ਸ਼ਾਹਬਾਜ਼ ਦੀ ਦੂਜੀ ਪਾਰੀ

ਪਾਕਿਸਤਾਨ ’ਚ ਲਗਭਗ ਮਹੀਨਾ ਪਹਿਲਾਂ ਹੋਈਆਂ ਚੋਣਾਂ ਜਿਨ੍ਹਾਂ ਵਿਚ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ, ਤੋਂ ਬਾਅਦ ਹੁਣ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਵਜੋਂ ਦੂਜਾ ਕਾਰਜਕਾਲ ਸੰਭਾਲ ਲਿਆ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਕਾਫ਼ੀ ਲੰਮੀ ਗੱਲਬਾਤ ਮਗਰੋਂ ਅਖੀਰ ਗੱਠਜੋੜ ਨੂੰ ਸਿਰੇ ਚੜ੍ਹਾ ਲਿਆ। ਦੇਸ਼ ਦੀ ਫੌਜੀ ਲੀਡਰਸ਼ਿਪ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਸੱਤਾ ਤੋਂ ਬਾਹਰ ਰੱਖਣ ਦਾ ਆਪਣਾ ਟੀਚਾ ਪੂਰਾ ਕਰ ਲਿਆ ਹੈ ਜਦੋਂਕਿ ਇਸ ਪਾਰਟੀ ਦੀ ਹਮਾਇਤ ਪ੍ਰਾਪਤ ਉਮੀਦਵਾਰਾਂ ਨੇ ਪੀਐੱਮਐੱਲ-ਐੱਨ ਅਤੇ ਪੀਪੀਪੀ ਨੂੰ 8 ਫਰਵਰੀ ਦੀਆਂ ਚੋਣਾਂ ’ਚ ਮਾਤ ਦੇ ਦਿੱਤੀ ਸੀ। ਇਸ ਤਰ੍ਹਾਂ ਇਹ ਸਪੱਸ਼ਟ ਹੋ ਗਿਆ ਹੈ ਕਿ ਪਾਕਿਸਤਾਨ ਦੀ ਫ਼ੌਜੀ ਲੀਡਰਸ਼ਿਪ ਦੇਸ਼ ਦੀ ਸਿਆਸਤ ਉੱਤੇ ਹਾਵੀ ਰਹੇਗੀ ਅਤੇ ਫਿ਼ਲਹਾਲ ਉਸੇ ਦੀ ਮਰਜ਼ੀ ਚੱਲਦੀ ਰਹੇਗੀ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਸੱਤਾ ਸੰਭਾਲਦਿਆਂ ਹੀ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਅਰਥਚਾਰੇ ਨੂੰ ਸੁਧਾਰਨਾ ਹੈ। ਫੌਰੀ ਚੁਣੌਤੀ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੂੰ ਫੰਡਿੰਗ ਜਾਰੀ ਰੱਖਣ ਲਈ ਮਨਾਉਣਾ ਹੈ ਜਿਸ ਬਾਰੇ ਮੌਜੂਦਾ ਸਮਝੌਤਾ ਅਪਰੈਲ ਵਿਚ ਖ਼ਤਮ ਹੋ ਰਿਹਾ ਹੈ। ਸਰਕਾਰ ਆਈਐੱਮਐੱਫ ਨੂੰ ਸਮਝੌਤੇ ਦੀ ਮਿਆਦ ਵਧਾਉਣ ਲਈ ਕਹਿ ਸਕਦੀ ਹੈ। ਭੂ-ਰਾਜਨੀਤਕ ਮੋਰਚੇ ’ਤੇ ਸ਼ਾਹਬਾਜ਼ ਸ਼ਰੀਫ਼ ਅੱਗੇ ਅਫ਼ਗਾਨਿਸਤਾਨ, ਇਰਾਨ ਤੇ ਭਾਰਤ ਦੀਆਂ ਚੁਣੌਤੀਆਂ ਹਨ ਜਿਨ੍ਹਾਂ ਨਾਲ ਪਾਕਿਸਤਾਨ ਦੇ ਰਿਸ਼ਤੇ ਵਿਗੜੇ ਹੋਏ ਹਨ। ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ 2019 ਤੋਂ ਖੜੋਤ ਦਾ ਸ਼ਿਕਾਰ ਹਨ। ਉਸੇ ਸਾਲ ਪੁਲਵਾਮਾ ਦਹਿਸ਼ਤੀ ਹਮਲਾ ਹੋਇਆ, ਬਾਲਾਕੋਟ ’ਚ ਜਵਾਬੀ ਕਾਰਵਾਈ ਕੀਤੀ ਗਈ ਅਤੇ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨਾਲ ਜੁੜੀ ਧਾਰਾ 370 ਹਟਾਈ ਗਈ। ਸ਼ਾਹਬਾਜ਼ ਸ਼ਰੀਫ਼ ਨੇ ਭਾਵੇਂ ਆਪਣੇ ਗੁਆਂਢੀਆਂ ਸਣੇ ਸਾਰੇ ਪ੍ਰਮੁੱਖ ਮੁਲਕਾਂ ਨਾਲ ਪਾਕਿਸਤਾਨ ਦੇ ਰਿਸ਼ਤੇ ਸੁਧਾਰਨ ਦਾ ਅਹਿਦ ਕੀਤਾ ਹੈ ਪਰ ਕਸ਼ਮੀਰੀਆਂ ਦੀ ਤੁਲਨਾ ਫ਼ਲਸਤੀਨੀਆਂ ਨਾਲ ਕਰ ਕੇ ਵੱਖਰਾ ਪੈਂਤੜਾ ਅਪਣਾਇਆ ਹੈ। ਪਾਕਿਸਤਾਨ ਨੇ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਵਿਚ ਕਸ਼ਮੀਰ ਦਾ ਮੁੱਦਾ ਉਠਾਇਆ ਸੀ ਜਿਸ ’ਤੇ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਭਾਰਤ ਨੇ ਇਸਲਾਮਾਬਾਦ ਨੂੰ ਆਪਣੇ ‘ਮਨੁੱਖੀ ਹੱਕ ਦੇ ਖਰਾਬ ਰਿਕਾਰਡ’ ਅਤੇ ‘ਸੰਸਾਰ ਵਿੱਚ ਅਤਿਵਾਦ ਦੀ ਫੈਕਟਰੀ ਵਜੋਂ ਬਣੀ ਉਸ ਦੀ ਪਛਾਣ’ ਉੱਤੇ ਝਾਤ ਮਾਰਨ ਲਈ ਕਿਹਾ ਸੀ। ਅਸਲ ਵਿਚ, ਪਾਕਿਸਤਾਨ ਦੀ ਨਵੀਂ ਸਰਕਾਰ ਵਿਚ ਕੁਝ ਨਵਾਂ ਨਹੀਂ ਹੈ ਅਤੇ ਇਹ ਚੀਨ ਤੇ ਅਮਰੀਕਾ ਦੇ ਸੱਜੇ ਪਾਸੇ ਬੈਠਣ ਨੂੰ ਹੀ ਤਰਜੀਹ ਦੇਵੇਗੀ। ਇਸ ਦਾ ਮਤਲਬ ਹੈ ਕਿ ਸਰਹੱਦ ਪਾਰੋਂ ਹੁੰਦੀ ਦਹਿਸ਼ਤਗਰਦੀ ਜਲਦੀ ਰੁਕਣ ਵਾਲੀ ਨਹੀਂ ਤੇ ਭਾਰਤ ਨਾਲ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਬਣੇ ਰਹਿਣਗੇ। ਉਂਝ, ਇਸ ਸਾਰੇ ਖਲਜਗਣ ਦੇ ਬਾਵਜੂਦ ਇਕ ਤੱਥ ਪਿਛਲੇ ਕੁਝ ਸਮੇਂ ਦੌਰਾਨ ਜ਼ਰੂਰ ਨਮੂਦਾਰ ਹੋਇਆ ਹੈ; ਉਹ ਇਹ ਕਿ ਪਾਕਿਸਤਾਨੀ ਫੌਜ ਦੇ ਭਾਰਤ ਪ੍ਰਤੀ ਰਵੱਈਏ ਵਿੱਚ ਸਿਫ਼ਤੀ ਤਬਦੀਲੀ ਨੋਟ ਕੀਤੀ ਗਈ ਹੈ। ਇਸ ਦੇ ਨਾਲ ਹੀ ਦੋਹਾਂ ਮੁਲਕਾਂ ਦੀ ਅਵਾਮ ਖਾਸ ਕਰ ਕੇ ਪੰਜਾਬ ਦੇ ਲੋਕ, ਦੋਹਾਂ ਮੁਲਕਾਂ ਵਿਚਕਾਰ ਨਿੱਘੇ ਰਿਸ਼ਤਿਆਂ ਦੇ ਹਾਮੀ ਹਨ। ਜੇ ਕਿਸੇ ਸੂਰਤ ਅਜਿਹਾ ਸੰਭਵ ਹੁੰਦਾ ਹੈ ਤਾਂ ਇਹ ਖਿੱਤੇ ਲਈ ਨਵਾਂ ਅਧਿਆਇ ਹੋਵੇਗਾ।

ਸਾਂਝਾ ਕਰੋ