ਚਿਰਾਗ ਫੈਕਟਰ

ਚਿਰਾਗ ਪਾਸਵਾਨ ਬਿਹਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ ਤੇ ਨਾ ਹੀ ਲਾਲੂ ਦੇ ਵਾਰ ਤੋਂ ਬਾਅਦ ਭਾਜਪਾ ਵੱਲੋਂ ਚਲਾਈ ‘ਮੋਦੀ ਕਾ ਪਰਵਾਰ’ ਮੁਹਿੰਮ ਦਾ ਹਿੱਸਾ ਬਣੇ। ਦਰਅਸਲ ਬਿਹਾਰ ਵਿਚ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਵਿਚ ਲੋਕ ਸਭਾ ਲਈ ਸੀਟਾਂ ਦੀ ਵੰਡ ਦਾ ਮਾਮਲਾ ਕਾਫੀ ਫਸਿਆ ਪਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚਿਰਾਗ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਨੂੰ ਆਪੋਜ਼ੀਸ਼ਨ ਪਾਰਟੀਆਂ ਦੇ ਗਠਜੋੜ ‘ਇੰਡੀਆ’ ਨੇ ਆਕਰਸ਼ਕ ਪੇਸ਼ਕਸ਼ ਕੀਤੀ ਹੈ। ਕਈ ਸਿਆਸੀ ਮੰਚਾਂ ’ਤੇ ਖੁਦ ਨੂੰ ਮੋਦੀ ਦਾ ਹਨੂੰਮਾਨ ਦੱਸਣ ਵਾਲੇ ਚਿਰਾਗ ਲਈ ਇਹ ਪੇਸ਼ਕਸ਼ ਠੁਕਰਾਉਣੀ ਘਾਟੇ ਦਾ ਸੌਦਾ ਹੋ ਸਕਦੀ ਹੈ। ਚਿਰਾਗ ਜਨਤਾ ਦਲ (ਯੂ) ਦੇ ਪ੍ਰਧਾਨ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਐੱਨ ਡੀ ਏ ਵਿਚ ਵਾਪਸੀ ਤੋਂ ਨਾਰਾਜ਼ ਹਨ। ਇਨ੍ਹਾਂ ਹਾਲਾਤ ਵਿਚ ਉਹ ‘ਇੰਡੀਆ’ ਦੀ ਬਿਹਾਰ ਤੋਂ 8 ਤੇ ਯੂ ਪੀ ਤੋਂ 2 ਸੀਟਾਂ ਦੀ ਪੇਸ਼ਕਸ਼ ਨੂੰ ਹੱਸ ਕੇ ਮਨਜ਼ੂਰ ਕਰ ਸਕਦੇ ਹਨ। ਐੱਨ ਡੀ ਏ ਨੇ ਚਿਰਾਗ ਨੂੰ 6 ਸੀਟਾਂ ਦੀ ਪੇਸ਼ਕਸ਼ ਕੀਤੀ ਹੈ ਤੇ ਉਹ ਵੀ ਉਨ੍ਹਾ ਨੂੰ ਆਪਣੇ ਚਾਚਾ ਤੇ ਰਾਸ਼ਟਰੀ ਲੋਕ ਜਨ ਸ਼ਕਤੀ ਦੇ ਪ੍ਰਧਾਨ ਪਸ਼ੂਪਤੀ ਪਾਰਸ ਦੇ ਨਾਲ ਵੰਡਣੀਆਂ ਪੈਣੀਆਂ ਹਨ। ਪਾਰਸ ਨਾਲ ਚਿਰਾਗ ਦੇ ਚੰਗੇ ਸੰਬੰਧ ਨਹੀਂ ਹਨ। ਉਧਰ, ਇੰਡੀਆ ਨੇ ਜਿਹੜੀਆਂ ਸੀਟਾਂ ਦੀ ਪੇਸ਼ਕਸ਼ ਕੀਤੀ ਹੈ, ਉਨ੍ਹਾਂ ਵਿਚ ਉਹ 6 ਸੀਟਾਂ ਸ਼ਾਮਲ ਹਨ, ਜਿਹੜੀਆਂ ਦੋਫਾੜ ਹੋਣ ਤੋਂ ਪਹਿਲਾਂ ਲੋਕ ਜਨ ਸ਼ਕਤੀ ਪਾਰਟੀ ਨੇ 2019 ਦੀਆਂ ਚੋਣਾਂ ਵਿਚ ਲੜੀਆਂ ਸਨ। ਇਨ੍ਹਾਂ ਤੋਂ ਇਲਾਵਾ ਬਿਹਾਰ ਵਿਚ ਹੀ 2 ਤੇ ਯੂ ਪੀ ਵਿਚ 2 ਸੀਟਾਂ ਹੋਰ ਦਿੱਤੀਆਂ ਜਾ ਰਹੀਆਂ ਹਨ। ਯਾਨੀ ਚਿਰਾਗ ਨੂੰ 10 ਸੀਟਾਂ ਮਿਲਣੀਆਂ ਹਨ ਤੇ ਉਹਨੂੰ ਚਾਚੇ ਨਾਲ ਵੰਡਣ ਦੀ ਲੋੜ ਵੀ ਨਹੀਂ ਰਹਿਣੀ। ਚਾਚੇ-ਭਤੀਜੇ ਵਿਚਾਲੇ ਲੜਾਈ ਦੇ ਕਾਰਨ ਹੀ ਐੱਨ ਡੀ ਏ ਨੂੰ ਬਿਹਾਰ ਵਿਚ ਸੀਟਾਂ ਦੀ ਵੰਡ ਕਰਨ ਵਿਚ ਮੁਸ਼ਕਲ ਆ ਰਹੀ ਹੈ। ਚਿਰਾਗ ਪਾਸਵਾਨ ਦਾ ਕਹਿਣਾ ਹੈ ਕਿ ਜਦੋਂ ਲੋਕ ਜਨ ਸ਼ਕਤੀ ਪਾਰਟੀ ਟੁੱਟੀ ਨਹੀਂ ਸੀ, 2019 ਦੇ ਫਾਰਮੂਲੇ ਮੁਤਾਬਕ ਪਾਰਟੀ ਦੇ 6 ਉਮੀਦਵਾਰ ਜਿੱਤੇ ਸਨ ਤੇ ਉਹ ਸੀਟਾਂ ਉਨ੍ਹਾਂ ਨੂੰ ਮਿਲਣੀਆਂ ਚਾਹੀਦੀਆਂ ਹਨ। ਪਸ਼ੂਪਤੀ ਪਾਰਸ ਦਾ ਕਹਿਣਾ ਹੈ ਕਿ 6 ਵਿੱਚੋਂ 5 ਸਾਂਸਦ ਉਨ੍ਹਾ ਨਾਲ ਹਨ ਤੇ 6 ਸੀਟਾਂ ਉਨ੍ਹਾ ਦੀ ਪਾਰਟੀ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ। ਪਸ਼ੂਪਤੀ ਪਾਰਸ ਹਾਜੀਪੁਰ ਤੋਂ ਸਾਂਸਦ ਹਨ, ਜਦਕਿ ਚਿਰਾਗ ਆਪਣੇ ਪਿਤਾ ਰਾਮ ਵਿਲਾਸ ਪਾਸਵਾਨ ਦੀ ਵਿਰਾਸਤ ਦਾ ਹਵਾਲਾ ਦੇ ਕੇ ਉਸ ’ਤੇ ਦਾਅਵਾ ਠੋਕ ਰਹੇ ਹਨ। ਰਾਮ ਵਿਲਾਸ ਪਾਸਵਾਨ ਦੀ ਮੌਤ ਦੇ ਇਕ ਸਾਲ ਬਾਅਦ ਪਾਰਸ ਵੱਲੋਂ ਤਖਤ ਪਲਟਣ ’ਤੇ ਪਾਰਟੀ ਦੋਫਾੜ ਹੋ ਗਈ ਸੀ। ਪਾਰਸ ਨੂੰ ਕੇਂਦਰ ਵਿਚ ਮੰਤਰੀ ਬਣਾਉਣ ’ਤੇ ਚਿਰਾਗ ਨੇ ਨਿਤੀਸ਼ ’ਤੇ ਹਮਲਾ ਬੋਲਿਆ ਸੀ। ਹਾਲਾਂਕਿ, ਭਾਜਪਾ ਤੇ ਮੋਦੀ ’ਤੇ ਹਮਲਾ ਕਰਨ ਤੋਂ ਪਰਹੇਜ਼ ਕੀਤਾ ਸੀ। ਉਨ੍ਹਾ ਮੋਦੀ ਨੂੰ ਰਾਮ ਦੱਸਦਿਆਂ ਖੁਦ ਨੂੰ ਉਨ੍ਹਾ ਦਾ ਹਨੂੰਮਾਨ ਦੱਸਿਆ ਸੀ। ਨਿਤੀਸ਼ ਨਾਲ ਮਤਭੇਦਾਂ ਕਾਰਨ 2020 ਵਿਚ ਐੱਨ ਡੀ ਏ ਛੱਡਣ ਦੇ ਬਾਅਦ ਚਿਰਾਗ ਪਿਛਲੇ ਸਾਲ ਮੁੜ ਐੱਨ ਡੀ ਏ ਵਿਚ ਆ ਗਏ ਸਨ, ਪਰ ਨਿਤੀਸ਼ ਦੀ ਐੱਨ ਡੀ ਏ ਵਿਚ ਮੁੜ ਵਾਪਸੀ ਤੋਂ ਬਾਅਦ ਉਹ ਅਸਹਿਜ ਮਹਿਸੂਸ ਕਰ ਰਹੇ ਹਨ। ਕੁਝ ਦਿਨਾਂ ਵਿਚ ਸਥਿਤੀ ਸਾਫ ਹੋ ਜਾਵੇਗੀ ਕਿ ਖੁਦ ਨੂੰ ਮੋਦੀ ਦਾ ਹਨੂੰਮਾਨ ਦੱਸਣ ਵਾਲੇ ਚਿਰਾਗ ਤਿਆਗ ਕਰਨਗੇ ਜਾਂ ਨਵੇਂ ਮੌਕਿਆਂ ਦੀ ਭਾਲ ਵਿਚ ਅੱਗੇ ਵਧਣਗੇ।

ਸਾਂਝਾ ਕਰੋ