ਜ਼ਿੰਦਗੀ ਹਮੇਸ਼ਾ ਤੋਂ ਹੀ ਸਰਲ ਸੀ ਪਰ ਸਾਡੀਆਂ ਲੋੜਾਂ ਤੇ ਹਰੇਕ ਨੂੰ ਪਛਾੜ ਕੇ ਅੱਗੇ ਵਧਣ ਦੀ ਲਾਲਸਾ ਨੇ ਸਾਡੇ ਜੀਵਨ ’ਚ ਵਿਗਾੜ ਪੈਦਾ ਕੀਤਾ ਹੈ। ਅਜੋਕੇ ਤਕਨੀਕੀ ਯੁੱਗ ’ਚ ਜਿੱਥੇ ਸੁੱਖ-ਸਹੂਲਤਾਂ ਦੇ ਸਾਜ਼ੋ-ਸਾਮਾਨ ਦੇ ਅੰਬਾਰ ਲੱਗੇ ਹੋਏ ਹਨ, ਉੱਥੇ ਹੀ ਮਨੁੱਖ ਆਪਣੀਆਂ ਖ਼ਾਹਿਸ਼ਾਂ ’ਚ ਵੀ ਬੇਇੰਤਹਾ ਵਾਧਾ ਕਰ ਰਿਹਾ ਹੈ। ਤਾਉਮਰ ਇਨ੍ਹਾਂ ਦੀ ਪੂਰਤੀ ਲਈ ਯਤਨ ਕਰਦਾ ਹੈ। ਚੰਗੀ-ਭਲੀ ਰਵਾਂ-ਰਵੀ ਚੱਲ ਰਹੀ ਜ਼ਿੰਦਗੀ ਦੀਆਂ ਲੀਹਾਂ ਤੋਂ ਹਟ ਕੇ ਉਹ ਹਰ ਜਾਇਜ਼-ਨਾਜਾਇਜ਼ ਤਰੀਕੇ ਵਰਤਦਾ ਹੋਇਆ ਸਾਰਾ ਜੀਵਨ ਦਾਅ ’ਤੇ ਲਾਉਂਦਾ ਹੈ।ਅਸਲੀਅਤ ਤੇ ਨੈਤਿਕਤਾ ਤੋਂ ਦੂਰੀ ਉਸ ਦੇ ਮਨ ਨੂੰ ਵਿਚਲਿਤ ਕਰਦੀ ਹੈ। ਮੁਕਾਬਲੇਬਾਜ਼ੀ ਦੀ ਹਵਾ ’ਚ ਸਮਾਜ ਦਾ ਹਰ ਵਰਗ ਇਕ-ਦੂਜੇ ਨੂੰ ਪਛਾੜ ਰਿਹਾ ਹੈ। ਮੱਧਵਰਗੀ ਤੇ ਹੇਠਲਾ ਵਰਗ ਇਸ ਦੌੜ ਵਿਚ ਵੱਧ ਪਿਸ ਰਿਹਾ ਹੈ। ਜਦੋਂ ਲੋਕਾਂ ਦਾ ਬੱਚਤ ਨਾਲੋਂ ਖ਼ਰਚ ਵਧ ਜਾਂਦਾ ਹੈ ਤਾਂ ਉਹ ਕਰਜ਼ਾਈ ਹੁੰਦੇ ਹਨ। ਕਰਜ਼ੇ ਦੇ ਬੋਝ ਹੇਠਾਂ ਦੱਬੇ ਪਰਿਵਾਰਾਂ ਦੀ ਤਬਾਹੀ ਨਿਸ਼ਚਤ ਹੈ। ਪਹਿਲੇ ਵੇਲਿਆਂ ’ਚ ਪਤਾ ਨਹੀਂ ਸੀ ਕਿ ਮਾਨਸਿਕ ਰੋਗ ਵੀ ਹੁੰਦੇ ਹਨ ਪਰ ਅੱਜ ਚੁਫੇਰੇ ਮਾਨਸਿਕ ਅਸ਼ਾਂਤੀ ਹੈ। ਸਰੀਰਕ ਰੋਗਾਂ ਦੇ ਕਾਰਨ ਵੀ ਮਾਨਸਿਕਤਾ ਨਾਲ ਜੁੜ ਗਏ ਹਨ। ਸਭ ਤੋਂ ਵੱਧ ਫ਼ਜ਼ੂਲਖ਼ਰਚੀ ਤਾਂ ਵਿਆਹ-ਸ਼ਾਦੀਆਂ ਤੇ ਭੋਗਾਂ ਵਰਗੇ ਕਾਰਜਾਂ ’ਤੇ ਹੋ ਰਹੀ ਹੈ। ਸਿਆਣਿਆਂ ਦਾ ਕਿਹਾ ‘ਚਾਦਰ ਵੇਖ ਕੇ ਪੈਰ ਪਸਾਰਨੇ’ ਵੀ ਬੇਮਾਅਨੇ ਹੋ ਗਿਆ ਹੈ। ਕੋਈ ਆਪਣੀ ਹੈਸੀਅਤ, ਰੁਤਬਾ ਤੇ ਆਰਥਿਕ ਹਾਲਤ ਨਹੀਂ ਵਿਚਾਰਦਾ। ਹਰ ਧਰਮ ਤੇ ਫ਼ਿਰਕਾ ਸਾਨੂੰ ਸਾਦਗੀ, ਸੰਜੀਦਗੀ ਤੇ ਸਬਰ-ਸੰਤੋਖ ਦਾ ਸਬਕ ਪੜ੍ਹਾਉਂਦਾ ਹੈ। ਜੇਕਰ ਅਸੀਂ ਇਮਾਨਦਾਰੀ ਤੇ ਨੇਕ-ਨੀਅਤੀ ਨਾਲ ਕਿਰਤ-ਕਮਾਈ ਕਰਦੇ ਹੋਏ ਅੱਗੇ ਵਧਦੇ ਜਾਈਏ ਤਾਂ ਜ਼ਿੰਦਗੀ ਖ਼ੁਦ-ਬ-ਖ਼ੁਦ ਸੁੱਖਮਈ ਬਣ ਜਾਵੇਗੀ। ਹਿੰਮਤ ਤੇ ਲਗਨ ਹੋਵੇ ਤਾਂ ਸਾਧਨਾਂ ਦੀ ਕਮੀ ਦੇ ਬਾਵਜੂਦ ਮੰਜ਼ਿਲ ’ਤੇ ਪੁੱਜਿਆ ਜਾ ਸਕਦਾ ਹੈ। ਕੋਈ ਛੋਟਾ-ਮੋਟਾ ਕੰਮ ਕਰ ਕੇ ਗੁਜ਼ਰ-ਬਸਰ ਕਰਨ ਵਾਲੇ ਗੁਰਦਾਸਪੁਰ ਤੋਂ ਪਿੰਡ ਹੱਲਾ ਦੇ ਮਹਿੰਦਰ ਪਾਲ ਦਾ ਬੇਟਾ ਪਵਨ ਕੁਮਾਰ, ਪੀਐੱਚਡੀ ਕਰ ਕੇ ਵਿਗਿਆਨੀ ਬਣ ਗਿਆ। ਕਈ ਦੇਸ਼ਾਂ ’ਚ ਖੋਜ ਕਾਰਜ ਕਰਨ ਤੋਂ ਬਾਅਦ ਹੁਣ ਆਇਰਲੈਂਡ ’ਚ ਅਜਿਹੀ ਸਿਆਹੀ ਬਣਾਉਣ ਤੇ ਕੰਮ ਕਰ ਰਿਹਾ ਹੈ ਜੋ ਸਿਰਫ਼ ਰੋਸ਼ਨੀ ’ਚ ਦਿਖਾਈ ਦੇਵੇਗੀ। ਸੱਚਾਈ ਇਹੀ ਹੈ ਕਿ ਜੋ ਸੁੱਖ ਸਾਧਾਰਨ ਜੀਵਨ-ਸ਼ੈਲੀ ’ਚ ਹੈ, ਉਹ ਬਿਨਾਂ ਸਿਰ-ਪੈਰ ਦੇ ਸੁਪਨਿਆਂ ਤੇ ਖ਼ਾਹਿਸ਼ਾਂ ਦੇ ਮਗਰ ਦੌੜ-ਭੱਜ ਕਰਨ ’ਚ ਨਹੀਂ ਮਿਲਦਾ। ਅੱਜ ਜ਼ਿਆਦਾਤਰ ਲੋਕਾਂ ਦੀ ਵਿੱਤੀ ਹਾਲਤ ਡਾਵਾਂਡੋਲ ਹੈ। ਇਸ ਕਾਰਨ ਹੀ ਮਾਨਸਿਕ ਅਸੰਤੁਲਨ ਦੀ ਝੁੱਲਦੀ ਹਨੇਰੀ ਕਈ ਜਾਨਾਂ ਦਾ ਖ਼ੌਫ਼ ਬਣ ਕੇ ਘਰਾਂ ਦੇ ਘਰ ਉਜਾੜ ਰਹੀ ਹੈ। ਸਮੇਂ ਤੇ ਜ਼ਮਾਨੇ ਦੇ ਵਹਿਣਾਂ ਤੋਂ ਬਚ ਕੇ ਮਾਨਸਿਕ ਸਕੂਨ ਦੀ ਬਹਾਲੀ ਲਈ ਜ਼ਰੂਰੀ ਹੈ ਕਿ ਸੁੱਖਾਂ ਦੀ ਦੌੜ ’ਚ ਆਪਣੇ ਵਿਰਾਸਤ ’ਚ ਮਿਲੇ ਮਹਾਪੁਰਖਾਂ ਤੇ ਗੁਰੂਆਂ ਦੇ ਗਿਆਨ, ਵਿਦਵਾਨਾਂ ਦੀ ਫਿਲਾਸਫੀ, ਵਿਚਾਰਾਂ ਤੇ ਸਿਧਾਂਤਾਂ ਨੂੰ ਅੰਤਰ-ਮਨ ’ਚ ਚਿਤਵੀਏ।