ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਵੱਲੋਂ ਸਿੱਖ ਗੁਰਦੁਵਾਰਾ ਐਕਟ 1925 ਦੇ 100 ਸਾਲਾ ਵਰ੍ਹੇਗੰਢ ਦੇ ਸੰਬੰਧ ਵਿੱਚ ਕਰਵਾਈ ਗਈ ਕਾਨਫਰੰਸ

*ਭਾਰਤੀ ਰਾਜਨੀਤਕ ਅਤੇ ਕਾਨੂੰਨੀ ਪ੍ਰਣਾਲੀ ਅਧੀਨ ਸਿੱਖਾਂ ਦੀ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸਥਿਤੀ ‘ਤੇ ਚਰਚਾ ਰਹੀ ਖਿੱਚ ਦਾ ਕੇਂਦਰ

ਬਰਮਿੰਘਮ, ਯੂ.ਕੇ, 30 ਅਪ੍ਰੈਲ – ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਬਰਮਿੰਘਮ ਵਿੱਚ 26 ਅਪ੍ਰੈਲ ਨੂੰ ਸਿੱਖ ਗੁਰਦੁਵਾਰਾ ਐਕਟ 1925 ਦੇ 100 ਸਾਲਾ ਵਰ੍ਹੇਗੰਢ ਦੇ ਸੰਬੰਧ ਵਿੱਚ ਗੁਰਦਵਾਰਾ ਈਸ਼ਰ ਦਰਬਾਰ ਵੁਲਵਰਹੈਂਪਟਨ ਵਿਖੇ ਇੱਕ ਕਾਨਫਰੰਸ ਕਰਵਾਈ ਗਈ। ਦੋ ਸੈਸ਼ਨਾਂ ਵਿੱਚ ਕੀਤੀ ਗਈ ਇਸ ਕਾਨਫਰੰਸ ਵਿੱਚ ਪਿਛਲੇ ਸੌ ਸਾਲਾ ਦੌਰਾਨ ਸਮੇਂ ਸਮੇਂ ‘ਤੇ ਆਈਆਂ ਤਬਦੀਲੀਆਂ, ਚਣੌਤੀਆਂ ਅਤੇ ਪ੍ਰਾਪਤੀਆਂ ਬਾਰੇ ਵੱਖ ਵੱਖ ਵਿਦਵਾਨਾਂ ਵੱਲੋਂ ਪਰਚੇ ਪੜੇ ਗਏ। ਪਹਿਲੇ ਸੈਸ਼ਨ ਵਿੱਚ ਹਰਵਿੰਦਰ ਸਿੰਘ ਵੱਲੋਂ ਸ਼ੁਰੂਆਤ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ ਗਿਅ। ਜਿਸ ਤੋਂ ਉਪਰੰਤ ਡਾ ਪਰਮਜੀਤ ਸਿੰਘ ਮਾਨਸਾ ਦਾ ਪਰਚਾ “ਉਦਾਸੀ ਅਤੇ ਨਿਰਮਲ ਸੰਪ੍ਰਦਾਇ ਦੀ ਸਿੱਖ ਇਤਿਹਾਸ ਨੂੰ ਦੇਣ” ਬਲਵਿੰਦਰ ਸਿੰਘ ਚਾਹਲ ਵੱਲੋਂ ਪੇਸ਼ ਕੀਤਾ ਗਿਆ।

