ਮੋਦੀ ਦਾ ਪਰਵਾਰ

ਪਟਨਾ ਵਿੱਚ 3 ਮਾਰਚ ਨੂੰ ਹੋਈ ‘ਇੰਡੀਆ ਗੱਠਜੋੜ ਦੀ ਰੈਲੀ ਨੇ ਹਾਕਮ ਧਿਰ ਦੇ ਆਗੂਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਸੱਤਾਧਾਰੀਆਂ ਨੂੰ ਲਗਦਾ ਸੀ ਕਿ ਸਿਆਸੀ ਮਦਾਰੀ ਨਿਤੀਸ਼ ਦੀ ਉਲਟਬਾਜ਼ੀ ਤੋਂ ਬਾਅਦ 40 ਸੀਟਾਂ ਵਾਲੇ ਬਿਹਾਰ ਵਿੱਚ ਉਹ ਹੂੰਝਾ ਫੇਰ ਦੇਣਗੇ, ਪਰ ਪਟਨਾ ਰੈਲੀ ਵਿੱਚ ਜੁੜੀ ਭੀੜ ਨੇ ਉਨ੍ਹਾਂ ਦੀਆਂ ਸਭ ਗਿਣਤੀਆਂ-ਮਿਣਤੀਆਂ ਉੱਤੇ ਪੂੰਝਾ ਫੇਰ ਦਿੱਤਾ ਹੈ। ਹਿੰਦੋਸਤਾਨ ਦੇ ਨਾਮਣੇ ਵਾਲੇ ਅੰਗਰੇਜ਼ੀ ਅਖਬਾਰ ‘ਦੀ ਹਿੰਦੂ’ ਨੇ ਵਰ੍ਹਦੇ ਮੀਂਹ ਵਿੱਚ ਹੋਈ ਰੈਲੀ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ 5 ਲੱਖ ਤੋਂ ਵੱਧ ਦੱਸੀ ਹੈ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਇੱਕ ਵੱਖਰੇ ਹੀ ਮਾਹੌਲ ਵਿੱਚ ਹੋ ਰਹੀਆਂ ਹਨ। ਆਮ ਨਾਗਰਿਕ ਇਸ ਬਾਰੇ ਨਹੀਂ ਸੋਚ ਰਹੇ ਕਿ ਕੌਣ ਜਿੱਤੇਗਾ, ਉਹ ਇਹ ਸੋਚ ਰਹੇ ਹਨ ਕਿ ਕਿਸ ਦੇ ਜਿੱਤਣ ਨਾਲ ਉਨ੍ਹਾਂ ਦੇ ਮਸਲਿਆਂ ਦਾ ਹੱਲ ਹੋਵੇਗਾ। ਬੇਰੁਜ਼ਗਾਰੀ, ਮਹਿੰਗਾਈ, ਸਮਾਜਿਕ ਅਨਿਆਂ, ਕਿਸਾਨਾਂ ਦੀ ਦੁਰਦਸ਼ਾ ਤੇ ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਕੌਣ ਰੋਕ ਸਕੇਗਾ। ਲੋਕਤੰਤਰ ਵਿੱਚ ਸਰਕਾਰ ਦਾ ਮਤਲਬ ਜਨਤਾ ਹੁੰਦਾ ਹੈ। ਇਸ ਵਾਰ ਦੀਆਂ ਚੋਣਾਂ ਜਨਤਾ ਨੇ ਖੁਦ ਲੜਨ ਦਾ ਤਹੱਈਆ ਕਰ ਲਿਆ ਹੈ। ਇਸ ਦੀ ਪੁਸ਼ਟੀ ਦਾ ਸਿਹਰਾ ਵੀ ਪਟਨਾ ਰੈਲੀ ਨੂੰ ਜਾਂਦਾ ਹੈ। ਪਟਨਾ ਰੈਲੀ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਵੱਲੋਂ ਪਰਵਾਰਵਾਦ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਪਰਵਾਰ ਨਹੀਂ ਤਾਂ ਅਸੀਂ ਕੀ ਕਰ ਸਕਦੇ ਹਾਂ? ਉਨ੍ਹਾ ਦਾ ਇਸ਼ਾਰਾ ਮੋਦੀ ਦੇ ਕੋਈ ਬੱਚਾ ਨਾ ਹੋਣ ਬਾਰੇ ਸੀ। ਲਾਲੂ ਪ੍ਰਸਾਦ ਵੱਲੋਂ ਕਹੀ ਗਈ ਗੱਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਵਿੱਚ ਹੋਈ ਰੈਲੀ ਵਿੱਚ ਬੋਲਦਿਆਂ ਕਿਹਾ ਕਿ ਸਾਰੇ ਦੇਸ਼ ਵਾਸੀ ਹੀ ਉਸ ਦਾ ਪਰਵਾਰ ਹਨ। ਇਸ ਤੋਂ ਬਾਅਦ ਤਾਂ ਭਾਜਪਾ ਦੇ ਸਾਰੇ ਮੰਤਰੀਆਂ, ਸੰਤਰੀਆਂ, ਵਿਧਾਇਕਾਂ ਤੇ ਚਮਚੂ ਨੇਤਾਵਾਂ ਨੇ ਇੱਕ ਮੁਹਿੰਮ ਚਲਾ ਕੇ ਸੋਸ਼ਲ ਮੀਡੀਆ ’ਤੇ ਆਪਣੇ ਨਾਵਾਂ ਅੱਗੇ ‘ਮੋਦੀ ਦਾ ਪਰਵਾਰ’ ਲਿਖਣਾ ਸ਼ੁਰੂ ਕਰ ਦਿੱਤਾ ਹੈ। ਯਾਦ ਰਹੇ ਕਿ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਜਦੋਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਆਪ ਨੂੰ ਦੇਸ਼ ਦਾ ਚੌਕੀਦਾਰ ਕਹੇ ਜਾਣ ਦੇ ਜਵਾਬ ਵਿੱਚ ‘ਚੌਕੀਦਾਰ ਹੀ ਚੋਰ’ ਕਿਹਾ ਸੀ ਤਾਂ ਸਾਰੇ ਭਾਜਪਾਈਆਂ ਨੇ ਆਪਣੇ ਨਾਵਾਂ ਅੱਗੇ ‘ਮੈਂ ਵੀ ਚੌਕੀਦਾਰ’ ਲਿਖਣ ਦੀ ਮੁਹਿੰਮ ਛੇੜ ਦਿੱਤੀ ਸੀ। ਭਾਜਪਾਈ ਭੁੱਲ ਗਏ ਹਨ ਕਿ 2019 ਤੋਂ 2024 ਦਰਮਿਆਨ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਲੰਘ ਚੁੱਕਾ ਹੈ। ਉਹ ਸਮਾਂ ਸੀ ਜਦੋਂ ਪੁਲਵਾਮਾ ਵਿੱਚ 40 ਜਵਾਨਾਂ ਦੀ ਬਲੀ ਦੇਣ ਤੋਂ ਬਾਅਦ ਕੀਤੀ ਗਈ ਏਅਰ ਸਟਰਾਈਕ ਨੇ ਲੋਕਾਂ ਨੂੰ ਮੂਰਛਤ ਕਰ ਦਿੱਤਾ ਸੀ, ਪਰ ਅੱਜ ਉਹ ਜਾਗ ਚੁੱਕੇ ਹਨ। ‘ਮੋਦੀ ਦਾ ਪਰਵਾਰ’ ਮੁਹਿੰਮ ਤੋਂ ਬਾਅਦ ਹਾਲੇ ਤੱਕ ‘ਇੰਡੀਆ’ ਗਠਜੋੜ ਦੀ ਕਿਸੇ ਧਿਰ ਨੇ ਵੀ ਇਸ ਦੇ ਜਵਾਬ ਵਿੱਚ ਕੁਝ ਨਹੀਂ ਕਿਹਾ, ਪਰ ਜਨਤਾ ਨੇ ਮੋਰਚਾ ਸੰਭਾਲ ਲਿਆ ਹੈ। ਸੋਸ਼ਲ ਮੀਡੀਆ ’ਤੇ ਦੋ ਮੁਹਿੰਮਾਂ ਤੇਜ਼ੀ ਨਾਲ ਚੱਲ ਰਹੀਆਂ ਹਨ, ‘ਮੋਦੀ ਦਾ ਪਰਵਾਰ’ ਤੇ ‘ਮੋਦੀ ਦੇ ਗੰਵਾਰ’। ਲੋਕ ਮੋਦੀ ਦੇ ਪਰਵਾਰ ਵਿੱਚ ਭਾਰਤ ਦੇ ਭਗੌੜੇ ਨੀਰਵ ਮੋਦੀ, ਲਲਿਤ ਮੋਦੀ ਤੇ ਵਿਜੈ ਮਾਲਿਆ ਦੇ ਨਾਂਅ ਲਿਖ ਕੇ ਉਨ੍ਹਾਂ ਦੀਆਂ ਤਸਵੀਰਾਂ ਲਾ ਰਹੇ ਹਨ। ਕੁਝ ਲੋਕ ਮੋਦੀ ਦੀਆਂ ਅਡਾਨੀ ਤੇ ਅੰਬਾਨੀ ਨਾਲ ਫੋਟੋਆਂ ਸ਼ੇਅਰ ਕਰ ਰਹੇ ਹਨ। ਸਮਾਜਿਕ ਕਾਰਕੁਨ ਸੰਦੀਪ ਸਿੰਘ ਨੇ ਮਹਿਲਾ ਭਲਵਾਨਾਂ ਦੇ ਜਿਨਸੀ ਛੇੜਛਾੜ ਦੇ ਦੋਸ਼ੀ ਬਿ੍ਰਜਭੂਸ਼ਣ ਸ਼ਰਣ ਸਿੰਘ ਬਾਰੇ ਲਿਖਿਆ ਹੈ ਕਿ ਫਿਰ ਤਾਂ ਬਿ੍ਰਜਭੂਸ਼ਣ ਵੀ ਮੋਦੀ ਦੇ ਪਰਵਾਰ ਦਾ ਹਿੱਸਾ ਹੈ। ਉੱਤਰ ਪ੍ਰਦੇਸ਼ ਦੇ ਯਸ਼ ਭਾਰਤੀ ਨੇ ਲਿਖਿਆ ਹੈ, ਲਾਲੂ ਦੇ ਇੱਕ ਝਟਕੇ ਨਾਲ ਮੋਦੀ ਦੇ ਲੱਖਾਂ ਬੱਚੇ ਪੈਦਾ ਹੋ ਗਏ ਹਨ। ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਭਾਵਿਕਾ ਕਪੂਰ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਸੀ। ਉਸ ਨੇ ਨਵਾਂ ਅਕਾਊਂਟ ਬਣਾ ਕੇ ਇੱਕ ਪੋਸਟਰ ਜਾਰੀ ਕੀਤਾ ਹੈ, ਇਸ ਵਿੱਚ ਵਿਜੈ ਮਾਲਿਆ, ਨੀਰਵ ਮੋਦੀ, ਮੇਹੁਲ ਚੌਕਸੀ, ਸੁਸ਼ੀਲ ਮੋਦੀ, ਅਨਿਲ ਅੰਬਾਨੀ, ਮੁਕੇਸ਼ ਅੰਬਾਨੀ ਤੇ ਅਡਾਨੀ ਦੀਆਂ ਫੋਟੋਆਂ ਨਰਿੰਦਰ ਮੋਦੀ ਦੀ ਫੋਟੋ ਦੇ ਦੁਆਲੇ ਲਾ ਕੇ ਲਿਖਿਆ ਹੈ ‘ਮੋਦੀ ਦਾ ਪਰਵਾਰ, ਸਹਿਮਤ ਹਾਂ।’ ਇਸ ਤਰ੍ਹਾਂ ਹਜ਼ਾਰਾਂ ਲੋਕਾਂ ਨੇ ਭਾਜਪਾ ਦੀ ‘ਮੋਦੀ ਦਾ ਪਰਵਾਰ’ ਮੁਹਿੰਮ ਦਾ ਟਵਿੱਟਰ ਉੱਤੇ ਜਵਾਬ ਦਿੱਤਾ ਹੈ। ਇਹ ਮੁਹਿੰਮ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

ਸਾਂਝਾ ਕਰੋ