ਯੂਕਰੇਨ-ਰੂਸ ਜੰਗ ਖ਼ਤਰਨਾਕ ਮੋੜ ’ਤੇ

ਰੂਸ-ਯੂਕਰੇਨ ਜੰਗ ਨੂੰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਰੂਸ ਵੱਲੋਂ ਇਹ ਫ਼ੌਜੀ ਕਾਰਵਾਈ ਯੂਕਰੇਨ ਨੂੰ ਨਾਟੋ ਦਾ ਹਿੱਸਾ ਬਣਾਉਣ ਦੀ ਅਮਰੀਕੀ ਯੋਜਨਾ ਨੂੰ ਰੋਕਣ ਲਈ ਕੀਤੀ ਗਈ ਸੀ। ਆਪਣੇ ਵਾਅਦੇ ਤੋਂ ਮੁਨਕਰ ਹੋ ਕੇ ਅਮਰੀਕਾ ਤੇ ਇਸ ਦੇ ਸਹਿਯੋਗੀ ਨਾਟੋ ਮੁਲਕਾਂ ਦੁਆਰਾ ਨਾਟੋ ਦਾ ਘੇਰਾ ਰੂਸ ਵੱਲ ਵਧਾਉਣ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾਣ ਲੱਗਾ ਸੀ ਜਿਸ ਬਾਰੇ ਰੂਸ ਨੇ ਵਾਰ-ਵਾਰ ਇਤਰਾਜ਼ ਵੀ ਜਤਾਇਆ ਸੀ। ਬੇਸ਼ੱਕ ਰੂਸ ਤੇ ਯੂਕਰੇਨ ਵਿਚਾਲੇ ਟਕਰਾਅ 2014 ਤੋਂ ਹੀ ਚਲਿਆ ਆ ਰਿਹਾ ਸੀ ਜਦੋਂ ਰੂਸ ਦੀਆਂ ਫ਼ੌਜਾਂ ਨੇ ਕ੍ਰੀਮੀਆ ’ਤੇ ਕਬਜ਼ਾ ਕਰ ਲਿਆ ਸੀ ਪਰ ਰੂਸ ਤੇ ਯੂਕਰੇਨ ਦਰਮਿਆਨ ਸਿੱਧੀ ਜੰਗ 24 ਫਰਵਰੀ 2022 ਨੂੰ ਸ਼ੁਰੂ ਹੋਈ ਸੀ। ਅਮਰੀਕਾ ਨੇ ਜੰਗ ’ਚ ਯੂਕਰੇਨ ਦਾ ਸਾਥ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਹਾਲਤ ਇਹ ਹੈ ਕਿ ਅਮਰੀਕਾ ਦੀ ਫ਼ੌਜੀ ਮਦਦ ਤੋਂ ਬਗੈਰ ਯੂਕਰੇਨ ਦਾ ਜੰਗ ਲੜਨਾ ਔਖਾ ਹੁੰਦਾ ਜਾ ਰਿਹਾ ਹੈ। ਅਪ੍ਰੈਲ 2019 ਵਿਚ ਕਾਮੇਡੀਅਨ ਤੋਂ ਸਿਆਸੀ ਆਗੂ ਬਣੇ ਵੋਲੋਦੀਮੀਰ ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ ਚੁਣੇ ਗਏ ਸਨ। ਇਸ ਤੋਂ ਪਹਿਲਾਂ ਜੁਲਾਈ 2021 ਵਿਚ ਵਾਲੇਰੀ ਜਾਲੁਜਨੀ ਨੂੰ ਯੂਕਰੇਨ ਦੇ ਹਥਿਆਰਬੰਦ ਬਲ ਦਾ ਕਮਾਂਡਰ-ਇਨ-ਚੀਫ ਨਿਯੁਕਤ ਕੀਤਾ ਗਿਆ ਸੀ ਪਰ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸ਼ੱਕ ਸੀ ਕਿ ਜਨਰਲ ਜਾਲੁਜਨੀ ਜੰਗ ਦਾ ਖ਼ਤਰਾ ਲੈਣ ਲਈ ਤਿਆਰ ਨਹੀਂ। ਰਾਸ਼ਟਰਪਤੀ ਅਤੇ ਕਮਾਂਡਰ ਦਰਮਿਆਨ ਵਧਦੀ ਫੁੱਟ ਬਾਰੇ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ ਸਨ ਜਿਸ ਦਾ ਨਤੀਜਾ ਕਮਾਂਡਰ ਦੀ ਬਰਖ਼ਾਸਤਗੀ ਦੇ ਰੂਪ ਵਿਚ ਨਿਕਲਿਆ ਸੀ। ਬਾਅਦ ’ਚ ਇਕ ਇੰਟਰਵਿਊ ’ਚ ਉਨ੍ਹਾਂ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, ‘‘ਹਵਾ ’ਚ ਯੁੱਧ ਦੀ ਗੰਧ ਸੀ।’’ ਉਨ੍ਹਾਂ ਦਾ ਕੰਮ ਆਪਣੇ ਫ਼ੌਜੀਆਂ ਨੂੰ ਜੋ 2014 ਵਿਚ ਬਿਨਾਂ ਕਿਸੇ ਲੜਾਈ ਦੇ ਕ੍ਰੀਮੀਆ ਹਾਰ ਗਏ ਸਨ, ਨੂੰ ਆਉਣ ਵਾਲੇ ਵੱਡੇ ਯੁੱਧ ਲਈ ਤਿਆਰ ਕਰਨਾ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਪੱਛਮੀ ਸਹਿਯੋਗੀ ਮੁਲਕਾਂ ਤੋਂ ਯੂਕਰੇਨ ਤੱਕ ਹਥਿਆਰ ਪਹੁੰਚਣ ਵਿਚ ਦੇਰੀ ਕਾਰਨ ਰੂਸ ਨੂੰ ਅੱਗੇ ਵਧਣ ਵਿਚ ਮਦਦ ਮਿਲ ਰਹੀ ਹੈ ਜਿਸ ਕਾਰਨ ਉਨ੍ਹਾਂ ਲਈ ਮੂਹਰਲੇ ਮੋਰਚਿਆਂ ਦੇ ਕੁਝ ਹਿੱਸਿਆਂ ’ਤੇ ਲੜਾਈ ਬਹੁਤ ਮੁਸ਼ਕਲ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਸ ਨੇ ਮੋਹਰਲੇ ਮੋਰਚਿਆਂ ਤੱਕ ਆਪਣੀ ਫ਼ੌਜ ਨੂੰ ਪਹੁੰਚਾ ਦਿੱਤਾ ਹੈ ਜਦਕਿ ਯੂਕਰੇਨ ਦੀ ਫ਼ੌਜ ਹਥਿਆਰਾਂ, ਹਵਾਈ ਰੱਖਿਆ ਪ੍ਰਣਾਲੀ ਤੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਘਾਟ ਨਾਲ ਜੂਝ ਰਹੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਪੈਰਿਸ ਵਿਚ 20 ਪੱਛਮੀ ਦੇਸ਼ਾਂ ਦੇ ਮੁਖੀਆਂ ਤੇ ਪੱਛਮੀ ਅਧਿਕਾਰੀਆਂ ਦੀ ਬੈਠਕ ’ਚ ਕਿਹਾ ਕਿ ਭਵਿੱਖ ’ਚ ਯੂਕਰੇਨ ਦੀ ਧਰਤੀ ’ਤੇ ਪੱਛਮੀ ਦੇਸ਼ਾਂ ਦੇ ਫ਼ੌਜੀਆਂ ਦੀ ਮੌਜੂਦਗੀ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੈਕਰੋਂ ਨੇ ਕਿਹਾ ਕਿ ਫ਼ਿਲਹਾਲ ਅਸੀਂ ਫ਼ੌਜੀ ਭੇਜਣ ਵਾਲੇ ਨਹੀਂ ਪਰ ਭਵਿੱਖ ਵਿਚ ਕੁਝ ਵੀ ਸੰਭਵ ਹੈ। ਯੂਰਪੀ ਯੂਨੀਅਨ ਮਤਭੇਦਾਂ ਦੇ ਬਾਵਜੂਦ ਅਮਰੀਕਾ ਦਾ ਸਾਥ ਦੇ ਰਿਹਾ ਹੈ ਹਾਲਾਂਕਿ ਯੁੱਧ ਦੇ ਜਰਮਨੀ ਤੇ ਫਰਾਂਸ ਲਈ ਵੀ ਮਾੜੇ ਨਤੀਜੇ ਨਿਕਲ ਰਹੇ ਹਨ ਅਤੇ ਸਮੁੱਚੇ ਯੂਰਪ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਨੇ ਬਹੁਤ ਸ਼ੋਰ-ਸ਼ਰਾਬੇ ਨਾਲ ਰੂਸ ਵਿਰੁੱਧ ਆਰਥਿਕ ਪਾਬੰਦੀਆਂ ਆਇਦ ਕੀਤੀਆਂ ਸਨ। ਉਸ ਨੂੰ ਉਮੀਦ ਸੀ ਕਿ ਰੂਸ ਦੀ ਅਰਥ-ਵਿਵਸਥਾ ਇਨ੍ਹਾਂ ਪਾਬੰਦੀਆਂ ਕਾਰਨ ਲੜਖੜਾ ਜਾਵੇਗੀ ਅਤੇ ਰੂਬਲ ਦੀ ਕੀਮਤ ਕੌਮਾਂਤਰੀ ਮੰਡੀ ਵਿਚ ਬਹੁਤ ਡਿੱਗ ਜਾਵੇਗੀ ਪਰ ਰੂਸ ਦੀ ਆਰਥਿਕ ਵਿਵਸਥਾ ਨੇ ਮਜ਼ਬੂਤੀ ਵਿਖਾਈ। ਅਮਰੀਕੀ ਪਾਬੰਦੀਆਂ ਦਾ ਰੂਸ ਉੱਤੇ ਉਹ ਪ੍ਰਭਾਵ ਨਹੀਂ ਪੈ ਸਕਿਆ ਜਿਸ ਦੀ ਅਮਰੀਕਾ ਤੇ ਪੱਛਮੀ ਦੇਸ਼ਾਂ ਨੂੰ ਆਸ ਸੀ। ਰੂਸ-ਯੂਕਰੇਨ ਜੰਗ ਵਿਚ 17 ਫਰਵਰੀ ਨੂੰ ਵਾਪਰੀ ਇਕ ਵੱਡੀ ਘਟਨਾ ਨੇ ਯੂਕਰੇਨ ਨੂੰ ਹਾਰ ਵੱਲ ਧੱਕ ਦਿੱਤਾ ਹੈ। ਰੂਸ ਨੇ ਯੂਕਰੇਨ ਦੇ ਅਤਿ ਸੁਰੱਖਿਅਤ ਸ਼ਹਿਰ ਅਵਦੀਵਕਾ ਤੋਂ ਯੂਕਰੇਨ ਦੀਆਂ ਫ਼ੌਜਾਂ ਨੂੰ ਪਛਾੜ ਕੇ ਉਸ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਯੂਕਰੇਨ ਦੀ ਫ਼ੌਜ ਨੂੰ ਚਾਰ ਮਹੀਨੇ ਦੀ ਜੰਗ ਤੋਂ ਬਾਅਦ ਅਵਦੀਵਕਾ ਸ਼ਹਿਰ ਤੋਂ ਜਾਣਾ ਪਿਆ। ਇਸ ਤੋਂ ਪਹਿਲਾਂ ਯੂਕਰੇਨ ਦੇ ਇਕ ਹੋਰ ਸੁਰੱਖਿਅਤ ਸ਼ਹਿਰ ਬਾਖਮੂਤ ਵਿਚ ਵੀ ਯੂਕਰੇਨ ਦੀ ਹਾਰ ਅਤੇ ਰੂਸ ਦੀ ਜਿੱਤ ਯੁੱਧ ਦੇ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਮੀਲ-ਪੱਥਰ ਸੀ। ਯੂਕਰੇਨ ਦੇ ਸ਼ਹਿਰ ਅਵਦੀਵਕਾ ਅਤੇ ਬਾਖਮੂਤ ’ਤੇ ਰੂਸ ਦੇ ਕਬਜ਼ੇ ਤੋਂ ਇਹ ਸੰਕੇਤ ਵੀ ਮਿਲੇ ਹਨ ਕਿ ਇਸ ਸਾਲ ਇਹ ਜੰਗ ਪਿਛਲੇ ਦੋ ਸਾਲਾਂ ਨਾਲੋਂ ਹੋਰ ਵੀ ਭਿਆਨਕ ਰੂਪ ਧਾਰ ਸਕਦੀ ਹੈ। ਅਵਦੀਵਕਾ ਵਾਂਗ ਹੀ ਯੂਕਰੇਨ ਦੇ ਚਾਰ-ਪੰਜ ਹੋਰ ਕਿਲੇ੍ਹਬੰਦ ਸੁਰੱਖਿਅਤ ਸ਼ਹਿਰਾਂ ’ਤੇ ਰੂਸ ਨੂੰ ਕਬਜ਼ਾ ਕਰਨ ਲਈ ਆਪਣੀ ਬਹੁਤ ਸਾਰੀ ਫ਼ੌਜ ਝੋਕਣੀ ਪੈ ਸਕਦੀ ਹੈ ਅਤੇ ਗਹਿਗੱਚ ਲੜਾਈ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਅਵਦੀਵਕਾ ਯੂਕਰੇਨੀ ਵਿਰੋਧ ਦਾ ਚਿੰਨ੍ਹ ਬਣਿਆ ਹੋਇਆ ਸੀ। ਉਸ ’ਤੇ ਕਬਜ਼ੇ ਤੋਂ ਬਾਅਦ ਰੂਸ ਲਈ ਯੂਕਰੇਨ ਦੇ ਹੋਰ ਸ਼ਹਿਰ ਵੀ ਪਹੁੰਚ ਵਿਚ ਆ ਗਏ ਹਨ ਅਤੇ ਜਿੱਤੇ ਇਲਾਕੇ ਕਿਸੇ ਹਮਲੇ ਵੇਲੇ ਵਧੇਰੇ ਸੁਰੱਖਿਅਤ ਹੋ ਗਏ ਹਨ। ਇਸ ਵੱਡੇ ਸ਼ਹਿਰ ਦੀ ਹੋਈ ਹਾਰ ਨੇ ਸਾਫ਼ ਕਰ ਦਿੱਤਾ ਹੈ ਕਿ ਯੂਕਰੇਨ ਨੂੰ ਹਥਿਆਰਾਂ ਦੀ ਘਾਟ ਦਾ ਹੀ ਨਹੀਂ, ਫ਼ੌਜੀਆਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਵਦੀਵਕਾ ਦੀ ਹਾਰ ਨੇ ਯੂਕਰੇਨੀ ਫ਼ੌਜ ਦੇ ਹੌਸਲੇ ਪਸਤ ਹੀ ਨਹੀਂ ਕੀਤੇ ਸਗੋਂ ਇਸ ਨਾਲ ਯੂਕਰੇਨ ਦੀ ਹਾਰ ਵੀ ਨੇੜੇ ਆ ਗਈ ਲੱਗਦੀ ਹੈ। ਯੂਕਰੇਨ ਲਈ ਹੁਣ ਅਮਰੀਕੀ ਮਦਦ ਨਾਲ ਵੀ ਸੰਭਲਣਾ ਔਖਾ ਹੈ। ਰੂਸ ਨੂੰ ਹਰਾਉਣ ਲਈ ਅਮਰੀਕਾ ਤੇ ਨਾਟੋ ਮੁਲਕਾਂ ਵੱਲੋਂ ਲਾਇਆ ਗਿਆ ਜ਼ੋਰ, ਪੈਸਾ ਤੇ ਹਥਿਆਰਾਂ ਦੀ ਸਪਲਾਈ ਦੇ ਬਾਵਜੂਦ ਯੂਕਰੇਨ ਹਾਰ ਦੇ ਕਿਨਾਰੇ ਖੜ੍ਹਾ ਨਜ਼ਰ ਆ ਰਿਹਾ ਹੈ ਜਦਕਿ ਅਮਰੀਕੀ ਕਾਂਗਰਸ ਤੇ ਸੈਨੇਟ ਯੂਕਰੇਨ ਨੂੰ ਹੋਰ ਮਦਦ ਕਰਨ ਦੇ ਸਵਾਲ ’ਤੇ ਵੰਡੀ ਪਈ ਹੈ। ਪਿਛਲੀਆਂ ਗਰਮੀਆਂ ਵਿਚ ਵਿਕਸਤ ਪੱਛਮੀ ਦੇਸ਼ਾਂ ਨੇ ਯੂਕਰੇਨ ਦੀ ਜਵਾਬੀ ਹਮਲੇ ਲਈ ਪੂਰੀ ਤਿਆਰੀ ਕਰਵਾਈ ਸੀ। ਯੂਕਰੇਨ ਦੇ ਜਵਾਬੀ ਹਮਲੇ ਲਈ ਰੂਸ ਨੇ ਐਨੀ ਤਿਆਰੀ ਕਰ ਰੱਖੀ ਸੀ ਕਿ ਪਹਿਲੇ ਹਮਲਿਆਂ ’ਚ ਹੀ ਯੂਕਰੇਨ ਦਾ ਨਾ ਕਿ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸਗੋਂ ਦੁਨੀਆ ਨੂੰ ਵੀ ਇਹ ਸਾਫ਼ ਹੋ ਗਿਆ ਕਿ ਯੂਕਰੇਨ ਜਵਾਬੀ ਹਮਲੇ ਰਾਹੀਂ ਰੂਸ ਦਾ ਕੁਝ ਨਹੀਂ ਵਿਗਾੜ ਸਕਦਾ। ਉਲਟਾ ਉਸ ਤੋਂ ਬਾਅਦ ਰੂੂਸ ਨੇ ਹੋਰ ਹਮਲਾਵਰ ਰੁਖ਼ ਅਖਤਿਆਰ ਕੀਤਾ ਜਿਸ ਦੇ ਯੂਕਰੇਨ ਲਈ ਬੜੇ ਮਾੜੇ ਨਤੀਜੇ ਨਿਕਲੇ ਹਨ। ਅੱਜ ਰੂਸ ਨੇ ਯੂਕਰੇਨ ਦੀ 20 ਫ਼ੀਸਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਯੂਕਰੇਨ ਦਾ ਰਾਸ਼ਟਰਪਤੀ ਅਮਰੀਕਾ ਤੋਂ ਹਥਿਆਰਾਂ ਤੇ ਪੈਸੇ ਦੀ ਵਾਰ-ਵਾਰ ਮੰਗ ਕਰ ਰਿਹਾ ਹੈ ਜਦਕਿ ਇਸ ਦੀ ਲੜਾਕਾ ਤਾਕਤ ਵੀ ਨਿਰੰਤਰ ਘਟਦੀ ਗਈ ਹੈ। ਦੋ ਸਾਲ ਪਹਿਲਾਂ ਜਦੋਂ ਰੂਸ ਦੀਆਂ ਫ਼ੌਜਾਂ ਨੇ ਯੂਕਰੇਨ ’ਤੇ ਚੜ੍ਹਾਈ ਕੀਤੀ ਸੀ ਤਾਂ ਨੌਜਵਾਨਾਂ ਨੇ ਮੁਲਕ ਦੀ ਰੱਖਿਆ ਲਈ ਫ਼ੌਜੀ ਭਰਤੀ ਕੇਂਦਰਾਂ ਵੱਲ ਵਹੀਰਾਂ ਘੱਤ ਲਈਆਂ ਸਨ ਪਰ ਅੱਜ ਜਦ ਰੂਸ ਨੇ ਯੂਕਰੇਨ ਦੇ ਇਕ ਚੌਥਾਈ ਇਲਾਕੇ ’ਤੇ ਕਬਜ਼ਾ ਕਰ ਲਿਆ ਹੈ ਤਾਂ ਉਨ੍ਹਾਂ ਵਿੱਚੋਂ ਦੇਸ਼ ਪਿਆਰ ਦਾ ਜਜ਼ਬਾ ਹੀ ਨਹੀਂ ਘੱਟ ਹੋ ਰਿਹਾ ਸਗੋਂ ਉਹ ਭਰਤੀ ਡਰੋਂ ਲੁਕ ਰਹੇ ਤੇ ਰਿਸ਼ਵਤ ਦੇ ਕੇ ਬਚ ਰਹੇ ਹਨ। ਰਿਪਬਲਿਕਨਾਂ ਨੇ ਅਮਰੀਕਾ ਦੀ ਪ੍ਰਤੀਨਿਧ ਸਭਾ ਵਿਚ 95 ਅਰਬ ਡਾਲਰ ਦੀ ਵਿਦੇਸ਼ੀ ਸਹਾਇਤਾ ਰੋਕ ਰੱਖੀ ਹੈ। ਇਸ ਵਿਚ 60 ਅਰਬ ਡਾਲਰ ਦੀ ਸਹਾਇਤਾ ਯੂਕਰੇਨ ਨੂੰ ਜਾਣੀ ਸੀ। ਰਿਪਬਲਿਕਨਾਂ ਵਿੱਚੋਂ ਕਈ ਕਿਸੇ ਹੋਰ ਦੇਸ਼ ਦੀ ਜੰਗ ਵਿਚ ਅਮਰੀਕਾ ਵੱਲੋਂ ਸਹਾਇਤਾ ਕਰਨ ਦੇ ਵਿਰੁੱਧ ਹਨ ਅਤੇ ਚਾਹੁੰਦੇ ਹਨ ਕਿ ਸਹਾਇਤਾ ਕਰਨ ਦੀ ਥਾਂ ਅਮਰੀਕਾ ਯੂਕਰੇਨ ਨੂੰ ਗੱਲਬਾਤ ਵੱਲ ਲਿਆਵੇ। ਅੱਜ ਵੀ ਪੱਛਮੀ ਦੇਸ਼ ਇਹ ਸਮਝ ਰਹੇ ਹਨ ਕਿ ਪੂਰਬੀ ਅਤੇ ਦੱਖਣੀ ਦੇਸ਼ਾਂ ਨੂੰ ਫ਼ੌਜੀ ਸ਼ਕਤੀ ਨਾਲ ਦਬਾ ਲੈਣਗੇ। ਇਸ ਮੰਤਵ ਨਾਲ ਉਨ੍ਹਾਂ ਨੇ ਫ਼ੌਜੀ ਤਾਕਤ ਦੇ ਤੌਰ ’ਤੇ ਪੂਰਬ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਰੂਸ ਨਾਲ ਯੁੱਧ ਸ਼ੁਰੂ ਕੀਤਾ ਪ੍ਰੰਤੂ ਰੂਸ ਨੇ ਇਸ ਖੇਤਰ ਵਿਚ ਪੱਛਮੀ ਦੇਸ਼ਾਂ ਨੂੰ ਪਛਾੜ ਦਿੱਤਾ। ਇਹੀ ਵਜ੍ਹਾ ਹੈ ਕਿ ਹੁਣ ਰੂਸੀ ਰਾਸ਼ਟਰਪਤੀ ਪੁਤਿਨ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਪਰਮਾਣੂ ਜੰਗ ਦੀ ਖੁੱਲ੍ਹਮ-ਖੁੱਲ੍ਹਾ ਧਮਕੀ ਦੇ ਰਹੇ ਹਨ। ਯਾਦ ਰਹੇ ਕਿ 31 ਨਾਟੋ ਦੇਸ਼ਾਂ ਨੇ ਇਕੱਠੇ ਹੋ ਕੇ ਯੂਕਰੇਨ ਨੂੰ ਮੋਹਰਾ ਬਣਾ ਕੇ ਰੂਸ ਨੂੰ ਹਰਾਉਣ ਦੀ ਸਾਜ਼ਿਸ਼ ਘੜੀ ਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਯੂਕਰੇਨ ਵਿਚ ਦਖ਼ਲ ਵਧਦਾ ਰਿਹਾ ਤਾਂ ਪਰਮਾਣੂ ਯੁੱਧ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਪੁਤਿਨ ਨੇ ਇਹ ਵੀ ਕਿਹਾ ਕਿ ਇਹ ਜੰਗ ਆਰ-ਪਾਰ ਦੀ ਹੈ। ਜਾਂ ਅਸੀਂ ਬਚਾਂਗੇ ਜਾਂ ਪੱਛਮੀ ਦੇਸ਼। ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦੀ। ਸੋ, ਸੰਵਾਦ ਤੇ ਕੂਟਨੀਤੀ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਸਾਂਝਾ ਕਰੋ