇ ਲੈ ਕੇ ਆਪਣੀਆਂ ਜੇਬਾਂ ਉੱਤੇ ਲਗਾਉਂਦੇ। ਜਦੋਂ ਵੀ ਉਸ ਦੀ ਪਾਰਟੀ ਦਾ ਜਲਸਾ ਹੁੰਦਾ, ਤਾਇਆ ਉਸ ਦੇ ਪ੍ਰਬੰਧ ਕਰਦਾ ਤੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕਰਦਾ। ਤਾਏ ਦੇ ਦੋਵੇਂ ਮੁੰਡਿਆਂ ਬਖਸ਼ੀਸ਼ ਤੇ ਬਲਬੀਰ ਨੇ ਪੜ੍ਹਾਈ ਛੱਡ ਕੇ ਉਸ ਦੀ ਦੁਕਾਨ ਸੰਭਾਲ ਲਈ। ਤਾਇਆ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਦਿਨ-ਰਾਤ ਪਾਰਟੀ ਦੇ ਕੰਮਾਂ ’ਚ ਲੱਗਾ ਰਿਹਾ। ਉਸ ਨੇ ਤੇ ਤਾਈ ਸੱਤਿਆ ਨੇ ਗੁਰਬਤ ਤਾਂ ਕੱਟ ਲਈ ਪਰ ਆਪਣੇ ਸਿਧਾਤਾਂ ਨਾਲ ਸਮਝੌਤਾ ਨਹੀਂ ਕੀਤਾ। ਮੈਨੂੰ ਤਾਏ ਕਰਮੇ ਦੀ ਪਾਰਟੀ ’ਚ ਉਸ ਦੇ ਕੱਦ ਦਾ ਉਦੋਂ ਪਤਾ ਲੱਗਾ ਜਦੋਂ ਉਸ ਦੇ ਦਾਹ-ਸੰਸਕਾਰ ’ਤੇ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਉਸ ਦਾ ਸਸਕਾਰ ਪਾਰਟੀ ਦੇ ਲਾਲ ਝੰਡੇ ਵਿਚ ਲਪੇਟ ਕੇ ਕੀਤਾ ਗਿਆ। ਮੈਨੂੰ ਅੱਜ ਦੇ ਦੌਰ ’ਚ ਕਰਮੇ ਤਾਏ ਦੇ ਸਿਧਾਂਤ ਉਦੋਂ ਬਹੁਤ ਯਾਦ ਆਉਂਦੇ ਹਨ ਜਦੋਂ ਅੱਜ ਦੇ ਲੀਡਰ ਇਕ ਪਾਰਟੀ ’ਚ ਵਿਧਾਇਕ, ਮੰਤਰੀ ਲੋਕ ਸਭਾ ਮੈਂਬਰ ਆਦਿ ਅਹੁਦਿਆਂ ਦਾ ਸੁੱਖ ਭੋਗ ਕੇ ਕਿਸੇ ਦੂਜੀ ਪਾਰਟੀ ’ਚ ਚਲੇ ਜਾਂਦੇ ਹਨ।

ਸਾਂਝਾ ਕਰੋ