ਆਖ਼ਰ ਕਿੱਧਰ ਨੂੰ ਜਾ ਰਿਹਾ ਹੈ ਪੰਜਾਬ?

ਜੇਕਰ ਮੈਨੂੰ ਕਿਸੇ ਕੰਮ ਲਈ ਇਕੱਲਿਆਂ ਸਫ਼ਰ ਕਰਨਾ ਪੈ ਜਾਵੇ ਤਾਂ ਮੈਂ ਪਬਲਿਕ ਟਰਾਂਸਪੋਰਟ ਬੱਸ ਜਾਂ ਟਰੇਨ ’ਚ ਸਫ਼ਰ ਕਰਨ ਨੂੰ ਤਰਜੀਹ ਦਿੰਦੀ ਹਾਂ। ਜਨਵਰੀ ਮਹੀਨੇ ਵੀ ਅਜਿਹਾ ਹੀ ਸਬੱਬ ਬਣਿਆ ਕਿ ਮੈਂ ਇਕੱਲੀ ਨੇ ਹੀ ਘਰ ਵਾਪਸ ਆਉਣਾ ਸੀ। ਸਫ਼ਰ ਥੋੜ੍ਹਾ ਲੰਮਾ ਸੀ। ਇਸ ਲਈ ਮੈਨੂੰ ਸਵੇਰ ਸਾਰ ਬੱਸ ਫੜਨੀ ਪਈ ਤਾਂ ਕਿ ਬਰੇਕਫਾਸਟ ਬਣਾਉਣ ਵੇਲੇ ਤੱਕ ਘਰ ਪਹੁੰਚ ਜਾਵਾਂ ਅਤੇ ਦਿਨ ਵੇਲੇ ਦੇ ਭੀੜ-ਭੜੱਕੇ ਤੋਂ ਵੀ ਬਚੀ ਰਹਾਂ। ਬੱਸ ਸਟੈਂਡ ਤੋਂ ਛੇ ਕੁ ਵਜੇ ਬੱਸ ਲਈ ਤਾਂ ਉਹ ਲਗਪਗ ਖ਼ਾਲੀ ਹੀ ਸੀ। ਮੇਰੇ ਸਣੇ ਮਸੀਂ ਅੱਠ-ਦਸ ਸਵਾਰੀਆਂ ਸਨ ਜਿਨ੍ਹਾਂ ਵਿਚ ਚਾਰ ਛੋਟੇ ਬੱਚੇ ਵੀ ਸਨ। ਦਸ ਕੁ ਮਿੰਟ ਬਾਅਦ ਬੱਸ ਸ਼ਹਿਰ ਦੇ ਦੂਜੇ ਅੱਡੇ ’ਤੇ ਜਾ ਕੇ ਰੁਕੀ ਤਾਂ ਜਲਦੀ-ਜਲਦੀ ਧੱਕਾ-ਮੁੱਕੀ ਕਰਦੀਆਂ ਵੀਹ ਕੁ ਮਹਿਲਾ ਸਵਾਰੀਆਂ ਚੜ੍ਹ ਗਈਆਂ। ਸਰਦੀ ਦੀ ਰੁੱਤ ਦੇ ਮੋਟੇ ਕੱਪੜਿਆਂ ਵਿਚ ਲਿਪਟੀਆਂ ਹੋਈਆਂ ਅਤੇ ਸਾਰੀਆਂ ਨੇ ਵੱਡੇ-ਵੱਡੇ ਲਿਫ਼ਾਫ਼ੇ ਹੱਥਾਂ ਵਿਚ ਫੜੇ ਹੋਏ ਸਨ। ਇਕ-ਦੂਜੀ ਨੂੰ ਹਾਕਾਂ ਮਾਰਦੀਆਂ ਬੱਸ ਦਾ ਸ਼ਾਂਤਮਈ ਮਾਹੌਲ ਅਸ਼ਾਂਤ ਕਰ ਕੇ ਆਖ਼ਰ ਸੀਟਾਂ ’ਤੇ ਬੈਠ ਗਈਆਂ। ਉਨ੍ਹਾਂ ਨੇ ਕੰਡਕਟਰ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਦੇ ਨਾਲ ਕੁਝ ਹੋਰ ਬੀਬੀਆਂ ਨੇ ਵੀ ਬਾਬਿਆਂ ਦੇ ਜਾਣਾ ਹੈ। ਇਸ ਲਈ ਉਹ ਫਲਾਣੇ ਪਿੰਡ ਦੇ ਪਹੇ ’ਤੇ ਬੱਸ ਰੋਕ ਲਵੇ। ਸੋ ਪੰਜ-ਸੱਤ ਜਣੀਆਂ ਉੱਥੋਂ ਚੜ੍ਹ ਗਈਆਂ ਅਤੇ ਬੱਸ ਮੰਜ਼ਿਲ ’ਤੇ ਪਹੁੰਚਣ ਲਈ ਸੰਘਣੀ ਧੁੰਦ ਨੂੰ ਚੀਰਦੀ ਹੋਈ ਤੁਰ ਪਈ। ਕੰਡਕਟਰ ਟਿਕਟਾਂ ਕੱਟਣ ਲੱਗਾ। ਬੱਸ ਵਿਚ ਪੰਜ ਕੁ ਪੁਰਸ਼ ਸਵਾਰੀਆਂ ਨੂੰ ਛੱਡ ਕੇ ਬਾਕੀ ਸਭ ਔਰਤਾਂ ਸਨ। ਬੱਸ ’ਚ ਸਵਾਰ ਸਾਰੀਆਂ ਮਹਿਲਾ ਸਵਾਰੀਆਂ ਜਿਨ੍ਹਾਂ ਵਿਚ ਤਿੰਨ-ਚਾਰ ਮੁਲਾਜ਼ਮ ਵੀ ਪ੍ਰਤੀਤ ਹੁੰਦੀਆਂ ਸਨ, ਦੇ ਹੱਥਾਂ ਵਿਚ ਫੜੇ ਆਧਾਰ ਕਾਰਡ ਚੈੱਕ ਕਰ ਕੇ ਕੰਡਕਟਰ ਟਿਕਟਾਂ ਦੇ ਰਿਹਾ ਸੀ। ਮੈਂ ਸਰਕਾਰਾਂ ਦੀਆਂ ਮੁਫ਼ਤ ਸਕੀਮਾਂ ਦੇ ਉਲਟ ਹਾਂ। ਮੇਰਾ ਮੰਨਣਾ ਹੈ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਵੇ ਤਾਂ ਕਿ ਲੋਕ ਆਦਰ-ਸਤਿਕਾਰ ਨਾਲ ਜ਼ਿੰਦਗੀ ਬਤੀਤ ਕਰ ਸਕਣ। ਮੇਰਾ ਇਹ ਵੀ ਮੰਨਣਾ ਹੈ ਕਿ ਸਮਰੱਥ ਲੋਕਾਂ ਨੂੰ ਇਨ੍ਹਾਂ ਮੁਫ਼ਤ ਸਕੀਮਾਂ ਦਾ ਨਾਜਾਇਜ਼ ਫ਼ਾਇਦਾ ਬਿਲਕੁਲ ਨਹੀਂ ਚੁੱਕਣਾ ਚਾਹੀਦਾ। ਮੈਂ ਹਮੇਸ਼ਾ ਆਪਣਾ ਸਫ਼ਰ ਟਿਕਟ ਖ਼ਰੀਦ ਕੇ ਹੀ ਕਰਦੀ ਹਾਂ। ਜਦੋਂ ਕੰਡਕਟਰ ਨੂੰ ਟਿਕਟ ਲੈਣ ਲਈ ਰੁਪਏ ਦਿੱਤੇ ਤਾਂ ਉਸ ਨੇ ਮੈਨੂੰ ਵੀ ਆਧਾਰ ਕਾਰਡ ਦੇਣ ਲਈ ਕਿਹਾ। ਮੈਂ ਉਸ ਨੂੰ ਟਿਕਟ ਇਸ਼ੂ ਕਰਨ ਲਈ ਕਿਹਾ। ਉਸ ਨੇ ਟਿਕਟ ਕੱਟ ਦਿੱਤੀ ਅਤੇ ਕਿਹਾ ਕਿ ਤੁਸੀਂ ਵੀ ਆਧਾਰ ਕਾਰਡ ਲੈ ਆਉਣਾ ਸੀ। ਆਪਣਾ ਰਹਿੰਦਾ ਕੰਮ ਖ਼ਤਮ ਕਰ ਕੇ ਕੰਡਕਟਰ ਡਰਾਈਵਰ ਕੋਲ ਜਾ ਬੈਠਾ। ਡਰਾਈਵਰ ਵਿਅੰਗਮਈ ਲਹਿਜ਼ੇ ਵਿਚ ਬੋਲਿਆ,“ਕੋਈ ਬੋਹਣੀ ਵੀ ਕੀਤੀ ਐ ਜਾਂ ਫਿਰ ਮੁਫ਼ਤ ਤੀਰਥ ਯਾਤਰਾ ਈ ਕਰਵਾਈ ਐ।’’ ਕੰਡਕਟਰ ਚੁੱਪ ਰਿਹਾ। ਡਰਾਈਵਰ ਨੇ ਫਿਰ ਉਸ ਨੂੰ ਛੇੜਿਆ,“ਝੋਲਾ ਤਾਂ ਤੇਰਾ ਖ਼ਾਲੀ ਈ ਲੱਗਦਾ ਮਿੱਤਰਾ।’’ ਕੰਡਕਟਰ ਔਖਾ ਹੋਇਆ ਕਹਿੰਦਾ, “ਤੂੰ ਸਵੇਰੇ-ਸਵੇਰੇ ਬੁੜ੍ਹੀਆਂ ਨਾਲ ਲੜਾਉਣਾ ਮੈਨੂੰ। ਚੁੱਪ ਕਰ ਕੇ ਬੱਸ ਚਲਾ।’’ ਡਰਾਈਵਰ ਹੱਸ ਕੇ ਚੁੱਪ ਕਰ ਗਿਆ। ਨੇੜਲੀ ਸੀਟ ’ਤੇ ਬੈਠਾ ਪੜਿ੍ਹਆ-ਲਿਖਿਆ ਆਦਮੀ ਬੋਲਿਆ, “ਚਲੋ ਕੋਈ ਗੱਲ ਨਹੀਂ, ਸਰਕਾਰ ਆਪੇ ਭੁਗਤਾਨ ਕਰੇਗੀ।’’ ਕੰਡਕਟਰ ਨੇ ਗਿਲਾ ਕੀਤਾ,“ਸਾਡੀ ਤਨਖ਼ਾਹ ਵੀ ਵੇਲੇ ਸਿਰ ਮਿਲਣੀ ਚਾਹੀਦੀ ਆ, ਸਰਦਾਰ ਸਾਹਿਬ। ਸਾਡੇ ਵੀ ਬੱਚੇ ਹਨ, ਘਰ-ਪਰਿਵਾਰ ਹਨ।’’ ਕੰਡਕਟਰ ਦੇ ਉਕਤ ਲਫ਼ਜ਼ ਆਪਣੇ-ਆਪ ’ਚ ਹੀ ਬਹੁਤ ਕੁਝ ਬਿਆਨ ਕਰ ਗਏ ਸਨ। ਇੱਧਰ ਬੀਬੀਆਂ ਬੱਸ ਵਿਚ ਬਾਬੇ ਦਾ ਗੁਣਗਾਨ ਕਰਨ ਵਿਚ ਮਸਰੂਫ਼ ਸਨ ਕਿ ਬਾਬਾ ਬੜੀ ਕਰਨੀ ਵਾਲਾ ਹੈ ਅਤੇ ਬਾਬੇ ਦੇ ਡੇਰੇ ਸੁੱਖਣਾ ਸੁੱਖੀ ਪੂਰੀ ਹੋ ਜਾਂਦੀ ਹੈ। ਇਕ-ਦੋ ਸ਼ਰਧਾਲੂ ਔਰਤਾਂ ਕੋਲ ਤਾਂ ਬਾਬੇ ਨੂੰ ਦੇਣ ਲਈ ਕੁਝ ਵੱਡੀਆਂ ਪੈਕਿੰਗਾਂ ਵੀ ਸਨ ਜੋ ਉਨ੍ਹਾਂ ਨੇ ਆਪਣੀ ਸੁੱਖਣਾ ਪੂਰੀ ਹੋਣ ਦੇ ਇਵਜ਼ ਵਜੋਂ ਭੇਟ ਕਰਨੀਆਂ ਸਨ। ਮੇਰੇ ਦਿਮਾਗ ’ਚ ਕੁਝ ਹੋਰ ਹੀ ਚੱਲ ਰਿਹਾ ਸੀ। ਜੋ ਇਹ ਔਰਤਾਂ ਸਨ, ਉਨ੍ਹਾਂ ਵਿੱਚੋਂ ਬਹੁਤੀਆਂ ਦੀ ਉਮਰ ਪੈਂਤੀ-ਚਾਲੀ ਸਾਲ ਵਿਚਕਾਰ ਲੱਗਦੀ ਸੀ। ਉਨ੍ਹਾਂ ਵਿੱਚੋਂ ਤਿੰਨ-ਚਾਰ ਦੇ ਨਾਲ ਛੇ-ਸੱਤ ਸਾਲ ਦੇ ਬੱਚੇ ਵੀ ਸਨ। ਮੈਂ ਸੋਚਿਆ ਕਿ ਇਨ੍ਹਾਂ ਮਾਸੂਮਾਂ ਨੂੰ ਜਨਵਰੀ ਮਹੀਨੇ ਦੀ ਹੱਡ ਚੀਰਵੀਂ ਠੰਢ ’ਚ ਇੰਨੀ ਸਵੇਰੇ ਬਾਹਰ ਕੱਢ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ। ਕਿਹੋ ਜਿਹੀਆਂ ਨਿਰਮੋਹੀਆਂ ਮਾਵਾਂ ਹਨ ਇਹ? ਸੱਚਮੁੱਚ ਨਿਆਣੇ ਵਿਚਾਰੇ ਕੁੰਗੜੇ ਬੈਠੇ ਸਨ। ਵਰਣਨਯੋਗ ਹੈ ਕਿ ਠੰਢ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਹੋਈਆਂ ਸਨ। ਦੂਜੀ ਗੱਲ ਇਹ ਕਿ ਇੰਨੀ ਜਲਦੀ ਘਰ ਦੇ ਦੂਜੇ ਮੈਂਬਰਾਂ ਦੇ ਖਾਣ-ਪੀਣ ਦਾ ਪ੍ਰਬੰਧ ਇਨ੍ਹਾਂ ਨੇ ਕਿਹੋ ਜਿਹਾ ਕੀਤਾ ਹੋਵੇਗਾ। ਮੈਨੂੰ ਕੁਝ ਸਾਲ ਪੁਰਾਣੀ ਗੱਲ ਯਾਦ ਸੀ ਕਿ ਸਾਡੀ ਗੁਆਂਢ ਵਿੱਚੋਂ ਇਕ ਔਰਤ ਆਪਣੇ ਸਕੂਲ ਜਾਂਦੇ ਦੋ ਬੱਚਿਆਂ ਨੂੰ ਘਰ ਛੱਡ ਕੇ ਅਤੇ ਉਨ੍ਹਾਂ ਨੂੰ ਸਕੂਲ ਜਾਣ ਦੀ ਤਾਕੀਦ ਕਰ ਕੇ ਆਪ ਕੁਝ ਹੋਰ ਔਰਤਾਂ ਦੇ ਨਾਲ ਕਿਸੇ ਬਾਬੇ ਦੇ ਡੇਰੇ ਸੇਵਾ ਕਰਨ ਜਾਂਦੀ ਸੀ। ਉਹ ਦੱਸਦੀ ਹੁੰਦੀ ਸੀ ਕਿ ਉਹ ਕਿਸੇ ਬਾਬੇ ਦੇ ਵਿਸ਼ਾਲ ਖੇਤ ਵਿਚ ਸਬਜ਼ੀਆਂ ਦੀ ਗੁਡਾਈ-ਤੁੜਾਈ ਆਦਿ ਦਾ ਕੰਮ ਕਰਦੀਆਂ ਸਨ। ਸ਼ਾਮ ਨੂੰ ਥੱਕ-ਟੁੱਟ ਕੇ ਘਰ ਆਉਂਦੀ ਦੇ ਹੱਥ ਵਿਚ ਕਰੁੱਤੀ ਜਿਹੀ ਸਬਜੀ, ਬੁਸੇ ਜਿਹੇ ਕੱਦੂ ਜਾਂ ਬੈਂਗਣ ਹੁੰਦੇ। ਕੀਮਤ ਅਦਾ ਕਰ ਕੇ ਖ਼ਰੀਦੀ ਇਸ ਸਬਜ਼ੀ ਨੂੰ ਉਹ ਬਾਬੇ ਦਾ ਪ੍ਰਸ਼ਾਦ ਦੱਸਦੀ। ਪਰ ਉਸ ਦੇ ਬੱਚਿਆਂ ਅਤੇ ਬੱਚਿਆਂ ਦੇ ਪਿਤਾ ਨੂੰ ਉੱਕਾ ਹੀ ਇਹ ਸਬਜ਼ੀ ਪਸੰਦ ਨਹੀਂ ਸੀ ਹੁੰਦੀ। ਇਸ ਲਈ ਉਹ ਅਕਸਰ ਬਾਹਰੋਂ ਹੀ ਖਾਣਾ ਮੰਗਵਾਉਂਦੇ। ਉਸ ਦੇ ਬੱਚੇ ਸਕੂਲ ਤੋਂ ਵਾਪਸ ਆ ਕੇ ਸਕੂਲ ਡ੍ਰੈੱਸ ਸਣੇ ਹੀ ਭੁੱਖੇ-ਤਿਹਾਏ ਬੇਮਤਲਬ ਗਲੀਆਂ ਵਿਚ ਘੁੰਮਦੇ-ਫਿਰਦੇ ਰਹਿੰਦੇ। ਉਸ ਦੇ ਬੱਚੇ, ਘਰ ਦੇ ਮੈਂਬਰ ਅਤੇ ਸਾਰਾ ਆਂਢ-ਗੁਆਂਢ ਉਸ ਦੇ ਘਰ ਵੱਲ ਗ਼ੈਰ-ਜ਼ਿੰਮੇਵਾਰ ਵਤੀਰੇ ਤੋਂ ਦੁਖੀ ਸੀ। ਪਰ ਉਹ ਬੇਪਰਵਾਹ ਔਰਤ ਕਿਸੇ ਦੀ ਸੁਣਦੀ ਨਹੀਂ ਸੀ। ਸ਼ਾਇਦ ਇਨ੍ਹਾਂ ਔਰਤਾਂ ਦੇ ਘਰਾਂ ਦਾ ਵੀ ਇਹੀ ਹਾਲ ਹੋਵੇ। ਇੰਨੇ ਨੂੰ ਉਨ੍ਹਾਂ ਸ਼ਰਧਾਲੂ ਔਰਤਾਂ ਦੀ ਮੰਜ਼ਿਲ ਨੇੜੇ ਆ ਗਈ ਸੀ। ਉੱਥੇ ਕੋਈ ਨਿਰਧਾਰਤ ਅੱਡਾ ਨਾ ਹੋਣ ਦੇ ਬਾਵਜੂਦ ਪੂਰੇ ਹੱਕ ਨਾਲ ਉਨ੍ਹਾਂ ਨੇ ਬੱਸ ਰੁਕਵਾਈ ਅਤੇ ਉਤਰ ਗਈਆਂ। ਬੱਸ ਲਗਪਗ ਖ਼ਾਲੀ ਹੋ ਗਈ। ਸਿਤਮਜ਼ਰੀਫੀ ਉੱਤੋਂ ਇਹ ਹੈ ਕਿ ਅਜੇ ਪੰਜਾਬ ਸਰਕਾਰ ਮੁਫ਼ਤ ਤੀਰਥ ਯਾਤਰਾ ਲਈ ਬੱਸਾਂ-ਗੱਡੀਆਂ ਚਲਾ ਰਹੀ ਹੈ। ਵੈਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੇਰਾ ਪਿਆਰਾ ਪੰਜਾਬ ਰੰਗਲਾ ਬਣਨ ਜਾ ਰਿਹਾ ਹੈ। ਸ਼ਾਲਾ! ਪੰਜਾਬ ਸੱਚਮੁੱਚ ਜਲਦ ਤੋਂ ਜਲਦ ਰੰਗਲਾ ਬਣ ਜਾਵੇ। ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਦਿਆ ਦੀ ਲੋਅ ਨਾਲ ਰੰਗਲਾ ਬਣੇਗਾ। ਉੱਚਿਤ ਸਿੱਖਿਆ ਪ੍ਰਣਾਲੀ ਇਸ ਸਮੇਂ ਦੀ ਲੋੜ ਹੈ ਜਿਸ ਨਾਲ ਵਿਦਿਆਰਥੀ ਵਰਗ ’ਚ ਚੇਤਨਤਾ ਆਵੇ, ਵਿਗਿਆਨਕ ਤੇ ਤਾਰਕਿਕ ਸੋਚ ਪੈਦਾ ਹੋਵੇ, ਵਹਿਮਾਂ-ਭਰਮਾਂ, ਬਾਬਿਆਂ ਤੋਂ ਮੁਕਤੀ ਮਿਲੇ। ਨਹੀਂ ਤਾਂ ਜਿਸ ਹਨੇਰੇ ਦੌਰ ’ਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ ਹੈ, ਉਹ ਬਹੁਤ ਚਿੰਤਾਜਨਕ ਹੈ। ਇਹ ਵੀ ਇਕ ਸੱਚਾਈ ਹੈ ਕਿ ਖੁੰਬਾਂ ਵਾਂਗ ਉੱਗੇ ਬਾਬਿਆਂ ਦੇ ਡੇਰੇ ਤੇ ਅੰਧ-ਵਿਸ਼ਵਾਸ ’ਚ ਜਕੜੇ ਲੋਕ ਪੰਜਾਬ ਦੇ ਰੰਗਲਾ ਬਣਨ ’ਚ ਅੜਿੱਕਾ ਸਿੱਧ ਹੋ ਸਕਦੇ ਹਨ।

ਸਾਂਝਾ ਕਰੋ