ਸੋਸ਼ਲ ਮੀਡੀਆ ਦਾ ਲੋੜ ਤੋਂ ਵੱਧ ਰੁਝਾਨ ਹੈ ਖ਼ਤਰਨਾਕ

ਸੋਸ਼ਲ ਮੀਡੀਆ ਇਨਸਾਨ ਦੀ ਜ਼ਿੰਦਗੀ ’ਚ ਬੁਹਤ ਵੱਡਾ ਰੋਲ ਅਦਾ ਕਰਦਾ ਹੈ। ਇਹ ਅਜਿਹਾ ਪਲੇਟਫਾਰਮ ਹੈ, ਜਿਸ ਤੋਂ ਅਸੀਂ ਕੋਈ ਵੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ ਤੇ ਨੌਜਵਾਨ ਕਈ ਤਰ੍ਹਾਂ ਦੇ ਮੌਕੇ ਪ੍ਰਾਪਤ ਕਰ ਸਕਦੇ ਹਨ। ਇਹ ਵਿਦਿਆਰਥੀਆਂ ਲਈ ਗਿਆਨ ਦਾ ਸਾਧਨ ਹੈ। ਇਹ ਅਜਿਹਾ ਪਲੇਟਫਾਰਮ ਹੈ, ਜਿਸ ਨੂੰ ਨਵੇਂ ਤਰੀਕਿਆਂ ਨਾਲ ਵਿੱਦਿਆ ਦੇ ਪ੍ਰਸਾਰ ਲਈ ਵਰਤਿਆ ਜਾਂਦਾ ਹੈ। ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਆਦਿ ਰਾਹੀਂ ਅਜੋਕੇ ਵਿਦਿਆਰਥੀ ਕਾਫ਼ੀ ਗਿਆਨ ਪ੍ਰਾਪਤ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੁਝ ਨਾ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਰਹਿੰਦਾ ਹੈ। ਕਈ ਵਿਦਿਆਰਥੀ ਹਰ ਰੋਜ਼ ਕਈ-ਕਈ ਘੰਟੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਬਹੁਤੇ ਮਾਪੇ ਇਸ ਪ੍ਰਤੀ ਚਿੰਤਤ ਵੀ ਹਨ ਕਿ ਉਨ੍ਹਾਂ ਦੇ ਬੱਚੇ ਸਾਰਾ-ਸਾਰਾ ਦਿਨ ਮੋਬਾਈਲਾਂ ਨਾਲ ਚਿੰਬੜੇ ਰਹਿੰਦੇ ਹਨ ਤੇ ਪੜ੍ਹਾਈ ਵੱਲ ਘੱਟ ਧਿਆਨ ਦਿੰਦੇ ਹਨ। ਜੇ ਅਸੀਂ ਗੱਲ ਕਰੀਏ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਦੀ ਤਾਂ ਸਾਡਾ ਸਭ ਤੋਂ ਪਹਿਲਾਂ ਪ੍ਰਸ਼ਨ ਇਹੀ ਹੈ ਕਿ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਇੰਨਾ ਪਸੰਦ ਕਿਉਂ ਹੈ? ਕਿਉਂ ਵਿਦਿਆਰਥੀ ਇਸ ਪਿੱਛੇ ਇੰਨੇ ਪਾਗਲ ਹੋਏ ਰਹਿੰਦੇ ਹਨ? ਕੀ ਉਹ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ, ਤਾਂ ਇਸ ਦੇ ਉੱਤਰ ਵਿਚ ਅਸੀਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਅੱਜ ਦੇ ਵਿਦਿਆਰਥੀਆਂ ਦੀ ਉਹ ਪਛਾਣ ਹੈ, ਜਿਸ ਜ਼ਰੀਏ ਉਹ ਜੋ ਚਾਹੁਣ, ਕਰ ਸਕਦੇ ਹਨ। ਇਸ ਜ਼ਰੀਏ ਉਹ ਆਪਣੇ ਨਵੇਂ ਦੋਸਤ ਬਣਾਉਂਦੇ ਹਨ। ਕਈਆਂ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਹੁੰਦੇ ਪਰ ਫਿਰ ਵੀ ਫੇਸਬੁਕ ਜਾਂ ਇੰਸਟਾਗ੍ਰਾਮ ਰਾਹੀਂ ਉਹ ਉਨ੍ਹਾਂ ਦੇ ਕਾਫ਼ੀ ਨਜ਼ਦੀਕ ਆ ਜਾਂਦੇ ਹਨ। 95 ਫ਼ੀਸਦੀ ਨੌਜਵਾਨ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਅੱਜ ਦੇ ਸਮੇਂ ਤਕਨਾਲੋਜੀ ਨੇ ਇਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਸਾਧਨ ਬਹੁਤ ਵਿਕਸਤ ਹੋ ਗਏ ਹਨ। ਇਨ੍ਹਾਂ ਰਾਹੀਂ ਅਸੀਂ ਕਿਸੇ ਵੀ ਸਮੇਂ ਆਪਸੀ ਗੱਲਬਾਤ ਕਰ ਸਕਦੇ ਹਾਂ, ਵਿਚਾਰ-ਵਟਾਂਦਰਾ ਕਰ ਸਕਦੇ ਹਾਂ। ਦੇਖਿਆ ਜਾਵੇ ਤਾਂ ਬੇਸ਼ੱਕ ਸੋਸ਼ਲ ਮੀਡੀਆ ਨੌਜਵਾਨਾਂ ’ਤੇ ਬਹੁਤ ਵਧੀਆ ਪ੍ਰਭਾਵ ਪਾ ਰਿਹਾ ਹੈ ਤੇ ਕਈ ਲੋਕ ਇਸ ਰਾਹੀਂ ਰੁਜ਼ਗਾਰ ਦੇ ਮੌਕੇ ਵੀ ਪ੍ਰਾਪਤ ਕਰ ਰਹੇ ਹਨ। ਸਾਡੀ ਭਾਸ਼ਣ ਕਲਾ ਵੀ ਵਿਕਸਤ ਹੋ ਰਹੀ ਹੈ ਤੇ ਅਸੀਂ ਆਪਣੀ ਗੱਲ ਕਿਸੇ ਦੂਸਰੇ ਨੂੰ ਆਸਾਨੀ ਨਾਲ ਕਹਿ ਸਕਦੇ ਹਾਂ। ਕੋਈ ਵੀ ਆਪਣਾ ਵਿਚਾਰ ਦੂਜਿਆਂ ਸਾਹਮਣੇ ਪ੍ਰਗਟ ਕਰ ਸਕਦੇ ਹਾਂ। ਅੱਜ ਇਸ ਤੋਂ ਦੂਰ ਰਹਿਣਾ ਸਾਨੂੰ ਆਪਣੇ ਅਸੰਭਵ ਜਿਹਾ ਜਾਪਦਾ ਹੈ। ਕਈ ਵਿਦਿਆਰਥੀ ਇਸ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਉਹ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਤੇ ਖ਼ੁਦ ਨੂੰ ਉਨ੍ਹਾਂ ਵਰਗਾ ਬਣਾਉਣ ਦੀ ਸੋਚਣ ਲੱਗਦੇ ਹਨ। ਬਹੁਤ ਸਾਰੇ ਬੱਚੇ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਉਹ ਪੂਰੀ ਨੀਂਦ ਵੀ ਨਹੀਂ ਲੈਂਦੇ। ਇਹੀ ਵਜ੍ਹਾ ਹੈ ਕਿ ਉਹ ਕਈ ਬਿਮਾਰੀਆਂ ਦੀ ਗਿ੍ਰਫ਼ਤ ’ਚ ਆ ਰਹੇ ਹਨ। ਸਾਰਾ ਸਮਾਂ ਮੋਬਾਈਲ ’ਤੇ ਲੱਗੇ ਰਹਿਣ ਕਰਕੇ ਉਹ ਕਿਸੇ ਦੂਸਰੇ ਬੰਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ, ਜਿਸ ਕਾਰਨ ਉਹ ਚਿੜਚਿੜਾ ਹੋ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਾਡੇ ਆਪਸੀ ਰਿਸ਼ਤੇ ਵੀ ਖ਼ਤਮ ਹੋ ਰਹੇ ਹਨ। ਵਿਦਿਆਰਥੀਆਂ ਦੀ ਲਿਖਣ ਦੀ ਯੋਗਤਾ ਘਟਦੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸਾਰੀ ਜਾਣਕਾਰੀ ਬਣੀ ਬਣਾਈ ਸੋਸ਼ਲ ਮੀਡੀਆ ਤੋਂ ਹੀ ਪ੍ਰਾਪਤ ਹੋ ਜਾਂਦੀ ਹੈ, ਉਹ ਉਸੇ ਨੂੰ ਸੁਣ ਲੈਂਦੇ ਹਨ। ਇਸ ’ਚ ਕੋਈ ਸ਼ੱਕ ਨਹੀਂ ਕਿ ਇਸ ਦੇ ਹਾਂ-ਪੱਖੀ ਪੱਖ ਵੀ ਹਨ। ਇਸ ਨੂੰ ਵਿਦਿਆਰਥੀ ਆਪਣੀ ਸਿੱਖਿਆ ਲਈ ਵਰਤੋ ’ਚ ਲਿਆ ਸਕਦੇ ਹਨ। ਉਨ੍ਹਾਂ ਵਿਚ ਭਾਸ਼ਣ ਕਲਾ ਵਿਕਸਤ ਹੁੰਦੀ ਹੈ। ਨੌਜਵਾਨਾਂ ਨੂੰ ਆਨਲਾਈਨ ਨੌਕਰੀਆਂ ਮੁਹੱਈਆ ਹੋ ਸਕਦੀਆਂ ਹਨ। ਦੂਜੇ ਪਾਸੇ ਇਕ ਅਧਿਐਨ ਰਾਹੀਂ ਇਹ ਵੀ ਸਿੱਧ ਹੋਇਆ ਕਿ ਇਹ ਇਸ ਨੇ ਨਾਂਹ-ਪੱਖੀ ਪ੍ਰਭਾਵ ਵੀ ਪਾਏ ਹਨ। ਵਿਦਿਆਰਥੀ ਇਸ ਪ੍ਰਤੀ ਬਹੁਤ ਆਕਰਸ਼ਿਤ ਹੋ ਰਹੇ ਹਨ ਤੇ ਸੋਸ਼ਲ ਮੀਡੀਆ ਉਨ੍ਹਾਂ ਦੀ ਆਦਤ ਬਣ ਗਿਆ ਹੈ। ਇਸ ਬਿਨਾਂ ਉਹ ਖ਼ੁਦ ਨੂੰ ਅਧੂਰਾ ਮਹਿਸੂਸ ਕਰਦੇ ਹਨ। ਇਸ ਦੀ ਆਦਤ ਕਾਰਨ ਉਹ ਪੜ੍ਹਾਈ ਤੋਂ ਅਵੇਸਲੇ ਹੋਣ ਲੱਗੇ ਹਨ, ਜੋ ਸੱਚਮੁੱਚ ਸਾਡੇ ਲਈ ਚਿੰਤਾ ਦਾ ਕਾਰਨ ਹੈ। ਇਸ ਦਾ ਸਿੱਖਿਆ ’ਤੇ ਬੁਰਾ ਪ੍ਰਭਾਵ ਵੀ ਪੈ ਰਿਹਾ ਹੈ। ਸਿੱਖਿਆ ਹਰ ਇਕ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ। ਹਰ ਵਿਦਿਆਰਥੀ ਲਈ ਸਭ ਤੋਂ ਪਹਿਲਾਂ ਸਿੱਖਿਆ ਜ਼ਰੂਰੀ ਹੈ, ਜਿਸ ਰਾਹੀਂ ਅਸੀਂ ਜ਼ਿੰਦਗੀ ’ਚ ਅੱਗੇ ਵੱਧ ਸਕਦੇ ਹਾਂ। ਜੇ ਅਸੀਂ ਪੜ੍ਹਾਂਗੇ ਨਹੀਂ, ਤਾਂ ਰੁਜ਼ਗਾਰ ਦੇ ਮੌਕੇ ਨਹੀਂ ਮਿਲਣਗੇ ਤੇ ਅਸੀਂ ਜ਼ਿੰਦਗੀ ਵਿਚ ਪਿੱਛੇ ਰਹਿ ਜਾਵਾਂਗੇ। ਤਕਨਾਲੋਜੀ ਸਾਡੀਆਂ ਸਹੂਲਤਾਂ ਲਈ ਵਿਕਸਤ ਹੋਈ ਹੈ ਪਰ ਇਸ ਦੀ ਜ਼ਰੂਰਤ ਤੋਂ ਵੱਧ ਆਦਤ ਖ਼ਤਰਨਾਕ ਵੀ ਹੋ ਸਕਦੀ ਹੈ। ਫੇਸਬੱੁਕ-ਇੰਸਟਾਗ੍ਰਾਮ ਤੋਂ ਅੱਜ ਦੇ ਵਿਦਿਆਰਥੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਬੱਚਿਆਂ ਦੀ ਸਿਹਤ ’ਤੇ ਇਸ ਦਾ ਬੁਰਾ ਅਸਰ ਪੈਂਦਾ ਹ। ਉਹ ਸਮੇਂ ਸਿਰ ਖਾਣਾ ਨਹੀਂ ਖਾਂਦੇ। ਕਈ-ਕਈ ਘੰਟੇ ਇਸੇ ’ਤੇ ਰੱੁਝੇ ਰਹਿੰਦੇ ਹਨ। ਸਮੇਂ ਸਿਰ ਖਾਣਾ ਨਾ ਖਾਣ ਕਰਕੇ ਉਹ ਸੁਸਤ ਹੋ ਜਾਂਦੇ ਹਨ। ਉਨ੍ਹਾਂ ਦੀ ਸਰੀਰਕ ਕਿਰਿਆ ਘਟ ਰਹੀ ਹੈ। ਆਖ਼ਰ ਇਹੀ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਬਿਨਾਂ ਸ਼ੱਕ ਨੌਜਵਾਨਾਂ ਲਈ ਬਹੁਤ ਵਧੀਆ ਸਾਧਨ ਹੈ, ਜੇ ਜ਼ਰੂਰਤ ਲਈ ਹੀ ਇਸ ਦੀ ਵਰਤੋਂ ਕੀਤੀ ਜਾਵੇ। ਇਸ ’ਤੇ ਇੰਨੀ ਨਿਰਭਰਤਾ ਨਹੀਂ ਹੋਣੀ ਚਾਹੀਦੀ ਕਿ ਅਸੀਂ ਇਸ ਦੀ ਗਿ੍ਰਫ਼ਤ ’ਚ ਆ ਜਾਈਏ ਤੇ ਖ਼ੁਦ ਮਿਹਨਤ ਕਰਨ ਦੀ ਕੋਸ਼ਿਸ਼ ਨਾ ਕਰੀਏ। ਇਸ ਲਈ ਇਸ ਦੀ ਵਰਤੋ ਜ਼ਰੂਰ ਕਰੋ ਪਰ ਇਸ ਨੂੰ ਖ਼ੁਦ ’ਤੇ ਹਾਵੀ ਨਾ ਹੋਣ ਦਿਓ।

ਸਾਂਝਾ ਕਰੋ

ਪੜ੍ਹੋ