
ਅਕਾਸ਼ ਉਪਰ ਸੰਘਣੇ ਬੱਦਲ਼ ਛਾਏ ਹੋਏ ਸੀ | ਜੈਲਾ ਆਪਣੇ ਪ੍ਰਮਾਤਮਾ ਅਗੇ ਹੱਥ ਜੋੜ ਕੇ ਅਰਦਾਸ ਕਰ ਰਿਹਾ ਸੀ ਕਿ ਹੈ ਰੱਬਾ ! ਹੁਣ ਤਾਂ ਬੱਸ ਕਰ ਜਾ | ਸਾਨੂੰ ਹੋਰ ਮੀਂਹ ਬਿਲਕੁਲ ਨਹੀਂ ਚਾਹੀਦਾ | ਸਾਡਾ ਗਰੀਬਾਂ ਦਾ ਵੀ ਧਿਆਨ ਕਰ | ਅਸੀਂ ਸਾਲ ਭਰ ਦਾਣੇ ਕਿਥੋਂ ਲੈ ਕੇ ਖਾਵਾਂਗੇ | ਫਸਲ ਤਾਂ ਪਹਿਲਾਂ ਹੀ ਪਾਣੀ ਵਿਚ ਡੁਬੀ ਪਈ ਹੈ ਅਤੇ ਤੂੰ ਹੋਰ ਮੀਂਹ ਪਾਉਣ ਦੀ ਤਿਆਰੀ ਕਰੀਂ ਬੈਠਾਂ ਹੈਂ |
ਜੈਲਾ ਹਰਨੇਕ ਸਿੰਘ ਕੋਲ ਖੇਤ ਮਜ਼ਦੂਰ ਸੀ ਜਿਸ ਨੂੰ ਸਾਲ ਮਗਰੋਂ ਹੋਈ ਫਸਲ ਵਿਚੋਂ ਹਿਸਾ ਮਿਲਿਆ ਕਰਦਾ ਸੀ ਅਤੇ ਮੀਂਹ ਲਗਾਤਾਰ ਪੈਣ ਕਾਰਨ ਸਾਰੀ ਫਸਲ ਪਾਣੀ ਵਿਚ ਡੁਬੀ ਪਈ ਸੀ | ਜੇ ਕਰ ਧੁੱਪ ਆ ਜਾਂਦੀ ਤਾਂ ਪਾਣੀ ਦੀ ਨਿਕਾਸੀ ਵੀ ਸੰਭਵ ਸੀ ਅਤੇ ਫਸਲ ਦੇ ਬਚ ਜਾਣ ਦੀ ਸੰਭਾਵਨਾ ਸੀ ਅਤੇ ਜੇ ਕਰ ਹੋਰ ਮੀਂਹ ਵਰ੍ਹ ਜਾਂਦਾ ਤਾਂ ਦਾਣਿਆਂ ਦੇ ਡੁੱਬ ਜਾਣ ਕਾਰਨ ਜੈਲਾ ਨੂੰ ਹਿਸੇ ਵਿਚ ਕੀ ਮਿਲਣਾ ਸੀ | ਇਸ ਗੱਲ ਤੋਂ ਡਰਦਾ ਜੈਲਾ ਪਰਮਾਤਮਾ ਵੱਲ ਦੋ ਹੱਥ ਜੋੜੀ ਖੜੋਤਾ ਸੀ | ਨੁਕਸਾਨ ਤਾਂ ਹਰਨੇਕ ਸਿੰਘ ਦਾ ਵੀ ਹੋਣਾ ਹੀ ਸੀ ਪ੍ਰੰਤੂ ਉਹ ਤਾਂ ਵੱਡਾ ਜ਼ਿਮੀਦਾਰ ਸੀ ਉਸ ਕੋਲ ਤਾਂ ਪਹਿਲਾਂ ਹੀ ਦਾਣੇ ਵਾਧੂ ਪਏ ਸਨ ਜੇ ਨਾ ਵੀ ਹੁੰਦੇ ਤਾਂ ਵੀ ਉਹ ਤਾਂ ਬਜਾਰ ਵਿਚੋਂ ਵੀ ਖਰੀਦ ਸਕਦਾ ਸੀ | ਉਸ ਨੂੰ ਜਿਆਦਾ ਫਿਕਰ ਨਹੀਂ ਸੀ |
ਜੈਲੇ ਦੇ ਚਾਰ ਲੜਕੇ ਸਨ | ਤਿੰਨ ਤਾਂ ਪੜ੍ਹਾਈ ਤੋਂ ਕੋਰੇ ਸਨ ਕਿਓਂ ਜੋ ਉਹ ਤਾਂ ਸਕੂਲ ਤੋਂ ਪਹਿਲੇ ਦਿਨ ਹੀ ਭੱਜ ਆਏ ਸਨ ਤੇ ਫੇਰ ਸਕੂਲ ਵਲ ਮੂੰਹ ਹੀ ਨਹੀਂ ਕੀਤਾ ਸੀ ਭਾਵੇਂ ਜੈਲੇ ਨੇ ਅਤੇ ਬਚਨੋ ਨੇ ਆਪਣੀ ਪੂਰੀ ਵਾਹ ਲਾਈ ਸੀ ਕਿ ਉਹ ਪੜ੍ਹ ਜਾਣ ਪ੍ਰੰਤੂ ਉਹ ਤਾਂ ਬਿਲਕੁਲ ਹੀ ਨਹੀਂ ਮੰਨੇ ਸਨ ਅਤੇ ਹੁਣ ਬੱਚਿਆਂ ਵਾਲੇ ਸਨ ਅਤੇ ਚਾਹੁੰਦੇ ਸਨ ਕਿ ਅਸੀਂ ਤਾਂ ਸਕੂਲ ਨਹੀਂ ਗਏ ਪ੍ਰੰਤੂ ਆਪਣੇ ਬਚਿਆ ਨੂੰ ਚਾਰ ਆਖਰ ਪੜਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੂੰ ਸਕੂਲ ਘਲ ਰਹੇ ਸਨ | ਜੈਲੇ ਦਾ ਚੌਥਾ ਮੁੰਡਾ ਪਾਲਾ ਪੜ੍ਹਾਈ ਵਿਚ ਦਿਲਚਸਪੀ ਲੈਂਦਾ ਸੀ | ਇਸ ਲਈ ਉਹ ਦੱਸ ਜਮਾਤਾਂ ਪੜ੍ਹ ਗਿਆ ਸੀ | ਉਸ ਨੂੰ ਉਮੀਦ ਸੀ ਕਿ ਉਸ ਨੂੰ ਕਿਤੇ ਨਾ ਕਿਤੇ ਨੌਕਰੀ ਮਿਲ ਜਾਵੇਗੀ | ਪਾਲੇ ਦੀ ਕਿਸਮਤ ਐਡੀ ਤੇਜ ਨਾ ਨਿਕਲੀ | ਉਸ ਨੇ ਸ਼ਹਿਰ ਵਿਚ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿਤਾ | ਭਾਵੇਂ ਜੈਲਾ ਇਸ ਲਈ ਬਿਲਕੁਲ ਤਿਆਰ ਨਹੀਂ ਸੀ ਪ੍ਰੰਤੂ ਉਹ ਵੀ ਮਜ਼ਬੂਰ ਹੋ ਕੇ ਚੁੱਪ ਵੱਟ ਗਿਆ ਤੇ ਪਾਲੇ ਦਾ ਵਿਆਹ ਕਰ ਦਿਤਾ | ਉਸ ਨੇ ਆਪਣੀ ਕਬੀਲਦਾਰੀ ਕਿਊਟ ਲਈ ਸੀ | ਹੁਣ ਵੀ ਉਹ ਹਰਨੇਕ ਸਿੰਘ ਨਾਲ ਖੇਤ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ ਉਸ ਦੇ ਵੱਡੇ ਮੁੰਡੇ ਵੀ ਜ਼ਿਮੀਦਾਰਾਂ ਨਾਲ ਸੀਰੀ ਰਲੇ ਹੋਏ ਸਨ | ਉਨ੍ਹਾਂ ਦੀਆਂ ਘਰਾਂ ਵਾਲਿਆਂ ਉਨ੍ਹਾਂ ਹੀ ਜ਼ਿਮੀਦਾਰਾਂ ਦੇ ਘਰ ਦੇ ਕੰਮ ਕਰਦੀਆਂ ਸਨ | ਪਾਲੇ ਨੂੰ ਇਹ ਕੰਮ ਚੰਗਾ ਨਹੀਂ ਲਗਦਾ ਸੀ ਇਸ ਲਈ ਉਹ ਪੜ੍ਹ ਗਿਆ ਸੀ ਅਤੇ ਨੌਕਰੀ ਨਾ ਮਿਲਣ ਕਰਨ ਕੇ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਰੋਟੀ ਟੁੱਕ ਦਾ ਕੰਮ ਚਲਾ ਰਿਹਾ ਸੀ ਅਤੇ ਨਾਲ ਹੀ ਨੌਕਰੀ ਲੱਭਣ ਲਈ ਯਤਨ ਕਰ ਰਿਹਾ ਸੀ | ਉਸ ਦੀ ਘਰ ਵਾਲੀ ਸੁਰਜੀਤ ਵੀ ਦੱਸ ਜਮਾਤਾਂ ਪਾਸ ਸੀ | ਉਸ ਨੂੰ ਉਮੀਦ ਸੀ ਕਿ ਜੇ ਕਰ ਸਾਡੇ ਵਿਚੋਂ ਇੱਕ ਨੂੰ ਵੀ ਨੌਕਰੀ ਮਿਲ ਗਈ ਤਾਂ ਅਸੀਂ ਸੌਖੀ ਰੋਟੀ ਖਾ ਸਕਦੇ ਹਾਂ | ਇਸ ਲਈ ਉਹ ਜਦੋਂ ਵੀ ਕੋਈ ਨੌਕਰੀ ਨਿਕਲਦੀ ਅਰਜ਼ੀਆਂ ਭੇਜ ਦਿੰਦਾ ਸੀ | ਸਮਾਂ ਤਾਂ ਛਲਾਂਗਾਂ ਮਾਰਦਾ ਭੇਜਿਆ ਜਾ ਰਿਹਾ ਸੀ | ਉਨ੍ਹਾਂ ਦੇ ਘਰ ਪ੍ਰਮਾਤਮਾ ਦੀ ਕਿਰਪਾ ਨਾਲ ਲੜਕਾ ਪੈਦਾ ਹੋ ਗਿਆ | ਉਸ ਦਾ ਨਾਂ ਉਨ੍ਹਾਂ ਨੇ ਗਿਆਨ ਸਿੰਘ ਰਖਿਆ ਅਤੇ ਸੋਚਿਆ ਕੇ ਇਸ ਨੂੰ ਮੈਂ ਆਪਣੇ ਨਾਲੋਂ ਵਧੇਰੇ ਗਿਆਨਵਾਨ ਬਣਾਵਾਂਗਾ | ਇਸ ਉਮੀਦ ਨਾਲ ਉਹ ਦੇਰ ਰਾਤ ਕੰਮ ਵਿਚ ਰੁਝਿਆ ਰਹਿੰਦਾ | ਸੁਰਜੀਤ ਵੀ ਕਿਸੇ ਸਕੂਲ ਵਿਚ ਸੇਵਾਦਾਰਨੀ ਲੱਗ ਗਈ ਤੇ ਬੱਝਵੀਂ ਤਨਖਾਹ ਮਿਲਣ ਲੱਗ ਪਈ | ਉਹ ਆਪਣੇ ਗਿਆਨ ਨੂੰ ਵੀ ਨਾਲ ਲੈ ਜਾਂਦੀ | ਗਿਆਨ ਪੜ੍ਹਾਈ ਕਰਨ ਲੱਗਾ | ਜ਼ਿੰਦਗੀ ਦੀ ਗੱਡੀ ਪਟੜੀ ਤੇ ਆਉਣ ਲੱਗੀ | ਪਾਲਾ ਤੇ ਸੁਰਜੀਤ ਨੇ ਕੁਝ ਰਕਮ ਜੋੜ ਕੇ ਹੋਲੀ ਹੋਲੀ ਸ਼ਹਿਰ ਵਿਚ ਦੋ ਕੋਠਿਆਂ ਵਾਲਾ ਘਰ ਖਰੀਦ ਲਿਆ | ਕੁਝ ਰਕਮ ਏਧਰੋਂ ਉਧਰੋਂ ਉਧਾਰ ਲੈ ਲਈ | ਮੇਹਨਤ ਕਰ ਗਿਆਨ ਵੀ ਹਰ ਜਮਾਤ ਵਿਚੋਂ ਪਹਿਲੇ ਨੰਬਰ ਤੇ ਆ ਅਗਲੀਆਂ ਜਮਾਤਾਂ ਵਿਚਲੀ ਪੜ੍ਹਾਈ ਲਗਨ ਨਾਲ ਕਰਨ ਲੱਗਾ | ਪੰਜਵੀਂ ਪਾਸ ਕਰ ਉਹ ਮਿਡਲ ਸਕੂਲ ਵਿਚ ਦਾਖਲ ਕਰਵਾ ਦਿਤਾ ਗਿਆ | ਸਵੇਰੇ ਉਸ ਨੂੰ ਤਿਆਰ ਕਰ ਪਾਲਾ ਆਪਣੇ ਰਿਕਸ਼ੇ ਤੇ ਸਕੂਲ ਛੱਡ ਦਿੰਦਾ ਸੀ | ਸੁਰਜੀਤ ਆਪਣੇ ਸਕੂਲ ਚਲੀ ਜਾਂਦੀ ਸੀ | ਗਿਆਨ ਦੇ ਨਾਲ ਕੁਝ ਹੋਰ ਬਚੇ ਵੀ ਉਸ ਦੇ ਰਿਕਸ਼ੇ ਤੇ ਜਾਣ ਲੱਗ ਪਏ | ਉਸ ਦੀ ਬੱਝਵੀਂ ਆਮਦਨ ਸ਼ੁਰੂ ਹੋ ਗਈ | ਕਰਜ਼ਾ ਲਾਹੁਣ ਦਾ ਵਸੀਲਾ ਕੁਦਰਤ ਨੇ ਆਪੇ ਹੀ ਬਣਾ ਦਿੱਤਾ ਸੀ |
ਗੁਆਂਢ ਵੀ ਚੰਗਾ ਸੀ | ਉਨ੍ਹਾਂ ਦੀ ਮਦਦ ਲਈ ਤਿਆਰ ਰਹਿੰਦੇ ਸੀ | ਖਤ੍ਰੀ ਜਾਤ ਦੇ ਸ਼ੀਲਾ ਤੇ ਮਦਨ ਗੁਆਂਢ ਵਿਚ ਰਹਿੰਦੇ ਸਨ ਅਤੇ ਇਕੋ ਹੀ ਦਫਤਰ ਵਿਚ ਕੰਮ ਕਰਦੇ ਸਨ | ਉਨ੍ਹਾਂ ਦੇ ਇੱਕ ਛੋਟੀ ਜਿਹੀ ਲੜਕੀ ਸੀ | ਸ਼ੀਲਾ ਦੀ ਬੁੱਢੀ ਮਾਂ ਉਨ੍ਹਾਂ ਕੋਲ ਰਹਿੰਦੀ ਸੀ ਅਤੇ ਲੜਕੀ ਦੀ ਦੇਖ ਭਾਲ ਕਰਦੀ ਸੀ | ਜਦੋਂ ਵੀ ਉਸ ਨੇ ਦਵਾਈ ਲੈਣ ਜਾਣਾ ਹੁੰਦਾ ਸੀ ਤਾਂ ਪਾਲਾ ਉਸ ਨੂੰ ਆਪਣੇ ਰਿਕਸ਼ੇ ਤੇ ਲੈ ਜਾਇਆ ਕਰਦਾ ਸੀ | ਉਹ ਵੀ ਇਨ੍ਹਾਂ ਨਾਲ ਚੰਗਾ ਵਿਹਾਰ ਕਰਦੀ ਸੀ ਅਤੇ ਆਪਣੇ ਬਚਿਆ ਵਰਗਾ ਸਮਝਦੀ ਸੀ | ਇਕ ਦਿਨ ਮੀਂਹ ਪੈ ਰਿਹਾ ਸੀ ਪਾਲਾ ਸ਼ੀਲਾ ਦੀ ਮਾਂ ਨੂੰ ਦਵਾਈ ਦਿਵਾਉਣ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਜਿਥੇ ਪਾਣੀ ਖੜੋਤਾ ਸੀ ਉਥੋਂ ਉਹ ਰਿਕਸ਼ਾ ਕੱਢ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਕਾਰ ਕੋਲੋਂ ਦੀ ਲੰਘੀ ਤੇ ਉਸ ਨੇ ਗੰਦੇ ਪਾਣੀ ਦੇ ਛਿੱਟੇ ਇਤਨੀ ਜ਼ੋਰ ਦੀ ਸੁਟੇ ਕਿ ਰਿਕਸ਼ਾ ਬੇਕਾਬੂ ਹੋ ਗਿਆ ਤੇ ਸ਼ੀਲਾ ਦੀ ਮਾਂ ਸਮੇਤ ਰਿਕਸ਼ਾ ਉਸ ਕਾਰ ਦੇ ਪਿਛੇ ਆ ਰਹੀ ਕਾਰ ਵਿਚ ਵੱਜ ਗਿਆ | ਸ਼ੀਲਾ ਦੀ ਮਾਂ ਰਿਕਸ਼ੇ ਤੇ ਡਿਗ ਪਈ ਉਸ ਦਾ ਸਿਰ ਪੱਕੀ ਸੜਕ ਤੇ ਵੱਜਿਆ |ਉਹ ਬੇਹੋਸ਼ ਹੋ ਗਈ ਅਤੇ ਪਾਲਾ ਵੀ ਡਿਗ ਪਿਆ ਉਸ ਦੇ ਉਪਰ ਦੀ ਕਾਰ ਲੰਘ ਗਈ | ਪਾਲੇ ਦੇ ਬਹੁਤ ਸੱਟਾਂ ਲੱਗੀਆਂ | ਖੂਨ ਕਾਫੀ ਵਹਿ ਗਿਆ | ਸ਼ੀਲਾ ਦੀ ਛੋਟੀ ਬੱਚੀ ਦੂਰ ਜਾ ਡਿਗੀ ਤੇ ਰੋਣ ਲੱਗ ਪਈ | ਕੋਈ ਵੀ ਮਦਦ ਲਈ ਨਾ ਬਹੁੜਿਆ | ਸ਼ੀਲਾ ਦੀ ਮਾਂ ਤਾਂ ਸ਼ੀਲਾ ਤੇ ਮਦਨ ਦੇ ਆਉਣ ਤੋਂ ਪਹਿਲਾਂ ਹੀ ਦਮ ਤੋੜ ਗਈ | ਕਾਰ ਵਾਲਾ ਤਾਂ ਕਾਰ ਭਜਾ ਕੇ ਲੈ ਗਿਆ ਸੀ |
ਸ਼ੀਲਾ ਨੇ ਮਾਂ ਨੂੰ ਦੇਖਿਆ ਮਦਨ ਨੇ ਬੱਚੀ ਨੂੰ ਚੁੱਕਿਆ ਤੇ ਦੇਖਿਆ ਉਸ ਦੇ ਕੋਈ ਵੀ ਚੋਟ ਨਹੀਂ ਲੱਗੀ ਸੀ | ਮਦਨ ਨੇ ਪਾਲੇ ਨੂੰ ਦੇਖਿਆ ਉਸ ਦੀ ਹਾਲਤ ਗੰਭੀਰ ਸੀ ਬੋਲ ਨਹੀਂ ਸਕਦਾ ਸੀ | ਉਦੋਂ ਤਕ ਗਿਆਨ ਅਤੇ ਸੁਰਜੀਤ ਵੀ ਆ ਗਏ ਸਨ | ਸੁਰਜੀਤ ਨੇ ਲੋਕਾਂ ਦੀਆਂ ਮਿਨਤਾਂ ਕਰ ਕੇ ਮਦਦ ਲੈ ਕੇ ਪਾਲੇ ਨੂੰ ਨੇੜੇ ਦੇ ਹਸਪਤਾਲ ਪੁਚਾਇਆ | ਨਰਸਾਂ ਤੇ ਡਾਕਟਰਾਂ ਨੇ ਮਲ੍ਹਮ ਪੱਟੀ ਸ਼ੁਰੂ ਕੀਤੀ | ਮੁਢਲੀ ਸਹਾਇਤਾ ਦੇ ਕੇ ਵਡੇ ਹਸਪਤਾਲ ਲੈ ਕੇ ਜਾਣ ਨੂੰ ਆਖ ਦਿੱਤਾ | ਮਦਨ ਨੂੰ ਕਿਹਾ ਕੇ ਉਹ ਕੋਈ ਕਾਰ ਲੈ ਕੇ ਆਵੇ ਉਹ ਤੁਰੰਤ ਚਲਾ ਗਿਆ | ਜਦੋਂ ਉਹ ਕਾਰ ਲੈ ਕੇ ਆਇਆ ਤਾਂ ਪਾਲਾ ਤਾਂ ਉਥੇ ਚਲਾ ਗਿਆ ਜਿਥੋਂ ਕੋਈ ਵਾਪਸ ਨਹੀਂ ਆਓਂਦਾ | ਸ਼ੀਲਾ ਦੀ ਮਾਂ ਦੀ ਲਾਸ਼ ਨੂੰ ਘਰ ਲਿਜਾਇਆ ਜਾ ਚੁਕਾ ਸੀ | ਸੁਰਜੀਤ ਵੀ ਪਾਲੇ ਦੀ ਲਾਸ਼ ਘਰ ਲੈ ਕੇ ਜਾ ਰਹੀ ਸੀ ਅਤੇ ਉਸ ਦੇ ਰਿਸ਼ਤੇਦਾਰ ਵੀ ਪੁੱਜ ਗਏ | ਮਾਹੌਲ ਬਹੁਤ ਗਮਗੀਨ ਹੋਇਆ ਹੋਇਆ ਸੀ | ਜੈਲਾ ਤੇ ਉਸ ਦੇ ਪਰਿਵਾਰ ਵਾਲੇ ਜ਼ਾਰੋ ਜ਼ਾਰ ਰੋ ਰਹੇ ਸੀ | ਉਧਰ ਸ਼ੀਲਾ ਦੇ ਘਰ ਵੀ ਰੋਣ ਧੋਣ ਚਲ ਰਿਹਾ ਸੀ | ਦੋਹਾਂ ਦਾ ਸਸਕਾਰ ਇਕੋ ਹੀ ਸ਼ਮਸ਼ਾਨ ਘਾਟ ਵਿਚ ਕਰ ਦਿਤਾ ਗਿਆ | ਉਧਰ ਗਿਆਨ ਹੁਣ ਉਦਾਸ ਰਹਿਣ ਲੱਗ ਪਿਆ ਸੀ | ਸੁਰਜੀਤ ਉਸ ਨੂੰ ਹੌਸਲਾ ਦੇ ਰਹੀ ਸੀ | ਸੁਰਜੀਤ ਉਸ ਨੂੰ ਕਹਿੰਦੀ ਹੁਣ ਤੂੰ ਹੋਰ ਮਿਹਨਤ ਕਰ ਤੇ ਕਿਸੇ ਚੰਗੀ ਨੌਕਰੀ ਤੇ ਲੱਗ ਜਾ ਤਾਂ ਜੋ ਤੇਰੇ ਬਾਪ ਦੀ ਆਤਮਾ ਨੂੰ ਸ਼ਾਂਤੀ ਮਿਲੇ ਕਿ ਉਸ ਦੇ ਪੁੱਤ ਨੇ ਮੇਰਾ ਸੁਪਨਾ ਪੂਰਾ ਕਰ ਦਿਤਾ ਹੈ | ਇਹ ਗੱਲ ਗਿਆਨ ਦੇ ਮਨ ਨੂੰ ਲੱਗ ਗਈ ਉਸਨੇ ਆਪਣਾ ਸਾਰਾ ਧਿਆਨ ਪੜ੍ਹਾਈ ਵਲ ਦੇਣਾ ਸ਼ੁਰੂ ਕਰ ਦਿਤਾ | ਪਹਿਲਾਂ ਵੀ ਅਧਿਆਪਕ ਉਸ ਦੀ ਮਦਦ ਕਰਦੇ ਸਨ ਹੁਣ ਉਸ ਦੀ ਲਗਨ ਦੇਖ ਉਸ ਵੱਲ ਵਿਸ਼ੇਸ਼ ਧਿਆਨ ਦੇਣ ਲੱਗੇ | ਉਨ੍ਹਾਂ ਨੂੰ ਜਾਪਦਾ ਸੀ ਕਿ ਇਹ ਬੱਚਾ ਸਾਡੇ ਸਕੂਲ ਦਾ ਨਾਂ ਜ਼ਰੂਰ ਚਮਕਾਇਗਾ | ਉਧਰ ਮਦਨ ਤੇ ਸ਼ੀਲਾ ਵੀ ਸੁਰਜੀਤ ਹੋਰਾਂ ਦੀ ਮਦਦ ਕਰਦੇ ਰਹਿੰਦੇ ਸਨ | ਸੁਰਜੀਤ ਵੀ ਲੋੜ ਪੈਣ ਤੇ ਉਨ੍ਹਾਂ ਕੋਲੋਂ ਉਧਰ ਸੁਧਾਰ ਫੜ ਲਿਆ ਕਰਦੀ ਸੀ ਤੇ ਹੋਲੀ ਹੋਲੀ ਵਾਪਸ ਕਰ ਦਿਆ ਕਰਦੀ ਸੀ |
