ਇੰਟਰਨੈਸ਼ਲ ਰੈਸਲਿੰਗ: ਚਮਕਿਆ ਨਿਊਜ਼ੀਲੈਂਡ ਦਾ ਸੂਰਜ

ਨਿਊਜ਼ੀਲੈਂਡ ਰੈਸਲਿੰਗ ਦਾ ਸੂਰਜ-ਸੂਰਜ ਸਿੰਘ ਕੈਟੀਕੈਟੀ ਪਹਿਲਵਾਨ।

ਸੂਰਜ ਸਿੰਘ ਕੈਟੀਕੈਟੀ ਨੇ ਗੁਆਮ (ਅਮਰੀਕਾ) ਵਿਖੇ ਹੋਈ ‘ਫ੍ਰੀ ਸਟਾਈਲ ਰੈਸਲਿੰਗ ਚੈਂਪੀਅਨਸ਼ਿੱਪ’ ਜਿੱਤੀ
-57 ਕਿਲੋਗ੍ਰਾਮ ਸ਼੍ਰੇਣੀ ਦੇ ਵਿਚ ਲਿਆ ਸੀ ਭਾਗ-ਅਗਲੀ ਤਿਆਰੀ ਓਲੰਪਿਕ ਟ੍ਰਾਇਲ ਦੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 08 ਫਰਵਰੀ 2024:-ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਲਈ ਵੱਡੀ ਖੁਸ਼ੀ ਦੀ ਖਬਰ ਹੈ ਕਿ ‘ਨਿਊਜ਼ੀਲੈਂਡ ਓਲੰਪਿਕ ਰੈਸਲਿੰਗ ਯੂਨੀਅਨ’ ਦਾ ਹੋਣਹਾਰ ਰੈਸਲਰ (ਪਹਿਲਵਾਨ) ਨੌਜਵਾਨ ਸੂਰਜ ਸਿੰਘ ਕੈਟੀਕੈਟੀ (25) ਲਗਪਗ 6800 ਕਿਲੋਮਟੀਰ ਦੂਰ ਅਮਰੀਕਾ ਦੇ ਇਕ ਸਮੁੰਦਰੀ ਟਾਪੂ ‘ਗੁਆਮ’ ਵਿਖੇ ਕੱਲ੍ਹ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿਚ ਖੂਬ ਚਮਕਿਆ। 57 ਕਿਲੋਗ੍ਰਾਮ ਭਾਰ ਦੇ ਵਰਗ ਵਿਚ ਇਸਨੇ ‘ਫ੍ਰੀ ਸਟਾਈਲ ਰੈਸਲਿੰਗ ਚੈਂਪੀਅਨਸ਼ਿਪ’ ਦੇ ਵਿਚ ਹਿੱਸਾ ਲਿਆ ਅਤੇ ਪਹਿਲੇ ਗੇੜ ਵਿਚ 11-10 ਅੰਕਾਂ ਦੇ ਫਰਕ ਨਾਲ ਮੁਕਾਬਲਾ ਜਿੱਤਿਆ ਅਤੇ ਫਿਰ ਦੂਜੇ ਗੇੜ ਵਿਚ 12-02 ਦੇ ਅੰਕਾਂ ਦੇ ਫਰਕ ਨਾਲ ਮੁਕਾਬਲਾ ਜਿੱਤ ਕੇ ਸੋਨੇ ਦਾ ਤਮਗਾ ਹਾਸਿਲ ਕੀਤਾ। ਇਥੇ ਤੱਕ ਪਹੁੰਚਣ ਦੇ ਲਈ ਉਸਨੂੰ ਅਕਤੂਬਰ ਮਹੀਨੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵੀ ਆਪਣੇ ਨਾਂਅ ਕਰਨੀ ਪਈ। ਸੀ। ਸ. ਸੁਰਿੰਦਰ ਸਿੰਘ ਕੈਟੀਕੈਟੀ (ਕੀਵੀ ਫਾਰਮਰ) ਵਾਲਿਆਂ ਦਾ ਇਹ ਹੋਣਹਾਰ ਨੌਜਵਾਨ ਕੁਸ਼ਤੀ ਦੇ ਵਿਚ ਵੱਡੀਆਂ ਮੱਲਾਂ ਮਾਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸਨੇ ਦੇਸ਼ ਅਤੇ ਵਿਦੇਸ਼ ਦੇ ਵਿਚ ਬਹੁਤ ਸਾਰੇ ਕੁਸ਼ਤੀ ਮੁਕਾਬਲੇ ਜਿੱਤੇ ਹਨ। 2023 ਓਸ਼ੀਆਨਾ ਚੈਂਪੀਅਨਸ਼ਿਪ ਕੈਨਬਰਾ (ਆਸਟਰੇਲੀਆ) ਮੁਕਾਬਲੇ (61 ਕਿਲੋਗ੍ਰਾਮ) ਵਿਚ ਇਸਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਇਹ ਨੌਜਵਾਨ ਜਦੋਂ 11 ਸਾਲ ਦਾ ਸੀ ਉਦੋਂ ਤੋਂ ਹੀ ਕੁਸ਼ਤੀ ਦੀ ਸਿਖਲਾਈ ਲੈ ਕੇ ਮੁਕਾਬਲਿਆਂ ਵਿਚ ਭਾਗ ਲੈ ਰਿਹਾ ਹੈ। ‘ਕੈਟੀਕੈਟੀ ਵਾਇਲਡਕੈਟਸ ਕਲੱਬ’ ਦਾ ਇਹ ਮੈਂਬਰ ਰਿਹਾ ਹੈ। 2019 ਦੇ ਵਿਚ ਇਸ ਨੇ ਓਸ਼ੀਆਨਾ ਰੈਸਲਿੰਗ ਚੈਂਪੀਅਨਸ਼ਿਪ ਦੇ ਵਿਚ ਦੋ ਸੋਨੇ ਦੇ ਤਮਗੇ ਜਿੱਤੇ ਸੀ। ਕਾਮਨਵੈਲਥ ਖੇਡਾਂ 2022 ਦੇ ਵਿਚ ਇਸ ਨੇ ਦੇਸ਼ ਦੀ ਨੁਮਾਇੰਦਗੀ ਰੈਸਲਿੰਗ ਵਿਚ ਕੀਤੀ। ਇਸ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਣ ਵਿਚ ਅਸਫਲ ਰਹਿ ਗਿਆ ਸੀ, ਪਰ ਜੇਤੂ ਪਾਕਿਸਤਾਨੀ ਪਹਿਲਵਾਲ ਡੋਪਿੰਗ ਟੈਸਟ ਵਿਚ ਫੇਲ ਹੋ ਗਿਆ ਅਤੇ ਕਾਂਸੀ ਦਾ ਤਮਗਾ ਇਸ ਨੌਜਵਾਨ ਨੂੰ ਦਿੱਤਾ ਗਿਆ ਸੀ। ਨਿਊਜ਼ੀਲੈਂਡ ਦਾ ਇਹ ਪੰਜਾਬੀ ਨੌਜਵਾਨ ਹੁਣ ਓਲੰਪਿਕ ਦੀ ਤਿਆਰੀ ਵਿਚ ਜੁੱਟ ਗਿਆ ਹੈ ਜਿਸ ਦੇ ਟ੍ਰਾਈਲ ਮਾਰਚ ਮਹੀਨੇ ਸ਼ੁਰੂ ਹੋ ਜਾਣੇ ਹਨ। ਪਹਿਲਵਾਨੀ ਦੀ ਵਿਸ਼ੇਸ਼ ਟ੍ਰੇਨਿੰਗ ਵਾਸਤੇ ਸੂਰਜ ਸਿੰਘ ਚੰਡੀਗੜ ਵਿਖੇ ਗੋਲੂ ਪਹਿਲਵਾਨ ਕੋਲ ਦਾਅ-ਪੇਚ ਸਿੱਖ ਰਿਹਾ ਹੈ।
ਸ਼ਾਲਾ! ਇਹ ਨੌਜਵਾਨ ਓਲੰਪਿਕ ਤੱਕ ਦਾ ਸਫਰ ਸਫਲਤਾ ਪੂਰਵਕ ਤੈਅ ਕਰੇ ਅਤੇ ਦੇਸ਼ ਦੀ ਝੋਲੀ ਹੋਰ ਸੋਨੇ ਦੇ ਤਮਗੇ ਜਿੱਤ ਕੇ ਪਾਵੇ। ਇਸ ਨੌਜਵਾਨ ਦੇ ਲਈ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਲੱਖ-ਲੱਖ ਵਧਾਈਆਂ!

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...