ਕਾਂਗਰਸ ਆਗੂ ਸੋਨੀਆ ਗਾਂਧੀ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ, ਕੇਂਦਰੀ ਮੰਤਰੀ ਦੇ ਭਾਜਪਾ ਆਗੂ ਅਸ਼ਵਨੀ ਵੈਸ਼ਨਵ, ਹਰਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਸੁਭਾਸ਼ ਬਰਾਲਾ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਸਣੇ ਕਈ ਹੋਰ ਆਗੂ ਅੱਜ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ ਹਨ। ਅੱਜ ਨਾਮਜ਼ਦਗੀਆਂ ਦੀ ਵਾਪਸੀ ਦੇ ਆਖਰੀ ਦਿਨ ਕੁੱਲ 41 ਮੈਂਬਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 20 ਸੀਟਾਂ ਭਾਜਪਾ, 6 ਕਾਂਗਰਸ, 4 ਤ੍ਰਿਣਮੂਲ ਕਾਂਗਰਸ, 2 ਆਰਜੇਡੀ ਨੇ ਜਿੱਤੀਆਂ ਹਨ। ਉੱਤਰ ਪ੍ਰਦੇਸ਼, ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਦੀਆਂ 15 ਸੀਟਾਂ ਲਈ 27 ਫਰਵਰੀ ਨੂੰ ਚੋਣ ਹੋਵੇਗੀ। ਸੋਨੀਆ ਗਾਂਧੀ(77) ਨੂੰ ਰਾਜਸਥਾਨ ਜਦੋਂਕਿ ਨੱਢਾ ਨੂੰ ਗੁਜਰਾਤ ਤੋਂ ਸੰਸਦ ਦੇ ਉਪਰਲੇ ਸਦਨ ਲਈ ਦਾਖ਼ਲਾ ਮਿਲਿਆ ਹੈ। ਵੈਸ਼ਨਵ ਤੇ ਬਰਾਲਾ ਕ੍ਰਮਵਾਰ ਉੜੀਸਾ ਤੇ ਹਰਿਆਣਾ ਤੋਂ ਰਾਜ ਸਭਾ ਵਿਚ ਪਹੁੰਚੇ ਹਨ। ਕਾਬਿਲੇਗੌਰ ਹੈ ਕਿ ਰਾਜ ਸਭਾ ਲਈ ਚੋਣ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ ਆਖਰੀ ਦਿਨ ਸੀ। ਸੋਨੀਆ ਗਾਂਧੀ, ਜੋ ਪੰਜ ਵਾਰ ਲੋਕ ਸਭਾ ਮੈਂਬਰ ਰਹੇ ਹਨ, ਦਾ ਇਹ ਉਪਰਲੇ ਸਦਨ ਵਿਚ ਪਹਿਲਾ ਕਾਰਜਕਾਲ ਹੋਵੇਗਾ। ਕਾਂਗਰਸ ਪ੍ਰਧਾਨ ਬਣਨ ਮਗਰੋਂ ਉਹ 1999 ਵਿਚ ਪਹਿਲੀ ਵਾਰ ਐੱਮਪੀ ਬਣੇ ਸਨ। ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਗਰੋਂ ਗਾਂਧੀ ਪਰਿਵਾਰ ਦੇ ਦੂਜੇ ਮੈਂਬਰ ਹਨ ਜਿਨ੍ਹਾਂ ਨੂੰ ਰਾਜ ਸਭਾ ਵਿਚ ਦਾਖ਼ਲਾ ਮਿਲਿਆ ਹੈ। ਇੰਦਰਾ ਗਾਂਧੀ ਅਗਸਤ 1964 ਤੋਂ ਫਰਵਰੀ 1967 ਤੱਕ ਰਾਜ ਸਭਾ ਦੇ ਮੈਂਬਰ ਰਹੇ ਸਨ।ਭਾਜਪਾ ਪ੍ਰਧਾਨ ਜੇ.ਪੀ.ਨੱਢਾ ਤੇ ਤਿੰਨ ਹੋਰ ਉਮੀਦਵਾਰ, ਜਿਨ੍ਹਾਂ ਵਿਚ ਇਕ ਓਬੀਸੀ ਆਗੂ ਤੇ ਉੱਘਾ ਹੀਰਾ ਵਪਾਰੀ ਸ਼ਾਮਲ ਹਨ, ਗੁਜਰਾਤ ਤੋਂ ਨਿਰਵਿਰੋਧ ਰਾਜ ਸਭਾ ਲਈ ਚੁਣੇ ਗਏ ਹਨ। ਗੁਜਰਾਤ ਤੋਂ ਸੰਸਦ ਦੇ ਉਪਰਲੇ ਸਦਨ ਲਈ ਚਾਰ ਸੀਟਾਂ ਖਾਲੀ ਸਨ ਤੇ ਭਾਜਪਾ ਨੇ ਚਾਰ ਉਮੀਦਵਾਰ ਹੀ ਮੈਦਾਨ ਵਿਚ ਉਤਾਰੇ ਸਨ। ਨੱਢਾ ਤੋਂ ਇਲਾਵਾ ਤਿੰਨ ਹੋਰ ਉਮੀਦਵਾਰਾਂ- ਹੀਰਾ ਕਾਰੋਬਾਰੀ ਗੋਵਿੰਦਭਾਈ ਢੋਲਕੀਆ, ਭਾਜਪਾ ਆਗੂਆਂ ਜਸਵੰਤਸਿੰਹ ਪਰਮਾਰ ਤੇ ਮਾਯਾਂਕ ਨਾਇਕ ਨੂੰ ਰਾਜ ਸਭਾ ਵਿਚ ਦਾਖਲਾ ਮਿਲਿਆ ਹੈ। ਹਰਿਆਣਾ ਤੋਂ ਰਾਜ ਸਭਾ ਦੀ ਇਕੋ ਇਕ ਸੀਟ ਲਈ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਚੁਣੇ ਗਏ। ਬਰਾਲਾ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਉੱਤਰਾਖੰਡ ਤੋਂ ਭਾਜਪਾ ਪ੍ਰਧਾਨ ਮਹੇਂਦਰ ਭੱਟ ਨਿਰਵਿਰੋਧ ਚੁਣੇ ਗਏ। ਸਾਬਕਾ ਵਿਧਾਇਕ ਭੱਟ, ਭਾਜਪਾ ਦੇ ਕੌਮੀ ਮੀਡੀਆ ਇੰਚਾਰਜ ਅਨਿਲ ਬਲੂਨੀ ਦੀ ਥਾਂ ਲੈਣਗੇ। ਬਲੂਨੀ ਦਾ ਕਾਰਜਕਾਲ ਅਪਰੈਲ ਵਿਚ ਖ਼ਤਮ ਹੋ ਰਿਹਾ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਤੇ ਦੋ ਬੀਜੇਡੀ ਆਗੂ- ਦੇਬਾਸ਼ੀਸ਼ ਸਮੰਤਰੇ ਤੇ ਸ਼ੁਭਾਸ਼ੀਸ਼ ਖੁੰਟੀਆ ਉੜੀਸਾ ਤੋਂ ਰਾਜ ਸਭਾ ਦੀ ਟਿਕਟ ਕਟਾਉਣ ਵਿਚ ਸਫ਼ਲ ਰਹੇ ਹਨ। ਮਹਾਰਾਸ਼ਟਰ ਤੋਂ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ, ਜੋ ਭਾਜਪਾ ’ਚ ਸ਼ਾਮਲ ਹੋਏ ਹਨ, ਸਣੇ ਸਾਰੇ ਛੇ ਉਮੀਦਵਾਰ ਨਿਰਵਰੋਧ ਚੁਣੇ ਗਏ ਹਨ। ਬਿਹਾਰ ’ਚ ਛੇ ਉਮੀਦਵਾਰ- ਜੇਡੀਯੂ ਦੇ ਸੰਜੈ ਕੁਮਾਰ, ਭਾਜਪਾ ਦੇ ਧਰਮਸ਼ਿਲਾ ਗੁਪਤਾ ਤੇ ਭੀਮ ਸਿੰਘ, ਆਰਜੇਡੀ ਦੇ ਮਨੋਜ ਕੁਮਾਰ ਝਾਅ ਤੇ ਸੰਜੈ ਯਾਦਵ ਅਤੇ ਕਾਂਗਰਸ ਦੇ ਅਖਿਲੇਸ਼ ਪ੍ਰਸਾਦ ਸਿੰਘ ਵੀ ਨਿਰਵਿਰੋਧ ਰਾਜ ਸਭਾ ਪਹੁੰਚ ਗਏ। ਮੱਧ ਪ੍ਰਦੇਸ਼ ’ਚ ਚਾਰ ਭਾਜਪਾ ਉਮੀਦਵਾਰ- ਕੇਂਦਰੀ ਮੰਤਰੀ ਐੱਲ.ਮੁਰੂਗਨ, ਵਾਲਮੀਕਿ ਧਾਮ ਆਸ਼ਰਮ ਦੇ ਮੁਖੀ ਉਮੇਸ਼ ਨਾਥ ਮਹਾਰਾਜ, ਕਿਸਾਨ ਮੋਰਚਾ ਦੇ ਕੌਮੀ ਉਪ ਪ੍ਰਧਾਨ ਬੰਸ਼ੀਲਾਲ ਗੁੱਜਰ ਤੇ ਮੱਧ ਪ੍ਰਦੇਸ਼ ਭਾਜਪਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਮਾਇਆ ਨਰੋਲੀਆ ਤੇ ਕਾਂਗਰਸ ਦੇ ਅਸ਼ੋਕ ਸਿੰਘ ਉਪਰਲੇ ਸਦਨ ਲਈ ਨਿਰਵਿਰੋਧ ਚੁਣੇ ਗਏ।