ਸ਼ਾਰਕ ਟੈਂਕ ਇੰਡੀਆ ਸ਼ੋਅ ਅਤੇ ਇਸਦੇ ਜੱਜ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਵਾਰ ਸ਼ੋਅ ਦੇ ਜੱਜ ਅਨੁਪਮ ਨੇ ਐਪਲ ਤੇ ਗੂਗਲ ਦੇ ਕੰਟਰੋਲਿੰਗ ਤਰੀਕਿਆਂ ‘ਤੇ ਉਂਗਲ ਉਠਾਈ ਹੈ। ਇੱਕ ਮੀਡੀਆ ਸੰਗਠਨ ਨਾਲ ਗੱਲ ਕਰਦੇ ਹੋਏ, ਮਿੱਤਲ ਨੇ ਤਕਨੀਕੀ ਦਿੱਗਜ ਐਪਲ ਅਤੇ ਗੂਗਲ ਦੀਆਂ ਐਪ ਸਟੋਰ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ। ਤੁਹਾਨੂੰ ਦੱਸ ਦੇਈਏ ਕਿ ਅਨੁਪਮ ਮਿੱਤਲ ਮਸ਼ਹੂਰ ਮੈਚਮੇਕਿੰਗ ਪਲੇਟਫਾਰਮ Shaadi.com ਦੇ ਸੰਸਥਾਪਕ ਤੇ ਸੀਈਓ ਹਨ।ਮਿੱਤਲ ਨੇ ਇਨ੍ਹਾਂ ਦੋਵਾਂ ਕੰਪਨੀਆਂ ਦੀ ਈਸਟ ਇੰਡੀਆ ਕੰਪਨੀ ਨਾਲ ਤੁਲਨਾ ਕੀਤੀ। ਮਿੱਤਲ ਨੇ ਕਿਹਾ ਕਿ ਗੂਗਲ ਅਤੇ ਐਪਲ ਪੂਰੇ ਐਪ ਈਕੋਸਿਸਟਮ ਨੂੰ ਕੰਟਰੋਲ ਕਰਦੇ ਹਨ ਅਤੇ ਬਿਨਾਂ ਕਿਸੇ ਪਾਬੰਦੀ ਦੇ ਕੰਮ ਕਰਦੇ ਹਨ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ। ਮਿੱਤਲ ਨੇ ਇਹ ਵੀ ਕਿਹਾ ਕਿ ਇਹ ਕੰਪਨੀਆਂ ਸਟਾਰਟਅੱਪ ਲਈ ਵੀ ਗ਼ਲਤ ਨਿਯਮਾਂ ‘ਤੇ ਕੰਮ ਕਰਦੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਟੋਰ ਰਾਹੀਂ ਡਾਊਨਲੋਡ ਕੀਤੇ ਐਪਸ ‘ਤੇ ਕੋਈ ਵੀ ਲੈਣ-ਦੇਣ 15-30% ਟੈਕਸ/ਕਮਿਸ਼ਨ ਨੂੰ ਆਕਰਸ਼ਿਤ ਕਰਦਾ ਹੈ। ਮਤਲਬ ਇਹ ਕੰਪਨੀਆਂ ਸਟਾਰਟਅੱਪ ਕੰਪਨੀਆਂ ਦੇ ਮਾਲੀਏ ਦਾ 50% ਲੈਣ ਲਈ ਤਿਆਰ ਹਨ। ਮਿੱਤਲ ਨੇ ਇਹ ਵੀ ਕਿਹਾ ਕਿ ਇਹ ਕੰਪਨੀਆਂ ਈਸਟ ਇੰਡੀਆ ਦੀਆਂ ਨਵੀਆਂ ਕੰਪਨੀਆਂ ਹਨ ਤੇ ਇਹ ਪੂਰੀ ਹੰਕਾਰ ਨਾਲ ਤੇ ਬਿਨਾਂ ਕਿਸੇ ਸਜ਼ਾ ਦੇ ਡਰ ਤੋਂ ਕੰਮ ਕਰਦੀਆਂ ਹਨ। ਸਰਕਾਰ ਦੀ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਕੰਪਨੀਆਂ ਨੂੰ ਪਾਲਣਾ ਕਰਵਾਉਣ ਦੀ ਹੈ। ਉਨ੍ਹਾਂ ਦੀ ਰਣਨੀਤੀ ਕਾਨੂੰਨੀ ਪ੍ਰਕਿਰਿਆ ਨੂੰ ਲੰਮਾ ਕਰਨ ਤੇ ਸਿਸਟਮ ਨੂੰ ਥਕਾ ਦੇਣ ਦੀ ਹੈ। ਇਸ ਦੇ ਨਾਲ ਹੀ ਮਿੱਤਲ ਨੇ ਤਕਨੀਕੀ ਦਿੱਗਜਾਂ ‘ਤੇ ਅਜਿਹੇ ਅਭਿਆਸਾਂ ਰਾਹੀਂ ਸਾਡੀ ਅਰਥਵਿਵਸਥਾ ਦੇ ਗੇਟਕੀਪਰ ਬਣਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ। ਮਿੱਤਲ ਦਾ ਇਹ ਵੀ ਮੰਨਣਾ ਹੈ ਕਿ ਇਨ੍ਹਾਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਸਿਰਫ਼ ਵਿੱਤੀ ਜ਼ੁਰਮਾਨੇ ‘ਤੇ ਨਹੀਂ ਰੁਕਣਾ ਚਾਹੀਦਾ। ਮਿੱਤਲ ਨੇ ਕਿਹਾ ਕਿ ਜੋ ਵੀ ਵਿਅਕਤੀ ਕਾਨੂੰਨ ਦੀ ਦੁਰਵਰਤੋਂ ਕਰਦਾ ਹੈ ਜਾਂ ਇਸ ਦੀ ਮੂਲ ਭਾਵਨਾ ਦੀ ਉਲੰਘਣਾ ਕਰਦਾ ਹੈ, ਉਸ ਲਈ ਸਜ਼ਾ ਦੇ ਪ੍ਰਬੰਧ ਹੋਣੇ ਚਾਹੀਦੇ ਹਨ।