ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁਧਵਾਰ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਸਬੰਧੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਹਾਈ ਕੋਰਟ ਨੇ ਮੇਅਰ ਦੀ ਚੋਣ ‘ਤੇ ਰੋਕ ਨਹੀਂ ਲਗਾਈ ਹੈ। ਹਾਈ ਕੋਰਟ ਨੇ 3 ਹਫਤਿਆਂ ਦੇ ਅੰਦਰ ਇਸ ਦੀ ਪੂਰੀ ਰੀਪੋਰਟ ਮੰਗੀ ਹੈ। ਪਟੀਸ਼ਨਕਰਤਾਵਾਂ ਦੀ ਇਸ ਮਾਮਲੇ ਵਿਚ ਛੇਤੀ ਸੁਣਵਾਈ ਦੀ ਮੰਗ ਵੀ ਪੂਰੀ ਨਹੀਂ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿਕਾਰਡ ਜ਼ਬਤ ਕਰਨ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਨੇ ਕਿਹਾ ਕਿ ਰਿਕਾਰਡ ਪਹਿਲਾਂ ਹੀ ਸੀਲ ਕਰਕੇ ਸਟਰਾਂਗ ਰੂਮ ‘ਚ ਰੱਖਿਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੇਅਰ ਦੀ ਚੋਣ ਹੋਈ ਸੀ। ਜਿਸ ਵਿਚ ਭਾਜਪਾ ਕੌਂਸਲਰ ਮਨੋਜ ਸੋਨਕਰ ਨੂੰ ਮੇਅਰ ਚੁਣਿਆ ਗਿਆ। ਉਨ੍ਹਾਂ ਨੇ ਆਪ-ਕਾਂਗਰਸ ਗਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਨੂੰ 4 ਵੋਟਾਂ ਨਾਲ ਹਰਾਇਆ। ਹਾਲਾਂਕਿ, ਭਾਜਪਾ ਕੋਲ ਸੰਸਦ ਮੈਂਬਰਾਂ ਅਤੇ ਕੌਂਸਲਰਾਂ ਸਮੇਤ ਸਿਰਫ 15 ਵੋਟਾਂ ਸਨ। ਉਨ੍ਹਾਂ ਨੂੰ ਅਕਾਲੀ ਦਲ ਤੋਂ ਇਕ ਵੋਟ ਮਿਲੀ। ਕਾਂਗਰਸ ਅਤੇ ‘ਆਪ’ ਕੋਲ ਮਿਲ ਕੇ 20 ਵੋਟਾਂ ਸਨ ਪਰ ਇਨ੍ਹਾਂ ‘ਚੋਂ ਚੋਣ ਅਧਿਕਾਰੀ ਅਨਿਲ ਮਸੀਹ ਨੇ 8 ਵੋਟਾਂ ਨੂੰ ਗੈਰ-ਕਾਨੂੰਨੀ ਕਰਾਰ ਦਿਤਾ।