ਲੋਕ ਸਭਾ ਦੀਆਂ ਆਉਂਦੀਆਂ ਆਮ ਚੋਣਾਂ ਸਬੰਧੀ ਕੇਂਦਰੀ ਚੋਣ ਕਮਿਸ਼ਨ ਵਲੋਂ 3 ਤੋਂ 15 ਮਾਰਚ ਵਿਚਾਲੇ ਕਦੇ ਵੀ ਕੋਡ ਆਫ ਕੰਡਕਟ ਲਾਗੂ ਕੀਤਾ ਜਾ ਸਕਦਾ ਹੈ। ਲੋਕ ਸਭਾ ਚੋਣਾਂ ਸੰਭਵ ਤੌਰ ‘ਤੇ ਅਪ੍ਰੈਲ ਅਤੇ ਮਈ ਤੱਕ ਚੱਲਣ ਦੇ ਆਸਾਰ ਹਨ। ਇਨ੍ਹਾਂ ਚੋਣਾਂ ਦੀਆਂ ਤਾਰੀਖ਼ਾਂ ਵੱਲ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਕੇਂਦਰੀ ਚੋਣ ਕਮਿਸ਼ਨ ਨੇ ਆਮ ਚੋਣਾਂ ਕਰਵਾਉਣ ਲਈ ਤਾਰੀਖ਼ਾਂ ਦਾ ਐਲਾਨ ਕਰਨਾ ਹੈ। ਸੂਬਿਆਂ ਵਿਚ ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਲਗਾਤਾਰ ਆਨਲਾਈਨ ਬੈਠਕਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਮੁੱਖ ਚੋਣ ਅਧਿਕਾਰੀ ਵਲੋਂ ਚੋਣਾਂ ਨਾਲ ਸਬੰਧਿਤ ਕੰਮਾਂ ਨੂੰ ਅੰਤਿਮ ਰੂਪ ਦੇਣ ਲਈ ਕਿਹਾ ਜਾ ਰਿਹਾ ਹੈ। ਲੋਕ ਸਭਾ ਦੀਆਂ ਆਮ ਚੋਣਾਂ ਜਿੱਥੇ ਕੇਂਦਰ ਸਰਕਾਰ ਤੇ ਵਿਰੋਧੀ ਪਾਰਟੀਆਂ ਲਈ ਅਹਿਮ ਹਨ, ਉੱਥੇ ਹੀ ਸੂਬਿਆਂ ਵਿਚ ਸੱਤਾਧਾਰੀ ਸਰਕਾਰਾਂ ਲਈ ਆਪਣੀ ਹੋਂਦ ਬਚਾ ਕੇ ਰੱਖਣ ਲਈ ਵੀ ਇਹ ਚੋਣਾਂ ਬੇਹੱਦ ਅਹਿਮ ਮੰਨੀਆਂ ਜਾ ਰਹੀਆਂ ਹਨ।