ਤਣਾਅ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦਗਾਰ ਹੈ ਪੈਦਲ ਚੱਲਣਾ

ਬਦਲਦੇ ਸਮੇਂ ਨਾਲ ਸਾਡੀ ਜੀਵਨਸ਼ੈਲੀ ਵਿਚ ਕਈ ਬਦਲਾਅ ਆਏ ਹਨ। ਜਿੱਥੇ ਇਕ ਪਾਸੇ ਤਕਨੀਕੀ ਕਾਢਾਂ ਨੇ ਜ਼ਿੰਦਗੀ ਨੂੰ ਸੌਖਾ ਬਣਾ ਦਿੱਤਾ ਹੈ, ਉੱਥੇ ਹੀ ਇਨ੍ਹਾਂ ਦਾ ਸਾਡੀ ਸਿਹਤ ‘ਤੇ ਮਾੜਾ ਅਸਰ ਵੀ ਪੈਂਦਾ ਹੈ। ਸਰੀਰਕ ਗਤੀਵਿਧੀਆਂ ਘੱਟ ਹੋਣ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਕਈ ਸਮੱਸਿਆਵਾਂ ਸਾਡੇ ਸਰੀਰ ਨੂੰ ਆਪਣਾ ਘਰ ਬਣਾ ਲੈਂਦੀਆਂ ਹਨ।ਮੋਟਾਪਾ, ਦਿਲ ਦੇ ਰੋਗ, ਸ਼ੂਗਰ ਇਨ੍ਹਾਂ ਸਮੱਸਿਆਵਾਂ ਦੀਆਂ ਕੁਝ ਉਦਾਹਰਨਾਂ ਹਨ, ਜਿਸ ਦਾ ਵੱਡਾ ਕਾਰਨ ਜੀਵਨਸ਼ੈਲੀ ‘ਚ ਤਬਦੀਲੀ ਹੈ। ਇਸ ਲਈ ਜਿਵੇਂ-ਜਿਵੇਂ ਇਨ੍ਹਾਂ ਸਮੱਸਿਆਵਾਂ ਦੀ ਗਿਣਤੀ ਵੱਧ ਰਹੀ ਹੈ, ਲੋਕ ਆਪਣੀ ਸਿਹਤ ਪ੍ਰਤੀ ਬਹੁਤ ਸੁਚੇਤ ਹੁੰਦੇ ਜਾ ਰਹੇ ਹਨ। ਆਪਣੇ ਆਪ ਨੂੰ ਐਕਿਟਵ ਰੱਖਣ ਦਾ ਸੌਖਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ ਪੈਦਲ ਚੱਲਣਾ। ਸੈਰ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਜਾਣਦੇ ਹਾਂ ਕਿ ਪੈਦਲ ਚੱਲਣ ਨਾਲ ਕਿਹੜੇ-ਕਿਹੜੇ ਫ਼ਾਇਦੇ ਮਿਲ ਸਕਦੇ ਹਨ। ਸੈਰ ਕਰਨ ਨਾਲ ਸਰੀਰ ਦੇ ਖੂਨ ਦੇ ਪ੍ਰਵਾਹ ਵਿਚ ਸੁਧਾਰ ਹੁੰਦਾ ਹੈ। ਇਸ ਕਾਰਨ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ, ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਦੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਸੈਰ ਕਰਨ ਨਾਲ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਗਠੀਆ ਰੋਗੀਆਂ ਨੂੰ ਅਕਸਰ ਜੋੜਾਂ ਵਿਚ ਬਹੁਤ ਦਰਦ ਹੁੰਦਾ ਹੈ। ਅਜਿਹੇ ‘ਚ ਸੈਰ ਕਰਨਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਗੋਡਿਆਂ ਵਿਚ ਅਕੜਾਅ ਤੋਂ ਰਾਹਤ ਮਿਲਦੀ ਹੈ ਤੇ ਹਲਕੀ ਕਸਰਤ ਵੀ ਕੀਤੀ ਜਾ ਸਕਦੀ ਹੈ, ਜੋ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿਚ ਵੀ ਬਹੁਤ ਮਦਦਗਾਰ ਸਾਬਿਤ ਹੋ ਸਕਦੀ ਹੈ। ਜ਼ਿਆਦਾ ਭਾਰ ਹੋਣ ਕਾਰਨ ਸਾਨੂੰ ਕਈ ਬਿਮਾਰੀਆਂ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ। ਇਸ ਲਈ ਸਿਹਤਮੰਦ ਵਜ਼ਨ ਹੋਣਾ ਬਹੁਤ ਜ਼ਰੂਰੀ ਹੈ। ਸੈਰ ਕਰਨਾ ਭਾਰ ਘਟਾਉਣ ਦਾ ਬਹੁਤ ਲਾਭਦਾਇਕ ਤਰੀਕਾ ਹੈ। ਸੈਰ ਕਰਨ ਨਾਲ ਕੈਲੋਰੀ ਬਰਨ ਹੁੰਦੀ ਹੈ, ਜਿਸ ਨਾਲ ਸਰੀਰ ਦੀ ਚਰਬੀ ਬਰਨ ਹੁੰਦੀ ਹੈ ਤੇ ਭਾਰ ਘੱਟ ਕਰਨ ਵਿਚ ਕਾਫੀ ਮਦਦ ਮਿਲਦੀ ਹੈ। ਬਦਲਦੀ ਜੀਵਨਸ਼ੈਲੀ ਦਾ ਮਾਨਸਿਕ ਸਿਹਤ ‘ਤੇ ਬਹੁਤ ਪ੍ਰਭਾਵ ਪੈਂਦਾ ਹੈ। ਇਸ ਕਾਰਨ ਤਣਾਅ ਤੇ ਚਿੰਤਾ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਸੈਰ ਕਰਨ ਨਾਲ ਖੁਸ਼ੀ ਦੇ ਹਾਰਮੋਨ ਨਿਕਲਦੇ ਹਨ, ਜੋ ਤਣਾਅ ਨੂੰ ਘਟਾਉਂਦੇ ਹਨ ਅਤੇ ਮੂਡ ਨੂੰ ਸੁਧਾਰਦੇ ਹਨ, ਜਿਸ ਨਾਲ ਤੁਹਾਡੀ ਮਾਨਸਿਕ ਸਿਹਤ ਵਿਚ ਸੁਧਾਰ ਹੁੰਦਾ ਹੈ। ਇਸ ਨਾਲ ਰਾਤ ਨੂੰ ਨੀਂਦ ਵੀ ਚੰਗੀ ਆਉਂਦੀ ਹੈ। ਸੈਰ ਕਰਨ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿਚ ਬਹੁਤ ਮਦਦ ਮਿਲਦੀ ਹੈ। ਇਸ ਲਈ ਹਰ ਰੋਜ਼ ਕੁਝ ਦੇਰ ਸੈਰ ਕਰਨ ਨਾਲ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ, ਜਿਸ ਨਾਲ ਬਿਮਾਰੀਆਂ ਨਾਲ ਲੜਨ ‘ਚ ਕਾਫੀ ਮਦਦ ਮਿਲਦੀ ਹੈ।

ਸਾਂਝਾ ਕਰੋ

ਪੜ੍ਹੋ