ਰੂਸ ਵੱਲੋਂ ਯੂਕਰੇਨ ਜੰਗ ਵਿੱਚ ਲੜਾਕਿਆਂ ਵਜੋਂ ਭੇਜਣ ਦਾ ਮਾਮਲਾ ਹੋਵੇ ਜਾਂ ਫਿਰ ਇਜ਼ਰਾਈਲ ਵਿੱਚ ਮਨੁੱਖੀ ਢਾਲ ਵਜੋਂ ਵਰਤਣ ਦਾ, ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਭਾਰਤੀ ਨੌਜਵਾਨ ਕਾਮਿਆਂ ਨੂੰ ਵੱਧ ਕਮਾਈ ਦਾ ਲਾਲਚ ਦੇ ਕੇ ਧੋਖੇ ਨਾਲ ਜੰਗ ਵਾਲੇ ਖੇਤਰਾਂ ਵਿੱਚ ਭੇਜਿਆ ਜਾ ਰਿਹਾ ਹੈ। ਭਾਰਤੀ ਵਰਕਰਾਂ ਨੇ ਆਪਣਾ ਪਸੀਨਾ ਵਹਾ ਕੇ ਅਤੇ ਮਿਹਨਤ ਮਸ਼ੱਕਤ ਕਰ ਕੇ ਪੱਛਮੀ ਏਸ਼ੀਆ ਵਿੱਚ ਕਈ ਸ਼ਾਨਦਾਰ ਸ਼ਹਿਰਾਂ ਦੀ ਉਸਾਰੀ ਕੀਤੀ ਹੈ, ਬਦਲੇ ਵਿੱਚ ਇਨ੍ਹਾਂ ਪਰਵਾਸੀ ਵਰਕਰਾਂ ਨੇ ਆਪਣੇ ਘਰ ਵੀ ਖ਼ੁਸ਼ਹਾਲ ਕੀਤੇ ਹਨ। ਯੂਰੋਪੀਅਨ ਮੁਲਕਾਂ ਅਤੇ ਉੱਤਰੀ ਅਮਰੀਕਾ ਵਿਚ ਭਾਰਤੀ ਕਿਰਤੀਆਂ ਨੇ ਕਈ ਮੁਲਕਾਂ ਦੇ ਉਭਾਰ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਅਮਨ-ਪਸੰਦ, ਮਿਹਨਤੀ ਅਤੇ ਕਿਫ਼ਾਇਤੀ ਭਾਈਚਾਰੇ ਨੂੰ ਦੁਨੀਆ ਭਰ ਵਿਚ ਕਿਤੇ ਵੀ ਵਰਕਰਾਂ ਦੇ ਸਥਾਈ ਅਤੇ ਆਰਜ਼ੀ ਪਰਵਾਸ ਦੇ ਪੱਖ ਤੋਂ ਆਦਰਸ਼ ਮੰਨਿਆ ਜਾ ਸਕਦਾ ਹੈ ਪਰ ਹੁਣ ਇਨ੍ਹਾਂ ਗੁਣਾਂ ਨੇ ਹੀ ਭਾਰਤੀ ਵਰਕਰਾਂ ਨੂੰ ਮਾਨਵੀ ਤਸਕਰਾਂ ਦੀ ਚਾਲਬਾਜ਼ੀ ਦਾ ਸ਼ਿਕਾਰ ਬਣਾ ਦਿੱਤਾ ਹੈ ਜੋ ਇਨ੍ਹਾਂ ਨੂੰ ਜਾਨਲੇਵਾ ਜੰਗੀ ਇਲਾਕਿਆਂ ਵਿਚ ਧੱਕ ਰਹੇ ਹਨ। ਇਜ਼ਰਾਈਲ-ਲਿਬਨਾਨ ਸਰਹੱਦ ਉਤੇ ਮਾਰਗਾਲੀਏਟ ਦੇ ਖੇਤਾਂ ਵਿਚ ਕੰਮ ਕਰਦਾ ਕੇਰਲ ਦਾ ਨਿਬੀਨ ਮੈਕਸਵੈੱਲ ਸੋਮਵਾਰ ਨੂੰ ਲਿਬਨਾਨ ਦੀ ਸ਼ੀਆ ਅਤਿਵਾਦੀ ਜਥੇਬੰਦੀ ਹਿਜ਼ਬੁੱਲ੍ਹਾ ਵੱਲੋਂ ਕੀਤੇ ਮਿਜ਼ਾਈਲ ਹਮਲੇ ਵਿਚ ਮਾਰਿਆ ਗਿਆ। ਇਸ ਹਮਲੇ ਵਿੱਚ ਕੇਰਲ ਦੇ ਹੀ ਦੋ ਹੋਰ ਜਣੇ ਜ਼ਖ਼ਮੀ ਹੋ ਗਏ ਹਨ। ਇਹ ਸਾਰੇ ਉੱਥੇ ਨਵੇਂ ਨਵੇਂ ਹੀ ਗਏ ਸਨ ਅਤੇ ਫ਼ਲਸਤੀਨੀ ਵਰਕਰਾਂ ਦੀ ਥਾਂ ਕੰਮ ਕਰ ਰਹੇ ਸਨ। ਸੱਤ ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਇਜ਼ਰਾਇਲੀ ਰੱਖਿਆ ਬਲਾਂ ਵੱਲੋਂ ਬਦਲਾ ਲੈਣ ਲਈ ਸ਼ੁਰੂ ਕੀਤੀ ਜਵਾਬੀ ਕਾਰਵਾਈ ਤੋਂ ਬਾਅਦ ਫ਼ਲਸਤੀਨੀਆਂ ਦੇ ਇਜ਼ਰਾਈਲ ਵਿਚ ਦਾਖਲ ਹੋਣ ’ਤੇ ਰੋਕ ਲਾ ਦਿੱਤੀ ਗਈ ਹੈ। ਇਜ਼ਰਾਇਲੀ ਰੱਖਿਆ ਬਲਾਂ ਵੱਲੋਂ ਕੀਤੀ ਜਾ ਰਹੀ ‘ਨਸਲਕੁਸ਼ੀ’ ਵਰਗੀ ਬਦਲੇ ਦੀ ਕਾਰਵਾਈ ਵਿਚ ਹੁਣ ਤੱਕ 30700 ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ। ਫ਼ਲਸਤੀਨੀ ਲੋਕ ਭੁੱਖਮਰੀ ਅਤੇ ਹੋਰ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਦੌਰਾਨ ਤਾਇਵਾਨ ਦੇ ਕਿਰਤ ਮੰਤਰੀ ਸੂ ਮਿੰਗ-ਚੁਨ ਨੇ ਭਾਰਤ ਦੇ ਉੱਤਰ ਪੂਰਬੀ ਖਿੱਤੇ ਤੋਂ ਜਿ਼ਆਦਾਤਰ ਈਸਾਈ ਮਜ਼ਦੂਰ ਮੰਗਵਾਉਣ ਬਾਰੇ ਮੁਆਫ਼ੀ ਮੰਗੀ ਹੈ ਅਤੇ ਉਨ੍ਹਾਂ ਦੀ ਚਮੜੀ ਦੇ ਰੰਗ ਅਤੇ ਖਾਣ ਪੀਣ ਦੀਆਂ ਆਦਤਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ’ਤੇ ਵੀ ਅਫ਼ਸੋਸ ਜਤਾਇਆ ਹੈ। ਇਨ੍ਹਾਂ ਸਮੁੱਚੇ ਹਾਲਾਤ ਦੇ ਮੱਦੇਨਜ਼ਰ ਵਿਦੇਸ਼, ਗ੍ਰਹਿ ਅਤੇ ਕਿਰਤ ਮੰਤਰਾਲਿਆਂ ਨੂੰ ਵਿਆਪਕ ਨੀਤੀ ਅਪਣਾ ਕੇ ਕਿਸੇ ਵੀ ਵਿਦੇਸ਼ੀ ਮੁਲਕ ਵਲੋਂ ਵਰਕ ਵੀਜ਼ਾ ਦੇਣ ਲਈ ਸਰਕਾਰੀ ਪੱਧਰ ’ਤੇ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਕਿ ਭਾਰਤ ਦੇ ਨੌਜਵਾਨਾਂ ਨੂੰ ਵਰਗਲਾ ਕੇ ਕਿਸੇ ਹਥਿਆਰਬੰਦ ਸੰਘਰਸ਼ ਦਾ ਖਾਜਾ ਨਾ ਬਣਾਇਆ ਜਾ ਸਕੇ। ਇਸੇ ਤਰ੍ਹਾਂ ਇਜ਼ਰਾਈਲ ਨੂੰ ਵੀ ਚਿਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਭਾਰਤੀ ਕਾਮਿਆਂ ਨੂੰ ਖ਼ਤਰਨਾਕ ਸਰਹੱਦੀ ਖੇਤਰਾਂ ਵਿਚ ਨਾ ਭੇਜੇ; ਰੂਸ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਚੁੰਗਲ ਵਿਚ ਫਸਾ ਕੇ ਜੰਗੀ ਮੰਤਵਾਂ ਲਈ ਵਰਤੇ ਜਾਣ ਦੀ ਵੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਭਾਰਤੀ ਕਾਮਿਆਂ ਨੂੰ ਕਿਸੇ ਦੀ ਜੰਗ ਵਿਚ ਵਰਤਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਦੇ ਨਾਲ ਨਾਲ ਨੌਜਵਾਨਾਂ ਲਈ ਮੁਲਕ ਦੇ ਅੰਦਰ ਹੀ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਉਹ ਪਰਵਾਸ ਕਰਨ ਲਈ ਮਜਬੂਰ ਹੀ ਨਾ ਹੋਣ। ਮੁਲਕ ਵਿੱਚ ਬੇਰੁਜ਼ਗਾਰੀ ਜਿੰਨੀ ਤੇਜ਼ੀ ਨਾਲ ਵਧੀ ਹੈ, ਇਸ ਨਾਲ ਨਜਿੱਠਣ ਲਈ ਉਸੇ ਪੱਧਰ ’ਤੇ ਮੁਹਿੰਮ ਚਲਾਉਣ ਦੀ ਲੋੜ ਹੈ। ਨੌਜਵਾਨ ਮੁਲਕ ਦਾ ਸਰਮਾਇਆ ਹਨ, ਇਨ੍ਹਾਂ ਨੂੰ ਸਾਂਭਣਾ ਸਰਕਾਰਾਂ ਦਾ ਪਹਿਲਾ ਫ਼ਰਜ਼ ਹੈ।