ਯੂਕਰੇਨ ਦੇ ਸੁਰੱਖਿਅਤ ਸ਼ਹਿਰ ਐਵਡੀਵਕਾ ਸ਼ਹਿਰ ’ਤੇ ਰੂਸ ਦਾ ਕਬਜ਼ਾ ਹੋ ਗਿਆ ਹੈ ਜਿਸ ਤੋਂ ਸੰਕੇਤ ਮਿਲੇ ਹਨ ਕਿ ਇਸ ਸਾਲ ਇਹ ਜੰਗ ਪਿਛਲੇ ਦੋ ਸਾਲਾਂ ਨਾਲੋਂ ਹੋਰ ਵੀ ਭਿਆਨਕ ਰੂਪ ਧਾਰ ਸਕਦੀ ਹੈ। ਐਵਡੀਵਕਾ ਵਾਂਗ ਹੀ ਯੂਕਰੇਨ ਦੇ ਚਾਰ ਪੰਜ ਹੋਰ ਕਿਲ੍ਹੇਬੰਦ ਸੁਰੱਖਿਅਤ ਸ਼ਹਿਰਾਂ ’ਤੇ ਰੂਸ ਨੂੰ ਕਬਜ਼ਾ ਕਰਨ ਲਈ ਆਪਣੀ ਬਹੁਤ ਸਾਰੀ ਫ਼ੌਜੀ ਤਾਕਤ ਝੋਕਣੀ ਪੈ ਸਕਦੀ ਹੈ। ਰੂਸ ਦੀ ਇਸ ਪੇਸ਼ਕਦਮੀ ਨੂੰ ਪੱਛਮ ਹੱਥ ’ਤੇ ਹੱਥ ਧਰ ਕੇ ਸਵੀਕਾਰ ਨਹੀਂ ਕਰੇਗਾ ਜਿਸ ਕਰ ਕੇ ਹੋਰ ਗਹਿਗੱਚ ਲੜਾਈ ਹੋ ਸਕਦੀ ਹੈ। ਰੂਸ ਦੇ ਵਿਰੋਧੀ ਆਗੂ ਅਲੈਕਸੀ ਨਵਾਲਨੀ ਦੀ ਜੇਲ੍ਹ ਵਿਚ ਮੌਤ ਹੋਣ ਤੋਂ ਬਾਅਦ ਰਾਸ਼ਟਰਪਤੀ ਪੂਤਿਨ ਨੂੰ ਵੰਗਾਰਨ ਵਾਲੀ ਤਕੜੀ ਆਵਾਜ਼ ਖ਼ਾਮੋਸ਼ ਹੋ ਗਈ ਹੈ ਅਤੇ ਰੂਸੀ ਅਰਥਚਾਰਾ ਪੱਛਮੀ ਦੇਸ਼ਾਂ ਦੀਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਕਾਫ਼ੀ ਦਮ ਖ਼ਮ ਦਿਖਾ ਰਿਹਾ ਹੈ। ਫਿਰ ਵੀ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਾਉਣ ਦੀ ਪੱਛਮ ਦੀ ਭੁੱਖ ਅਜੇ ਸ਼ਾਂਤ ਨਹੀਂ ਹੋਈ ਜਿਸ ਕਰ ਕੇ ਇਸ ਟਕਰਾਅ ਦੇ ਲੰਮਾ ਸਮਾਂ ਚੱਲਣ ਦੇ ਖ਼ਦਸ਼ੇ ਹਨ। ਲੜਾਈ ਲੰਮੀ ਹੋਣ ਨਾਲ ਪੱਛਮੀ ਦੇਸ਼ਾਂ ਵਲੋਂ ਭਾਰਤ ਨੂੰ ਸਾਲਸੀ ਦੀ ਭੂਮਿਕਾ ਨਿਭਾਉਣ ਦੇ ਸੁਝਾਅ ਵੀ ਦਿੱਤੇ ਜਾ ਰਹੇ ਹਨ। ਇਸ ਪ੍ਰਸੰਗ ਵਿਚ ਵਿਦੇਸ਼ ਮਾਮਲਿਆਂ ਦੇ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਾਲਸ ਦੀ ਭੂਮਿਕਾ ਨਿਭਾਉਣਾ ਤਾਂ ਚਾਹੁੰਦਾ ਹੈ ਪਰ ਇਸ ਮਾਮਲੇ ਵਿਚ ਉਹ ਆਪਣੇ ਤੌਰ ’ਤੇ ਪਹਿਲ ਨਹੀਂ ਕਰੇਗਾ। ਜਦੋਂ ਇਹ ਟਕਰਾਅ ਅਜੇ ਸ਼ੁਰੂ ਹੀ ਹੋਇਆ ਸੀ, ਉਦੋਂ ਹੀ ਭਾਰਤ ਨੇ ਇਸ ਮਸਲੇ ’ਤੇ ਨੈਤਿਕ ਪੈਂਤੜਾ ਪਛਾਣ ਲਿਆ ਸੀ ਕਿ ਇਸ ਦੀ ਆੜ ਵਿਚ ਪੱਛਮ ਰੂਸ ਨਾਲ ਹੋਂਦ ਦੀ ਲੜਾਈ ਲੜ ਰਿਹਾ ਹੈ। ਭਾਰਤ ਸ਼ੁਰੂ ਤੋਂ ਹੀ ਇਹ ਕਹਿੰਦਾ ਰਿਹਾ ਹੈ ਕਿ ਜੰਗ ਕੋਈ ਹੱਲ ਨਹੀਂ ਹੋ ਸਕਦੀ। ਇਸ ਦੀ ਬਜਾਇ ਗੱਲਬਾਤ ਅਤੇ ਕੂਟਨੀਤੀ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਸ ਦਾ ਸਾਰ-ਤੱਤ ਇਹ ਹੈ ਕਿ ਕਿਸੇ ਇਕ ਧਿਰ ਦੀ ਹਾਰ ਦੇਖਣ ਦੀ ਬਜਾਇ ਭਾਰਤ ਜਿ਼ਆਦਾ ਖੁਸ਼ ਉਦੋਂ ਹੋਵੇਗਾ ਜਦੋਂ ਕੋਈ ਅਜਿਹਾ ਹੱਲ ਤਲਾਸ਼ਿਆ ਜਾਵੇ ਜੋ ਯੂਕਰੇਨ ਦੇ ਤੌਖ਼ਲਿਆਂ, ਰੂਸ ਦੀਆਂ ਖਾਹਿਸ਼ਾਂ ਅਤੇ ਯੂਰੋਪ ਦੀਆਂ ਬੇਚੈਨੀਆਂ ਨੂੰ ਮੁਖ਼ਾਤਿਬ ਹੋ ਸਕੇ। ਉਂਝ, ਪੱਛਮ ਦੀ ਧਾਰਨਾ ਦੇ ਉਲਟ ਭਾਰਤ ਇਕ ਪਾਸੇ ਬਹਿ ਕੇ ਤਮਾਸ਼ਾ ਦੇਖਣ ਦੀ ਥਾਂ ਨਿਰਪੱਖ ਭੂਮਿਕਾ ਨਿਭਾਅ ਰਿਹਾ ਹੈ। ਇਸ ਨੇ ਆਪਣੇ ਕੌਮੀ ਹਿੱਤਾਂ, ਖ਼ਾਸਕਰ ਤੇਲ, ਰੱਖਿਆ ਅਤੇ ਖਾਦਾਂ ਦੀ ਸਪਲਾਈ ਪੱਖੋਂ, ਨੂੰ ਪੁਰਜ਼ੋਰ ਢੰਗ ਨਾਲ ਅਗਾਂਹ ਵਧਾਇਆ ਹੈ। ਇਸ ਨੇ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਦਾ ਰੇੜਕਾ ਸੁਲਝਾਉਣ ਵਿਚ ਸਫਲਤਾਪੂਰਬਕ ਸਾਲਸੀ ਕੀਤੀ ਸੀ। ਭਾਰਤ ਦੀ ਦਿਲਚਸਪੀ ਇਸ ਗੱਲ ਵਿਚ ਹੈ ਕਿ ਟਕਰਾਅ ਯੂਰੋਪੀ ਖਿੱਤੇ ਤੱਕ ਹੀ ਮਹਿਦੂਦ ਰਹੇ ਅਤੇ ਇਸ ਦਾ ਸੇਕ ਹਿੰਦ ਮਹਾਸਾਗਰ ਤੱਕ ਨਾ ਅੱਪੜੇ ਜਾਂ ਇਸ ਨਾਲ ਇਸ ਦੀ ਪੂਰਬ ਮੁਖੀ ਨੀਤੀ, ਖ਼ਾਸਕਰ ਚੀਨ ਮੁਤੱਲਕ ਨੀਤੀ ਲੀਹੋਂ ਨਾ ਲੱਥ ਜਾਵੇ। ਉਂਝ, ਦੇਖਿਆ ਜਾਵੇ ਤਾਂ ਇਸ ਜੰਗ ਦਾ ਸਿੱਧਾ ਜਾਂ ਅਸਿੱਧਾ ਅਸਰ ਸਮੁੱਚੇ ਸੰਸਾਰ ਉਤੇ ਪੈ ਰਿਹਾ ਹੈ; ਖਾਸ ਕਰ ਕੇ ਕੁਝ ਮੁਲਕਾਂ ਦੇ ਅਰਥਚਾਰਿਆਂ ’ਤੇ ਇਸ ਦਾ ਡਾਢਾ ਅਸਰ ਪਿਆ ਹੈ; ਇਸ ਵਕਤ ਸੰਸਾਰ ਭਰ ਵਿਚ ਮਹਿੰਗਾਈ ਬਹੁਤ ਮੂੰਹਜ਼ੋਰ ਹੋ ਗਈ ਹੈ ਅਤੇ ਕਮਜ਼ੋਰ ਅਰਥਚਾਰੇ ਡਾਵਾਂਡੋਲ ਹੋ ਗਏ ਹਨ।