ਰੁੱਖ ਚੰਦਰੇ ਭਾਵੇਂ ਨੀ ਬੋਲਦੇ…/ ਅਮਨਦੀਪ ਸਿੰਘ 

‘ਰੁੱਖ ਚੰਦਰੇ ਭਾਵੇਂ ਨੀ ਬੋਲਦੇ

ਦੁੱਖ ਤੇਰਾ ਸਭ ਜਾਣਦੇ, ਨੀ ਜਿੰਦੇ ਮੇਰੀਏ!’

ਕੀ ਰੁੱਖ ਵੀ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੇ ਹਨ? ਉਹ ਬੋਲ ਤਾਂ ਨਹੀਂ ਸਕਦੇ, ਪਰ ਕੀ ਰੁੱਖ ਵੇਖ ਸਕਦੇ ਹਨ? ਕੀ ਉਹ ਵੀ ਚੇਤਨ ਹੋ ਸਕਦੇ ਹਨ? ਕੀ ਉਹ ਦਰਦ ਵੀ ਮਹਿਸੂਸ ਕਰ ਸਕਦੇ ਹਨ?

‘ਛੂਈ-ਮੂਈ (Mimosa Pudica)’ ਦਾ ਪੌਦਾ, ਜੋ ਕਿ ਉਹ ਹੱਥ ਦੇ ਸਪਰਸ਼ ਨਾਲ਼ ਸੁੰਘੜ ਜਾਂਦਾ ਹੈ, ਸਭ ਨੂੰ ਬੜਾ ਚੰਗਾ ਲਗਦਾ ਹੈ। ਉਸਦੇ ਸੁੰਘੜਨ ਦਾ ਅਸਲ ਕਾਰਨ ਸਪਰਸ਼ ਕਰਕੇ, ਉਸਦੀਆਂ ਪੱਤੀਆਂ ਤੇ ਡਾਲੀਆਂ ਦੇ ਵਿਚਲੇ ਖ਼ਾਸ ਸੈੱਲਾਂ ਵਿੱਚੋਂ ਪਾਣੀ ਦਾ ਤੇਜ਼ੀ ਨਾਲ਼ ਛੁੱਟਣਾ ਹੈ। ਇਹ ਸਮਝਿਆ ਜਾਂਦਾ ਹੈ ਕਿ ਇਹ ਸ਼ਾਕਾਹਾਰੀ ਜਾਨਵਰਾਂ ਤੋਂ ਬਚਾਅ ਦਾ ਇੱਕ ਤਰੀਕਾ ਹੈ, ਤਾਂ ਜੋ ਉਹ ਇੱਕ ਦਮ ਪੌਦੇ ਦੇ ਸੁੰਘੜਨ ਦੇ ਚਲਣ ਤੋਂ ਡਰ ਕੇ ਲਾਂਭੇ ਹੋ ਜਾਣ। ਸਰੀਰਕ ਸਪਰਸ਼ ਤੋਂ ਹੋਣ ਵਾਲ਼ੀ ਉਕਸਾਹਟ ਤੋਂ ਇਲਾਵਾ, ਇਸਦੀਆਂ ਪੱਤੀਆਂ ਰਾਤ ਨੂੰ ਮੁਰਝਾ ਜਾਂਦੀਆਂ ਹਨ ਤੇ ਦਿਨ ਦੇ ਚਾਨਣ ਨਾਲ਼ ਮੁੜ ਜਾਗ ਜਾਂਦੀਆਂ ਹਨ। ਇਸ ਵਰਤਾਰੇ ਨੂੰ ਬਨਸਪਤੀ ਵਿਗਿਆਨਕ ਨਿਸ਼ਾਨੂਕੁੰਚੀ (Nyctinastic) ਗਤੀ ਕਹਿੰਦੇ ਹਨ। ਮੂਲ ਤੌਰ ਤੇ ਦੱਖਣੀ ਅਮਰੀਕਾ ਤੇ ਮੱਧ ਅਮਰੀਕਾ ਦੀ ਪੈਦਾਇਸ਼ ਇਹ ਪੌਦਾ ਟਰੌਪੀਕਲ (Tropical) ਤੇ ਗਰਮ ਖੇਤਰਾਂ ਵਿੱਚ ਮਿਲਦਾ ਹੈ।

