
ਆਪਣੇ ਛੋਟੇ ਭਰਾ ਗੁਰਮੇਲ ਸਿੰਘ ਰਾਹੀਂ ਮੈਨੂੰ ਡਾ.ਅਜੀਤਪਾਲ ਸਿੰਘ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਦਾ ਸਾਂਝਾ ਸੰਗ੍ਰਹਿ ” ਸੱਧਰਾਂ ਭਰਿਆ ਸੰਦੂਕ” ਪੁਸਤਕ ਮਿਲੀ I ਇਸ ਨਾਮ ਤੋਂ ਪਹਿਲਾਂ ਮੈਂ ਦੋ ਹੋਰ ਡਾ.ਅਜੀਤਪਾਲ ਸਿੰਘ ਨਾਮ ਦੇ ਵਿਦਵਾਨਾਂ ਨੂੰ ਜਾਣਦਾ ਹਾਂ I ਪਰ ਡਾ.ਅਜੀਤਪਾਲ ਸਿੰਘ ਪੀ.ਐਚ .ਡੀ, ਐਮ.ਐਸ.ਸੀ (ਹਿਊਮਨ ਬਾਇਉਲੋਜੀ) ਦੀਆਂ ਡਿਗਰੀਆਂ ਅਤੇ ਮਾਨ-ਸਨਮਾਨ ਪੜ੍ਹ ਕੇ ਹੈਰਾਨ ਰਹਿ ਗਿਆ I ਪਹਿਲੀ ਵਾਰ ਮੈਂ ਉਸ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਦੇ ਰੂਬਰੂ ਹੋਇਆ ਹਾਂ I ਇਸ ਪੁਸਤਕ ਵਿਚ ਛਪੀਆਂ ਸਭ ਕਹਾਣੀਆਂ , ਚਾਹੇ “ਮਾਂ ਦਿਵਸ ਮੁਬਾਰਕ” ਹੋਵੇ ਜਾਂ ” ਲੱਸੀ ਵਾਲਾ ਡੋਲੂ” ਹੋਵੇ ਜਾਂ “ਜ਼ਿੰਦਗੀ ਦੇ ਗ਼ੁਬਾਰੇ”, “ਵਾਲੀਆਂ”, “ਸੰਧਾਰਾ” ਜਾਂ “ਖ਼ੈਰ ਸੁਖ” ਹੋਵੇ, ਇਹ ਕਹਾਣੀਆਂ ਇਸ ਕਥਨ ਦੀ ਗਵਾਹੀ ਭਰਦੀਆਂ ਹਨ ਕਿ ਡਾ.ਅਜੀਤਪਾਲ ਸਿੰਘ ਨੂੰ ਪੇਂਡੂ ਸੁਭਾਵ ਦੀ, ਪੇਂਡੂ ਜੀਵਨ ਦੀ ਤੇ ਪੇਂਡੂ ਸਭਿਆਚਾਰ ਦੀ ਬਾਖ਼ੂਬੀ ਸਮਝ ਹੈ ਤੇ ਇਹਨਾਂ ਨੂੰ ਸ਼ਬਦਾਂ ਰਾਹੀਂ ਪ੍ਰਗਟਾਉਣ ਦੀ ਜਾਂਚ ਵੀ ਹੈ I ਇਹਨਾਂ ਕਹਾਣੀਆਂ ਵਿਚ ਪੇਸ਼ ਨਿੱਕੀਆਂ ਨਿੱਕੀਆਂ ਤੇ ਸਾਧਾਰਨ ਘਟਨਾਵਾਂ ਵਿਚ ਵੱਡੇ ਸਮਾਜਿਕ ਅਰਥ ਸਮੋਏ ਹੋਏ ਹਨ I ਅੱਜ ਦੇ ਦੌਰ ਵਿਚ ਪਰਿਵਾਰਕ ਰਿਸ਼ਤੇ ਤਿੜੱਕ ਰਹੇ ਹਨ ਤੇ ਓਹਨਾ ਵਿਚ ਨਿਘਾਰ ਆ ਰਹੇ ਹਨ I ਅਜੀਤਪਾਲ ਨੇ ਬੜੀ ਸਫਲਤਾ ਨਾਲ ਇਹਨਾਂ ਨੂੰ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤਾ ਹੈ I ਇਹਨਾਂ ਕਹਾਣੀਆਂ ਦੀ ਇਹ ਖ਼ੂਬਸੂਰਤੀ ਹੈ ਕਿ ਇਹ ਮਾਨਵੀ ਸਰੋਕਾਰ ਦੀ ਗਵਾਹੀ ਭਰਦੀਆਂ ਹਨ I ਕਹਾਣੀਆਂ ਸਹਿਜ ਰੂਪ ਵਿਚ, ਸਰਲ ਭਾਸ਼ਾ ਵਿਚ ਤੇ ਸੰਜਮਤਾ ਨਾਲ ਬਿਆਨੀਆ ਗਈਆਂ ਹਨ, ਇਹਨਾਂ ਵਿਚ ਸੰਵੇਦਨਾ ਵੀ ਹੈ ਤੇ ਸੁਹਿਰਦਤਾ ਵੀ I
ਇਸ ਪੁਸਤਕ ਦੇ ਅਖੀਰ ਵਿਚ ਕਵਿਤਾਵਾਂ ਵੀ ਦਰਜ਼ ਹਨ I ਚੇਤ-ਅਚੇਤ ਸੰਤੁਲਨ ਬਣਾ ਰੱਖਿਆ ਹੈ, ੧੦ ਕਹਾਣੀਆਂ ਹਨ, ੧੦ ਹੈ ਕਵਿਤਾਵਾਂ ਹਨ I ਇਹਨਾਂ ਕਹਾਣੀਆਂ ਕਵਿਤਾਵਾਂ ਤੋਂ ਇਹ ਆਭਾਸ ਹੁੰਦਾ ਹੈ, ਡਾ. ਅਜੀਤਪਾਲ ਸਿੰਘ ਕੋਲ ਘਟਨਾਵਾਂ ਨੂੰ ਵੇਖਣ ਅਤੇ ਮਨੁੱਖੀ ਮਨ ਨੂੰ ਪੈੜਾਂ ਲਈ ਸੰਵੇਦਨਸ਼ੀਲਤਾ ਅਤੇ ਸੂਖਸ਼ਮਤਾ ਦਾ ਹੁਨਰ ਹੈ I ” ਸੱਧਰਾਂ ਭਰਿਆ ਸੰਦੂਕ ” ਪੁਸਤਕ ਦੇ ਪਾਠਕ ਭਰਪੂਰ ਹੁੰਗਾਰਾ ਭਰਨਗੇ ਇਹ ਮੈਨੂੰ ਉਮੀਦ ਹੈ I ਮੈਂ ਸਾਹਿਤ ਦੇ ਖੇਤਰ ਵਿਚ, ਡਾ.ਅਜੀਤਪਾਲ ਸਿੰਘ ਦੇ ਉਜਲੇ ਭਵਿੱਖ ਦੀ ਕਾਮਨਾ ਕਰਦਾ ਹਾਂ I
-ਬਲਦੇਵ ਸਿੰਘ (ਸੜਕਨਾਮਾ)
ਸੱਧਰਾਂ ਭਰਿਆ ਸੰਦੂਕ
ਲੇਖਕ : ਡਾ.ਅਜੀਤਪਾਲ ਸਿੰਘ
ਪ੍ਰਕਾਸ਼ਕ : ਆਥਰਜ਼ ਪ੍ਰੈਸ ਨਵੀਂ ਦਿੱਲੀ
ਮੁੱਲ : 295 ਰੁਪਏ, ਸਫੇ – 96
ਸੰਪਰਕ : 98180-49852