ਕਈ ਲੋਕ ਚਾਹ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਨ। ਉਹ ਦਿਨ ਵਿਚ 2-3 ਵਾਰ ਆਰਾਮ ਨਾਲ ਚਾਹ ਪੀਂਦੇ ਹਨ। ਉਨ੍ਹਾਂ ਲਈ ਚਾਹੇ ਸਰਦੀ ਹੋਵੇ ਜਾਂ ਗਰਮੀ, ਉਹ ਹਰ ਮੌਸਮ ‘ਚ ਬਰਾਬਰ ਚਾਹ ਪੀਣਾ ਪਸੰਦ ਕਰਦੇ ਹਨ ਪਰ ਜ਼ਿਆਦਾ ਚਾਹ ਪੀਣਾ ਵੀ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਨਾਲ ਹੀ ਇਸ ‘ਚ ਮੌਜੂਦ ਸ਼ੂਗਰ ਦੇ ਕਾਰਨ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜੇ ਤੁਸੀਂ ਵੀ ਚਾਹ ਦੇ ਸ਼ੌਕੀਨ ਹੋ ਤਾਂ ਚੀਨੀ ਤੋਂ ਇਲਾਵਾ ਤੁਸੀਂ ਚਾਹ ‘ਚ ਗੁੜ ਦੀ ਵਰਤੋਂ ਕਰ ਸਕਦੇ ਹੋ। ਗੁੜ ਦੀ ਚਾਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗੁੜ ਦੀ ਚਾਹ ਪੀਣ ਦੇ ਫ਼ਾਇਦੇ ਦੱਸਾਂਗੇ। ਹੁਣ ਵਰਗੇ ਹਲਕੇ ਠੰਡੇ ਮੌਸਮ ਵਿਚ ਗੁੜ ਦੀ ਚਾਹ ਪੀਣ ਨਾਲ ਸਰੀਰ ਗਰਮ ਰਹਿੰਦਾ ਹੈ। ਅਸਲ ਵਿੱਚ ਗੁੜ ਦੀ ਤਾਸੀਰ ਗਰਮ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਠੰਡ ਦਾ ਅਹਿਸਾਸ ਵੀ ਘੱਟ ਹੁੰਦਾ ਹੈ। ਗੁੜ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਵਿੱਚ ਵਿਟਾਮਿਨ, ਆਇਰਨ, ਜ਼ਿੰਕ, ਮੈਗਨੀਸ਼ੀਅਮ, ਪੋਟਾਸ਼ੀਅਮ ਆਦਿ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਰੱਖਦੇ ਹਨ। ਗੁੜ ਨੂੰ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਅਨੀਮੀਆ ਯਾਨੀ ਖੂਨ ਦੀ ਕਮੀ ਨਹੀਂ ਹੁੰਦੀ। ਗੁੜ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਖੂਨ ਨੂੰ ਸ਼ੁੱਧ ਕਰਨ ਅਤੇ ਜਿਗਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਗੁੜ ਘੱਟ ਗਲਾਈਸੈਮਿਕ ਇੰਡੈਕਸ ਵਾਲਾ ਭੋਜਨ ਹੈ, ਜਿਸਦਾ ਮਤਲਬ ਹੈ ਕਿ ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਜਲਦੀ ਨਹੀਂ ਵਧਦਾ। ਇਸ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ ਹੁੰਦਾ ਹੈ।