ਇਸੇ ਤਰ੍ਹਾਂ, ਕਈ ਪੌਦੇ ਸ਼ਿਕਾਰੀ ਵੀ ਹੁੰਦੇ ਹਨ, ਜੋ ਆਪਣੇ ਸ਼ਿਕਾਰ ਜੰਤੂਆਂ ਨੂੰ ਆਪਣੀਆਂ ਪੱਤੀਆਂ ਵਿੱਚ ਲਪੇਟ ਲੈਂਦੇ ਹਨ, ਤੇ ਫੇਰ ਆਪਣਾ ਭੋਜਨ ਬਣਾ ਲੈਂਦੇ ਹਨ। ਇੱਕ ਅਜਿਹਾ ਹੀ ਪੌਦਾ ਵੀਨਸ ਮੱਖੀ ਫੰਦਾ (Venus Flytrap – Dionaea muscipula) ਹੈ, ਜੋ ਕਿ ਆਪਣਾ ਮੂੰਹ ਖੁੱਲ੍ਹਾ ਰੱਖਦਾ ਹੈ ਤੇ ਜਿਵੇਂ ਹੀ ਕੋਈ ਮੱਖੀ ਜਾਂ ਪਤੰਗਾ ਉਸਤੇ ਆਕੇ ਉਸਦਾ ਰਸ ਚੂਸਣ ਲਗਦਾ ਹੈ ਤਾਂ ਥੋੜੇ ਸਕਿੰਟਾਂ ਬਾਅਦ ਹੀ ਉਹ ਆਪਣਾ ਮੂੰਹ ਬੰਦ ਕਰਕੇ ਮੱਖੀ ਨੂੰ ਜਕੜ ਕੇ ਖਾ ਜਾਂਦਾ ਹੈ। ਜਦੋਂ ਵਿਗਿਆਨਕਾਂ (ਫਰੰਟੀਸੇਕ ਬਲੂਸਕਾ, ਬੋਨ ਯੂਨੀਵਰਸਿਟੀ ਤੇ ਉਸਦੇ ਸਹਿਯੋਗੀ) ਨੇ ਇੱਕ ਪ੍ਰਯੋਗ ਕਰਦੇ ਹੋਏ ਉਸਦੇ ਬੇਹੋਸ਼ੀ ਦਾ ਟੀਕਾ ਲਗਾਇਆ ਤਾਂ ਦਵਾਈ ਨੇ ਉਸਦਾ ਮੂੰਹ ਬੰਦ ਹੋਣ ਤੋਂ ਰੋਕ ਕੇ ਰੱਖਿਆ। ਪਰ ਜਿਵੇਂ ਹੀ ਦਵਾਈ ਦਾ ਅਸਰ ਖਤਮ ਹੋਇਆ ਤਾਂ ਪੌਦਾ ਜਾਗ ਪਿਆ ਤੇ ਮੁੜ ਤੋਂ ਮੱਖੀਆਂ ਪਕੜਨ ਲੱਗਿਆ। ਕੀ ਇਹ ਚੇਤਨਤਾ ਦੀ ਨਿਸ਼ਾਨੀ ਹੈ? ਜੇ ਅਸੀਂ ਇਹ ਸਾਬਿਤ ਕਰ ਦੇਈਏ ਕਿ ਰੁੱਖ ਵੀ ਚੇਤਨ ਹੁੰਦੇ ਹਨ, ਤਾਂ ਸਾਨੂੰ ਉਹਨਾਂ ਨਾਲ਼ ਆਪਣਾ ਵਰਤਾਅ ਜੜ੍ਹ ਮੂਲ ਤੋਂ ਬਦਲਨਾ ਪਏਗਾ। ਸਾਨੂੰ ਰੁੱਖਾਂ ਪ੍ਰਤੀ ਪਿਆਰ ਭਰਿਆ ਰਵਈਆ ਇਖਤਿਆਰ ਕਰਨਾ ਪਏਗਾ!

