ਅਨਮੋਲ ਖਿਡਾਰਨ

ਭਾਰਤ ਨੇ ਬੀਤੇ ਦਿਨੀਂ ਮਲੇਸ਼ੀਆ ‘ਚ ਮਹਿਲਾ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਪਹਿਲੀ ਵਾਰ ਜਿੱਤ ਕੇ ਕਮਾਲ ਕਰ ਦਿਖਾਇਆ | ਇਸ ਵਿਚ ਨੌਜਵਾਨ ਖਿਡਾਰਨਾਂ ਦੀ ਅਹਿਮ ਭੂਮਿਕਾ ਰਹੀ, ਖਾਸ ਕਰਕੇ 17 ਸਾਲਾ ਅਨਮੋਲ ਖਰਬ ਦੀ | ਭਾਰਤ ਤੇ ਥਾਈਲੈਂਡ ਦੋ-ਦੋ ਗੇਮਾਂ ਦੀ ਬਰਾਬਰੀ ‘ਤੇ ਸਨ ਜਦ ਅਨਮੋਲ ਫੈਸਲਾਕੁੰਨ ਗੇਮ ਲਈ ਉੱਤਰੀ | ਉਸ ਨੇ ਉਮੀਦਾਂ ‘ਤੇ ਖਰਾ ਉਤਰਦਿਆਂ 21-14 ਤੇ 21-9 ਨਾਲ ਜਿੱਤ ਹਾਸਲ ਕਰਕੇ ਭਾਰਤੀ ਤਿਰੰਗਾ ਲਹਿਰਾ ਦਿੱਤਾ | ਚੈਂਪੀਅਨਸ਼ਿਪ ਦੇ ਮੁਢਲੇ ਪੜਾਅ ਵਿਚ ਵੀ ਭਾਰਤ ਤੇ ਚੀਨ ਦੋ-ਦੋ ਦੀ ਬਰਾਬਰੀ ‘ਤੇ ਸਨ ਤੇ ਅਨਮੋਲ ਨੇ ਹੀ ਫੈਸਲਾਕੁੰਨ ਗੇਮ ਜਿੱਤ ਕੇ ਜਿਤਾਇਆ ਸੀ | ਇਹ ਦੱਸਣਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ ਕਿ ਮੁੰਡਿਆਂ ਦੀ ਟੀਮ ਨੇ 2016 ਤੇ 2020 ‘ਚ ਇਸ ਚੈਂਪੀਅਨਸ਼ਿਪ ‘ਚ ਦੋ ਵਾਰ ਕਾਂਸੀ ਤਮਗੇ ਜਿੱਤੇ ਜਦਕਿ ਕੁੜੀਆਂ ਨੇ ਪੈਂਦੀ ਸੱਟੇ ਸੋਨ ਤਮਗਾ |
ਭਾਰਤੀ ਕੋਚ ਤੇ ਭਾਰਤ ਦੇ ਮਹਾਨ ਬੈਡਮਿੰਟਨ ਖਿਡਾਰੀ ਪੁਲੇਲਾ ਗੋਪੀਚੰਦ ਨੇ ਅਨਮੋਲ ਦੇ ਬਿਨਾਂ ਡਰੇ ਦਲੇਰੀ ਨਾਲ ਖੇਡਣ ਦੀ ਤਾਰੀਫ ਕੀਤੀ ਹੈ | ਪਿਤਾ ਦਵਿੰਦਰ ਖਰਬ ਦਾ ਕਹਿਣਾ ਹੈ ਕਿ ਅਨਮੋਲ ਵਿਚ ਇਹ ਦਲੇਰੀ ਮਾਂ ਰਾਜਬਾਲਾ ਤੋਂ ਆਈ ਹੈ, ਜਿਹੜੀ ਕਿ ਹਰਿਆਣਾ ਪੱਧਰ ਦੀ ਦੌੜਾਕ ਰਹੀ ਹੈ ਤੇ ਸਿਰ ‘ਤੇ ਪਾਣੀ ਦੇ ਘੜੇ ਰੱਖ ਕੇ ਲਿਆਉਂਦੀ ਹੁੰਦੀ ਸੀ | ਫਰੀਦਾਬਾਦ ਦੀ ਅਨਮੋਲ ਬੈਡਮਿੰਟਨ ਦੀ ਟਰੇਨਿੰਗ ਨੋਇਡਾ ਵਿਚ ਲੈਂਦੀ ਸੀ ਤੇ ਰਾਜਬਾਲਾ ਰੋਜ਼ਾਨਾ 80 ਕਿੱਲੋਮੀਟਰ ਗੱਡੀ ਚਲਾ ਕੇ ਲਿਜਾਂਦੀ ਸੀ | ਉਹ ਗੱਡੀ ਵਿਚ ਉਸ ਲਈ ਲੱਸੀ ਵੀ ਰੱਖਦੀ ਸੀ | ਅਨਮੋਲ ਦੀ ਖੂਬੀ ਇਹ ਹੈ ਕਿ ਉਸ ਦਾ ਪੂਰਾ ਫੋਕਸ ਬੈਡਮਿੰਟਨ ‘ਤੇ ਰਿਹਾ ਹੈ | ਇਕ ਵਾਰ ਦੀਵਾਲੀ ‘ਤੇ ਉਸ ਨੇ ਕੋਚ ਨੂੰ ਕਿਹਾ ਸੀ ਕਿ ਪੂਜਾ ਤੇ ਆਤਿਸ਼ਬਾਜ਼ੀ ਸ਼ਾਮ ਨੂੰ ਹੁੰਦੇ ਹਨ, ਸਵੇਰੇ ਪ੍ਰੈਕਟਿਸ ਕੀਤੀ ਜਾ ਸਕਦੀ ਹੈ | ਰੱਖੜੀ ਬਾਰੇ ਉਸ ਦੀ ਸੋਚ ਹੈ ਕਿ ਉਹ ਆਪਣੀ ਰਾਖੀ ਖੁਦ ਕਰਨ ਦੇ ਕਾਬਲ ਹੈ, ਇਸ ਲਈ ਰੱਖੜੀ ਬੰਨ੍ਹਣ ਦੀ ਲੋੜ ਨਹੀਂ | ਮਾਂ ਰਾਜਬਾਲਾ ਨੇ ਫਿਟਨੈੱਸ ਲਈ ਉਸ ਨੂੰ ਬਾਕਸਰ ਜੈਭਗਵਾਨ ਦੇ ਭਰਾ ਗੋਦਾਰਾ ਦੀ ਅਕਾਦਮੀ ਵਿਚ ਟਰੇਨਿੰਗ ਦਿਵਾਈ ਹੈ, ਜਿੱਥੇ ਕਮਾਂਡੋ ਟਰੇਨਿੰਗ ਕਰਵਾਈ ਜਾਂਦੀ ਹੈ | ਉਹ ਉੱਥੇ ਸਵੇਰੇ ਪੰਜ ਵਜੇ ਉੱਠ ਕੇ ਜਾਂਦੀ ਸੀ | ਅਨਮੋਲ ਦਾ ਕਹਿਣਾ ਹੈ ਕਿ ਉਹ ਕਦੇ ਇਸ ਦਬਾਅ ਵਿਚ ਨਹੀਂ ਰਹਿੰਦੀ ਕਿ ਉਸ ਦਾ ਮੁਕਾਬਲਾ ਕਿੰਨੀ ਵੱਡੀ ਖਿਡਾਰਨ ਨਾਲ ਹੈ | ਉਸ ਦਾ ਕੁਦਰਤੀ ਖੇਡ ਤੇ ਕੋਚ ਦੀਆਂ ਦੱਸੀਆਂ ਗੱਲਾਂ ‘ਤੇ ਹੀ ਧਿਆਨ ਰਹਿੰਦਾ ਹੈ | ਨਾਬਾਲਗ ਅਨਮੋਲ ਖਰਬ ਦੀ ਕਹਾਣੀ ਖੇਡਾਂ ਦੇ ਮੈਦਾਨ ਵਿਚ ਪੈਰ ਧਰਨ ਵਾਲਿਆਂ ਲਈ ਪੇ੍ਰਰਨਾ ਦਾ ਸਰੋਤ ਹੈ |

ਸਾਂਝਾ ਕਰੋ