ਜਿਸ ਵਿੱਚ ਉਹਨਾਂ ਨੇ ਸਿੱਖ ਧਰਮ ਵਿੱਚ ਉਪਰੋਕਤ ਦੋਵਾਂ ਸੰਪ੍ਰਦਾਵਾਂ ਦੀ ਭੂਮਿਕਾ ਨੂੰ ਬਿਆਨ ਕੀਤਾ। ਪ੍ਰਸਿੱਧ ਸਿੱਖਿਆ ਸ਼ਾਸ਼ਤਰੀ, ਕਾਲਮ ਨਵੀਸ ਤੇ ਵਿਦਵਾਨ ਡਾ ਸੁਜਿੰਦਰ ਸਿੰਘ ਸੰਘਾ (ਰਿਟਾ ਪ੍ਰਿੰਸੀਪਲ) ਵੱਲੋਂ “ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 100 ਸਾਲ -ਮੌਕੇ ਅਤੇ ਚਣੌਤੀਆਂ” ਪਰਚੇ ਨੂੰ ਪੇਸ਼ ਕਰਦੇ ਸਮੇਂ ਵੱਖ ਵੱਖ ਸਮੇਂ ਦੇ ਨਾਜ਼ੁਕ ਤੇ ਅਹਿਮ ਮੌਕਿਆਂ ਪ੍ਰਤੀ ਸਭ ਨੂੰ ਜਾਣੂ ਕਰਵਾਇਆ ਗਿਆ। ਉੱਘੇ ਵਿਦਵਾਨ ਅਤੇ ਸਿੱਖ ਚਿੰਤਕ ਡਾ ਅਵਤਾਰ ਸਿੰਘ ਵੱਲੋਂ “ਸਿੱਖ ਗੁਰਦਵਾਰਾ ਐਕਟ 1925 ਸਿੱਖ ਕੌਮੀ ਪਛਾਣ ਤੇ ਪ੍ਰਭਾਵ” ਪਰਚੇ ਬਾਰੇ ਬੋਲਦਿਆਂ ਉਹਨਾਂ ਵੱਲੋਂ ਇਤਿਹਾਸ ਤੇ ਅਜੋਕੇ ਸੰਦਰਭ ਦੇ ਨਾਲ ਨਾਲ ਸਿੱਖ ਰਾਜਨੀਤੀ, ਅਕਾਲ ਤਖਤ ਸਾਹਿਬ, ਕੌਮ ਤੇ ਕੌਮੀਅਤਾ ਦੇ ਇਲਾਵਾ ਪਹਿਲੇ ਤੇ ਅਜੋਕੇ ਸਿੱਖ ਆਗੂਆਂ ਦੀ ਭੂਮਿਕਾ ਦੇ ਅੰਤਰ ਨੂੰ ਵੀ ਬਾਖੂਬੀ ਬਿਆਨ ਕੀਤਾ ਗਿਆ। ਡਾ ਜਸਦੇਵ ਸਿੰਘ ਰਾਏ ਵੱਲੋਂ “ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਯੁਕਤੀ” ਪਰਚੇ ਬਾਰੇ ਬੋਲਦਿਆਂ ਕਿਹਾ ਗਿਆ ਕਿ ਜਥੇਦਾਰ ਦੀ ਨਿਯੁਕਤੀ ਕਿਵੇਂ ਕੀਤੀ ਜਾਵੇ, ਇਸ ਲਈ ਅਕਾਲ ਤਖਤ ਦੀ ਹੋਂਦ ਤੇ ਢਾਂਚਾ ਬਰਕਰਾਰ ਰੱਖਣ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਅਹਿਮ ਕਦਮ ਉਠਾਏ ਜਾਣ ਅਤੇ ਪੂਰਨ ਵਿਸ਼ਵਾਸ਼ ਪੈਦਾ ਕੀਤਾ ਜਾਵੇ।

ਹਰਮੀਤ ਸਿੰਘ ਗਿੱਲ ਜ-ਸਕੱਤਰ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵੱਲੋਂ “ਗੁਰਦਵਾਰਾ ਪ੍ਰਬੰਧ–ਅੰਤਰਰਾਸ਼ਟਰੀ ਸੰਦਰਭ” ਅਤੇ ਡਾ ਪਰਗਟ ਸਿੰਘ ਤੇ ਕੁਲਵੰਤ ਸਿੰਘ ਭਿੰਡਰ ਮੀਤ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵੱਲੋਂ “ਮਰਿਆਦਾ-ਸਿੱਖ ਪੰਥ ਅਤੇ ਖਾਲਸਾ ਪੰਥ” ਆਦਿ ਪੇਸ਼ ਕੀਤੇ ਪਰਚਿਆਂ ਬਾਰੇ ਬੋਲਦੇ ਹੋਏ ਕਿਹਾ ਗਿਆ ਕਿ ਜੋ ਲੋਕ ਗੁਰੂ ਗਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ, ਸਿੱਖ ਰਹੁ ਰੀਤਾਂ ਨੂੰ ਮੰਨਦੇ ਹਨ, ਉਹਨਾਂ ਨੂੰ ਸਿੱਖ ਪੰਥ ਮੰਨ ਲਿਆ ਜਾਵੇ। ਜਿਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ ਹੈ ਉਹਨਾਂ ਨੂੰ ਖਾਲਸਾ ਮੰਨ ਲਿਆ ਜਾਵੇ। ਇਸ ਕਾਨਫਰੰਸ ਵਿੱਚ ਇੰਗਲੈਂਡ ਭਰ ਤੋਂ ਬੁੱਧੀਜੀਵੀ ਵਰਗ, ਗਰੁਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਲੋਕਾਂ ਨੇ ਭਾਗ ਲੈ ਲਿਆ। ਇਸ ਕਾਨਫਰੰਸ ਦਾ ਸਮੁੱਚਾ ਸੰਚਾਲਨ ਡਾ ਸਾਧੂ ਸਿੰਘ ਵੱਲੋਂ ਕੀਤਾ ਗਿਆ, ਜਿਹਨਾਂ ਨੇ ਅੰਤ ਵਿੱਚ ਗੁਰਦਵਾਰਾ ਪ੍ਰਬੰਧ ਅਤੇ ਬਾਬਾ ਅਮਰ ਸਿੰਘ ਦਾ ਇਸ ਕਾਨਫਰੰਸ ਨੂੰ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।

ਸਾਂਝਾ ਕਰੋ

ਪੜ੍ਹੋ