ਸੈਮੀਕੰਡਕਟਰ ਪਲਾਂਟ

ਕੇਂਦਰੀ ਕੈਬਨਿਟ ਵੱਲੋਂ ਵੀਰਵਾਰ ਨੂੰ 1.26 ਖਰਬ ਰੁਪਏ ਦੇ ਨਿਵੇਸ਼ ਨਾਲ ਤਿੰਨ ਸੈਮੀਕੰਡਕਟਰ ਪਲਾਂਟਾਂ ਨੂੰ ਦਿੱਤੀ ਮਨਜ਼ੂਰੀ ਭਾਰਤ ਦੇ ਤਕਨੀਕੀ ਖੇਤਰ ’ਚ ਬੇਹੱਦ ਅਹਿਮ ਫੈਸਲਿਆਂ ਵਜੋਂ ਦਰਜ ਹੋ ਗਈ ਹੈ। ਇਸ ਨਾਲ ਦੇਸ਼ ਨੇ ਆਪਣੇ ਆਪ ਨੂੰ ਆਲਮੀ ਸੈਮੀਕੰਡਕਟਰ ਨਿਰਮਾਣ ਉਦਯੋਗ ਵਿਚ ਅਹਿਮ ਖਿਡਾਰੀ ਵਜੋਂ ਸਥਾਪਿਤ ਕਰਨ ਵੱਲ ਕਦਮ ਵਧਾ ਲਏ ਹਨ। ਟਾਟਾ ਗਰੁੱਪ ਦੀ ਗੁਜਰਾਤ ਦੇ ਧੁਲੇਰਾ ਵਿਚ ਸਥਿਤ ਸੈਮੀਕੰਡਕਟਰ ਚਿਪ ਬਣਾਉਣ ਵਾਲੀ ਇਕਾਈ ਅਤਿ-ਆਧੁਨਿਕ ਤਕਨੀਕ ਨਾਲ ਲੈਸ ਹੋਣ ਲਈ ਤਿਆਰ ਹੋ ਰਹੀ ਹੈ। 28 ਨੈਨੋਮੀਟਰ ਤਕਨੀਕ ਨਾਲ ਚਿੱਪਾਂ ਤਿਆਰ ਕਰਨ ’ਤੇ ਦਿੱਤਾ ਗਿਆ ਜ਼ੋਰ ਦਰਸਾਉਂਦਾ ਹੈ ਕਿ ਭਾਰਤ ਬਿਲਕੁਲ ਨਵੀਆਂ ਤੇ ਅਤਿ-ਆਧੁਨਿਕ ਪ੍ਰਕਿਰਿਆਵਾਂ ਅਪਣਾਉਣ ਲਈ ਤਿਆਰ ਹੈ ਅਤੇ ਹੁਣ ਇਸ ਖੇਤਰ ਵਿਚ ਸੰਸਾਰ ਪੱਧਰ ’ਤੇ ਮੁਕਾਬਲਾ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਸਰਕਾਰ ਦੇ ਫ਼ੈਸਲੇ ਵਿਚੋਂ ‘ਚਿੱਪ ਈਕੋਸਿਸਟਮ’ ਨੂੰ ਮਜ਼ਬੂਤ ਕਰਨ ਦੀ ਵਿਆਪਕ ਪਹੁੰਚ ਵੀ ਝਲਕਦੀ ਹੈ। ਸਰਕਾਰ ਮੁਹਾਲੀ ’ਚ ਪਹਿਲਾਂ ਤੋਂ ਮੌਜੂਦ ‘ਐੱਸਸੀਐੱਲ’ ਨੂੰ ਜਲਦੀ ਕਿਸੇ ਭਾਈਵਾਲ ਨਾਲ ਰਲ ਕੇ ਖੋਜ ਤੇ ਵਿਕਾਸ (ਆਰ ਐਂਡ ਡੀ) ਅਤੇ ਸਿਖਲਾਈ ਕੇਂਦਰ ਵਜੋਂ ਵਿਕਸਿਤ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ। ਇਸ ਪ੍ਰਾਜੈਕਟ ਲਈ 10,000 ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਗਿਆ ਹੈ। ਸੈਮੀਕੰਡਕਟਰ ਇਕਾਈਆਂ ’ਤੇ ਵੱਡੇ ਪੂੰਜੀ ਨਿਵੇਸ਼ ਨਾਲ ਵੱਖ ਵੱਖ ਤਰ੍ਹਾਂ ਦੇ ਮੌਕੇ ਪੈਦਾ ਹੋਣਗੇ। ਇਨ੍ਹਾਂ ਪਲਾਂਟਾਂ ਵਿਚ ਬਣਨ ਵਾਲੀਆਂ ਚਿੱਪਾਂ ਕਈ ਖੇਤਰਾਂ ’ਚ ਨਵੀਆਂ ਕਾਢਾਂ ਤੇ ਤਕਨੀਕੀ ਵਿਕਾਸ ਨੂੰ ਉਤਸ਼ਾਹਿਤ ਕਰਨਗੀਆਂ। ਉੱਚ ਸਮਰੱਥਾ ਵਾਲੀ ਕੰਪਿਊਟਿੰਗ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਦੇ ਖੇਤਰ, ਟੈਲੀਕਾਮ, ਰੱਖਿਆ, ਕੰਜਿ਼ਊਮਰ ਇਲੈਕਟ੍ਰੌਨਿਕਸ, ਆਟੋਮੋਬਾਈਲ ਤੇ ਪਾਵਰ ਇਲੈਕਟ੍ਰੌਨਿਕਸ ਖੇਤਰਾਂ ਵਿਚ ਵਿਕਾਸ ਦੇ ਨਵੇਂ ਰਾਸਤੇ ਖੁੱਲ੍ਹਣਗੇ। ਇਕੱਲੀ ਧੁਲੇਰਾ ਇਕਾਈ ਹੀ ਅੰਦਾਜ਼ਨ ਸਿੱਧੀਆਂ-ਅਸਿੱਧੀਆਂ ਨੌਕਰੀਆਂ ਦੇ 20,000 ਮੌਕੇ ਪੈਦਾ ਕਰੇਗੀ। ਅਸਾਮ ਤੇ ਗੁਜਰਾਤ ਦੇ ਸਾਨੰਦ ਵਿਚ ਵੀ ਇਸੇ ਤਰ੍ਹਾਂ ਦੇ ਦੋ ਹੋਰ ਪਲਾਂਟ ਸਥਾਪਿਤ ਕੀਤੇ ਜਾਣ ਦੀ ਯੋਜਨਾ ਹੈ। ਇਸ ਤਰ੍ਹਾਂ ਇਨ੍ਹਾਂ ਨਾਲ ਨਾ ਸਿਰਫ਼ ਆਰਥਿਕ ਵਾਧੇ ਨੂੰ ਹੁਲਾਰਾ ਮਿਲੇਗਾ ਬਲਕਿ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਵੀ ਪੈਦਾ ਹੋਣਗੇ। ਕੇਂਦਰੀ ਇਲੈਕਟ੍ਰੌਨਿਕਸ ਤੇ ਆਈਟੀ ਮੰਤਰੀ ਅਸ਼ਿਵਨੀ ਵੈਸ਼ਣਵ ਮੁਤਾਬਕ ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਟਿਡ ਤਾਇਵਾਨ ਦੀ ਸੈਮੀਕੰਡਕਟਰ ਕੰਪਨੀ ਨਾਲ ਮਿਲ ਕੇ ਗੁਜਰਾਤ ਦੇ ਧੁਲੇਰਾ ਵਿਚ ਚਿਪ ਨਿਰਮਾਣ ਪਲਾਂਟ ਲਾਏਗੀ। ਸੈਮੀਕੰਡਕਟਰ ਨਿਰਮਾਣ ਇਕਾਈ ਸਥਾਪਿਤ ਕਰਨ ਵਿਚ ਹਾਲਾਂਕਿ ਤਿੰਨ-ਚਾਰ ਸਾਲ ਲੱਗਦੇ ਹਨ ਪਰ ਕੇਂਦਰ ਸਰਕਾਰ ਮੁਤਾਬਕ ਸਮੇਂ ਨੂੰ ਘਟਾਇਆ ਜਾਵੇਗਾ। ਇਹੀ ਨਹੀਂ, ਸਾਰੇ ਰਾਜਾਂ ਨੂੰ ਸੈਮੀਕੰਡਕਟਰ ਉਦਯੋਗ ਲਈ ਮਾਹੌਲ ਤਿਆਰ ਕਰਨ ਵਾਸਤੇ ਪ੍ਰੇਰਿਆ ਜਾਵੇਗਾ। ਉਹ ਇਸ ਸਬੰਧੀ ਨੀਤੀਆਂ ਬਣਾ ਸਕਦੇ ਹਨ ਅਤੇ ਉਦਯੋਗਿਕ ਇਕਾਈਆਂ ਇਨ੍ਹਾਂ ਨੀਤੀਆਂ ਦੇ ਆਧਾਰ ਉਤੇ ਪ੍ਰਾਜੈਕਟ ਲਾ ਸਕਦੀਆਂ ਹਨ। ਵੱਡੀ ਗੱਲ ਇਹ ਹੈ ਕਿ ਇਹ ਪ੍ਰਵਾਨਗੀਆਂ ਅਜਿਹੇ ਵਕਤ ਮਿਲੀਆਂ ਹਨ ਜਦੋਂ ਸਪਲਾਈ ਚੇਨਾਂ ਦੇ ਆਸੇ ਪਾਸੇ ਭੂ-ਸਿਆਸੀ ਤਣਾਵਾਂ ਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ ਸੈਮੀਕੰਡਕਟਰ ਖੇਤਰ ਵਿਚ ਚੀਨ ’ਤੇ ਆਪਣੀ ਨਿਰਭਰਤਾ ਦਾ ਨਵੇਂ ਸਿਰਿਓਂ ਜਾਇਜ਼ਾ ਲੈ ਰਹੇ ਹਨ। ਹਾਲਾਂਕਿ ਭਾਰਤ ਕੋਲ ਚਿਪ ਡਿਜ਼ਾਈਨ ਇੰਜਨੀਅਰਿੰਗ ਦੀ ਪ੍ਰਤਿਭਾ ਦੇ ਚੋਖੇ ਭੰਡਾਰ ਮੌਜੂਦ ਹਨ ਪਰ ਇਸ ਜ਼ਹਾਨਤ ਤੇ ਪ੍ਰਬੀਨਤਾ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਣ ਲਈ ਕਾਫ਼ੀ ਕੰਮ ਕਰਨਾ ਪਵੇਗਾ ਕਿਉਂ ਜੋ ਪਾਏਦਾਰ ਬਦਲ ਸਿਰਜਣ ਲਈ ਇਨ੍ਹਾਂ ਦੀ ਚੋਖੀ ਅਹਿਮੀਅਤ ਹੈ।

ਸਾਂਝਾ ਕਰੋ