ਜ਼ਮੀਨ ਦੇ ਥੱਲੇ, ਪੌਦਿਆਂ ਦੀਆਂ ਜੜ੍ਹਾਂ ਤੋਂ ਇਲਾਵਾ ਇੱਕ ਕਿਸਮ ਦੀ ਕਾਈ ਦਾ ਜਾਲ਼ ਫੈਲਿਆ ਹੁੰਦਾ ਹੈ, ਜੋ ਜੜ੍ਹਾਂ ਦੇ ਮਾਰਫ਼ਤ ਅੱਲਗ-ਅੱਲਗ ਰੁੱਖਾਂ ਨੂੰ ਆਪਸ ਵਿੱਚ ਜੋੜਦਾ ਹੈ। ਇਹ ਇੱਕ ਕਾਈ ਦਾ ਅਦਭੁਤ ਤੇ ਸੂਖਮ ਜਾਲ਼ ਹੈ, ਵਿਗਿਆਨਕ ਜਿਸਨੂੰ ਮਾਈਸਿਲੀਅਮ (Mycelium) ਜਾਲ਼ ਆਖਦੇ ਹਨ। ਮਾਈਸਿਲੀਅਮ ਇੱਕ ਤਰ੍ਹਾਂ ਦੇ ਮਹੀਨ ਧਾਗੇ ਹੁੰਦੇ ਹਨ, ਜੋ ਕਿ ਵੱਡੇ ਕਾਈ ਸੰਘਠਨ ਦਾ ਹਿੱਸਾ ਹੁੰਦੇ ਹਨ ਤੇ ਰੁੱਖਾਂ ਦੀਆਂ ਜੜ੍ਹਾਂ ਨਾਲ਼ ਲਿਪਟੇ ਹੁੰਦੇ ਹਨ। ਮਾਈਸਿਲੀਅਮ ਮਿਲਕੇ ਮਾਇਕੋਰਾਇਜ਼ਲ ਜਾਲ਼ ਬਣਾਉਂਦੇ ਹਨ, ਜੋ ਕਿ ਰੁੱਖਾਂ ਨੂੰ ਇੱਕ ਦੂਜੇ ਨਾਲ਼ ਪਾਣੀ, ਨਾਈਟ੍ਰੋਜਨ, ਕਾਰਬਨ ਤੇ ਹੋਰ ਖਣਿਜ ਪਦਾਰਥਾਂ ਦੀ ਅਦਲਾ-ਬਦਲੀ ਦਾ ਜਰੀਆ ਬਣਦਾ ਹੈ। ਜਰਮਨੀ ਦੇ ਇੱਕ ਜੰਗਲਾਤ-ਅਫ਼ਸਰ ਨੇ ਇਸ ਜਾਲ਼ ਨੂੰ ਕਾਠ ਜਾਲ਼ ਦਾ ਨਾਂ ਦਿੱਤਾ ਹੈ, ਕਿਓਂਕਿ ਉਸਦੇ ਅਨੁਸਾਰ ਇਸ ਜਾਲ਼ ਦੇ ਮਾਰਫ਼ਤ ਰੁੱਖ ਇੱਕ ਦੂਜੇ ਨਾਲ਼ ਸੰਪਰਕ ਕਰ ਸਕਦੇ ਹਨ। ਉਸਨੇ ਇਹ ਨਾਮ ਇੰਟਰਨੇਟ ਦੇ ਵਿਸ਼ਵ ਜਾਲ਼ (Worldwide web) ਦੇ ਨਾਲ਼ ਮਿਲ਼ਦਾ-ਜੁਲ਼ਦਾ ਦਿੱਤਾ ਹੈ, ਪਰ ਕਾਠ ਜਾਲ਼ ਇੰਟਰਨੈਟ ਵਿਸ਼ਵ ਜਾਲ਼ ਤੋਂ ਕਿਤੇ ਜ਼ਿਆਦਾ ਗੁੰਝਲਦਾਰ ਹੈ!

ਇੱਕ ਹਰੇ ਭਰੇ ਜੰਗਲ ਵਿੱਚ, ਹਰ ਇੱਕ ਰੁੱਖ ਇੱਕ ਦੂਜੇ ਨਾਲ਼ ਇਸ ਕਾਠ ਜਾਲ਼ ਦੇ ਰਾਹੀਂ ਜੁੜਿਆ ਹੁੰਦਾ ਹੈ, ਜਿਸ ਨਾਲ਼ ਉਹ ਇੱਕ ਦੂਸਰੇ ਨਾਲ਼ ਆਪਣੀ ਖੁਰਾਕ ਸਾਂਝੀ ਕਰ ਸਕਦੇ ਹਨ। ਮਾਂ ਰੁੱਖ, ਆਪਣੇ ਬੱਚਿਆਂ ਨੂੰ ਖੁਰਾਕ ਦੇ ਸਕਦਾ ਹੈ। ਜੋ ਪੌਦੇ ਛਾਂ ਦੇ ਵਿੱਚ ਹੁੰਦੇ ਹਨ ਤੇ ਜਿਨ੍ਹਾਂ ਨੂੰ ਸੂਰਜ ਦੀ ਰੌਸ਼ਨੀ ਘੱਟ ਮਿਲਦੀ ਹੈ, ਵਧਣ-ਫੁੱਲਣ ਲਈ ਉਹ ਵੱਡੇ ਤੇ ਲੰਬੇ ਰੁੱਖਾਂ ਦੇ ਆਸਰੇ ‘ਤੇ ਨਿਰਭਰ ਕਰਦੇ ਹਨ, ਜੋ ਕਿ ਕਾਠ ਜਾਲ਼ ਦੇ ਰਾਹੀਂ ਉਹਨਾਂ ਨੂੰ ਪੌਸ਼ਟਿਕ ਖਾਦ ਪਦਾਰਥ ਭੇਜ ਸਕਦੇ ਹਨ। ਇੰਗਲੈਂਡ ਦੀ ਇੱਕ ਯੂਨੀਵਰਸਿਟੀ ਦੀ ਖੋਜ ਅਨੁਸਾਰ, ਡਗਲਸ-ਫਰ ਰੁੱਖ ਆਪਣੇ ਸੰਬੰਧੀ ਰੁੱਖਾਂ ਦੀਆਂ ਜੜ੍ਹਾਂ ਦੇ ਸੰਕੇਤ ਸਮਝ ਸਕਦੇ ਹਨ ਤੇ ਉਹਨਾਂ ਨੂੰ ਦੂਜਿਆਂ ਤੋਂ ਪਹਿਲਾਂ ਖੁਰਾਕ ਭੇਜਦੇ ਹਨ।

