ਇਹ ਚੰਗਾ ਹੋਇਆ ਕਿ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ ਨੂੰ ਇਸ ਲਈ ਚੌਕਸ ਕਰ ਦਿੱਤਾ ਕਿ ਉਨ੍ਹਾਂ ਦੀ ਬੇਵਜ੍ਹਾ ਬਿਆਨਬਾਜ਼ੀ ’ਤੇ ਨਜ਼ਰ ਰੱਖੀ ਜਾਵੇਗੀ ਤੇ ਤੈਅ ਨਿਯਮਾਂ ਨੂੰ ਤੋੜਨ ਵਾਲਿਆਂ ’ਤੇ ਕਾਰਵਾਈ ਵੀ ਕੀਤੀ ਜਾਵੇਗੀ ਪਰ ਉਸ ਦੇ ਸਾਹਮਣੇ ਸਿਰਫ਼ ਭਾਸ਼ਾ ਦੀ ਮਰਿਆਦਾ ਦੀ ਉਲੰਘਣਾ ਰੋਕਣ ਦੀ ਹੀ ਚੁਣੌਤੀ ਨਹੀਂ ਹੈ। ਇਸ ਤੋਂ ਇਲਾਵਾ ਇਕ ਵੱਡੀ ਚੁਣੌਤੀ ਇਹ ਵੀ ਹੈ ਕਿ ਵੋਟਰਾਂ ਨੂੰ ਚੁੱਪ-ਚਪੀਤੇ ਪੈਸੇ ਵੰਡ ਕੇ ਵੋਟਾਂ ਹਾਸਲ ਕਰਨ ਤੋਂ ਕਿਵੇਂ ਰੋਕਿਆ ਜਾਵੇ।ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਪਿਛਲੇ ਕੁਝ ਸਮੇਂ ਤੋਂ ਪੈਸੇ ਵੰਡ ਕੇ ਵੋਟਾਂ ਹਾਸਲ ਕਰਨ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। ਇਸ ਦਾ ਸਬੂਤ ਇਹ ਹੈ ਕਿ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਵੰਡੀ ਜਾਣ ਵਾਲੀ ਧਨਰਾਸ਼ੀ ਦੀ ਬਰਾਮਦਗੀ ਵਧਦੀ ਚਲੀ ਜਾ ਰਹੀ ਹੈ। ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਦੌਰਾਨ ਕਰੋੜਾਂ ਰੁਪਏ ਦੀ ਰਕਮ ਜ਼ਬਤ ਕੀਤੀ ਜਾਂਦੀ ਹੈ ਪਰ ਕੋਈ ਵੀ ਸਮਝ ਸਕਦਾ ਹੈ ਕਿ ਇਸ ਤਰ੍ਹਾਂ ਦੀ ਰਕਮ ਦਾ ਇਕ ਵੱਡਾ ਹਿੱਸਾ ਉਸ ਦੀ ਪਕੜ ’ਚ ਨਹੀਂ ਆਉਂਦਾ ਹੋਵੇਗਾ। ਇਹ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਵੱਡੀ ਗਿਣਤੀ ’ਚ ਉਮੀਦਵਾਰ ਚੋਣ ਖ਼ਰਚੇ ਦੀ ਮਿੱਥੀ ਰਕਮ ਨਾਲੋਂ ਕਿਤੇ ਜ਼ਿਆਦਾ ਪੈਸਾ ਆਪਣੇ ਪ੍ਰਚਾਰ ’ਤੇ ਖ਼ਰਚ ਕਰਦੇ ਹਨ। ਉਮੀਦਵਾਰ ਭਾਵੇਂ ਕਾਗਜ਼ਾਂ ’ਤੇ ਇਹ ਦਿਖਾ ਦਿੰਦੇ ਹੋਣ ਕਿ ਉਨ੍ਹਾਂ ਨੇ ਮਿੱਥੀ ਹੱਦ ਦੇ ਤਹਿਤ ਹੀ ਚੋਣ ਪ੍ਰਚਾਰ ’ਤੇ ਧਨ ਖ਼ਰਚ ਕੀਤਾ ਹੈ ਪਰ ਹਰ ਕੋਈ ਇਹ ਜਾਣਦਾ ਹੈ ਕਿ ਆਮ ਤੌਰ ’ਤੇ ਅਜਿਹਾ ਨਹੀਂ ਹੁੰਦਾ। ਸੱਚਾਈ ਇਹ ਹੈ ਕਿ ਚਾਹੇ ਵਿਧਾਨ ਸਭਾਵਾਂ ਲਈ ਚੋਣਾਂ ਹੋਣ ਜਾਂ ਲੋਕ ਸਭਾ ਦੀਆਂ, ਉਨ੍ਹਾਂ ਵਿਚ ਮਿੱਥੀ ਰਕਮ ਨਾਲੋਂ ਕਿਤੇ ਜ਼ਿਆਦਾ ਪੈਸਾ ਖ਼ਰਚਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਚੋਣ ਲੜਨਾ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਰਹਿ ਗਿਆ ਹੈ। ਇਕ ਸਮਾਂ ਸੀ ਜਦ ਚੋਣਾਂ ’ਚ ਬਾਹੂਬਲ ਦੇ ਨਾਲ-ਨਾਲ ਧਨਬਲ ਦੀ ਭੂਮਿਕਾ ਦੇਖਣ ਨੂੰ ਮਿਲਦੀ ਸੀ। ਸਮੇਂ ਦੇ ਨਾਲ ਬਾਹੂਬਲ ’ਤੇ ਤਾਂ ਵੱਡੀ ਹੱਦ ਤੱਕ ਲਗਾਮ ਲੱਗ ਗਈ ਪਰ ਧਨਬਲ ਦੀ ਭੂਮਿਕਾ ਵਧਦੀ ਜਾ ਰਹੀ ਹੈ। ਬੰਗਾਲ ’ਚ ਬਾਹੂਬਲ ’ਤੇ ਵੀ ਰੋਕ ਨਹੀਂ ਲੱਗ ਸਕੀ ਹੈ। ਚੋਣ ਕਮਿਸ਼ਨ ਨੂੰ ਹੋਰ ਜ਼ਿਆਦਾ ਸਰਗਰਮੀ ਤੇ ਸਖ਼ਤੀ ਦਾ ਸਬੂਤ ਦੇਣਾ ਹੋਵੇਗਾ। ਸਮੱਸਿਆ ਇਹ ਹੈ ਕਿ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚੋਣ ਕਮਿਸ਼ਨ ਕੋਈ ਸਖ਼ਤ ਕਾਰਵਾਈ ਕਰਨ ’ਚ ਸਮਰੱਥ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਕੋਲ ਢੁੱਕਵੇਂ ਅਧਿਕਾਰ ਨਹੀਂ ਹਨ। ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਰਾਜਨੀਤਕ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਤੇ ਉਮੀਦਵਾਰਾਂ ਨੂੰ ਇਹ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਧਾਰਮਿਕ ਅਸਥਾਨਾਂ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਬੇਸ਼ੱਕ ਅਜਿਹਾ ਹੀ ਹੋਣਾ ਚਾਹੀਦਾ ਹੈ ਪਰ ਇਹ ਵੀ ਹਕੀਕਤ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ’ਚ ਚੋਣਾਂ ਜਿੱਤਣ ਲਈ ਜਾਂ ਤਾਂ ਧਾਰਮਿਕ ਅਸਥਾਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਾਂ ਫਿਰ ਧਰਮ ਗੁਰੂਆਂ ਦਾ ਸਹਾਰਾ ਲਿਆ ਜਾਂਦਾ ਹੈ।