ਭਾਰਤ ਦੇ ਲੋਕ ਬਾਕੀ ਦੁਨੀਆਂ ਦੇ ਮੁਕਾਬਲੇ ਸਮਾਰਟਫੋਨ ਦੇ ਜ਼ਿਆਦਾ ਆਦੀ ਹੋ ਗਏ ਹਨ। ਦੇਸ਼ ‘ਚ 88.10 ਕਰੋੜ ਲੋਕ ਹਰ ਸਮੇਂ ਅਪਣੇ ਫੋਨ ‘ਤੇ ਸਰਗਰਮ ਰਹਿੰਦੇ ਹਨ। ਮਾਰਕੀਟਿੰਗ ਪਲੇਟਫਾਰਮ ਇਨਮੋਬੀ ਦੀ ਰੀਪੋਰਟ ਅਨੁਸਾਰ, ਭਾਰਤ ਦੇ ਲੋਕ ਦੁਨੀਆਂ ਦੀ ਔਸਤ ਨਾਲੋਂ ਹਰ ਰੋਜ਼ 1 ਘੰਟਾ ਜ਼ਿਆਦਾ ਸਮਾਰਟਫੋਨ ਦੀ ਵਰਤੋਂ ਕਰ ਰਹੇ ਹਨ। ਜਿੱਥੇ ਦੁਨੀਆ ਦੇ ਲੋਕ ਹਰ ਰੋਜ਼ ਸਮਾਰਟਫੋਨ ‘ਤੇ ਔਸਤਨ 3 ਘੰਟੇ 15 ਮਿੰਟ ਬਿਤਾਉਂਦੇ ਹਨ, ਭਾਰਤ ‘ਚ ਇਹ ਸਮਾਂ 4 ਘੰਟੇ 5 ਮਿੰਟ ਹੈ। ਭਾਰਤੀ ਲੋਕ ਅਪਣੇ ਸਮਾਰਟਫੋਨ ਦੀ ਸੱਭ ਤੋਂ ਵੱਧ ਵਰਤੋਂ ਸੋਸ਼ਲ ਮੀਡੀਆ ਲਈ ਕਰਦੇ ਹਨ। ਇਸ ਤੋਂ ਬਾਅਦ ਫੋਟੋਆਂ ਅਤੇ ਵੀਡੀਉ ਬਣਾਉਣ ਲਈ ਸਮਾਰਟਫੋਨ ਦੀ ਸੱਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਆਨਲਾਈਨ ਗੇਮਾਂ ਅਤੇ ਮਨੋਰੰਜਨ ਦੀ ਵਾਰੀ ਆਉਂਦੀ ਹੈ। ਸਮਾਰਟਫ਼ੋਨ ਦੀ ਵਰਤੋਂ ਹੋਰ ਲੋੜਾਂ ਲਈ ਘੱਟ ਤੋਂ ਘੱਟ ਕੀਤੀ ਜਾਂਦੀ ਹੈ। ਜਿਵੇਂ-ਜਿਵੇਂ ਸਮਾਰਟਫੋਨ ਸਸਤੇ ਹੁੰਦੇ ਜਾ ਰਹੇ ਹਨ, ਲੋਕਾਂ ਦੀ ਪਹੁੰਚ ਵਧਦੀ ਜਾ ਰਹੀ ਹੈ।ਦੇਸ਼ ਵਿਚ ਇੰਟਰਨੈੱਟ ਅਤੇ ਸਮਾਰਟਫੋਨ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਇਨਮੋਬੀ ਦੀ ਰੀਪੋਰਟ ਅਨੁਸਾਰ, ਭਾਰਤ ਦਾ ਇੰਟਰਨੈਟ ਕਾਰੋਬਾਰ ਅਗਲੇ 6 ਸਾਲਾਂ ਵਿਚ ਯਾਨੀ 2030 ਤਕ 83 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ। ਸਮਾਰਟਫੋਨ ਕਾਰੋਬਾਰ 2032 ਤਕ ਵਧ ਕੇ 7.43 ਲੱਖ ਕਰੋੜ ਰੁਪਏ ਹੋ ਜਾਵੇਗਾ। ਇਸ ਸਮੇਂ ਭਾਰਤ ਵਿਚ ਹਰ ਮਹੀਨੇ 7.5 ਕਰੋੜ ਸਰਗਰਮ ਗੇਮਿੰਗ ਯੂਜ਼ਰਸ ਹਨ।