ਜੰਗਲ ਦੇ ਵਿੱਚ ਜਦੋਂ ਸ਼ਾਮ ਢਲ਼ਦੀ ਹੈ ਤਾਂ ਹੌਲ਼ੀ -ਹੌਲ਼ੀ ਰੁੱਖ ਇੱਕ ਦੂਜੇ ਨੂੰ ਅਜਿਹਾ ਕੁੱਝ ਕਹਿੰਦੇ ਹਨ, ਜਿਸ ਨਾਲ਼ ਉਹ ਝੂਮਣ ਲੱਗ ਜਾਂਦੇ ਹਨ। ਵਲ਼ ਖਾਂਦੀਆਂ ਨਦੀਆਂ ਇਸ਼ਾਰੇ ਕਰਦੀਆਂ ਹਨ, ਉਹਨਾਂ ਦੇ ਨਿਰਮਲ ਜਲ ਦੇ ਨਾਲ਼ ਬਨਸਪਤੀ ਪ੍ਰਫੁੱਲਿਤ ਹੁੰਦੀ ਹੈ, ਫੁੱਲ  ਖਿੜਦੇ ਹਨ! ਇਹ ਕੁਦਰਤ ਦਾ ਇੱਕ ਰੂਹਾਨੀ ਵਰਤਾਰਾ ਹੈ। ਜਿਸਨੂੰ ਅੱਜ ਮਨੁੱਖ ਕੋਲੋਂ ਖਤਰਾ ਹੈ, ਜੋ ਆਪਣੇ ਫ਼ਾਇਦੇ ਲਈ ਰੁੱਖ ਵੱਢ ਰਿਹਾ ਹੈ, ਜੰਗਲ ਤਬਾਹ ਕਰ ਰਿਹਾ ਹੈ, ਬਨਸਪਤੀ ਤੇ ਜੀਵਾਂ ਨੂੰ ਘਰੋਂ ਬੇਘਰ ਕਰ ਰਿਹਾ ਹੈ। ਜਾਨਵਰਾਂ ਦੇ ਖਤਰਿਆਂ ਤੋਂ ਤਾਂ ਰੁੱਖ ਵਿਕਸਿਤ ਹੋ ਕੇ ਬਚਣ ਦਾ ਤਰੀਕਾ ਲੱਭ ਲੈਂਦੇ ਹਨ, ਪਰ ਮਨੁੱਖ ਦੇ ਹਮਲੇ ਬਹੁਤ ਮਾਰੂ ਹਨ, ਜਿਨ੍ਹਾਂ ਤੋਂ ਬਚਣ ਦੇ ਤਰੀਕੇ ਲੱਭਣ ਤੋਂ ਪਹਿਲਾਂ ਹੀ ਰੁੱਖ ਮਰ ਰਹੇ ਹਨ। ਕਿਉਂਕਿ ਮਨੁੱਖ ਵਲ੍ਹੋਂ ਰੁੱਖਾਂ ਦੀ ਕੱਟ-ਵੱਢ ਤੇ ਵਾਤਾਵਰਣ ਵਿੱਚ ਬਦਲਾਅ (Climate change) ਉਹਨਾਂ ਦੇ ਨਾਜ਼ੁਕ ਕਾਠ-ਜਾਲ਼ ਨੂੰ ਅਸਤ-ਵਿਅਸਤ ਕਰ ਰਿਹਾ ਹੈ।

ਬਲੂਸਕਾ ਦੇ ਅਨੁਸਾਰ, ਵਿਗਿਆਨਕਾਂ ਨੇ ਇਹ ਵੀ ਲੱਭਿਆ ਹੈ ਕਿ ਰੁੱਖ ਦਰਦ ਨੂੰ ਰੋਕਣ ਵਾਲ਼ੇ ਪਦਾਰਥ ਦਾ ਉਤਪਾਦਨ ਕਰਦੇ ਹਨ। ਉਹ ਇਹ ਸੋਚਦੇ ਹਨ ਕਿ ਜੇ ਰੁੱਖ ਦਰਦ ਨਹੀਂ ਮਹਿਸੂਸ ਕਰਦੇ ਤਾਂ ਉਸਨੂੰ ਰੋਕਣ ਵਾਲ਼ਾ ਪਦਾਰਥ ਬਣਾਉਣ ਦੀ ਕਿ ਲੋੜ ਸੀ?

ਇਸੇ ਤਰ੍ਹਾਂ ਇੱਕ ਹੋਰ ਖੋਜ ਦੇ ਅਨੁਸਾਰ – ਦੱਖਣੀ ਅਮਰੀਕਾ ਵਿੱਚ ਇੱਕ ਵੇਲ ਮਿਲ਼ਦੀ ਹੈ ਜੋ ਉਸ ਰੁੱਖ ਜਾਂ ਝਾੜੀ ਦੀ ਸ਼ਕਲ ਇਖਤਿਆਰ ਕਰ ਲੈਂਦੀ ਜਿਸ ਉੱਤੇ ਉਹ ਚੜ੍ਹਦੀ ਹੈ। ਉਸਦੇ ਪੱਤੇ ਮੇਜ਼ਬਾਨ ਰੁੱਖ ਵਰਗੇ ਦਿਖਣ ਲਗਦੇ ਹਨ।   ਫੇਰ ਇੱਕ ਖੋਜਕਾਰ ਨੇ ਪਲਾਸਟਿਕ ਦੇ ਪੱਤੇ ਬਣਾ ਕੇ ਉਸ ਵੇਲ ਨੂੰ ਉਹਨਾਂ ‘ਤੇ ਚੜ੍ਹਾ ਦਿੱਤਾ, ਤੇ ਸਮਝੋ ਇੱਕ ਤਰ੍ਹਾਂ ਦਾ ਚਮਤਕਾਰ ਹੋਇਆ ਤੇ ਵੇਲ ਦੇ ਪੱਤੇ ਪਲਾਸਟਿਕ ਦੇ ਬਨਾਵਟੀ ਪੱਤਿਆਂ ਵਰਗੇ ਹੋ ਗਏ। ਇਸਤੋਂ ਸਾਫ਼ ਲਗਦਾ ਹੈ ਰੁੱਖ ਵੇਖ ਵੀ ਸਕਦੇ ਹਨ। ਪਰ ਅਫ਼ਸੋਸ ਇਸ ਸੰਬੰਧੀ ਹੋਰ ਖੋਜ ਨਹੀਂ ਹੋ ਸਕੀ। ਪਰ ਇਹ ਤਾਂ ਸਾਫ਼ ਹੈ ਕਿ ਰੁੱਖ ਹਨੇਰੇ ਤੇ ਉਜਾਲੇ ਦੇ ਫਰਕ ਨੂੰ ਸਮਝਦੇ ਹਨ। ਉਹ ਰਾਤ ਨੂੰ ਸੌਂਦੇ ਵੀ ਹਨ ਤੇ ਦਿੰਨ ਚੜ੍ਹੇ ਜਾਗਦੇ ਵੀ ਹਨ। ਵਿਗਿਆਨਕ ਇੱਕ ਵਿਚਾਰ ਇਹ ਵੀ ਪੇਸ਼ ਕਰਦੇ ਹਨ ਕਿ ਰੁੱਖਾਂ ਦੇ ਪੱਤੇ ਅੱਖਾਂ ਵਾਂਗ ਵੀ ਕੰਮ ਕਰਦੇ ਹਨ। ਤਕਰੀਬਨ ਸਭ ਪੱਤਿਆਂ ਦੀ ਉਪਤਵੱਚਾ (Cuticle) ਪਾਰਦਰਸ਼ੀ ਹੁੰਦੀ ਹੈ ਤੇ ਕਈ ਪੱਤਿਆਂ ਵਿੱਚ ਉਹ ਲੈਂਜ਼ ਦੇ ਵਾਂਗ ਹੁੰਦੀ ਹੈ, ਜੋ ਕਿ ਅੱਖਾਂ ਦੇ ਲੈਂਜ਼ ਵਾਂਗ ਪ੍ਰਕਾਸ਼ ਨੂੰ ਕੇਂਦਰਿਤ ਕਰਦਾ ਹੈ। ਪਰ ਅਜੇ ਇਸ ਵਿਸ਼ੇ ਤੇ ਖੋਜ ਚੱਲ ਰਹੀ ਹੈ। ਬਹੁਤੇ ਵਿਗਿਆਨਕ ਇਸ ਸੰਬੰਧੀ ਬਹੁਤੇ ਉਤਸ਼ਾਹਿਤ ਨਹੀਂ ਹਨ ਕਿ ਰੁੱਖ ਦੇਖ ਵੀ ਸਕਦੇ ਹਨ!

