ਮੁਇਜ਼ੂ ਦੇ ਤੇਵਰ

ਮਾਲਦੀਵ ਨੇ ਇਸ ਹਫ਼ਤੇ ਐਲਾਨ ਕੀਤਾ ਕਿ ਨਵੇਂ ਸਮਝੌਤੇ ਤਹਿਤ ਚੀਨ ਉਸ ਦੇ ਸੈਨਿਕਾਂ ਨੂੰ ਮੁਫ਼ਤ ਸਿਖਲਾਈ ਤੇ ‘ਗ਼ੈਰ-ਘਾਤਕ’ ਫ਼ੌਜੀ ਉਪਕਰਨ ਦੇ ਰਿਹਾ ਹੈ। ਹੁਣ ਤੱਕ ਸ਼ਹਿਰੀ ਤੇ ਆਰਥਿਕ ਵਿਕਾਸ ਵਿਚ ਮਦਦ ਕਰਦੇ ਰਹੇ ਚੀਨ ਦਾ ਮਾਲੇ ਨਾਲ ਫ਼ੌਜੀ ਸਹਿਯੋਗ ਦਾ ਇਹ ਪਹਿਲਾ ਸੌਦਾ ਹੈ। ਹਾਲ ਹੀ ਵਿਚ ਚੁਣੇ ਗਏ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦਾ ਪੇਈਚਿੰਗ ਨਾਲ ਇਹ ਸਮਝੌਤਾ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਜਾਰੀ ਉਸ ਬਿਆਨ ਤੋਂ ਬਾਅਦ ਹੋਇਆ ਹੈ ਜਿਸ ਵਿਚ ਉਨ੍ਹਾਂ ਐਲਾਨ ਕੀਤਾ ਸੀ ਕਿ 10 ਮਈ ਤੋਂ ਬਾਅਦ ਕੋਈ ਵੀ ਵਰਦੀਧਾਰੀ ਜਾਂ ਆਮ ਨਾਗਰਿਕ, ਮਾਲਦੀਵ ਵਿਚ ਤਾਇਨਾਤ ਭਾਰਤੀ ਹੈਲੀਕੌਪਟਰ ਨਹੀਂ ਉਡਾ ਸਕੇਗਾ। ਵਰਦੀਧਾਰੀ ਭਾਰਤੀ ਫ਼ੌਜੀਆਂ ਨੂੰ ਵਾਪਸ ਭੇਜਣ ਦਾ ਫ਼ੈਸਲਾ ਮੁਇਜ਼ੂ ਵੱਲੋਂ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਹੀ ਕਰ ਲਿਆ ਗਿਆ ਸੀ। ਰਾਸ਼ਟਰਪਤੀ ਮੁਇਜ਼ੂ ਨੇ ਆਪਣੇ ਪ੍ਰਚਾਰ ਦਾ ਧੁਰਾ ਹੀ ‘ਇੰਡੀਆ ਆਊਟ’ ਮੁਹਿੰਮ ਨੂੰ ਬਣਾਇਆ ਸੀ ਜਿਸ ’ਚ ਭਾਰਤ ਵੱਲੋਂ ਮੁਹੱਈਆ ਕਰਵਾਈ ਗਈ ਸਾਰੀ ਮਦਦ ਨੂੰ ਮਾੜੀ ਅੱਖ ਨਾਲ ਹੀ ਦੇਖਿਆ ਗਿਆ। ਮੁਇਜ਼ੂ ਨੇ ਕੁਝ ਸਮਾਂ ਪਹਿਲਾਂ ਭਾਰਤ ਨੂੰ ‘ਬੁਲੀ’ ਕਹਿ ਕੇ ਵੀ ਸੰਬੋਧਨ ਕੀਤਾ ਸੀ। ਇਸ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਸੀ: ‘ਵੱਡੀ ਧੌਂਸ ਜਮਾਉਣ ਵਾਲੇ ਗੁਆਂਢੀਆਂ ਨੂੰ ਸੰਕਟ ਦੇ ਸਮੇਂ 4.5 ਅਰਬ ਡਾਲਰ ਦੀ ਮਦਦ ਮੁਹੱਈਆ ਨਹੀਂ ਕਰਾਉਂਦੇ। ਨਾ ਹੀ ਉਹ ਖ਼ੁਰਾਕੀ ਵਸਤਾਂ, ਈਂਧਨ ਜਾਂ ਖਾਦਾਂ ਦੀ ਮੰਗ ’ਤੇ ਫੌਰੀ ਹੁੰਗਾਰਾ ਭਰਦੇ ਹਨ ਕਿਉਂਕਿ ਦੁਨੀਆ ਦੇ ਕਿਸੇ ਹਿੱਸੇ ਵਿਚ ਲੱਗੀ ਕਿਸੇ ਜੰਗ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾਇਆ ਹੈ।’ ਮੁਇਜ਼ੂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਾਲਦੀਵ ਨੂੰ ਵੱਧ ਤੋਂ ਵੱਧ ਦੋਸਤਾਂ ਦੀ ਲੋੜ ਹੈ। ਜ਼ਰੂਰੀ ਵਸਤਾਂ, ਪਾਣੀ, ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ਦੇ ਖੇਤਰ ਵਿਚ ਪੱਛੜਿਆ ਮਾਲਦੀਵ ਮੁੱਖ ਤੌਰ ’ਤੇ ਸੈਰ-ਸਪਾਟੇ ਉੱਤੇ ਨਿਰਭਰ ਹੈ ਜੋ ਅਸਥਿਰ ਕਾਰੋਬਾਰ ਹੈ, ਟਕਰਾਅ ਜਾਂ ਥੁੜ੍ਹਾਂ ਵਿਚ ਸਭ ਤੋਂ ਪਹਿਲੀ ਮਾਰ ਇਸੇ ਖੇਤਰ ਨੂੰ ਪੈਂਦੀ ਹੈ। ਭਾਰਤ ਨੇ ਚੀਨ ਵੱਲੋਂ ਕੀਤੇ ਜਾ ਰਹੇ ਸੈਨਿਕ ਵਿਸਤਾਰ ਦਾ ਜਵਾਬ ਮਾਲਦੀਵ ਤੋਂ 125 ਕਿਲੋਮੀਟਰ ਦੂਰ ਮਿਨੀਕੌਏ ਟਾਪੂ ’ਤੇ ਨਵਾਂ ਜਲ ਸੈਨਾ ਟਿਕਾਣਾ ਉਸਾਰ ਕੇ ਦਿੱਤਾ ਹੈ। ਭਾਰਤ ਖਿਲਾਫ਼ ਮੁਇਜ਼ੂ ਵੱਲੋਂ ਅਖ਼ਤਿਆਰ ਕੀਤੇ ਜਾ ਰਹੇ ਰੁਖ਼ ਬਾਰੇ ਮਾਲਦੀਵ ’ਚ ਬਹੁਤੀ ਸਹਿਮਤੀ ਨਹੀਂ ਹੈ- ਰਾਸ਼ਟਰਪਤੀ ਵੱਲੋਂ ਖਾਲੀ ਕੀਤੀ ਗਈ ਮਾਲੇ ਦੇ ਮੇਅਰ ਦੀ ਸੀਟ ਜੋ ਸਿਆਸੀ ਪੱਖ ਤੋਂ ਮਹੱਤਵਪੂਰਨ ਹੈ, ਵਿਰੋਧੀ ਧਿਰ ਨੇ ਹਥਿਆ ਲਈ ਹੈ। ਹੁਣ ਜਲ ਸੈਨਾ ਬੇਸ ਦਾ ਨਾਂ ਰਾਮਾਇਣ ਵਿਚਲੇ ਮਿਥਿਹਾਸਕ ਜੀਵ ‘ਜਟਾਯੂ’ ਦੇ ਨਾਂ ਉੱਤੇ ਰੱਖ ਕੇ ਭਾਰਤ ਨੇ ਸ਼ਾਇਦ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰਾਮਾਇਣ ਮੁਤਾਬਿਕ ਜਦ ਰਾਵਣ ਨੇ ਸੀਤਾ ਨੂੰ ਅਗਵਾ ਕਰ ਲਿਆ ਸੀ ਤਾਂ ਉਸ ਦਾ ਮੁਕਾਬਲਾ ਕਰਨ ਵਾਲਾ ਪਹਿਲਾ ਪ੍ਰਾਣੀ ‘ਜਟਾਯੂ’ ਹੀ ਸੀ।

ਸਾਂਝਾ ਕਰੋ