ਇਹ ਚੰਗੀ ਖ਼ਬਰ ਹੈ ਕਿ ਯੂਕਰੇਨ ’ਚ ਜੰਗ ਲੜ ਰਹੀ ਆਪਣੀ ਸੈਨਾ ਲਈ ਕੰਮ ਕਰਨ ਵਾਲੇ ਭਾਰਤੀ ਨੌਜਵਾਨਾਂ ਨੂੰ ਰੂਸ ਨੇ ਫ਼ਾਰਗ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਨ੍ਹਾਂ ’ਚੋਂ ਕੁਝ ਤਾਂ ਵਤਨ ਪਰਤ ਵੀ ਆਏ ਹਨ। ਉਮੀਦ ਹੈ ਕਿ ਜਲਦ ਹੀ ਅਜਿਹੇ ਸਾਰੇ ਨੌਜਵਾਨ ਆਪਣੇ ਘਰ ਆ ਜਾਣਗੇ ਜਿਨ੍ਹਾਂ ਨੂੰ ਧੋਖੇ ਨਾਲ ਰੂਸ ਲਿਜਾ ਕੇ ਉੱਥੇ ਦੀ ਫ਼ੌਜ ’ਚ ਖਪਾ ਦਿੱਤਾ ਗਿਆ ਸੀ। ਉਨ੍ਹਾਂ ਨਾਲ ਵਾਅਦਾ ਤਾਂ ਕਿਸੇ ਹੋਰ ਨੌਕਰੀ ਦਾ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਫ਼ੌਜੀ ਦੇ ਤੌਰ ’ਤੇ ਜੰਗ ਦੇ ਮੁਹਾਜ਼ ’ਤੇ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੀ ਜਾਨ ’ਤੇ ਬਣ ਆਈ। ਰੂਸ ਭਾਰਤ ਦਾ ਮਿੱਤਰ ਦੇਸ਼ ਹੋਣ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ’ਚ ਆਸਾਨੀ ਹੋਈ ਪਰ ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਭਾਰਤ ਹੁਣ ਕਿਤੇ ਵੀ ਮੁਸ਼ਕਲ ’ਚ ਫਸੇ ਆਪਣੇ ਲੋਕਾਂ ਨੂੰ ਵਤਨ ਲਿਆਉਣ ਵਿਚ ਕਾਮਯਾਬ ਰਹਿੰਦਾ ਹੈ। ਭਾਰਤੀ ਨਾਗਰਿਕ ਰੂਸ ’ਚ ਰੋਜ਼ੀ-ਰੋਟੀ ਖ਼ਾਤਰ ਗਏ ਸਨ। ਮਜਬੂਰੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਜੰਗ ’ਚ ਭੇਜਣਾ ਵੈਸੇ ਵੀ ਗ਼ੈਰ-ਇਖ਼ਲਾਕੀ ਵਰਤਾਰਾ ਹੈ। ਹਾਲ ਹੀ ’ਚ ਕਤਰ ਵਿਖੇ ਮੌਤ ਦੀ ਸਜ਼ਾ ਸੁਣ ਚੁੱਕੇ ਸਮੁੰਦਰੀ ਫ਼ੌਜ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਆਜ਼ਾਦ ਕਰਵਾਉਣ ’ਚ ਵੀ ਸਫਲਤਾ ਮਿਲੀ ਸੀ। ਇਕ ਸਮੇਂ ਇਹ ਬੇਹੱਦ ਔਖਾ ਦਿਸ ਰਿਹਾ ਸੀ। ਸਾਲ ਕੁ ਪਹਿਲਾਂ ਹਿੰਸਾਗ੍ਰਸਤ ਸੂਡਾਨ ਤੋਂ ਭਾਰਤੀਆਂ ਨੂੰ ਕੱਢਿਆ ਗਿਆ ਸੀ। ਇਸ ਤੋਂ ਪਹਿਲਾਂ ਲੀਬੀਆ, ਯਮਨ, ਯੂਕਰੇਨ ਆਦਿ ਤੋਂ ਵੀ ਉਨ੍ਹਾਂ ਨੂੰ ਬਚਾ ਕੇ ਲਿਆਂਦਾ ਜਾ ਚੁੱਕਾ ਹੈ ਪਰ ਕਦੇ-ਕਦਾਈਂ ਉਦੋਂ ਅਣਹੋਣੀ ਹੋ ਜਾਂਦੀ ਹੈ ਜਦ ਭਾਰਤ ਅਜਿਹੇ ਕਿਸੇ ਦੇਸ਼ ’ਚ ਚਲੇ ਜਾਂਦੇ ਹਨ ਜਿੱਥੇ ਖ਼ਤਰਾ ਜ਼ਿਆਦਾ ਹੁੰਦਾ ਹੈ। ਕੁਝ ਸਾਲ ਪਹਿਲਾਂ ਇਰਾਕ ਗਏ ਭਾਰਤੀ ਨੌਜਵਾਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਨਿਸ਼ਾਨਾ ਬਣ ਗਏ ਸਨ। ਇਹ ਠੀਕ ਨਹੀਂ ਕਿ ਕਈ ਵਾਰ ਭਾਰਤੀ ਆਪਣੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਅਜਿਹੇ ਦੇਸ਼ ’ਚ ਵੀ ਚਲੇ ਜਾਂਦੇ ਹਨ ਜੋ ਅਸਥਿਰਤਾ ਤੇ ਅਰਾਜਕਤਾ ਤੋਂ ਗ੍ਰਸਤ ਹੁੰਦੇ ਹਨ। ਬਿਹਤਰ ਕਮਾਈ ਲਈ ਵਿਦੇਸ਼ ਜਾਣਾ ਹੁਣ ਕੋਈ ਨਵੀਂ-ਅਨੋਖੀ ਗੱਲ ਨਹੀਂ ਪਰ ਲੋਕਾਂ ਨੂੰ ਇਸ ਦੀ ਛਾਣਬੀਣ ਤਾਂ ਕਰਨੀ ਹੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਬਾਹਰ ਭੇਜਣ ਵਾਲੇ ਭਰੋਸੇਯੋਗ ਹਨ ਜਾਂ ਨਹੀਂ? ਚੰਗਾ ਹੋਵੇ ਕਿ ਸਰਕਾਰ ਉਨ੍ਹਾਂ ਵਿਰੁੱਧ ਕਾਰਵਾਈ ਕਰੇ ਜਿਨ੍ਹਾਂ ਨੇ ਭਾਰਤੀ ਨੌਜਵਾਨਾਂ ਨੂੰ ਧੋਖੇ ਨਾਲ ਰੂਸ ਭੇਜ ਦਿੱਤਾ। ਇਹ ਚਿੰਤਾਜਨਕ ਹੈ ਕਿ ਵਿਦੇਸ਼ ਵਿਚ ਨੌਕਰੀ ਦਾ ਲਾਲਚ ਦੇ ਕੇ ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਲੈ ਕੇ ਜਾਣ ਜਾਂ ਫਿਰ ਉਨ੍ਹਾਂ ਨਾਲ ਠੱਗੀ ਕਰਨ ਵਾਲਿਆਂ ਦੇ ਗਿਰੋਹ ਬਣ ਗਏ ਹਨ। ਹਾਲੇ ਹਾਲ ਹੀ ਵਿਚ ਦੁਬਈ ਤੋਂ ਨਿਕਾਰਾਗੁਆ ਜਾ ਰਹੇ ਇਕ ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਰਾਂਸ ’ਚ ਰੋਕ ਲਿਆ ਸੀ। ਮੋਦੀ ਸਰਕਾਰ ਇਸ ਜਹਾਜ਼ ’ਚ ਸਵਾਰ ਲਗਪਰ ਤਿੰਨ ਸੌ ਭਾਰਤੀਆਂ ਨੂੰ ਸਵਦੇਸ਼ ਲਿਆਉਣ ’ਚ ਕਾਮਯਾਬ ਰਹੀ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਪੰਜਾਬ ਦੇ ਸਨ ਜਿੱਥੋਂ ਦੇ ਲੋਕ ਵਿਦੇਸ਼ ਜਾਣ ਲਈ ਹਰ ਤਰ੍ਹਾਂ ਦਾ ਜੋਖ਼ਮ ਚੁੱਕਣ ਲਈ ਤਿਆਰ ਰਹਿੰਦੇ ਹਨ। ਇਕ ਪਾਸੇ ਜਿੱਥੇ ਇਹ ਜ਼ਰੂਰੀ ਹੈ ਕਿ ਸਰਕਾਰਾਂ ਵਿਦੇਸ਼ ਵਿਚ ਨੌਕਰੀ ਦੇ ਨਾਂ ’ਤੇ ਛਲ-ਕਪਟ ਕਰਨ ਵਾਲੇ ਅਨਸਰਾਂ ’ਤੇ ਸ਼ਿਕੰਜਾ ਕੱਸਣ, ਓਥੇ ਹੀ ਦੂਜੇ ਪਾਸੇ ਲੋਕਾਂ ਨੂੰ ਵੀ ਚੌਕਸ ਰਹਿਣਾ ਹੋਵੇਗਾ ਅਤੇ ਖ਼ਤਰਾ ਮੁੱਲ ਲੈਣ ਤੋਂ ਬਚਣਾ ਹੋਵੇਗਾ। ਵਿਦੇਸ਼ ’ਚ ਨੌਕਰੀ ਲਈ ਸ਼ੱਕੀ ਅਨਸਰਾਂ ਦੀ ਸਹਾਇਤਾ ਲੈਣਾ ਜਾਂ ਫਿਰ ਨਾਜਾਇਜ਼ ਤਰੀਕੇ ਅਪਣਾਉਣਾ ਇਕ ਤਰ੍ਹਾਂ ਨਾਲ ਜਾਣਬੁੱਝ ਕੇ ਜੋਖ਼ਮ ਮੁੱਲ ਲੈਣਾ ਹੈ। ਜਦ ਸਰਕਾਰ ਨੇ ਵਿਦੇਸ਼ ’ਚ ਨੌਕਰੀ ਦੇ ਚਾਹਵਾਨ ਲੋਕਾਂ ਦੀ ਸਹਾਇਤਾ ਦੇ ਉਪਾਅ ਕੀਤੇ ਹੋਏ ਹਨ ਤਾਂ ਫਿਰ ਇਸ ਦਾ ਕੋਈ ਮਤਲਬ ਨਹੀਂ ਕਿ ਉਨ੍ਹਾਂ ਦੀ ਅਣਦੇਖੀ ਕੀਤੀ ਜਾਵੇ।