ਡਾਰਵਿਨ ਨੇ ਇਹ ਵਿਚਾਰ ਵੀ ਪੇਸ਼ ਕੀਤਾ ਸੀ ਕਿ ਰੁੱਖਾਂ ਦੀਆਂ ਜੜ੍ਹਾਂ ਸਧਾਰਣ ਜੀਵ ਦੇ ਦਿਮਾਗ਼ ਵਾਂਗ ਕੰਮ ਕਰਦੀਆਂ ਹਨ। ਪਰ ਉਹ ਖੋਜ ਵੀ ਉਸ ਸਮੇਂ ਰੁਕ ਗਈ ਸੀ। ਫੇਰ ਪੀਟਰ ਟੋਮਪਕਿੰਜ਼ ਤੇ ਕ੍ਰਿਸਟੋਫਰ ਬਰਡ ਦੀ ਕਿਤਾਬ ‘ਰੁੱਖਾਂ ਦੀ ਭੇਤਭਰੀ ਜ਼ਿੰਦਗੀ’, 1973 ਵਿਚ ਪ੍ਰਕਾਸ਼ਿਤ ਹੋਈ ਜਿਸਨੇ ਦੁਬਾਰਾ ਇਸ ਵਾਰੇ ਵਿੱਚ ਖੋਜ ਨੂੰ ਜਾਗ੍ਰਿਤ ਕਰ ਦਿੱਤਾ। ਪਰ ਬਲੂਸਕਾ ਦੇ ਅਨੁਸਾਰ ਇੱਕ ਹੋਰ ਮੁਸ਼ਕਿਲ ਇਹ ਵੀ ਹੈ ਕਿ ਦਿਮਾਗ਼ ਤੇ ਨਾੜੀਆਂ ਵਾਰੇ ਸਾਰੀਆਂ ਖੋਜਾਂ ਮਨੁੱਖਾਂ ਜਾਂ ਜਾਨਵਰਾਂ ‘ਤੇ ਹੀ ਹੋਈਆਂ ਹਨ, ਰੁੱਖਾਂ ‘ਤੇ ਨਹੀਂ। ਤੇ ਮਨੁੱਖ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦਾ ਹੈ। ਉਹ ਆਪਣੇ ਆਪ ਨੂੰ ਹੋਰ ਜਾਨਵਰਾਂ ਦਾ, ਰੁੱਖਾਂ ਤੇ ਜੰਗਲਾਂ ਦਾ ਰਖਵਾਲਾ ਸਮਝਦਾ ਹੈ। ਜਦ ਕਿ ਮਨੁੱਖ ਇਸ ਧਰਤੀ ‘ਤੇ ਸਿਰਫ 3 ਲੱਖ ਸਾਲ ਤੋਂ ਹੈ ਪਰ ਰੁੱਖ 30 ਕ੍ਰੋੜ ਸਾਲ ਤੋਂ ਹਨ! ਇੰਨੇ ਸਮੇਂ ਦੇ ਵਿਚਕਾਰ ਰੁੱਖਾਂ ਨੇ ਆਪਣੇ ਆਪ ਨੂੰ ਬਚਾ ਕੇ ਰੱਖਿਆ ਹੈ, ਤੇ ਕਾਠ-ਜਾਲ਼ ਦਾ ਉਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਰੁੱਖ ਝੁੰਡਾਂ ਵਿੱਚ, ਜੰਗਲਾਂ ਵਿੱਚ ਪ੍ਰਫੁਲਿਤ ਹੁੰਦੇ ਰਹੇ ਹਨ। ਪਰ, ਹੁਣ ਜਦ ਮਨੁੱਖ ਇਸ ਧਰਤੀ ‘ਤੇ ਰਾਜ ਕਰ ਰਹੇ ਹਨ, ਤਾਂ ਰੁੱਖਾਂ ਨੂੰ ਬਹੁਤ ਵੱਡਾ ਖਤਰਾ ਹੈ! ਮਨੁੱਖ ਜੰਗਲਾਂ ਨੂੰ ਵੱਢ ਕੇ, ਉਹਨਾਂ ਦਾ ਕਾਠ-ਜਾਲ਼ ਖਤਮ ਕਰ ਰਹੇ ਹਨ, ਜੋ ਉਹਨਾਂ ਦੇ ਜੀਣ ਦਾ ਮਾਧਿਅਮ ਹੈ। ਸੰਸਾਰਿਕ ਵਾਤਾਵਰਣ ਵਿੱਚ ਬਦਲਾਅ ਹੋਰ ਖਤਰਾ ਪੈਦਾ ਕਰ ਰਿਹਾ ਹੈ। ਜਦੋਂ ਕਿ ਰੁੱਖ ਵਾਤਾਵਰਣ ਦੇ ਬਦਲਾਅ ਨੂੰ ਰੋਕਣ ਵਿੱਚ ਸਾਡੀ ਮਦਦ ਕਰ ਸਕਦੇ ਹਨ। ਰੁੱਖ ਜੰਗਲਾਂ ਦੀ ਬੁਨਿਆਦ ਹਨ। ਉਹ ਜੰਗਲੀ ਜੀਵਾਂ ਦੇ ਰਹਿਣ ਲਈ ਖੁਰਾਕ, ਆਲ੍ਹਣੇ ਤੇ ਖੁੱਡਾਂ ਪ੍ਰਦਾਨ ਕਰਦੇ ਹਨ। ਉਹ ਜੰਗਲਾਂ ਨੂੰ ਜਿੰਦਾ ਰੱਖਦੇ ਹਨ। ਸਾਨੂੰ ਰੁੱਖਾਂ ਨੂੰ ਬਚਾਉਣਾ ਚਾਹੀਦਾ ਹੈ ਤੇ ਹੋਰ ਰੁੱਖ ਲਗਾਉਣੇ ਚਾਹੀਦੇ ਹਨ, ਤਾਂ ਜੋ ਰੁੱਖਾਂ ਦਾ ਕਾਠ-ਜਾਲ਼ ਸੁਰੱਖਿਅਤ ਰਹਿ ਸਕੇ। ਇਸ ਤਰ੍ਹਾਂ ਜੰਗਲ ਦੁਬਾਰਾ ਤੋਂ ਪੁਨਰ-ਜਨਮ ਲੈ ਸਕਣਗੇ।