ਮਦਨ ਨੇ ਵੀ ਹੁਣ ਸਕੂਟਰ ਲੈ ਲਿਆ ਸੀ | ਲੜਕੀ ਸਕੂਲ ਵਿਚ ਪੜ੍ਹਦੀ ਸੀ ਉਹ ਸੁਰਜੀਤ ਨਾਲ ਹੀ ਚਲੀ ਜਾਂਦੀ ਅਤੇ ਛੁਟੀ ਤੋਂ ਬਾਅਦ ਸੁਰਜੀਤ ਦੇ ਘਰ ਖੇਡਦੀ ਰਹਿੰਦੀ ਸੀ ਅਤੇ ਜਦੋਂ ਮਦਨ ਅਤੇ ਸ਼ੀਲਾ ਵਾਪਸ ਆ ਜਾਂਦੇ ਉਸ ਨੂੰ ਲੈ ਜਾਂਦੇ ਸੀ | ਉਹ ਬੱਚੀ ਆਉਣਾ ਨਹੀਂ ਚਾਹੁੰਦੀ ਸੀ ਕਿਓਂ ਜੋ ਉਸ ਦਾ ਜੀ ਸੁਰਜੀਤ ਦੇ ਘਰ ਵਿਚ ਲਗਦਾ ਸੀ | ਬਸ ਕੇਵਲ ਰਾਤ ਹੀ ਮਾਪਿਆਂ ਕੋਲ ਕੱਟਦੀ ਸੀ | ਸਮਾਂ ਗੁਜ਼ਰਦਾ ਜਾ ਰਿਹਾ ਸੀ |
ਇਕ ਦਿਨ ਸ਼ੀਲਾ ਤੇ ਮਦਨ ਦਫਤਰ ਵਿਚੋਂ ਵਾਪਸ ਆ ਰਹੇ ਸਨ ਕਿ ਇਕ ਤੇਜ਼ ਰਫਤਾਰ ਟਰੱਕ ਉਨ੍ਹਾਂ ਕੋਲੋਂ ਲੰਘਿਆ | ਮਦਨ ਕੋਲੋਂ ਸਕੂਟਰ ਡੋਲ ਗਿਆ ਤੇ ਬੇਕਾਬੂ ਹੋ ਕੇ ਇਕ ਟਾਹਲੀ ਵਿਚ ਵਜਿਆ | ਦੋਨੋ ਥੱਲੇ ਡਿਗ ਪਏ | ਸ਼ੀਲਾ ਦਾ ਸਿਰ ਇਕ ਇੱਟ ਤੇ ਵੱਜਿਆ ਤੇ ਖੂਨ ਵੱਗਣ ਲੱਗ ਪਿਆ | ਮਦਨ ਜਦੋਂ ਉਠਿਆ ਉਸ ਨੇ ਦੇਖਿਆ ਕਿ ਉਸ ਦੇ ਕੇਵਲ ਕਪੜੇ ਹੀ ਲਿਬੜੇ ਸਨ ਅਤੇ ਉਸ ਨੇ ਸ਼ੀਲਾ ਨੂੰ ਦੇਖਿਆ ਕਿ ਖੂਨ ਬਹੁਤ ਵੱਗ ਰਿਹਾ ਸੀ | ਉਸ ਨੇ ਇੱਕ ਕਾਰ ਨੂੰ ਹੱਥ ਦੇ ਕੇ ਰੋਕਿਆ ਤੇ ਮਦਦ ਲਈ ਕਿਹਾ | ਦੋਵਾਂ ਨੇ ਸ਼ੀਲਾ ਨੂੰ ਕਾਰ ਵਿਚ ਲਿਟਾਇਆ ਤੇ ਨੇੜੇ ਦੇ ਹਸਪਤਾਲ ਲੈ ਆਏ | ਡਾਕਟਰ ਮਦਨ ਦਾ ਵਾਕਿਫ ਸੀ ਉਸ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਤੇ ਕਿਹਾ ਘਬਰਾਓ ਨਾ ਸਿਰ ਦੀ ਸੱਟ ਹੈ ਕੁਝ ਸਮਾਂ ਲੱਗੇਗਾ ਠੀਕ ਹੋ ਜਾਣਗੇ | ਇਲਾਜ ਸ਼ੁਰੂ ਹੋ ਗਿਆ | ਸੁਰਜੀਤ ਨੂੰ ਖਬਰ ਮਿਲੀ ਉਹ ਵੀ ਗਿਆਨ ਤੇ ਉਨ੍ਹਾਂ ਦੀ ਬੱਚੀ ਨੂੰ ਲੈ ਕੇ ਪੁੱਜ ਗਈ | ਮਦਨ ਨੇ ਸੁਰਜੀਤ ਨੂੰ ਕਿਹਾ ਕਿ ਤੁਸੀਂ ਬੱਚੀ ਨੂੰ ਆਪਣੇ ਕੋਲ ਰੱਖ ਲਵੋ ਅਤੇ ਗਿਆਨ ਨੂੰ ਵੀ ਲੈ ਜਾਓ ਮੈਂ ਤਾਂ ਇਨ੍ਹਾਂ ਕੋਲ ਹਸਪਤਾਲ ਹੀ ਰਹਾਂਗਾ | ਤੁਸੀਂ ਘਰੋਂ ਕੁਝ ਖਾਣਾ ਆਦਿ ਨਹੀਂ ਭੇਜਣਾ ਮੈਂ ਇਥੋਂ ਹੀ ਪ੍ਰਬੰਧ ਕਰ ਲਵਾਂਗਾ | ਬਸ ਤੁਸੀਂ ਬੱਚੀ ਨੂੰ ਸਾਂਭ ਲੈਣਾ | ਸੁਰਜੀਤ ਨੇ ਕਿਹਾ ਕਿ ਇਸ ਦਾ ਫਿਕਰ ਨਾ ਕਰਨਾ ਤੁਸੀ ਸ਼ੀਲਾ ਭੈਣ ਜੀ ਦਾ ਧਿਆਨ ਰੱਖਣਾ | ਸ਼ੀਲਾ ਦੀ ਹਾਲਤ ਸਮੇਂ ਨਾਲ ਸੁਧਰਣ ਲੱਗੀ | ਮਦਨ ਨੂੰ ਵੀ ਹੌਸਲਾ ਹੋ ਗਿਆ | ਡਾਕਟਰ ਨੇ ਵੀ ਇਕ ਦਿਨ ਆਖਿਆ ਕਿ ਹੁਣ ਤਾਂ ਦੋ ਕੁ ਦਿਨਾਂ ਤਕ ਇਹਨਾਂ ਨੂੰ ਛੁਟੀ ਦੇ ਦੇਵਾਂਗੇ | ਅਗਲੇ ਦਿਨ ਦੋਵੇਂ ਆਪਿਸ ਵਿਚ ਗੱਲਾਂ ਕਰ ਰਹੇ ਸਨ ਕਿ ਨਰਸ ਦਵਾਈ ਦੇਣ ਲਈ ਲੈ ਕੇ ਆਈ | ਦਵਾਈ ਖਾ ਲਈ | ਉਸ ਤੋਂ ਬਾਅਦ ਇਕ ਦਮ ਉਲਟੀ ਆ ਗਈ | ਨਰਸ ਨੇ ਦੇਖਿਆ ਕਿ ਉਲਟੀ ਵਿਚ ਖੂਨ ਸੀ | ਉਹ ਕਾਹਲੀ ਨਾਲ ਜਾ ਕੇ ਡਾਕਟਰ ਨੂੰ ਬੁਲਾ ਲਿਆਈ | ਡਾਕਟਰ ਨੇ ਦਵਾਈ ਲਿਖ ਦਿਤੀ ਤੇ ਨਰਸ ਦਵਾਈ ਲੈਣ ਚਲੀ ਗਈ ਡਾਕਟਰ ਉਥੇ ਹੀ ਸੀ | ਸ਼ੀਲਾ ਨੂੰ ਇੱਕ ਹੋਰ ਉਲਟੀ ਆਈ ਤੇ ਉਲਟੀ ਵਿਚ ਕਾਫੀ ਖੂਨ ਬਾਹਰ ਆਇਆ | ਮਦਨ ਨੇ ਉਸ ਨੂੰ ਸਿਧਾ ਕੀਤਾ ਤਾਂ ਡਾਕਟਰ ਨੇ ਦੇਖਿਆ ਰੰਗ ਚਿੱਟਾ ਹੋ ਚੁਕਾ ਸੀ | ਡਾਕਟਰ ਨੇ ਖੂਨ ਚੜਾਉਣ ਲਈ ਕਿਹਾ | ਹਾਲੇ ਤਿਆਰੀ ਹੀ ਕਰ ਰਹੇ ਸੀ ਕਿ ਸ਼ੀਲਾ ਇਕ ਦਮ ਬੇਹੋਸ਼ ਹੋ ਗਈ | ਡਾਕਟਰ ਨੇ ਨਬਜ਼ ਦੇਖੀ | ਉਸ ਨੂੰ ਕੁਝ ਸ਼ੱਕ ਹੋਇਆ ਉਸ ਨੇ ਨਰਸ ਨੂੰ ਬੁਲਾਇਆ ਤੇ ਹੋਰ ਟੀਕਾ ਲਿਆਉਣ ਲਈ ਆਖਿਆ | ਟੀਕੇ ਦੇ ਆਉਣ ਤੋਂ ਪਹਿਲਾਂ ਹੀ ਸ਼ੀਲਾ ਦਮ ਤੋੜ ਗਈ | ਡਾਕਟਰ ਨੇ ਨਾਂਹ ਵਿਚ ਸਿਰ ਫੇਰ ਦਿਤਾ | ਮਦਨ ਦੀ ਸਾਰੀ ਦੁਨੀਆ ਉਜੜ ਗਈ | ਬੱਚੀ ਮਾਂ ਵਿਰਵਾ ਹੋ ਗਈ ਸੀ | ਲਾਸ਼ ਨੂੰ ਘਰੇ ਲਿਜਾਇਆ ਗਿਆ | ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ | ਸਸਕਾਰ ਕਰ ਦਿਤਾ ਗਿਆ | ਰਿਸ਼ਤੇਦਾਰ ਹੋਲੀ ਹੋਲੀ ਵਾਪਸ ਚਲੇ ਗਏ | ਹੁਣ ਮਦਨ ਤੇ ਬੱਚੀ ਹੀ ਘਰ ਵਿਚ ਰਹਿ ਗਏ ਸਨ | ਘਰ ਸੁੰਨਾ ਸੁੰਨਾ ਲੱਗਣ ਲੱਗ ਪਿਆ | ਬੱਚੀ ਸੁਰਜੀਤ ਕੋਲ ਚਲੀ ਜਾਂਦੀ ਸੀ | ਕਾਫੀ ਸਮਾਂ ਰੋਂਦੀ ਰਹਿੰਦੀ ਸੀ | ਸੁਰਜੀਤ ਉਸ ਨੂੰ ਪਿਆਰ ਨਾਲ ਵਰਾਓਂਦੀ ਸੀ | ਪ੍ਰੰਤੂ ਬੱਚੀ ਹੁਣ ਇਤਨੀ ਛੋਟੀ ਨਹੀਂ ਸੀ ਉਹ ਗਮ ਵਿਚ ਰਹਿੰਦੀ ਸੀ ਹਮੇਸ਼ਾ ਚੁੱਪ ਰਹਿੰਦੀ ਸੀ ਜਾਂ ਰੋਂਦੀ ਹੀ ਰਹਿੰਦੀ ਸੀ | ਮਦਨ ਕੋਲ ਇਸ ਦਾ ਕੋਈ ਹੱਲ ਨਹੀਂ ਸੀ | ਹੁਣ ਉਹ ਜਿਆਦਾ ਸੁਰਜੀਤ ਕੋਲ ਜਾਣ ਤੋਂ ਵੀ ਝਿਜਕਦਾ ਸੀ ਕਿ ਲੋਕ ਕੀ ਕਹਿਣਗੇ | ਦੁਨੀਆ ਦੋ ਧਾਰੀ ਤਲਵਾਰ ਹੈ | ਇਹ ਖੁਸ਼ ਰਹਿਣ ਵਾਲਿਆਂ ਤੇ ਗੱਲਾਂ ਬਣਾਉਂਦੀ ਹੈ | ਉਦਾਸੀ ਵਿਚ ਜੀਵਨ ਗੁਜ਼ਰ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਦੀ | ਜਿਹੜੇ ਦੁਨੀਆ ਦੀ ਪ੍ਰਵਾਹ ਨਹੀਂ ਕਰਦੇ ਆਪਣੇ ਠੀਕ ਰਸਤੇ ਤੋਂ ਨਹੀਂ ਭਟਕਦੇ ਅਤੇ ਜਦੋਂ ਕਾਮਯਾਬੀ ਉਨ੍ਹਾਂ ਦੇ ਪੈਰ ਚੁਮਦੀ ਹੈ ਉਦੋਂ ਹੀ ਸਮਝਦੀ ਹੈ ਕਿ ਇਹ ਰਸਤਾ ਕਿਤਨਾ ਜ਼ਰੂਰੀ ਸੀ |
ਗਿਆਨ ਦਸਵੀ ਜਮਾਤ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਸੀ | ਸੁਰਜੀਤ ਨੇ ਮਦਨ ਦੀ ਸਲਾਹ ਲੈ ਕੇ ਅਤੇ ਮਦਨ ਨੂੰ ਨਾਲ ਲਿਜਾ ਕੇ ਗਿਆਨ ਨੂੰ ਕਾਲਜ ਵਿਚ ਦਾਖਲ ਕਰਵਾ ਦਿਤਾ ਸੀ | ਉਹ ਆਪਣੀ ਪੜ੍ਹਾਈ ਵਿਚ ਮਗਨ ਹੋ ਗਿਆ ਸੀ | ਬੱਚੀ ਖੁਸ਼ੀ ਆਪਣੇ ਘਰ ਵਿਚ ਉਦਾਸ ਰਹਿੰਦੀ ਸੀ ਇਸ ਲਈ ਖੁਸ਼ੀ ਨੂੰ ਸੁਰਜੀਤ ਆਪਣੇ ਨਾਲ ਹੀ ਰੱਖਦੀ ਸੀ | ਤਿੰਨੋ ਸਮੇਂ ਦੀ ਰੋਟੀ ਮਦਨ ਲਈ ਆਪਣੇ ਘਰੋਂ ਹੀ ਭੇਜ ਦੀਆ ਕਰਦੀ ਸੀ | ਮਦਨ ਬਹੁਤ ਰੋਕਦਾ ਸੀ ਪ੍ਰੰਤੂ ਸੁਰਜੀਤ ਨੂੰ ਇਹ ਠੀਕ ਲਗਦਾ ਸੀ ਕਿ ਮਦਨ ਦੀ ਦੇਖ ਭਾਲ ਕਰਨ ਦੀ ਵੀ ਲੋੜ ਹੈ | ਹਫਤੇ ਪਿੱਛੋਂ ਉਹ ਉਸ ਦੇ ਕਪੜੇ ਵੀ ਧੋ ਦਿਆ ਕਰਦੀ ਸੀ | ਪ੍ਰੈਸ ਮਦਨ ਆਪ ਹੀ ਕਰ ਲਿਆ ਕਰਦਾ ਸੀ | ਇਕ ਦਿਨ ਮਦਨ ਦੀ ਭੈਣ ਉਸ ਦੇ ਘਰ ਆਈ ਹੋਈ ਸੀ ਕਿ ਮੈਂ ਆਪਣੇ ਵੀਰ ਦਾ ਪਤਾ ਲੈ ਆਵਾਂ | ਉਸ ਨੂੰ ਪਤਾ ਲੱਗਾ ਕੇ ਖੁਸ਼ੀ ਸਾਰਾ ਦਿਨ ਸੁਰਜੀਤ ਕੋਲ ਰਹਿੰਦੀ ਹੈ ਰੋਟੀ ਪਾਣੀ ਵੀ ਵੀਰੇ ਦਾ ਉਧਰੋਂ ਹੀ ਆ ਰਿਹਾ ਹੈ | ਕਪੜੇ ਵੀ ਸੁਰਜੀਤ ਹੀ ਧੋ ਕੇ ਦੇ ਰਹੀ ਹੈ | ਉਸ ਨੇ ਵੀਰ ਮਦਨ ਨਾਲ ਗੱਲ ਕੀਤੀ ਕਿ ਵੀਰੇ ਜੇ ਤੁਸੀਂ ਇੱਕ ਹੀ ਘਰ ਵਿਚ ਰਹਿਣ ਲੱਗ ਪਵੋ ਤਾਂ ਸੁਰਜੀਤ ਨੂੰ ਵੀ ਸਹਾਰਾ ਹੋ ਜਾਵੇਗਾ | ਮੈਨੂੰ ਪਤਾ ਹੈ ਉਹ ਨੀਵੀਂ ਜਾਤ ਦੀ ਹੈ | ਉਸ ਦਾ ਕੀਤਾ ਹੋਇਆ ਤੂੰ ਵਰਤ ਹੀ ਰਿਹਾ ਹੈਂ | ਮੈਂ ਤੇਰਾ ਘਰ ਵਸਾਉਣ ਬਾਰੇ ਤੇਰੇ ਨਾਲ ਗੱਲ ਕਰਨ ਆਈ ਸੀ ਤੇਰੇ ਨਾਲੋਂ ਵੱਧ ਮੈਨੂੰ ਖੁਸ਼ੀ ਦਾ ਫਿਕਰ ਹੈ ਕਿ ਜਿਵੇਂ ਜਿਵੇਂ ਖੁਸ਼ੀ ਵੱਡੀ ਹੋਵੇਗੀ ਉਸ ਨੂੰ ਮਾਂ ਦੀ ਵਧੇਰੇ ਲੋੜ ਹੋਵੇਗੀ ਤੇ ਤੂੰ ਉਸ ਦੀ ਥਾਂ ਪੂਰੀ ਨਹੀਂ ਕਰ ਸਕਦਾ | ਪ੍ਰੰਤੂ ਇਥੇ ਆ ਕੇ ਪਤਾ ਲੱਗਾ ਕਿ ਤੁਸੀਂ ਇਤਨੇ ਚਿਰ ਤੋਂ ਵਰਤੋਂ ਕਰ ਰਹੇ ਹੋ | ਦੋਵੇਂ ਦੁੱਖ ਸੁਖ ਵਿਚ ਸ਼ਰੀਕ ਹੋ ਚੁਕੇ ਹੋ ਅਤੇ ਖੁਸ਼ੀ ਵੀ ਸੁਰਜੀਤ ਨਾਲ ਖੁਸ਼ ਹੈ ਗਿਆਨ ਨੂੰ ਵੀ ਬਾਪ ਦੇ ਸਾਏ ਦੀ ਲੋੜ ਹੈ | ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਸੁਰਜੀਤ ਨਾਲ ਗੱਲ ਕਰ ਸਕਦੀ ਹਾਂ | ਮੈਨੂੰ ਜਾਪਦਾ ਹੈ ਕਿ ਉਹ ਵੀ ਮੰਨ ਜਾਵੇਗੀ | ਮਦਨ ਸੋਚਾਂ ਵਿਚ ਪੈ ਗਿਆ ਕਿ ਮੈਂ ਤਾਂ ਇਹ ਗੱਲ ਕਦੇ ਵਿਚਾਰੀ ਹੀ ਨਹੀਂ ਹੈ | ਮਦਨ ਨੇ ਸਾਰੀ ਰਾਤ ਉਧੇੜ ਬੁਣ ਵਿਚ ਕੱਢ ਦਿਤੀ | ਨੀਂਦ ਤਾਂ ਉਸ ਦੀ ਉਡ ਚੁਕੀ ਸੀ ਭੈਣ ਨੇ ਖੁਸ਼ੀ ਦੇ ਆਉਣ ਵਾਲੇ ਸਮੇਂ ਬਾਰੇ ਚਾਨਣ ਕਰ ਕੇ ਉਸ ਨੂੰ ਸੋਚਣ ਤੇ ਮਜ਼ਬੂਰ ਕਰ ਦਿਤਾ ਸੀ | ਅਗਲੇ ਦਿਨ ਜਦੋਂ ਭੈਣ ਨੇ ਫਿਰ ਪੁੱਛਿਆ ਤਾਂ ਮਦਨ ਕਹਿਣ ਲੱਗਾ ਭੈਣ ਤੇਰੀ ਮਰਜ਼ੀ ਹੈ | ਮੈਂ ਆਪਣੇ ਮਨ ਨੂੰ ਸਮਝਾ ਲਵਾਂਗਾ ਤੇ ਲੋਕਾਂ ਦਾ ਮੂੰਹ ਤਾਂ ਫੜਿਆ ਹੀ ਨਹੀਂ ਜਾ ਸਕਦਾ ਕਿਓਂ ਜੋ
ਕੁਛ ਤੋਂ ਲੋਗ ਕਹੇਂਗੇ ,ਲੋਗੋਂ ਕਾ ਕਾਮ ਹੈ ਕਹਿਣਾ
ਅਸੀਂ ਇਕ ਦੂਜੇ ਨੂੰ ਬਹੁਤ ਦੇਰ ਤੋਂ ਜਾਣਦੇ ਹਾਂ | ਸੁਰਜੀਤ ਕੰਮ ਦੀ ਸੁਚੱਜੀ ਹੈ ਖੁਸ਼ੀ ਦਾ ਉਸ ਨਾਲ ਜੀ ਲੱਗਾ ਹੋਇਆ ਹੈ | ਗਿਆਨ ਵੀ ਹੁਸ਼ਿਆਰ ਹੈ ਪੜ੍ਹਾਈ ਵਿਚ ਕਾਫੀ ਤਰੱਕੀ ਕਰੇਗਾ ਇਹ ਮੈਨੂੰ ਉਮੀਦ ਹੈ ਪ੍ਰੰਤੂ ਉਸ ਨੂੰ ਸਹੀ ਅਗਵਾਈ ਦੀ ਲੋੜ ਹੈ | ਭਾਵੇਂ ਸੁਰਜੀਤ ਖੁਸ਼ੀ ਦੀ ਦੇਖ ਭਾਲ ਠੀਕ ਤਰਾਂ ਨਾਲ ਕਰ ਰਹੀ ਹੈ ਤੇ ਬਿਨਾ ਝਿਜਕ ਸੁਰਜੀਤ ਗਿਆਨ ਬਾਰੇ ਪੁੱਛਣ ਲਈ ਮੇਰੇ ਕੋਲ ਆ ਜਾਂਦੀ ਹੈ | ਪ੍ਰੰਤੂ ਲੋਕਾਂਚਾਰੀ ਤੋਂ ਸਾਨੂੰ ਦੋਹਾਂ ਨੂੰ ਡਰ ਲੱਗਦਾ ਹੈ | ਮਦਨ ਦੀ ਭੈਣ ਮਦਨ ਦੇ ਇਰਾਦੇ ਦੀ ਸਮਝ ਲੱਗ ਗਈ ਸੀ | ਉਹ ਸੁਰਜੀਤ ਦੇ ਘਰ ਗਈ | ਉਸ ਨੂੰ ਕਹਿਣ ਲੱਗੀ ਕਿ ਤੁਸੀਂ ਮੇਰੇ ਭਰਾ ਦੀ ਹਰ ਦੁੱਖ ਸੁਖ ਵਿਚ ਸਹਾਇਤਾ ਕੀਤੀ ਹੈ ਕਿ ਮੈਂ ਤੇਰਾ ਇਹ ਦੇਣ ਜ਼ਿੰਦਗੀ ਭਰ ਨਹੀਂ ਦੇ ਸਕਦੀ | ਜੇ ਕਰ ਤੂੰ ਖੁਸ਼ੀ ਦੀ ਦੇਖ ਭਾਲ ਨਾ ਕਰਦੀ ਤਾਂ ਮਦਨ ਨੇ ਸ਼ੀਲਾ ਦੀ ਮੌਤ ਤੋਂ ਬਾਅਦ ਭਟਕਦੇ ਫਿਰਨਾ ਸੀ ਅਤੇ ਖੁਸ਼ੀ ਦੀ ਜ਼ਿੰਦਗੀ ਰੁਲ ਜਾਣੀ ਸੀ | ਤੇਰਾ ਗਿਆਨ ਵੀ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਹੈ ਉਮੀਦ ਹੈ ਹੈ ਇਹ ਤੇਰੇ ਤੇ ਪਾਲੇ ਦੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰੇਗਾ | ਪ੍ਰੰਤੂ ਮੈਂ ਚਾਹੁੰਦੀ ਹਾਂ ਕਿ ਤੂੰ ਤੇ ਵੀਰਾ ਮਦਨ ਇਕੋ ਘਰ ਵਿਚ ਰਹਿਣ ਲੱਗ ਜਾਓ ਤੇ ਮੈਂ ਤੈਨੂੰ ਪਿਆਰ ਨਾਲ ਭਾਬੀ ਕਹਿਣ ਲੱਗ ਜਾਵਾਂ | ਤੈਨੂੰ ਖੁਲੀ ਛੁਟੀ ਹੈ ਤੂੰ ਮੇਰਾ ਫੈਸਲਾ ਠੁਕਰਾ ਵੀ ਸਕਦੀ ਹੈਂ | ਕੋਈ ਮਜਬੂਰੀ ਨਹੀਂ ਹੈ | ਸਮਾਜ ਵਿਚ ਪਸਰੀਆਂ ਜਾਤਾਂ ਪਾਤਾਂ ਦੀਆਂ ਰੋਕਾਂ ਨੂੰ ਵੀ ਪਾਰ ਕਰਨਾ ਮੁਸ਼ਕਿਲ ਹੁੰਦਾ ਹੈ | ਤੁਸੀਂ ਆਪਣੀ ਭਲਾਈ ਦੇਖਣੀ ਹੈ | ਔਰਤ ਨੂੰ ਹਮੇਸ਼ਾ ਹੀ ਮਰਦ ਦੇ ਸਾਥ ਦੀ ਲੋੜ ਹੁੰਦੀ ਹੈ | ਹਰ ਘਰ ਵਿਚ ਮਰਦ ਘਰ ਦੀ ਛੱਤ ਦਾ ਕੰਮ ਕਰਦਾ ਹੈ | ਛੱਤ ਦੇ ਹੁੰਦਿਆਂ ਮੀਂਹ ਕਣੀ ,ਤੇਜ਼ ਧੁਪਾਂ ਤੋਂ ਬਚਾ ਰਹਿੰਦਾ ਹੈ | ਇਹ ਸੁਣ ਕੇ ਸੁਰਜੀਤ ਬੋਲਣ ਲੱਗੀ ਭੈਣ ਜੀ ਗੱਲਾਂ ਤਾਂ ਸਾਰੀਆਂ ਹੀ ਤੁਹਾਡੀਆਂ ਠੀਕ ਹਨ | ਮਦਨ ਨੂੰ ਕਦੇ ਵੀ ਇਸ ਰਿਸ਼ਤੇ ਨਾਲ ਨਹੀਂ ਡਿਠਾ | ਹਰ ਕਿਸਮ ਦੀ ਮਦਦ ਮੈਂ ਉਨ੍ਹਾਂ ਤੋਂ ਲੈਂਦੀ ਰਹੀਂ ਹਾਂ | ਜਦੋਂ ਮੇਰੇ ਘਰ ਵਾਲਾ ਪਾਲਾ ਜਿਓੰਦਾ ਸੀ ਉਸ ਸਮੇਂ ਤੋਂ ਮੇਰਾ ਇਸ ਪਰਿਵਾਰ ਨਾਲ ਵਿਹਾਰ ਹੈ | ਅਸੀਂ ਚੰਗੇ ਦੋਸਤਾਂ ਵਾਂਗ ਵਰਤਿਆਂ ਹੈ ਦੁੱਖ ਵਿਚ ਸ਼ਰੀਕ ਹੋਏ ਹਾਂ | ਖੁਸ਼ੀਆਂ ਵੀ ਇਕੱਠੀਆਂ ਹੀ ਮਨਾਈਆਂ ਹਨ | ਉਨ੍ਹਾਂ ਨੇ ਕਦੇ ਵੀ ਸਾਨੂੰ ਨੀਂਵੀ ਜਾਤ ਦਾ ਨਹੀਂ ਜਾਣਿਆ | ਸਾਡੇ ਘਰ ਦਾ ਖਾ ਪੀ ਲੈਂਦੇ ਸਨ | ਲੋਕ ਕੀ ਕਹਿਣਗੇ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ | ਤੁਸੀਂ ਉੱਚੀ ਜਾਤ ਦੇ ਹੋ ਅਸੀਂ ਗਰੀਬ ਜਾਤੀ ਦੇ ਹਾਂ | ਇਹ ਜਾਤ ਪਾਤ ਦੀ ਦੀਵਾਰ ਇਸ ਤਰਾਂ ਹੈ ਜਿਵੇਂ ਕਿਸੇ ਨੇ ਕੰਧ ਕੱਢ ਕੇ ਉਪਰ ਕੱਚ ਲਗਾ ਦਿਤਾ ਹੋਵੇ | ਇਸ ਕੱਚ ਵਾਲੀ ਤਾਰ ਨੂੰ ਲੰਘਣ ਦਾ ਕੰਮ ਉਨ੍ਹਾਂ ਨੂੰ ਹੀ ਕਰਨਾ ਪਵੇਗਾ ਭਾਵੇਂ ਉਹ ਛਾਲ ਮਾਰ ਕੇ ਲੰਘਣ ਤੇ ਭਾਵੇਂ ਉਹ ਥੋੜੇ ਬਹੁਤੇ ਜ਼ਖਮ ਲੈ ਕੇ ਲੰਘਣ | ਇਹ ਨਾ ਹੋਵੇ ਕਿ ਜ਼ਖ਼ਮ ਉਨ੍ਹਾਂ ਲਈ ਦੁਖਾਂ ਦਾ ਪਹਾੜ ਬਣ ਖੜੋਵਣ | ਅਸੀਂ ਤੁਹਾਡੇ ਕਹਿਣ ਤੇ ਤਾਂ ਹੀ ਇਕੋ ਘਰ ਵਿਚ ਰਹਿ ਸਕਦੇ ਹਾਂ ਜੇ ਉਹ ਖੁਸ਼ ਰਹਿਣ | ਨਹੀਂ ਤਾਂ ਅਸੀਂ ਹੁਣ ਜਿਵੇਂ ਇਕ ਚੰਗੇ ਦੋਸਤ ਦੀ ਤਰਾਂ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਕਰਦੇ ਰਹਾਂਗੇ | ਜੇ ਉਹ ਮੇਰੇ ਦੋਸਤ ਬਣੇ ਰਹਿ ਸਕਦੇ ਹਨ ਤਾਂ ਮੇਰੀ ਤਾਂ ਕੋਈ ਮਜ਼ਾਲ ਨਹੀਂ ਹੈ ਕਿ ਮੈਂ ਇਹ ਦੋਸਤੀ ਤੋੜ ਸਕਾਂ | ਮੈਂ ਤਾਂ ਉਨ੍ਹਾਂ ਦੇ ਅਹਿਸਾਨਾਂ ਦਾ ਬਦਲਾ ਇਸ ਜਨਮ ਵਿਚ ਤਾਂ ਕੀ ਅਗਲੇ ਸੱਤ ਜਨਮਾਂ ਤਕ ਵੀ ਚੁਕਾ ਸਕਦੀ |
ਸੁਰਜੀਤ ਦੀਆਂ ਗੱਲਾਂ ਸੁਣ ਮਦਨ ਦੀ ਭੈਣ ਨੇ ਉਸ ਦੇ ਵਿਚਾਰ ਜਾਣ ਲਏ ਸਨ | ਹੁਣ ਤਾਂ ਚੁੱਲ੍ਹਾ ਹੀ ਇੱਕ ਕਰਨ ਦੀ ਲੋੜ ਸੀ | ਅਗਲੇ ਦਿਨ ਮਦਨ ਦੀ ਭੈਣ, ਮਦਨ ਅਤੇ ਖੁਸ਼ੀ ਨੂੰ ਲੈ ਕੇ ਗੁਰਦਵਾਰੇ ਪੁੱਜ ਗਈ ਉਧਰੋਂ ਸੁਰਜੀਤ ਗਿਆਨ ਨੂੰ ਲੈ ਕੇ ਆ ਗਈ | ਗੁਰਦਵਾਰੇ ਦੇ ਗ੍ਰੰਥੀ ਸਾਹਿਬ ਨੂੰ ਲਾਵਾਂ ਕਰਵਾਉਣ ਨੂੰ ਆਖਿਆ | ਉਸ ਨੇ ਆਪਣਾ ਫਰਜ਼ ਨਿਭਾਇਆ ਤੇ ਦੋਹਾਂ ਨੂੰ ਵਿਆਹ ਬੰਧਨ ਵਿਚ ਬੰਨ੍ਹ ਦਿੱਤਾ | ਸਾਰਿਆਂ ਨੇ ਇੱਕਠੇ ਲੰਗਰ ਛਕਿਆ | ਜਦੋਂ ਖੁਸ਼ੀ ਨੂੰ ਪਤਾ ਲੱਗਾ ਕਿ ਹੁਣ ਮੈਂ ਸੁਰਜੀਤ ਨੂੰ ਮੰਮੀ ਕਹਾਂਗੀ ਉਹ ਖੁਸ਼ ਹੋ ਗਈ | ਮਦਨ ਦੀ ਭੈਣ ਭਾਬੀ ਨੂੰ ਘਰੇ ਛੱਡ ਮਦਨ ਨੂੰ ਵਧਾਈ ਦੇ ਆਪਣੇ ਮਿਸ਼ਨ ਵਿਚ ਸਫਲ ਹੋ ਆਪਣੇ ਘਰ ਲਈ ਰਵਾਨਾ ਹੋ ਗਈ | ਸਮਾਂ ਆਪਣੀ ਚਾਲ ਨਾਲ ਅੱਗੇ ਵਧਣ ਲੱਗਾ | ਸਮੇਂ ਨੂੰ ਕੋਈ ਵੀ ਰੋਕ ਨਹੀਂ ਸਕਿਆ | ਸਮਾਂ ਤਾਂ ਅਮਰੀਕਾ ਤੇ ਮੈਕਸੀਕੋ ਵਿਚਲੀ ਕੰਧ ਸਹਜੇ ਹੀ ਲੰਘ ਜਾਂਦਾ ਹੈ | ਸਮੇਂ ਨੂੰ ਹਰਿਆਣਾ ਸਰਕਾਰ ਵਲੋਂ ਲਾਏ ਗਏ ਬੈਰੀਕੇਡ ਵੀ ਨਹੀਂ ਰੋਕ ਸਕੇ |ਮਦਨ ਤੇ ਸੁਰਜੀਤ ਵਿਆਹ ਬੰਧਨ ਵਿਚ ਬੱਝ ਕੇ ਆਪਣੇ ਘਰ ਦੀਆਂ ਖੁਸ਼ੀਆਂ ਬੱਚਿਆਂ ਦੀ ਝੋਲੀ ਵਿਚ ਪਾਉਣ ਦੇ ਯਤਨਾ ਵਿਚ ਰੁਝ ਗਏ ਸਨ | ਗਿਆਨ ਅਗਲੀਆਂ ਕਲਾਸਾਂ ਪਾਸ ਕਰਦਾ ਹੋਇਆ ਬੀ ਏ ਪਾਸ ਕਰ ਗਿਆ | ਸੁਰਜੀਤ ਨੂੰ ਲੱਗ ਰਿਹਾ ਸੀ ਕਿ ਉਸ ਦਾ ਗਿਆਨ ਆਪਣੇ ਪਿਓ ਪਾਲੇ ਦਾ ਸੁਪਨਾ ਪੂਰਾ ਜਰੂਰ ਕਰੇਗਾ |ਉਸ ਨੇ ਮਦਨ ਨਾਲ ਸਲਾਹ ਕਰ ਮੁਕਾਬਲੇ ਦੇ ਇਮਿਤਹਾਨ ਦੀ ਤਿਆਰੀ ਸ਼ੁਰੂ ਕਰ ਦਿਤੀ ਸੀ | ਪੂਰੀ ਲਗਨ ਅਤੇ ਮੇਹਨਤ ਨਾਲ ਤਿਆਰੀ ਕਰ ਰਿਹਾ ਸੀ | ਮੁਕਾਬਲੇ ਦੀ ਤਰੀਖ ਤੇ ਆਪਣੇ ਬਾਪ ਨਾਲ ਜਾ ਇਮਿਤਿਹਾਨ ਦੇ ਆਇਆ | ਪੇਪਰ ਵਧੀਆ ਹੋਇਆ ਸੀ | ਉਸ ਨੂੰ ਚੰਗੇ ਨਤੀਜੇ ਦੀ ਉਮੀਦ ਸੀ | ਸੁਰਜੀਤ ਆਪਣੇ ਪਰਮਾਤਮਾ ਅੱਗੇ ਅਰਦਾਸਾਂ ਕਰ ਰਹੀ ਸੀ ਕਿ ਵਾਹਿਗੁਰੂ ਉਸ ਦੀ ਮੇਹਨਤ ਨੂੰ ਰੰਗ ਲਾਵੇ | ਨਤੀਜੇ ਦੀ ਉਡੀਕ ਵਿਚ ਸਮਾਂ ਭਜਿਆ ਜਾ ਰਿਹਾ ਸੀ | ਨਤੀਜਾ ਆਇਆ | ਗਿਆਨ ਦਾ ਸਾਰੇ ਸੂਬੇ ਵਿਚੋਂ ਪੰਜਵਾਂ ਨੰਬਰ ਸੀ | ਮਦਨ ਤੇ ਸੁਰਜੀਤ ਨੇ ਖੁਸ਼ੀ ਮਨਾਈ | ਹੁਣ ਇੰਟਰਵਿਊ ਦੇਣੀ ਸੀ | ਉਸ ਦੀ ਤਰੀਖ ਨਤੀਜੇ ਨਾਲ ਆ ਗਈ ਸੀ ਜਿਹੜੀ ਪੰਦਰਾਂ ਦਿਨ ਦੇ ਬਾਅਦ ਸੀ | ਉਹ ਤਿਆਰੀ ਕਰ ਰਿਹਾ ਸੀ | ਉਸ ਦੀ ਭੈਣ ਵੀ ਮੇਹਨਤ ਕਰ ਰਹੀ ਸੀ ਉਸ ਨੇ ਉਚਾ ਟੀਚਾ ਮਿਥ ਲਿਆ ਸੀ | ਉਹ ਚਾਹੁੰਦੀ ਸੀ ਕਿ ਉਹ ਗਿਆਨ ਤੋਂ ਅੱਗੇ ਲੰਘ ਜਾਵੇ | ਇੰਟਰਵਿਊ ਹੋਈ ਤਾਂ ਗਿਆਨ ਨੂੰ ਆਪਣੀ ਸਫਲਤਾ ਤੇ ਭਰੋਸਾ ਸੀ | ਕੁਝ ਦਿਨ ਬਾਅਦ ਨਤੀਜਾ ਆਇਆ ਗਿਆਨ ਨੂੰ ਚੁਣ ਲਿਆ ਗਿਆ ਤੇ ਉਸ ਨੂੰ ਆਪਣੇ ਜ਼ਿਲੇ ਵਿਚ ਹੀ ਵੱਡਾ ਅਫਸਰ ਲਗਾ ਦਿੱਤਾ ਗਿਆ | ਉਨ੍ਹਾਂ ਦੇ ਘਰ ਵਧਾਈਆਂ ਦੇਣ ਲਈ ਲੋਕ ਆ ਜਾ ਰਹੇ ਸਨ | ਸੁਰਜੀਤ ਨੂੰ ਇਹ ਖੁਸ਼ੀ ਸੀ ਕਿ ਗਿਆਨ ਨੇ ਆਪਣੇ ਪਿਤਾ ਦਾ ਸੁਪਨਾ ਸੱਚ ਕਰ ਦਿੱਤਾ ਸੀ |ਸੁਰਜੀਤ ਦਾ ਸਟਾਫ ਵੀ ਖੁਸ਼ ਸੀ | ਉਨ੍ਹਾਂ ਵਲੋਂ ਪੜ੍ਹਾਏ ਬਚੇ ਨੇ ਸਫਲਤਾ ਪ੍ਰਾਪਤ ਕੀਤੀ ਸੀ | ਗਿਆਨ ਨੇ ਸਭ ਤੋਂ ਪਹਿਲਾਂ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ | ਮਾਪਿਆਂ ਨੂੰ ਨਾਲ ਲੈ ਕੇ ਆਪਣੀ ਨੌਕਰੀ ਤੇ ਹਾਜ਼ਰ ਹੋ ਗਿਆ | ਸੁਰਜੀਤ ਦੇ ਪੈਰ ਤਾਂ ਭੂਮੀ ਤੇ ਨਹੀਂ ਲੱਗ ਰਹੇ ਸੀ | ਉਹ ਖੁਸ਼ੀ ਵਿਚ ਫਾਵੀ ਹੋਈ ਫਿਰਦੀ ਸੀ | ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਵੇਂ ਸਭ ਦਾ ਧੰਨਵਾਦ ਕਰੇ | ਉਸ ਨੇ ਗੁਰਦਵਾਰੇ ਜਾ ਪ੍ਰਸ਼ਾਦ ਕਰਵਾਇਆ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ |
– ਡਾਕਟਰ ਅਜੀਤ ਸਿੰਘ ਕੋਟਕਪੂਰਾ