ਪਹਿਲੇ ਦਿਨ ਰੋਹਿਤ ਤੇ ਜਡੇਜਾ ਨੇ ਜੜੇ ਸੈਂਕੜੇ

ਭਾਰਤ ਨੇ ਅੱਜ ਇੱਥੇ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਮੈਚ ’ਚ ਸ਼ੁਰੂਆਤੀ ਝਟਕਿਆਂ ਤੋਂ ਉੱਭਰਦਿਆਂ ਕਪਤਾਨ ਰੋਹਿਤ ਸ਼ਰਮਾ ਅਤੇ ਹਰਫਨਮੌਲਾ ਰਵਿੰਦਰ ਜਡੇਜਾ ਦੇ ਸੈਂਕੜਿਆਂ ਸਦਕਾ ਪਹਿਲੇ ਦਿਨ ਪੰਜ ਵਿਕਟਾਂ ਗੁਆ ਕੇ 326 ਦੌੜਾਂ ਬਣਾ ਲਈਆਂ। ਇਸੇ ਦੌਰਾਨ ਭਾਰਤ ਵੱਲੋਂ ਅੱਜ ਸਰਫਰਾਜ਼ ਖ਼ਾਨ ਅਤੇ ਵਿਕਟ ਕੀਪਰ ਧਰੁਵ ਜੁਰੈਲ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ। ਸਰਫਰਾਜ਼ ਖ਼ਾਨ ਨੇ ਆਪਣੇ ਪਹਿਲੇ ਹੀ ਕੌਮਾਂਤਰੀ ਮੈਚ ਵਿੱਚ ਨੀਮ ਸੈਂਕੜਾ ਜੜਦਿਆਂ ਰਨ ਆਊਟ ਹੋਣ ਤੋਂ ਪਹਿਲਾਂ 66 ਗੇਂਦਾਂ ’ਤੇ 62 ਦੌੜਾਂ ਦੀ ਪਾਰੀ ਖੇਡੀ। ਸਰਫਰਾਜ਼ ਨੇ ਖੁੱਲ੍ਹ ਕੇ ਬੱਲੇਬਾਜ਼ੀ ਕੀਤੀ ਅਤੇ ਆਪਣੀ ਪਾਰੀ ਦੌਰਾਨ 9 ਚੌਕੇ ਅਤੇ ਇੱਕ ਛੱਕਾ ਮਾਰਿਆ। ਇਸ ਤੋਂ ਪਹਿਲਾਂ ਭਾਰਤ ਨੂੰ ਅੱਜ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਰਾਸ ਨਾ ਆਇਆ ਤੇ ਇੱਕ ਸਮੇਂ ਟੀਮ ਨੇ 33 ਦੌੜਾਂ ’ਤੇ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਰੋਹਿਤ ਸ਼ਰਮਾ (131 ਦੌੜਾਂ) ਅਤੇ ਰਵਿੰਦਰ ਜਡੇਜਾ (ਨਾਬਾਦ 110 ਦੌੜਾਂ) ਨੇ ਚੌਥੀ ਵਿਕਟ ਲਈ 204 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 10 ਦੌੜਾਂ ਬਣਾ ਕੇ ਜਦਕਿ ਸ਼ੁਭਮਨ ਗਿੱਲ ਬਿਨਾਂ ਖਾਤੇ ਖੋਲ੍ਹੇ ਹੀ ਆਊਟ ਹੋਇਆ। ਰਜਤ ਪਾਟੀਦਾਰ 5 ਦੌੜਾਂ ਹੀ ਬਣਾ ਸਕਿਆ। ਪਹਿਲੇ ਦਿਨ ਦੀ ਖੇਡ ਖਤਮ ਹੋਣ ਸਮੇਂ ਜਡੇਜਾ ਨਾਲ ਕੁਲਦੀਪ ਯਾਦਵ (1 ਦੌੜ) ਬਣਾ ਕੇ ਨਾਬਾਦ ਸੀ। ਰੋਹਿਤ ਸ਼ਰਮਾ ਕੌਮਾਂਤਰੀ ਕ੍ਰਿਕਟ ’ਚ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਚੌਥਾ ਬੱਲੇਬਾਜ਼ ਬਣ ਗਿਆ ਹੈ। ਰੋਹਿਤ ਦੇ ਨਾਂ ਹੁਣ 470 ਕੌਮਾਂਤਰੀ ਮੈਚਾਂ ਵਿੱਚ 18,641 ਦੌੜਾਂ ਹੋ ਗਈਆਂ ਹਨ। ਉਸ ਨੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਪਿੱਛੇ ਛੱਡਦਿਆਂ ਇਹ ਪ੍ਰਾਪਤੀ ਹਾਸਲ ਕੀਤੀ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਸਾਬਕਾ ਕਪਤਾਨ ਤੇ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਦਿਆਂ ਟੈਸਟ ਕ੍ਰਿਕਟ ’ਚ ਭਾਰਤ ਵੱਲੋਂ ਸਭ ਵੱਧ ਛੱਕੇ ਲਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਰੋਹਿਤ ਦੇ ਨਾਂ 79 ਛੱਕੇ ਹਨ ਜਦਕਿ ਭਾਰਤ ਵੱਲੋਂ ਸਭ ਤੋਂ ਵੱਧ 91 ਛੱਕੇ ਵਰਿੰਦਰ ਸਹਿਵਾਗ ਦੇ ਨਾਂ ਦਰਜ ਹਨ। ਦੂਜੇ ਪਾਸੇ ਹਰਫਨਮੌਲਾ ਰਵਿੰਦਰ ਜਡੇਜਾ ਟੈਸਟ ਮੈਚਾਂ ’ਚ 3000 ਦੌੜਾਂ ਬਣਾਉਣ ਅਤੇ 200 ਵਿਕਟਾਂ ਲੈਣ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ ਹੈ। ਟੈਸਟ ਮੈਚਾਂ ’ਚ ਜਡੇਜਾ ਦੇ ਨਾਂ ਹੁਣ ਤੱਕ 3003 ਦੌੜਾਂ ਅਤੇ 280 ਵਿਕਟਾਂ ਹਨ। ਉਸ ਤੋਂ ਅੱਗੇ ਕਪਿਲ ਦੇਵ (5248 ਦੌੜਾਂ ਅਤੇ 434 ਵਿਕਟਾਂ) ਅਤੇ ਆਰ. ਅਸ਼ਿਵਨ (3271 ਦੌੜਾਂ ਤੇ 499 ਵਿਕਟਾਂ) ਹਨ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...