ਰੁੱਖਾਂ ਦਾ ਜਿਗਰਾ ਤੇ ਧੀਰਜ ਬਹੁਤ ਵੱਡਾ ਹੈ, ਜਿਸਦੀ ਤਮੰਨਾ ਹਰ ਕੋਈ ਕਰਦਾ ਹੈ। ਗੁਰਬਾਣੀ ਵਿੱਚ ਵੀ ਫ਼ਰੀਦ ਸਾਹਿਬ ਰੁੱਖਾਂ ਦੇ ਜਿਗਰੇ ਦੀ ਉਦਾਹਰਣ ਦਿੰਦੇ ਹਨ –

‘ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।’

ਪਰ ਇਸਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਏ ਤੇ ਰੁੱਖਾਂ ਦਾ ਧੀਰਜ ਟੁੱਟ ਜਾਏ, ਸਾਨੂੰ ਰੁੱਖਾਂ ਤੇ ਜੰਗਲਾਂ ਦੀ ਸੰਭਾਲ ਕਰਨੀ ਚਾਹੀਦੀ ਹੈ।

ਪੰਜਾਬ ਪਿੰਡਾਂ ਦੇ ਤੇ ਕਿਸਾਨਾਂ ਦੀ ਧਰਤੀ ਹੈ, ਕਿਸਾਨ ਮਿੱਟੀ ਨਾਲ਼ ਮਿੱਟੀ ਹੋ ਕੇ ਫਸਲ ਉਗਾਉਂਦਾ ਹੈ, ਪੌਦੇ ਲਗਾਉਂਦਾ ਹੈ, ਰੁੱਖ ਲਗਾਉਂਦਾ ਹੈ। ਇਸ ਕਰਕੇ ਉਸਨੂੰ ਰੁੱਖਾਂ ਦੇ ਜੀਵਨ ਦੀ ਸਮਝ ਹੈ। ਪੰਜਾਬੀ ਲੋਕਧਾਰਾ ਤੇ ਲੋਕਗੀਤਾਂ ਵਿੱਚ ਰੁੱਖਾਂ ਦਾ ਜ਼ਿਕਰ ਅਕਸਰ ਹੁੰਦਾ ਹੈ। ‘ਰੁੱਖ ਚੰਦਰੇ ਭਾਵੇਂ ਨੀ ਬੋਲਦੇ’ ਵਰਗੇ ਲੋਕਗੀਤ ਸਦੀਆਂ ਦੇ ਅਨੁਭਵ ਤੋਂ ਉਪਜਦੇ ਹਨ ਤੇ ਲੋਕਧਾਰਾ ਦਾ ਅਟੁੱਟ ਅੰਗ ਬਣਦੇ ਹਨ। ਪੰਜਾਬੀ ਜਨ-ਜੀਵਨ ਨੂੰ ਰੁੱਖਾਂ ਦੀ ਸਮਝ ਹੈ, ਇਹ ਗੱਲ ਅਸੀਂ ਹੇਠਲੈ ਲੋਕਗੀਤ ਦੇ ਅੰਗ ਤੋਂ ਸਮਝ ਸਕਦੇ ਹਾਂ।

‘ਕੱਲਾ ਨਾ ਹੋਵੇ ਰੁੱਖ ਬਣ ਵਿੱਚ।’

‘ਪਿੱਪਲ ਦੀਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ।

ਪੱਤ ਝੜੇ ਪੁਰਾਣੇ, ਰੁੱਤ ਨਵਿਆਂ ਦੀ ਆਈ ਆ।’

