ਨਾਜ਼ੀਆਂ ਦੇ ਹੱਥੋਂ
ਮਰਨ ਤੋਂ ਪਹਿਲਾਂ
ਲਾਈਨ ‘ਚ ਖੜ੍ਹੇ
ਆਪਣੀ ਮੌਤ ਦੀ
ਉਡੀਕ ਕਰਦੇ ਲੋਕ
ਪਹਿਲਾਂ ਹੀ
ਨਾਟਕ ਕਰਨ ਲਗਦੇ
ਆਪਣੇ ਮਰੇ ਹੋਣ ਦਾ
ਇਹ ਸੋਚ ਕੇ ਕਿ
ਮੌਤ ਅੱਗੇ ਲੰਘ ਜਾਵੇਗੀ
ਉਨ੍ਹਾਂ ਨੂੰ ਮਰੇ ਸਮਝ ਕੇ
ਲਗਦਾ ਹੈ ਜਿਵੇਂ
ਉਹ ਸਮਾਂ
ਉਲਟ ਗਿਆ ਹੋਵੇ
ਹੁਣ
ਪਹਿਲਾਂ ਤੋਂ ਹੀ
ਮਰ ਚੁੱਕੇ ਲੋਕ
ਨਾਟਕ ਕਰਦੇ
ਜਿਉਂਦੇ ਹੋਣ ਦਾ
ਠੀਕ ਉਸੇ ਵੇਲੇ
ਜਦ ਉਨ੍ਹਾਂ ਦੇ ਸਾਹਮਣੇ
ਮਾਰਿਆ ਜਾਂਦਾ ਹੈ
ਕੋਈ ਆਮ ਆਦਮੀ
ਜਾਤੀ, ਧਰਮ, ਰੰਗ
ਤੇ ਆਪਣੀ ਨਸਲ ਕਰਕੇ
ਤਾਂ
ਚੀਕਾਂ ਸੁਣਨ ਵਾਲੀ ਭੀੜ
ਲੰਘ ਕੇ ਇੱਕ ਲਾਸ਼ ਕੋਲੋਂ
ਚੱਲ ਪੈਂਦੀ ਹੈ
ਆਪਣੇ ਦਫ਼ਤਰ ਵੱਲ
ਕਿਸੇ ਲਾਸ਼ ਵਾਂਗ ਹੀ
ਤੇ ਹਤਿਆਰਾ
ਨਿੱਕਲ ਜਾਂਦਾ ਹੈ ਚੀਰਕੇ
ਉਸ ਮਰੀ ਹੋਈ ਭੀੜ ਨੂੰ
ਤੇ ਫਿਰ ਇੱਕ ਦਿਨ
ਉਹ ਵਾਪਸ ਆਉਂਦਾ ਹੈ
ਧੋ ਕੇ
ਖੂਨ ਨਾਲ ਰੰਗੇ
ਆਪਣੇ ਹੱਥ
ਤੇ ਵੋਟ ਮੰਗਦਾ ਹੈ
ਉਸੇ ਭੀੜ ਤੋਂ
ਉਹ ਜਾਣਦਾ ਹੈ
ਕਿ ਇਹ ਭੀੜ
ਰੋਜ਼ਾਨਾ ਕਰਦੀ ਹੈ
ਜੱਦੋ-ਜਹਿਦ
ਜੀਵਤ ਬਚ ਜਾਣ ਲਈ ਹੀ
ਚੁੱਪ ਰਹਿੰਦੀ ਹੈ
ਖੁਦ ਦੇ ਬਚੇ ਰਹਿਣ ਲਈ
ਤੇ ਚੁਣ ਲੈਂਦੀ ਹੈ ਚੋਣਾਂ ‘ਚ
ਆਪਣੇ ਲਈ
ਅੰਦਰੋਂ ਮਰੇ ਹੋਏ ਲੋਕ
ਇੱਕ ਦਿਨ ਫਿਰ
ਉਹ ਵਾਪਸ ਆ ਕੇ
ਉਸੇ ਭੀੜ ਨੂੰ
ਚਲਾਉਂਦਾ ਹੈ
ਤੇ ਇਹ ਸੋਚ ਕੇ
ਮੁਸਕਰਾਉਂਦਾ ਹੈ
ਕਿ ਇਹ ਚਲਦੇ-ਫਿਰਦੇ
ਮਰੇ ਹੋਏ ਲੋਕ ਹਨ
ਕਦ-ਕੀ ਹੋਇਆ
ਇਨ੍ਹਾਂ ਨੂੰ ਭਲਾ
ਯਾਦ ਰਹਿੰਦਾ ਹੈ?
ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
ਜਸਿੰਤਾ ਕੇਰਕੇਟਾ
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)