ਬਹਾਰ ਤੋਂ ਬਾਅਦ ਪਤਝੜ ਆਉਂਦੀ ਹੈ – ਜਿਸ ਤਰ੍ਹਾਂ ਮਨੁੱਖੀ ਸਰੀਰ ਵਿੱਚ ਰੋਜ਼ ਪੁਰਾਣੇ ਸੈੱਲ ਮਰਦੇ ਹਨ ਤੇ ਨਵੇਂ ਉਪਜਦੇ ਹਨ,  ਪਤਝੜ ਵਿੱਚ ਰੁੱਖ ਆਪਣੇ ਪੁਰਾਣੇ ਜ਼ਰਦ ਪੱਤੇ ਝਾੜ ਦਿੰਦੇ ਹਨ, ਪਤਝੜ ਤੋਂ ਬਾਅਦ ਫਿਰ ਬਸੰਤ ਆਉਂਦੀ ਹੈ, ਨਵੇਂ ਤੇ ਹਰਿਆਲੈ ਪੱਤੇ ਉੱਗਦੇ ਹਨ। ਪੀਲੇ, ਲਾਲ ਤੇ ਗੁਲਾਬੀ ਫੁੱਲ ਖਿੜਦੇ ਹਨ। ਤੇ ਸਾਨੂੰ ਕਿੰਨਾ ਸਕੂਨ ਦਿੰਦੇ ਹਨ। ਅਸੀਂ ਜੀਵਨ ਦੇ ਹਰ ਇੱਕ  ਪਲ ਨੂੰ ਰੁੱਖਾਂ ਦੇ ਆਸਰੇ ਤੇ ਜਿਉਂਦੇ ਹਨ, ਚਾਹੇ ਉਹ ਖੁਰਾਕ ਹੋਵੇ ਜਾਂ ਫਿਰ ਰੈਣ-ਬਸੇਰੇ ਦਾ ਸਮਾਨ ਹੋਵੇ। ਰੁੱਖਾਂ ਤੋਂ ਬਿਨਾਂ ਅਸੀਂ ਅਧੂਰੇ ਹਾਂ। ਫਿਰ ਕਿਉਂ ਨਹੀਂ ਅਸੀਂ ਰੁੱਖਾਂ ਤੇ ਜੰਗਲਾਂ ਦਾ ਖ਼ਿਆਲ ਰੱਖ ਰਹੇ? ਇਹ ਸੋਚਣ ਵਾਲ਼ੀ ਗੱਲ ਹੈ। ਸਾਨੂੰ ਮੁੜ ਤੋਂ ਹਰ ਪਾਸੇ ਰੁੱਖ ਲਗਾ ਕੇ ਜੰਗਲ ਆਬਾਦ ਕਰਨੇ ਚਾਹੀਦੇ ਹਨ। ਰੁੱਖ ਆਸ, ਜੀਵਨ ਤੇ ਪਰਿਵਰਤਨ ਦਾ ਚਿੰਨ੍ਹ ਹਨ। ਕਾਸ਼ ਸੰਸ਼ਲੇਸ਼ਣ (Photosynthesis ) ਨਾਲ਼ ਉਹ ਸੂਰਜ ਦੇ ਪ੍ਰਕਾਸ਼ ਨਾਲ਼ ਕਾਰਬਨ ਡਾਈਆਕਸਾਈਡ ਤੇ ਪਾਣੀ ਤੋਂ ਸ਼ੱਕਰ ਬਣਾਉਦੇ ਹਨ। ਇਸ ਵਿਧੀ ਤੋਂ ਉਹ ਆਕਸੀਜਨ ਬਣਾਉਂਦੇ ਹਨ। ਜੰਗਲ ਦੀ ਮਿੱਟੀ ਕਾਰਬਨ ਦੇ ਵਿਸ਼ਾਲ ਭੰਡਾਰਾਂ ਨੂੰ ਅੱਡ ਕਰ ਸਕਦੀ ਹੈ। ਵਾਤਾਵਰਣ ਵਿੱਚ ਵੱਧ ਰਹੀ ਕਾਰਬਨ ਡਾਈਆਕਸਾਈਡ ਵੀ ਰੁੱਖਾਂ ਦੀ ਸਹਾਇਤਾ ਨਾਲ਼ ਘਟਾਈ ਜਾ ਸਕਦੀ ਹੈ। ਇੱਕ ਅਨੁਮਾਨ ਦੇ ਅਨੁਸਾਰ, ਧਰਤੀ ‘ਤੇ ਤਕਰੀਬਨ 30 ਖਰਬ ਰੁੱਖ ਹਨ। ਜੇ ਹਰ ਦੇਸ਼ ਦੀਆਂ ਸਰਕਾਰਾਂ ਤੇ ਵਾਸੀ ਹੰਭਲਾ ਮਾਰਨ ਤੇ ਇੰਨੇ ਉਤਸ਼ਾਹਿਤ ਹੋ ਜਾਣ ਕਿ ਇੱਕ ਅਰਬ ਜਾਂ ਖਰਬ ਰੁੱਖ ਹੋਰ ਲਗਾ ਦਿੱਤੇ ਜਾਣ, ਤਾਂ ਰੁੱਖ ਪ੍ਰਦੂਸ਼ਣ ਦੇ ਧੂੰਏਂ ਦੇ ਉਤਸਰਜਨ ਨੂੰ ਸੰਤੁਲਿਤ ਕਰਨ ਵਿੱਚ ਤੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਘਟਾਉਣ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਰੁੱਖਾਂ ਦੀ ਮਦਦ ਨਾਲ਼ ਹੀ ਅਸੀਂ ਆਪਣੀ ਗਰਮ ਹੋ ਰਹੀ ਧਰਤੀ ਨੂੰ ਸੰਸਾਰਿਕ ਤਾਪ ਦੀ ਮਹਾਮਾਰੀ ਤੋਂ ਬਚਾ ਸਕਾਂਗੇ!

~ ਅਮਨਦੀਪ ਸਿੰਘ 

 

ਸਾਂਝਾ ਕਰੋ

ਪੜ੍ਹੋ